ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਮਾਈ ਭਾਗੋ ਬਾਰੇ ਕੂੜ ਪ੍ਰਚਾਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ

ਅੰਮ੍ਰਿਤਸਰ -  ਰਣਜੀਤ ਸਿੰਘ ਢਡਰੀਆਂਵਾਲੇ ਵਲੋਂ ਸਿੱਖੀ ਬਾਰੇ ਗਲਤ ਪ੍ਰਚਾਰ ਦਾ ਮਾਮਲਾ ਇਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਹੈ।  ਦੇਸ਼ ਵਿਦੇਸ਼ ਦੀਆਂ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਪ੍ਰਚਾਰਕਾਂ ਅਤੇ ਬੁਧੀਜੀਵੀਆਂ ਨੇ ਅੱਜ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ  ਢੱਡਰੀਆਂਵਾਲੇ ਵਲੋਂ ਮਾਈ ਭਾਗੋ ਜੀ ਦੇ ਸੰਬੰਧੀ ਕੂੜ ਪ੍ਰਚਾਰ ਕਰਨ ਦੀ ਸ਼ਿਕਾਇਤ ਲਗਾਈ ਅਤੇ ਉਨਾਂ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਮੰਗ ਕੀਤੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਿਸੂਸ ਕਰਦਾ ਹੈ ਕਿ ਕੁਝ ਪ੍ਰਚਾਰਕਾਂ ਵਲੋਂ ਗੁਰੂ ਪੰਥ ਦਾ ਪ੍ਰਚਾਰ ਕਰਨ ਦੀ ਥਾਂ ਕੌਮ ਵਿਚ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਜਰੂਰੀ ਹੈ। ਉਹਨਾਂ ਦਸਿਆ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਵੱਲੋਂ ਇੱਕ ਮਤਾ ਪਾਸ ਕਰਦਿਆਂ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਗੁਰ ਮਰਿਆਦਾ ਦੇ ਦਾਇਰੇ ਅੰਦਰ ਰਹਿ ਕੇ ਪ੍ਰਚਾਰ ਕਰਨ ਅਤੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਉਣ ਦੀ ਹਦਾਇਤ ਕੀਤੀ ਗਈ ਤਾਂ ਕਿ ਸੰਗਤਾਂ ਵਿਚ ਦੁਬਿਧਾ ਪੈਦਾ ਨਾ ਹੋਵੇ। ਮੰਗ ਪਤਰ ਬਾਰੇ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ  ਦਰਜਨਾਂ ਸਿੱਖ ਪ੍ਰਚਾਰਕਾਂ ਨੇ ਕਿਹਾ ਕਿ ਢੱਡਰੀਆਂਵਾਲਾ ਵਲੋਂ ਗੁਰ ਇਤਿਹਾਸ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਅਤੇ ਕੂੜ ਪ੍ਰਚਾਰ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਇਕ ਹੋਰ ਨਰਕਧਾਰੀ ਜਾਂ ਸਿਰਸੇ ਵਾਲਾ ਵਰਗਾ ਅਖੌਤੀ ਸਾਧ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਬੀਤੇ ਦਿਨੀ ਢਡਰੀਆਂ ਵਾਲੇ ਵਲੋਂ ਪੰਥ ਦੀ ਸਤਿਕਾਰਤ ਹਸਤੀ ਮਾਈ ਭਾਗੋ ਜੀ ਦੇ ਅਕਸ ਨੂੰ ਵਿਘਾੜਣ ਲਈ ਆਪਣੇ ਕੋਲੋਂ ਮਨਗੜਤ ਅਤੇ ਤਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਜੋ ਹਵਾਲਾ ਕਿਸੇ ਵੀ ਇਤਿਹਾਸਕ ਤੇ ਪ੍ਰਮਾਣਿਕ ਸਰੋਤ ਵਿਚ ਨਹੀਂ ਮਿਲਦਾ। ਅਸੀ ਸਮੂਹ ਕਥਾਵਚਕ ਅਤੇ ਪ੍ਰਚਾਰਕ ਹਰ ਰੋਜ ਸੰਗਤਾਂ ਵਿਚ ਕਥਾ ਵਿਖਿਆਨ ਕਰਨ ਜਾਂਦੇ ਹਾਂ, ਸੰਗਤਾਂ ਦੇ ਮਨਾਂ ‘ਚ ਕਈ ਸਵਾਲ ਅਤੇ ਸ਼ੰਕੇ ਪੈਦਾ ਹੋ ਰਹੇ ਹਨ।  ਪ੍ਰਚਾਰਕਾਂ ਨੇ ਕਿਹਾ ਕਿ ਅਸੀਂ  ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਹੋ ਕੇ ਆਪ ਜਥੇਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਕਤ ਰਣਜੀਤ ਸਿੰਘ ਢਡਰੀਆਂਵਾਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਦਿਆਂ ਸੰਗਤਾਂ ਦੇ ਸਨਮੁਖ ਉਸ ਵਲੋਂ ਅੱਜ ਤੱਕ ਕੀਤੇ ਗਏ ਕੂੜ ਪ੍ਰਚਾਰ ਅਤੇ ਸ਼ੰਕਿਆਂ ਬਾਬਤ ਪੁਛਿਆ ਜਾਵੇ। ਅਗਰ ਉਹ ਸੰਗਤ ਨੂੰ ਸੰਤੁਸ਼ਟ ਨਹੀਂ ਕਰਦਾ ਤਾਂ ਉਸ ਨੂੰ ਹੋਰ ਗੁਰਮਤਿ ਵਿਰੋਧੀ ਪ੍ਰਚਾਰ ਕਰਨ ਦੀ ਖੁਲ ਨਾ ਦਿਤੀ ਜਾਵੇ ਅਤੇ ਉਸ ‘ਤੇ ਪੰਥਕ ਰਵਾਇਤ ਅਨੁਸਾਰ ਕਾਰਵਾਈ ਕੀਤੀ ਜਾਵੇ।

ਮੰਗ ਪਤਰ ‘ਚ ਉਨਾਂ ਕਿਹਾ ਕਿ ਸਿੱਖ ਪ੍ਰਚਾਰਕ ਦਾ ਕੰਮ ਗੁਰਬਾਣੀ, ਗੁਰ ਇਤਿਹਾਸ ਰਾਹੀਂ ਸੰਗਤ ਦੇ ਹਿਰਦਿਆਂ ਨੂੰ ਰੱਬੀ ਗੁਣਾਂ ਨਾਲ ਸਰਸ਼ਾਰ ਕਰਨਾ ਹੁੰਦਾ ਹੈ। ਪਰ ਅਖੌਤੀ ਸਿੱਖ ਪ੍ਰਚਾਰਕ ਢੱਡਰੀਆਂਵਾਲਾ ਵਲੋਂ ਸ਼ੰਕਾ ਪਾਊ ਪ੍ਰਚਾਰ ਰਾਹੀਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਹ ਕਿਸੇ ਗਿਣੀਮਿਥੀ ਸਾਜ਼ਿਸ਼ ਅਤੇ ਪੰਥ ਵਿਰੋਧੀ ਸ਼ਕਤੀਆਂ ਦਾ ਹੱਥਠੋਕਾ ਬਣ ਕੇ ਨਿਤ ਨਵੇਂ ਤੋਂ ਨਵੇਂ ਬੇਲੋੜੇ ਵਿਵਾਦ ਪੈਦਾ ਕਰ ਰਿਹਾ ਹੈ ਅਤੇ ਸਿਖ ਮਾਨਸਿਕਤਾ ਵਿਚੋਂ ਪੁਰਾਤਨ ਰਵਾਇਤਾਂ, ਮਾਨਤਾਵਾਂ ਅਤੇ ਅਸੂਲਾਂ ਨੂੰ ਮਨਫ਼ੀ ਕਰਨ ‘ਤੇ ਪੂਰੀ ਸੰਜੀਦਗੀ ਨਾਲ ਤੁਲਿਆ ਹੋਇਆ ਹੈ। ਉਸ ਵੱਲੋਂ ਪਿਛਲੇ ਸਮੇਂ ਤੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕਰਕੇ ਸੰਗਤਾਂ ਨੂੰ ਗੁਮਰਾਹ ਕੀਤਾ ਗਿਆ। ਨਿੱਤ ਨਵਾਂ ਵਿਵਾਦ ਅਤੇ ਦੁਬਿਧਾ ਖੜੀ ਕਰਕੇ ਸਿੱਖ ਪੰਥ ਅਤੇ ਸਮਾਜ ਵਿਚ ਫੁੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਬੈਠੇ ਢੱਡਰੀਆਂ ਵਾਲਾ ਦੀ ਨੀਅਤ ਨੂੰ ਦੇਖਦਿਆਂ ਸਿੱਖ ਸੰਗਤਾਂ ਇਸ ਦੇ ਗੁਰਮਤਿ ਵਿਰੋਧੀ ਪ੍ਰਚਾਰ ਦਾ ਸਖ਼ਤ ਨੋਟਿਸ ਲੈ ਵੀ ਰਹੀਆਂ ਹਨ। ਸਿੱਖ ਸੰਗਤਾਂ ਵਿਚ ਭਾਰੀ ਰੋਸ ਅਤੇ ਵਿਰੋਧ ਦੇ ਕਾਰਨ ਉਸ ਦੇ ਵਿਦੇਸ਼ਾਂ ਤੋਂ ਇਲਾਵਾ ਪਿਛਲੇ ਸਾਲ ਅੰਮ੍ਰਿਤਸਰ, ਚੋਹਲਾ ਸਾਹਿਬ, ਦੀਨਾਨਗਰ ਦੇ ਦੀਵਾਨ ਰੱਦ ਹੋਏ।

ਉਨਾਂ ਸਿੰਘ ਸਾਹਿਬ ਦੇ ਧਿਆਨ ‘ਚ ਲਿਆਂ ਦ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਮਿਤੀ 04 ਅਪ੍ਰੈਲ 2017 ਨੂੰ ਇੱਕ ਮਤਾ ਪਾਸ ਕਰਦਿਆਂ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਪ੍ਰਚਾਰ ਸੰਬੰਧੀ ਇਹ ਹਦਾਇਤ ਕੀਤੀ ਗਈ, ਜਿਸ ਵਿਚ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਓਨੀ ਦੇਰ ਸਟੇਜ ਉੱਪਰ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਵਾਉਣ ਵੇਲੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਇਆ ਜਾਵੇ ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ। ਪਰੰਤੂ ਢੱਡਰੀਆਂਵਾਲੇ ਨੇ ਕਦੀ ਵੀ ਉਕਤ ਹਦਾਇਤਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣਾ ਕੂੜ ਪ੍ਰਚਾਰ ਨਿਰੰਤਰ ਜਾਰੀ ਰੱਖਿਆ ਹੋਇਆ ਹੈ।  ਗੁਰੂ ਕਾਲ ਤੋਂ ਚਲੀਆਂ ਆ ਰਹੀਆਂ ਪਰੰਪਰਾਵਾਂ ਅਤੇ ਗੁਰ ਇਤਿਹਾਸ ਨੂੰ ਲੈ ਕੇ ਕਿਸੇ ਵੀ ਵੱਡੇ ਤੋਂ ਵੱਡਾ ਪ੍ਰਚਾਰਕ, ਵਿਦਵਾਨ ਵੱਲੋਂ ਕੌਮ ‘ਚ ਦੁਬਿਧਾ ਪੈਦਾ ਨਹੀਂ ਹੋਣ ਦਿੱਤੀ ਗਈ।

ਸਿਖ ਸੰਗਤਾਂ ਵੱਲੋਂ ਢੱਡਰੀਆਂ ਦੇ ਗੁਰਮਤਿ ਵਿਰੋਧੀ ਪ੍ਰਚਾਰ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਵੀ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਸਾਲ ਢੱਡਰੀਆਂ ਵਾਲੇ ਨੂੰ ਆਪਣੀ ਗਲ ਰਖਣ ਲਈ ਕਿਹਾ ਵੀ ਗਿਆ ਪਰ ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ‘ਤੇ ਹੀ ਕਈ ਇਤਰਾਜ਼ ਲਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਹਿਯੋਗ ਦੇਣ ਤੋਂ ਪਾਸਾ ਵਟ ਲਿਆ। ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਤ ਵੱਲੋਂ ਉਸ ਖਿਲਾਫ ਕੀਤੀ ਗਈ ਬੇਨਤੀ ‘ਤੇ ਅਜ ਤਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਗਲ ਦਾ ਫਾਇਦਾ ਉਠਾਉਦਿਆਂ ਇਹ ਅਖੌਤੀ ਪ੍ਰਚਾਰਕ ਹੁਣ ਇਕ ਵਾਰ ਫਿਰ ਸਿੱਖ ਪੰਥ ਅੰਦਰ ਪ੍ਰਮਾਣੀਕ ਇਤਿਹਾਸਕ ਸਰੋਤਾਂ ਬਾਰੇ ਬੇਲੋੜੇ ਵਿਵਾਦ ਪੈਦਾ ਕਰ ਰਿਹਾ ਹੈ।

ਇਸ ਮੌਕੇ ਗਿਆਨੀ ਕੁਲਵੰਤ ਸਿੰਘ ਲੁਧਿਆਣਾ, ਗਿ: ਗੁਰਿੰਦਰ ਪਾਲ ਸਿੰਘ ਨਿਊਜੀ ਲੈਂਡ, ਗਿ: ਹਰਦੀਪ ਸਿੰਘ ਅਨੰਦਪੁਰ, ਗਿ: ਸਤਨਾਮ ਸਿੰਘ ਖਡੂਰ ਸਾਹਿਬ, ਗੁਰਜੀਤ ਸਿੰਘ ਪਟਿਆਲਾ, ਅਮਰੀਕ ਸਿੰਘ ਪਿਪਲੀ ਸਾਹਿਬ, ਗਿ: ਤੇਜਿੰਦਰਪਾਲ ਸਿੰਘ ਕੁਰਕਸ਼ੇਤਰ, ਭਾਈ ਚਰਨਜੀਤ ਸਿੰਘ ਕੇਸਗੜ ਸਾਹਿਬ, ਗਿ: ਹਰਿਦਰ ਸਿੰਘ ਟਕਸਾਲ, ਭੁਪਿੰਦਰਸਿੰਘ ਗਦਲੀ, ਨਿਰਮਲ ਸਿੰਘ ਪਟਿਆਲਾ, ਭਾਈ ਬਲਕਾਰ ਸਿੰਘ, ਮਲੂਕ ਸਿੰਘ, ਹਰਵੰਤ ਸਿੰਘ ਇਟਲੀ ਵੀ ਮੌਜੂਦ ਸਨ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>