ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ

ਅੱਜ ਲਗਭੱਗ ਸਮੁੱਚੇ ਵਿਸ਼ਵ ‘ਚ ਪੂੰਜੀਵਾਦੀ ਵਿਕਾਸ ਮਾਡਲ ਨੂੰ ਅਪਣਾਇਆ ਜਾ ਚੁੱਕਾ ਹੈ ਜਿਸ ਦਾ ਮੁੱਖ ਮੰਤਵ ਪੈਸਾ ਕਮਾਉਣਾ ਹੈ। ਇਸ ਪੈਸਾ ਕਮਾਉਣ ਦੀ ਲੱਗੀ ਹੋੜ ਦਾ ਮੁੱਲ ਸਮੁੱਚੀ ਮਨੁੱਖ ਜਾਤੀ ਅਤੇ ਵਾਤਾਵਰਨ ਨੂੰ ਚੁੱਕਾਉਣਾ ਪੈ ਰਿਹਾ ਹੈ। ਭਾਵੇਂ ਕਿ ਪੈਸਾ ਤਾਂ ਥੋੜੇ ਜਿਹੇ ਲੋਕਾਂ ਵੱਲੋਂ ਕਮਾਇਆ ਜਾ ਰਿਹਾ ਹੈ ਪਰ ਇਸ ਦਾ ਖਮਿਆਜ਼ਾ ਸਮੁੱਚੀ ਜੀਵ-ਜਾਤੀ ਨੂੰ ਭੁਗਤਨਾ ਪੈ ਰਿਹਾ ਹੈ। ਵਿਸ਼ਵ ਦੇ ਕੁਝ ਕੁ ਲੋਕਾਂ ਵੱਲੋਂ ਨਿੱਜੀ ਲਾਭ ਅਤੇ ਪੈਸੇ ਦੀ ਭੁੱਖ (ਹਵਸ) ਨੂੰ ਪੂਰਾ ਕਰਨ ਲਈ ਚਲਾਈਆਂ ਫੈਕਟਰੀਆਂ ਦੀ ਰਹਿੰਦ-ਖੂਹੰਦ ਅਤੇ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਅੱਜ ਸਾਡਾ ਸਮੁੱਚਾ ਵਾਤਾਵਰਨ ਮਨੁੱਖ ਦੇ ਰਹਿਣ ਲਈ ਅਯੋਗ ਹੁੰਦਾ ਜਾ ਰਿਹਾ ਹੈ। ਸਾਡੇ ਸੂਰਜੀ ਪਰਿਵਾਰ ਵਿੱਚ 8 ਗ੍ਰਹਿ ਅਤੇ 166 ਦੇ ਲਗਭਗ ਉਪ ਗ੍ਰਹਿ ਹਨ। ਹੁਣ ਨਵੀਆਂ ਖੋਜਾਂ ਦੇ ਅਨੁਸਾਰ ਲਗਭੱਗ 200 ਗ੍ਰਹਿਆਂ ਦੇ ਹੋਰ ਮਿਲਣ ਦੀ ਉਮੀਦ ਹੈ। ਪਰ ਇਨ੍ਹਾਂ ਸਾਰੇ ਗ੍ਰਹਿਆਂ ਤੇ ਉਪ ਗ੍ਰਹਿਆਂ ਵਿੱਚ ਕੇਵਲ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਤੇ ਕੁਦਰਤੀ ਰੂਪ ਵਿੱਚ ਮਨੁੱਖੀ ਜੀਵਨ ਦੇ ਪਨਪਣ ਅਤੇ ਵਿਕਾਸ ਲਈ ਸਾਰੇ ਤੱਤ ਉੱਚਿਤ ਰੂਪ ਵਿੱਚ ਪਾਏ ਜਾਂਦੇ ਹਨ ਪਰ ਮਨੁੱਖ ਦੀਆਂ ਕੁਦਰਤ ਵਿਰੋਧੀ ਨੀਤੀਆਂ ਕਾਰਨ ਧਰਤੀ ਦਾ ਵਾਤਾਵਰਨ ਜਿਸ ਤੇਜੀ ਨਾਲ ਵਿਗੜ ਰਿਹਾ ਉਸ ਤੋਂ ਇਹ ਅੰਦਾਜ਼ਾ ਭਲੀ-ਭਾਂਤੀ ਲਗਾਇਆ ਜਾ ਸਕਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਤੇ ਵੀ ਮਨੁੱਖੀ ਜੀਵਨ ਨੂੰ ਬਚਾਉਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੋ ਜਾਵੇਗਾ। ਜੇ ਅੱਜ ਵੀ ਅਸੀਂ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਸਮੁੱਚੇ ਵਿਸ਼ਵ ਵਿੱਚ ਹਰ ਰੋਜ਼ ਲਗਭੱਗ 25000 ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਕਾਰਨ ਮਰਦੇ ਹਨ। ਦੁਨੀਆਂ ਦੇ ਸਾਰੇ ਵੱਡੇ ਸ਼ਹਿਰਾਂ ਦੀ ਹਵਾ ਇੰਨ੍ਹੀ ਗੰਦੀ ਹੋ ਚੁੱਕੀ ਹੈ ਕਿ ਉਸ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਜਾਪਦਾ ਹੈ। ਇਹ ਗੱਲ ਹੋਰ ਵੀ ਨਿਰਾਸ਼ ਕਰਨ ਵਾਲੀ ਹੈ ਕਿ ਇੱਕ ਤਾਜ਼ਾ ਸਰਵੇਖਣ ਅਨੁਸਾਰ ਸੰਸਾਰ ਦੇ ਸਭ ਤੋਂ ਵੱਧ ਗੰਦੀ ਹਵਾ ਵਾਲੇ 15 ਸ਼ਹਿਰਾਂ ਚੋਂ 14 ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਵ ਭਾਰਤ ਦੇ ਸ਼ਹਿਰ ਹਨ। ਇੰਝ ਲਗਦਾ ਹੈ ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਵੱਡੇ ਸ਼ਹਿਰਾਂ ਜਿਨ੍ਹਾਂ ਦੀ ਹਵਾ ਅੱਤ ਦਰਜੇ ਤੱਕ ਗੰਦੀ ਹੋ ਚੁੱਕੀ ਹੈ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਹ ਲੈਣ ਲਈ ਆਕਸੀਜਨ ਗੈਸ ਦੇ ਸਿਲੰਡਰ ਆਪਣੇ ਨਾਲ ਰੱਖਣੇ ਪਿਆ ਕਰਣਗੇ। ਪਾਣੀ ਤਾਂ ਪਹਿਲਾਂ ਹੀ ਮੁੱਲ ਵਿਕਣ ਲੱਗਾ ਹੈ। ਜਿਸ ਤੇਜੀ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਉਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਲਦੀ ਸ਼ੁੱਧ ਹਵਾ ਵੀ ਸਾਨੂੰ ਮੁੱਲ ਹੀ ਲੈਣੀ ਪਿਆ ਕਰੇਗੀ।

ਹਵਾ ਤੋਂ ਬਾਅਦ ਜੋ ਮਨੁੱਖੀ ਜੀਵਨ ਲਈ ਸਭ ਤੋਂ ਜਰੂਰੀ ਹੈ ਜਿਸਦੇ ਬਿਨ੍ਹਾਂ ਮਨੁੱਖੀ ਜੀਵਨ ਨੂੰ ਬਚਾਉਣਾ ਅਸੰਭਵ ਹੈ ਉਹ ਹੈ ਪਾਣੀ। ਜਿਸ ਤੇਜੀ ਨਾਲ ਪੰਜਾਬ ਦਾ ਪਾਣੀ ਝੋਨੇ ਆਦਿ ਲਈ ਵਰਤਣ ਕਾਰਨ ਕੁਦਰਤੀ ਰੂਪ ‘ਚ ਖਤਮ ਹੋ ਰਿਹਾ ਹੈ ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਰੇਗਿਸਤਾਨ ਬਨਣ ਲਈ ਅਸੀਂ ਬਹੁਤਾ ਸਮਾਂ ਨਹੀਂ ਲੱਗਣ ਦੇਵਾਂਗੇ। ਪੰਜਾਬ ਦੇ ਕਈ ਇਲਾਕੇ ਤਾਂ ਅੱਜ ਵੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕੇ ਹਨ। ਦੂਜੇ ਪਾਸੇ ਪਾਣੀ ਦਾ ਪ੍ਰਦੂਸ਼ਣ ਇਸ ਹੱਦ ਤੱਕ ਵੱਧ ਗਿਆ ਹੈ ਕਿ ਪੰਜਾਬ ਜਿਸ ਦਾ ਨਾਮ ਹੀ ਪੰਜ ਪਾਣੀਆਂ ਦੀ ਧਰਤੀ ਹੈ, ਜਿਸਦੇ ਪਾਣੀ ਨੂੰ ਸੰਸਾਰ ਦੇ ਸਰਵੋਤਮ ਪਾਣੀਆਂ ਵਿੱਚੋਂ ਇੱਕ ਮੰਨਿਆਂ ਜਾਂਦਾ ਸੀ, ਜਿਸ ਨੂੰ ਅਮ੍ਰਿਤ ਕਿਹਾ ਜਾਂਦਾ ਸੀ ਅੱਜ ਉਸੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਪੰਜਾਬ ਦੇ ਵਾਸੀ ਅਮ੍ਰਿਤ ਕਿਹਾ ਜਾਣ ਵਾਲਾ ਪਾਣੀ ਜੋ ਕਿ ਅੱਜ ਆਪਣੀ ਗੁਣਵਤਾ ਗਵਾ ਕੇ ਹੱਦ ਦਰਜੇ ਤੱਕ ਪ੍ਰਦੂਸ਼ਿਤ ਹੋ ਗਿਆ ਹੈ ਨੂੰ ਪੀਣ ਕਰਕੇ ਅਨੇਕਾਂ ਨਾ-ਮੁਰਾਦ ਬੀਮਾਰੀਆਂ ਜਿਵੇਂ ਕਿ ਕੈਂਸਰ, ਕਾਲਾ ਪੀਲੀਆ ਆਦਿ ਨਾਲ ਬੇ-ਵਕਤੀ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਅਮ੍ਰਿਤ ਨੂੰ ਜ਼ਹਿਰ ਬਣਾਉਣ ਵਾਲਾ ਵੀ ਮਨੁੱਖ ਹੀ ਹੈ। ਵੱਡੇ-ਵੱਡੇ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਮਗਰਮੱਛਾਂ ਨੇ ਸਰਕਾਰਾਂ ਵਿੱਚ ਬੈਠੇ ਕੁਝ ਮਨੁੱਖਤਾ ਵਿਰੋਧੀ ਤੱਤਾਂ ਦੀ ਸਹਾਇਤਾ ਨਾਲ ਰਸਾਇਣਾਂ ਅਧਾਰਤ ਖੇਤੀ ਦੀ ਪਿਰਤ ਜੋ ਪਾਈ ਹੈ ਉਹ ਅੱਜ ਅੱਤ ਦਰਜੇ ਤੱਕ ਵੱਧ ਚੁੱਕੀ ਹੈ ਜਿਸ ਕਾਰਨ ਸਾਡੀਆਂ ਜਮੀਨਾਂ (ਜਿਸ ਨੂੰ ਮਾਂ ਦਾ ਦਰਜਾ ਵੀ ਦਿੱਤਾ ਜਾਂਦਾ ਹੈ) ਦੀ ਕੁਦਰਤੀ ਉਪਜਾਊ  ਸ਼ਕਤੀ ਇਸ ਕਦਰ ਖਤਮ ਹੋ ਚੁੱਕੀ ਹੈ ਕਿ ਅੱਜ ਫਸਲ ਲੈਣ ਲਈ ਤਰ੍ਹਾਂ-ਤਰ੍ਹਾਂ ਦੀਆਂ ਜਹਿਰੀਲੀਆਂ ਖਾਦਾਂ ਅਤੇ ਸਪਰੇਆਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਸਾਡਾ ਪਾਣੀ ਅਤੇ ਸਮੁੱਚੀ ਭੋਜਨ ਲੜੀ (ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਹੀ) ਵਿੱਚ ਜ਼ਹਿਰ ਘੁਲ ਚੁੱਕਾ ਹੈ। ਇਹ ਧੀਮਾ ਜ਼ਹਿਰ ਮਨੁੱਖੀ ਸਰੀਰ ਦੀ ਰੋਗ ਟਾਕਰਾ ਪ੍ਰਣਾਲੀ ਨੂੰ ਖਤਮ ਕਰਕੇ ਅਨੇਕਾਂ ਲਾ-ਇਲਾਜ਼ ਰੋਗਾਂ ਦਾ ਕਾਰਨ ਬਣ ਰਿਹਾ ਹੈ, ਜਿਨ੍ਹਾਂ ਰੋਗਾਂ ਕਾਰਨ ਮਨੁੱਖਤਾ ਦਿਨ-ਬ-ਦਿਨ ਆਪਣੇ ਆਪ ਹੀ ਖਤਮ ਹੋਣ ਵੱਲ ਵੱਧ ਰਹੀ ਹੈ। ਮਨੁੱਖੀ ਗਲਤੀਆਂ ਦੇ ਕਾਰਨ ਆਏ ਵਾਤਾਵਰਨ ਵਿੱਚ ਵਿਗਾੜ ਕਰਕੇ 700-800 ਦੇ ਲਗਭਗ ਜੀਵ-ਜੰਤੂਆਂ ਅਤੇ ਸਵਾ ਸੌ ਦੇ ਕਰੀਬ ਬਨਸਪਤੀ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ। ਇਸ ਤੋਂ ਵੀ ਵੱਧ ਜੀਵਾਂ ਅਤੇ ਬਨਸਪਤੀ ਦੀਆਂ ਪ੍ਰਜਾਤੀਆਂ ਖਤਮ ਹੋਣ ਵੱਲ ਤੇਜੀ ਨਾਲ ਅੱਗੇ ਵੱਧ ਰਹੀਆਂ ਹਨ। ਜੇ ਧਰਤੀ ਤੋਂ ਮਨੁੱਖ, ਜੀਵ-ਜੰਤੂ ਅਤੇ ਬਨਸਪਤੀ ਹੀ ਖਤਮ ਹੋ ਗਈ ਤਾਂ ਧਨ ਇੱਕਠਾ ਕਰਨ ਦੀ ਹੋੜ ਵਿੱਚ ਲੱਗੇ ਹੋਏ ਮਨੁੱਖਤਾ ਦੇ ਦੁਸ਼ਮਣ ਵੀ ਨਾਲ ਹੀ ਖਤਮ ਹੋ ਜਾਣਗੇ। ਇਸ ਕਰਕੇ ਵਾਤਾਵਰਣ ਅਤੇ ਮਨੁੱਖਤਾ ਦੇ ਦੁਸ਼ਮਣਾਂ ਨੂੰ ਧਨ ਦੀ ਚਕਾਚੌਂਦ ਵਿੱਚੋਂ ਨਿਕਲ ਕੇ ਇਸ ਤੇ ਸੋਚਣਾ ਚਾਹੀਦਾ ਹੈ ਜੇ ਮਨੁੱਖਤਾ ਬਚੇਗੀ ਤਾਂ ਹੀ ਉਨ੍ਹਾਂ ਦਾ ਧਨ ਅਤੇ ਉਹ ਖੁਦ ਬਚਣਗੇ!

ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅੱਜ ਮਨੁੱਖ ਸਾਇੰਸ ਦੀਆਂ ਵੱਖ-ਵੱਖ ਖੋਜਾਂ ਦੀ ਸਹਾਇਤਾ ਨਾਲ ਅਰਬਾਂ ਡਾਲਰ ਖਰਚ ਕਰਕੇ ਦੂਜੇ ਗ੍ਰਹਿਆਂ ਤੇ ਜੀਵਨ ਦੇ ਅਵਸ਼ੇਸ਼ ਲੱਭਣ ਵਿੱਚ ਲੱਗਾ ਹੋਇਆ ਹੈ ਤੇ ਜੋ ਧਰਤੀ ਰੂਪੀ ਸਵਰਗ ਕੁਦਰਤ ਨੇ ਮਨੁੱਖ ਨੂੰ ਉਸਦੀਆਂ ਸਾਰੀਆਂ ਜਰੂਰਤਾਂ ਨਾਲ ਲਵਰੇਜ਼ ਕਰਕੇ ਤੌਹਫਾ ਦਿੱਤਾ ਹੈ, ਉਸ ਨੂੰ ਖਰਬਾਂ ਡਾਲਰ ਦਾ ਖਰਚ ਕਰਕੇ ਬਰਬਾਦ ਕਰਨ ਵਿੱਚ ਲੱਗਾ ਹੋਇਆ ਹੈ। ਰੁੱਖ ਜੋ ਕਿ ਧਰਤੀ ਦੇ ਵਾਤਾਵਰਨ ਦੇ ਸਤੁੰਲਨ ਨੂੰ ਬਣਾ ਕੇ ਰੱਖਣ ਲਈ ਅਤਿ ਜ਼ਰੂਰੀ ਹਨ ਨੂੰ (ਅੱਜ ਦੇ ਆਧੁਨਿਕ ਯੁੱਗ ਦਾ ਅਖੌਤੀ ਅਗਾਂਹ ਵਧੂ ਸੋਚ ਰੱਖਣ ਵਾਲਾ ਮਨੁੱਖ) ਅੰਨੇਵਾਹ ਕੱਟ ਕੇ ਵਾਤਾਵਰਨ ਦੇ ਕੁਦਰਤੀ ਸਤੁੰਲਨ ਨੂੰ ਵਿਗਾੜਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿਆ ਰਿਹਾ। ਇਸ ਕਰਕੇ ਸਮਝਦਾਰੀ ਇਸੀ ਗੱਲ ਵਿੱਚ ਹੈ ਕਿ ਪੈਸਾ ਦੂਜਿਆਂ ਗ੍ਰਹਿਆਂ ਤੇ ਬਰਬਾਦ ਕਰਨ ਦੇ ਨਾਲੋਂ ਜਿਸ ਧਰਤੀ ਨੂੰ ਕੁਦਰਤ ਦੇ ਨਿਯਮਾਂ ਨਾਲ ਛੇੜ-ਛਾੜ ਕਰਕੇ ਅਸੀਂ ਖੁਦ ਹੀ ਬਰਬਾਦ ਕੀਤਾ ਹੈ ਉਸ ਨੂੰ ਫਿਰ ਤੋਂ ਕੁਦਰਤੀ ਰੂਪ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਵਿੱਚ ਲਗਾੳੇੁਣਾ ਚਾਹੀਦਾ ਹੈ। ਸਾਡੀਆਂ ਸਰਕਾਰਾਂ ਨੂੰ ਵੀ ਅੱਜ ਦੇ ਵਿਕਾਸ ਮਾਡਲ (ਜੋ ਕਿ ਕੁਦਰਤੀ ਵਾਤਾਵਰਨ ਅਤੇ ਮਨੁੱਖੀ ਸੋਮਿਆਂ ਦੀ ਪਰਵਾਹ ਨਾ ਕਰਕੇ ਕੇਵਲ ਲਾਭ ਵੱਲ ਧਿਆਨ ਦਿੰਦਾ ਹੈ ਜਿਸ ਕਰਕੇ ਹੀ ਅੱਜ ਮਨੁੱਖਤਾ ਤੇਜ਼ੀ ਨਾਲ ਵਿਨਾਸ਼ ਵੱਲ ਵੱਧ ਰਹੀ ਹੈ ) ਦੇ ਵਿੱਚ ਸੁਧਾਰ ਕਰਕੇ ਕੁਦਰਤ ਅਤੇ ਸਮੁੱਚੀ ਮਨੁੱਖਤਾ ਦੇ ਲਾਭ ਲਈ ਇਸ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅੰਤ ਵਿੱਚ ਮੈ ਇਹੀ ਕਹਾਂਗਾ ਕਿ ਹਵਾ ਅਤੇ ਪਾਣੀ ਦੀ ਕੋਈ ਸਰਹੱਦ ਨਹੀਂ ਹੁੰਦੀ। ਇਸ ਕਰਕੇ ਧਰਮਾਂ, ਜਾਤਾਂ, ਭਾਸ਼ਾਵਾਂ, ਦੇਸ਼ਾਂ, ਨਸਲਾਂ, ਅਮੀਰੀ-ਗਰੀਬੀ ਆਦਿ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਸਵਰਗ ਰੂਪੀ ਧਰਤੀ ਨੂੰ ਬਚਾਉਣ ਲਈ ਸਮੁੱਚੇ ਵਿਸ਼ਵ ਦੇ ਲੋਕਾਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ ਤੇ ਇੱਕਜੁੱਟ ਹੋ ਕੇ ਇਮਾਨਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਮਨੁੱਖਤਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਵੱਧ ਕੇ ਖਤਮ ਹੋਣ ਦੇ ਕਗਾਰ ਤੇ ਖੜ੍ਹੀ ਸਮੁੱਚੀ ਜੀਵ ਜਾਤੀ ਅਤੇ ਬਨਸਪਤੀ ਨੂੰ ਬਚਾ ਸਕਦੇ ਹਾਂ। ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਲੋਕ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ।। ਦੀ ਮਹਾਨਤਾ ਨੂੰ ਸਮਝਦੇ ਹੋਏ ਸਾਨੂੰ ਧਰਤੀ,ਹਵਾ,ਪਾਣੀ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>