ਕੇਂਦਰ ਨੂੰ ਆਈਆਈਐਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਵਿੱਤਰ ਨਗਰੀ ਅੰਮ੍ਰਿਤਸਰ ‘ਚ ਆਈਆਈਐਮ ਵਰਗਾ ਵੱਕਾਰੀ ਪ੍ਰਾਜੈਕਟ ਲਿਆਉਣ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਅਤੇ ਐਨਡੀਏ ਵੱਲੋਂ ਕੀਤੇ ਕੰਮਾਂ ਨੂੰ ਪਹਿਚਾਣਨ ਲਈ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਮਸ਼ਵਰਾ ਦਿੱਤਾ ਕਿ ਉਹ ਹੋਰਾਂ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਲੈਣ ਦੀ ਥਾਂ ਪੰਜਾਬ ਅੰਦਰ ਇਹੋ ਜਿਹਾ ਕੋਈ ਹੋਰ ਪ੍ਰਾਜੈਕਟ ਲਿਆਉਣ ਲਈ ਕੰਮ ਕਰੇ।

ਇਸ ਦੇ ਨਾਲ ਹੀ ਅਕਾਲੀ ਦਲ ਨੇ ਅੱਜ ਪਵਿੱਤਰ ਗੁਰੂ ਕੀ ਨਗਰੀ ਵਿਚ ਇਸ ਸੰਸਥਾਨ ਨੂੰ ਸ਼ੁਰੂ ਕਰਵਾਉਣ ਅਤੇ ਆਈਆਈਐਮ ਦਾ ਪੱਕਾ ਕੈਂਪਸ ਸਥਾਪਤ ਕਰਵਾਉਣ ਲਈ ਆਏ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਾਰਿਆਲ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਮੌਕੇ ਇਹ ਸੰਸਥਾਨ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਜਾਵੇ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਨੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਆਈਆਈਐਮ ਨੂੰ ਅੰਮ੍ਰਿਤਸਰ ‘ਚ ਬਣਾਉਣ ਦੀ ਪ੍ਰਵਾਨਗੀ ਦੇ ਕੇ ਨਿਭਾਈ ਸੇਵਾ ਨੂੰ ਪਹਿਚਾਣਿਆ ਹੈ। ਉਹਨਾਂ ਕਿਹਾ ਕਿ ਇਸ ਸੰਸਥਾਨ ਲਈ ਐਨਡੀਏ-1 ਸਰਕਾਰ ਨੇ ਪਹਿਲੇ ਬਜਟ ਵਿਚ ਹੀ ਮਨਜੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਸ੍ਰੀ ਅਰੁਣ ਜੇਤਲੀ ਜੀ ਨੇ 26 ਜੂਨ 2016 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਅਤੇ ਸੀਨੀਅਰ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਇਸ ਸੰਸਥਾਨ ਦਾ ਨੀਂਹ ਪੱਥਰ ਰੱਖਿਆ ਸੀ।

ਅਕਾਲੀ ਆਗੂਆਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਸਵੀਕਾਰ ਕਰ  ਰਿਹਾ ਹੈ, ਇਸੇ ਤਰ੍ਹਾਂ ਉਹ ਪਹਿਲਾਂ ਮੁੰਬਈ ਵਿਚ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਅੱਗੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨਿਵੇਸ਼ ਪੰਜਾਬ ਵਿਭਾਗ ਬਣਾਉਣ ਦੀ ਸ਼ਲਾਘਾ ਕਰ ਚੁੱਕਿਆ ਹੈ ਜਿਸ ਕਰਕੇ ਸੂਬੇ ਅੰਦਰ ਭਾਰੀ ਨਿਵੇਸ਼ ਦਾ ਰਾਹ ਖੁੱਲਿ੍ਹਆ ਹੈ। ਉਹ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਬਣਾਈਆਂ ਜੰਗੇ-ਆਜ਼ਾਦੀ ਅਤੇ ਵਾਰ ਮਿਊਜ਼ੀਅਮ ਵਰਗੀਆਂ ਯਾਦਗਾਰਾਂ ਦੀ ਵੀ ਰੱਜਵੀਂ ਤਾਰੀਫ਼ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਪਰ ਕਾਂਗਰਸ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਨੂੰ ਖੁਦ ਵੀ ਕੁੱਝ ਕਰਨ ਦੀ ਲੋੜ ਹੈ। ਕਾਂਗਰਸ ਸਰਕਾਰ ਨੂੰ ਆਪਣੀ ਵੀ ਕੋਈ ਪ੍ਰਾਪਤੀ ਭਾਵੇਂ ਉਹ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ, ਦੱਸਣੀ ਚਾਹੀਦੀ ਹੈ। ਸਿਰਫ ਅਕਾਲੀ-ਭਾਜਪਾ ਅਤੇ ਐਨਡੀਏ ਸਰਕਾਰਾਂ ਵੱਲੋਂ ਕੀਤੇ ਕੰਮਾਂ ਅੱਗੇ ਤਸਵੀਰਾਂ ਖਿਚਵਾ ਕੇ  ਕੁੱਝ ਹਾਸਿਲ ਨਹੀਂ ਹੋਵੇਗਾ।

ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਆਈਆਈਐਮ ਅਤੇ ਏਮਜ਼ ਬਠਿੰਡਾ ਵਰਗੇ ਵੱਕਾਰੀ  ਸੰਸਥਾਨ ਪੰਜਾਬ ਅੰਦਰ ਲਿਆਉਣ ਲਈ ਕੰਮ ਕਰਨ ਕਰਨ ਦੀ ਲੋੜ ਹੈ। ਇੱਕ ਚੁਣੀ ਹੋਈ ਸਰਕਾਰ ਕੋਲੋਂ ਘੱਟੋ ਘੱਟ ਇੰਨੀ ਉਮੀਦ ਤਾਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਯੂਪੀਏ ਸਰਕਾਰ ਵੇਲੇ ਇਹਨਾਂ ਸੰਸਥਾਨਾਂ ਨੂੰ ਪ੍ਰਵਾਨਗੀ ਦਿੱਤੀ ਹੰੁਦੀ ਤਾਂ ਸਾਡੇ ਨੌਜਵਾਨਾਂ ਨੂੰ ਇਸ ਦਾ ਬਹੁਤ ਫਾਇਦਾ ਹੋਣਾ ਸੀ। ਉਹਨਾਂ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ 10 ਸਾਲ ਵਿਤਕਰਾ ਝੱਲਣ ਮਗਰੋਂ ਐਨਡੀਏ ਸਰਕਾਰ ਅੰਦਰ ਪੰਜਾਬ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ।

ਪੰਜਾਬ ਅੰਦਰ ਇੱਕ ਉੱਚ ਪੱਧਰੀ ਵਿੱਦਿਅਕ ਸੰਸਥਾਨ ਸਥਾਪਤ ਕਰਨ ਵਾਸਤੇ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਅਕਾਲੀ ਆਗੂਆਂ ਨੇ ਪੰਜਾਬ ਦੇ ਲੰਬੇ ਸਮੇਂ ਤੋਂ ਲਟਕੇ ਮਸਲੇ ਹੱਲ ਕਰਨ ਲਈ ਵੀ ਸ੍ਰੀ ਮੋਦੀ ਦਾ ਧੰਨਵਾਦ ਕੀਤਾ। ਇਹਨਾਂ ਵਿਚ ਕਾਂਗਰਸੀਆਂ ਵੱਲੋਂ ਕੀਤੇ 1984 ਕਤਲੇਆਮ ਦੇ ਕੇਸਾਂ ਦੀ ਮੁੜ ਜਾਂਚ ਲਈ ਸਿਟ ਬਣਾਉਣਾ, ਲੰਗਰ ਉੱਤੇ ਜੀਐਸਟੀ ਵਾਪਸ ਕਰਨਾ, ਕਾਂਗਰਸ ਵੱਲੋਂ ਬਣਾਈਆਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਨਾ, ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿਚ ਸੜ੍ਹ ਰਹੇ ਸਿੱਖ ਕੈਦੀਆਂ ਨੂੰ ਰਿਹਾ ਕਰਨਾ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਕਰਨਾ ਸ਼ਾਮਿਲ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>