ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ

ਕਰਨ ਅਜਾਇਬ ਸਿੰਘ ਦੇ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ ’ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਬਿਰਹੋਂ ਦਾ ਸੰਕਲਪ ਹੀ ਬਦਲਕੇ ਰੱਖ ਦਿੱਤਾ। ਆਮ ਤੌਰ ਤੇ ਬਿਰਹੋਂ ਦੇ ਗੀਤ ਪਿਆਰ ਵਿਗੁਚੇ ਪ੍ਰੇਮੀਆਂ ਦੇ ਮਿਲਾਪ ਲਈ ਤੜਪ ਦੀ ਅਰਜੋਈ ਹੁੰਦੀ ਹੈ ਪ੍ਰੰਤੂ ਇਸ ਕਾਵਿ ਸੰਗ੍ਰਹਿ ਵਿਚ ਇੱਕ ਪਿਤਾ ਵੱਲੋਂ ਆਪਣੇ ਵਿਛੜੇ ਸਪੁੱਤਰ ਦੇ ਮਿਲਾਪ ਲਈ ਗੀਤਾਂ ਅਤੇ ਕਵਿਤਾਵਾਂ ਰਾਹੀਂ ਪਾਏ ਕੀਰਨੇ ਹਨ, ਜਿਨ੍ਹਾਂ ਨੂੰ ਪੜ੍ਹਕੇ ਹਰ ਸੁਹਿਰਦ ਇਨਸਾਨ ਦਾ ਦਿਲ ਵਲੂੰਧਰਿਆ ਜਾਂਦਾ ਹੈ। ‘ਕੋਏ ਸਿੱਲ੍ਹੇ ਪੱਥਰਾਂ ਦੇ’ ਨਾਂ ਹੀ ਪ੍ਰਤੀਕਾਤਮਿਕ ਹੈ ਜਿਸਤੋਂ ਸਾਫ਼ ਜ਼ਾਹਰ ਹੁੰਦਾ ਹੈ ਇਹ ਕਾਵਿ ਸੰਗ੍ਰਹਿ ਵਿਚ ਵਿਛੋੜੇ ਦੇ ਦਰਦ ਨਾਲ ਪੱਥਰ ਹੋਈਆਂ ਅੱਖਾਂ ਹੰਝੂਆਂ ਨਾਲ ਸਿੱਲ੍ਹੀਆਂ ਹੋਈਆਂ ਹਨ। ਕੋਏ ਸਿਲ੍ਹੇ ਪੱਥਰਾਂ ਦੇ 87 ਪੰਨਿਆਂ ਦੇ ਕਾਵਿ ਸੰਗ੍ਰਹਿ ਵਿਚ 18 ਗੀਤ ਅਤੇ 39 ਕਵਿਤਾਵਾਂ ਹਨ। ਇਸ ਕਾਵਿ ਸੰਗ੍ਰਹਿ ਦੀ ਕੀਮਤ ਦੇਸ਼ 80 ਰੁਪਏ, ਵਿਦੇਸ਼ ਅਮਰੀਕਾ ਤੇ ਕੈਨੇਡਾ 5-5 ਡਾਲਰ ਅਤੇ ਇੰਗਲੈਂਡ ਲਈ 3 ਪੌਂਡ ਹੈ, ਜੋ ਨਾਨਕ ਸਿੰਘ ਪੁਸਤਕ ਮਾਲਾ ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ। ਕਰਨ ਅਜਾਇਬ ਸਿੰਘ ਦਾ ਸਪੁੱਤਰ ਕਰਨਜੀਤ ਸਿੰਘ ਸੰਘਾ ਅਚਾਨਕ ਭਰ ਜਵਾਨੀ ਵਿਚ ਸਵਰਗ ਸਿਧਾਰ ਗਿਆ ਸੀ, ਜਿਸਦੇ ਵਿਛੋੜੇ ਵਿਚ ਅਜਾਇਬ ਸਿੰਘ ਨੇ ਇਹ ਕਵਿਤਾਵਾਂ ਅਤੇ ਗੀਤ ਲਿਖੇ ਹਨ। ਉਸਦਾ ਲੜਕਾ ਕਰਨਵੀਰ ਸਿੰਘ ਆਪਣੇ ਪਿਤਾ ਦੀਆਂ ਕਵਿਤਾਵਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਉਣਾ ਚਾਹੁੰਦਾ ਸੀ ਪ੍ਰੰਤੂ ਅਚਾਨਕ ਉਸਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਇਕ ਕਿਸਮ ਨਾਲ ਇਹ ਪੁਸਤਕ ਵਿਛੜੇ ਪੁੱਤਰ ਨੂੰ ਪਿਤਾ ਵੱਲੋਂ ਸੋਗਮਈ ਕਵਿਤਾਵਾਂ ਅਤੇ ਗੀਤਾਂ ਦੇ ਰੂਪ ਵਿਚ ਸ਼ਰਧਾਂਜ਼ਲੀ ਹੀ ਹੈ। ਉਸਨੇ ਆਪਣੇ ਨਾਮ ਦੇ ਨਾਲ ਆਪਣੇ ਸਪੁੱਤਰ ਦਾ ਕਰਨ ਨਾਂ ਜੋੜ ਲਿਆ ਹੈ ਤਾਂ ਜੋ ਸਪੁੱਤਰ ਦੀ ਯਾਦ ਹਮੇਸ਼ਾ ਤਾਜਾ ਰਹੇ। ਇਸ ਕਾਵਿ ਸੰਗ੍ਰਹਿ ਦੇ ਗੀਤ ਅਤੇ ਕਵਿਤਾਵਾਂ ਪੜ੍ਹਕੇ ਹਰ ਪਾਠਕ ਦਾ ਦਿਲ ਪਸੀਜ ਜਾਂਦਾ ਹੈ ਅਤੇ ਕਰਨ ਅਜਾਇਬ ਸਿੰਘ ਦਾ ਦਰਦ ਆਪਣਾ ਲੱਗਣ ਲੱਗ ਜਾਂਦਾ ਹੈ। ਉਸਦਾ ਸਭ ਤੋਂ ਪਹਿਲਾ ਹੀ ਗੀਤ ਹੈ-

ਹੋ ਕੇ ਹੋਣੀ ਦਾ ਹਾਣ, ਤੂੰ ਹਿਸਾਬ ਮੁਕਾਅ ਦਿੱਤੇ,
ਸੌਂ ਕੇ ਮੌਤ ਤੋਂ ਪਹਿਲਾਂ, ਅੰਬਰੀਂ ਤਾਰੇ ਜਗਾਅ ਦਿੱਤੇ।
ਓ ਯਾਰਾ, ਰੁੱਸਣ ਦਾ ਇਹ ਕੀ ਢੰਗ ਹੋਇਆ,
ਅਸੀਂ ਵਿਲਕਦੇ ਰਹੇ, ਤੂੰ ਅੱਥਰੂ ਸੁਕਾਅ ਦਿੱਤੇ।

ਕਰਨ ਅਜਾਇਬ ਸਿੰਘ ਨੇ ਆਪਣੇ ਦਰਦ ਦਾ ਇਜ਼ਹਾਰ ਇਨ੍ਹਾਂ ਕਵਿਤਾਵਾਂ ਵਿਚ ਅਜਿਹੇ ਢੰਗ ਨਾਲ ਕੀਤਾ ਹੈ ਕਿ ਇਹ ਦਰਦ ਲੋਕਾਈ ਦਾ ਦਰਦ ਬਣਾ ਦਿੱਤਾ ਹੈ। ਬਾਕਾਇਦਾ ਉਸ ਦੀਆਂ ਕਵਿਤਾਵਾਂ ਲੈ ਬੱਧ ਅਤੇ ਸਰੋਦੀ ਹਨ। ਆਪਣੇ ਵਿਛੜੇ ਸਪੁੱਤਰ ਨਾਲ ਬਿਤਾਏ ਹਰ ਪਲ ਨੂੰ ਬਾਖ਼ੂਬੀ ਚਿਤਰਿਆ ਹੈ। ਕਵਿਤਾਵਾਂ ਵਿਚ ਪ੍ਰਤੀਕ ਬੜੀ ਸਰਲ ਭਾਸ਼ਾ ਵਿਚ ਅਤੇ ਰੋਜ ਮਰਹਾ ਦੀ ਜ਼ਿੰਦਗੀ ਵਿਚੋਂ ਲਏ ਹਨ। ਉਸਦੀ ਸਾਰੀ ਕਵਿਤਾ ਹੀ ਦਿ੍ਰਸ਼ਟਾਂਤਿਕ ਹੈ। ਕਵਿਤਾ ਪੜ੍ਹਕੇ ਸੀਨ ਅੱਖਾਂ ਸਾਹਮਣੇ ਆ ਜਾਂਦਾ ਹੈ। ਉਸਦੀ ਇਕ ਕਵਿਤਾ ਇਹ ਦਰਸਾਉਂਦੀ ਹੈ ਕਿ ਇਸ ਸੰਸਾਰ ਵਿਚ ਕੋਈ ਵੀ ਚੀਜ਼ ਸਥਾਈ ਨਹੀਂ ਹੁੰਦੀ, ਇਨਸਾਨ ਐਵੇਂ ਖਿਆਲੀ ਪਲਾਅ ਬਣਾਈ ਜਾਂਦਾ ਹੈ। ਇਸ ਜ਼ਿੰਦਗੀ ਦੀਆਂ ਰਹਿਮਤਾਂ ਤੇ ਬਹੁਤਾ ਮਾਣ ਨਹੀਂ ਕਰੀਦਾ। ਅਖ਼ੀਰ ਉਸ ਪਰਮਾਤਮਾ ਦੀ ਰਜਾ ਵਿਚ ਰਹਿਣਾ ਪੈਂਦਾ ਹੈ। ਉਸਦੀ ਕਵਿਤਾ ਹੈ-

ਪੌਣ ਦੀ ਪੌੜੀ ਲਾ, ਪਹਾੜ ਨਹੀਂ ਚੜ੍ਹੀ ਦੇ, ਹੱਥੋਂ ਗੁਆ ਕੇ ਹੀਰਾ, ਪੱਥਰ ਨਹੀਂ ਫੜੀਦੇ।
ਬੱਦਲਾਂ ਦੀ ਛਾਂ ਉਤੇ, ਮਾਣ ਨਹੀਂ ਕਰੀ ਦਾ, ਅਸਾਂ ਤਾਂ ਯਾਰ ਤੇਰੇ ਰੋਮ ਰੋਮ ਵੱਸੀ ਦਾ।

ਕਵੀ ਬਿਰਹਾ ਦੇ ਵਿਚ ਗ੍ਰਸਿਆ ਹੋਇਆ ਆਪਣੇ ਸਪੁੱਤਰ ਨੂੰ ਯਾਦ ਕਰਕੇ ਲਿਖਦਾ ਹੈ ਕਿ ਤੇਰੇ ਤੋਂ ਬਿਨਾ ਇਹ ਜੀਵਨ ਨਿਰਾਰਥਕ ਹੈ। ਹੁਣ ਸਾਡੇ ਪੱਲੇ ਪਰਮਾਤਮਾ ਨੇ ਕੁਝ ਵੀ ਨਹੀਂ ਛੱਡਿਆ ਅਤੇ ਅਸੀਂ ਟੁੱਟੇ ਮਨ ਨਾਲ ਬੇਰਸ ਜ਼ਿੰਦਗੀ ਜੀਅ ਰਹੇ ਹਾਂ। ਕਵਿਤਾ ਦੇ ਬੰਦ ਹਨ-

ਡੰਗ ਤੇਰੇ ਨੇ ਪਿੰਜਣੀ ਪਿੰਜਿਆ, ਕੀਤਾ ਤੂੰਬਾ ਤੂੰਬਾ,
ਪੱਲੇ ਸਾਡੇ ਕੁਝ ਨਹੀਂ ਛੱਡਿਆ ਦੇ ਕੇ ਲੈ ਗਿਓਂ ਹੂੰਝਾ।
ਲੋਕਾਂ ਭਾਣੇ ਰਾਤ ਚਾਨਣੀ ਲਈ ਸਾਡੇ ਕਾਲਾ ਨਾਗ,
ਦੇਹ ਵਿਗੋਚਾ ਟੁਰ ਗਿਓਂ ਨਾ ਪੁੱਛਿਆ ਸਾਡਾ ਹਾਲ।
ਲੋਕਾਂ ਭਾਣੇ ਚਰਖਾ ਕੱਤਾਂ ਮੈਂ ਕੱਤਾਂ ਹਿਜ਼ਰ ਦੀਆਂ ਪੂਣੀਆਂ,
ਸਾਧਾਂ ਆਪਣੇ ਡੇਰੇ ਛੱਡੇ, ਧੁਖ਼ਦੀਆਂ ਰਹਿ ਗਈਆਂ ਧੂਣੀਆਂ।
Ñਲੋਕਾਂ ਸਾਡਾ ਤਾਣਾ ਬਾਣਾ ਇਕੋ ਰੰਗ ਰੰਗਾਇਆ,
ਗ਼ਮ ਦੀ ਚਾਦਰ ਡੱਬ-ਖੜੱਬੀ ਤੰਦ ਵੱਖਰਾ ਤੈਂ ਪਾਇਆ।
ਯਾਦਾਂ ਦਾ ਮੁੱਲ ਕੋਈ ਨਾ ਜਾਣੇ, ਸਾਡੇ ਨੈਣਾ ਨੇ ਮੁੱਲ ਪਾਏ,
ਜਿਨ੍ਹੀਂ ਰਾਹੀਂ ਤੂੰ ਲੰਘਿਆ ਸੈਂ, ਉਥੇ ਹੰਝੂਆਂ ਦੇ ਹੜ੍ਹ ਆਏ।

ਕਵੀ ਆਪਣੀ ਹਰ ਕਵਿਤਾ ਵਿਚ ਆਪਣੇ ਸਪੁੱਤਰ ਨੂੰ ਯਾਦ ਕਰਦਾ ਹੈ। ਆਮ ਤੌਰ ਤੇ ਅਜਿਹੇ ਵਿਛੋੜਿਆਂ ਵਿਚ ਇਕ ਦੋ ਕਵਿਤਾਵਾਂ ਲਿਖਕੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ ਪ੍ਰੰਤੂ ਕਰਨ ਅਜਾਇਬ ਸਿੰਘ ਨੇ ਹਰ ਕਵਿਤਾ ਅਤੇ ਗੀਤ ਨੂੰ ਬਿਰਹਾ ਦੇ ਨਾਲ ਜੋੜ ਦਿੱਤਾ ਹੈ। ਕਦੀ ਆਪਣੇ ਆਪ ਨੂੰ ਵਣਜਾਰੇ, ਅੱਖਾਂ, ਯਾਦਾਂ ਦੇ ਧਾਗੇ, ਨਦੀ ਆਦਿ ਕਹਿੰਦਾ ਹੋਇਆ ਲਿਖਦਾ ਹੈ-

ਕਿਵੇਂ ਸਮਝਾਈਏ ਦਿਲ ਝੱਲੇ ਨੂੰ, ਬਣ ਵਣਜਾਰੇ ਅਸੀਂ ਹਾਰਾਂ ਦੇ।
ਲੁੱਟਿਆ ਕਰਨ ਮੰਜ਼ਲ ਤੋਂ ਪਹਿਲਾਂ, ਕਿਵੇਂ ਤਾਰੀਏ ਮੁੱਲ ਉਪਕਾਰਾਂ ਦੇ।
ਅੱਖਾਂ ਦੇ ਵਿਚ ਇਸ਼ਕ ਇਲਾਹੀ, ਅੱਖਾਂ ਦੇ ਵਿਚ ਡੋਰੇ,
ਅੱਖਾਂ ਕੋਮਲ ਕਲੀਆਂ ਬਣੀਆਂ, ਬਣੇ ਦਿਲ ਉਡਾਰੂ ਭੌਰੇ।
ਅਸੀਂ ਤਾਂ ਦਾਸ ਅੱਖਾਂ ਦੇ ਹੋਏ, ਕਰਨ ਨੂੰ ਭਾਲਣ ਅੱਖਾਂ।
ਅੱਵਾਂ ਅੱਖਾਂ ਨੀ ਅੱਖਾਂ, ਤੁਹਾਨੂੰ ਰੱਬ ਦੀਆਂ ਰੱਖਾਂ।

ਭਾਵੇਂ ਇਹ ਕਾਵਿ ਸੰਗ੍ਰਹਿ ਮੁੱਖ ਤੌਰ ਤੇ ਕਵੀ ਨੇ ਆਪਣੇ ਸਪੁੱਤਰ ਦੀ ਯਾਦ ਵਿਚ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਪ੍ਰੰਤੂ ਇਸ ਵਿਚ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਅਤੇ ਰੋਮਾਂਸਵਾਦ ਨਾਲ ਸੰਬੰਧਤ ਵੀ ਹਨ। ਕਵੀ ਉਹੀ ਸਾਰਥਿਕ ਗਿਣਿਆਂ ਜਾਂਦਾ ਹੈ ਜਿਹੜਾ ਸਮਾਜਿਕ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਵੇ। ਰੋਮਾਂਟਿਕ ਕਵਿਤਾਵਾਂ ਵਿਚ ਵੀ ਲੋਕ ਭਲਾਈ ਦੇ ਮੁÇੱਦਆਂ ਨੂੰ ਵਿਸ਼ੇ ਬਣਾਵੇ। ਕਰਨ ਅਜਾਇਬ ਸਿੰਘ ਆਪਣੀਆਂ ਕਵਿਤਾਵਾਂ ਵਿਚ ਗ਼ਰੀਬੀ, ਭੁੱਖ ਮਰੀ, ਲਾਲਚ, ਫਰੇਬ, ਭਰਿਸ਼ਟਾਚਾਰ, ਪਰਵਾਸ, ਧਾਰਮਿਕ ਕੱਟੜਤਾ, ਸਿਆਸਤਦਾਨਾ ਦੇ ਲਾਰਿਆਂ ਬਾਰੇ ਭਾਰਤ ਮਾਂ ਕਵਿਤਾ ਵਿਚ ਕਵੀ ਲਿਖਦਾ ਹੈ-

ਕਿਵੇਂ ਆਖਾਂ ਤੇਰੇ ਮਗਰੂਰ ਰਹਿਬਰਾਂ ਨੂੰ, ਝੂਠੇ ਲਾਰਿਆਂ ਨਾਲ ਨਾ ਦੇਣ ਧੋਖਾ ਤੇਰੇ ਸਬਰਾਂ ਨੂੰ।
ਕੀ ਲਿਖਾਂ ਲਿਖਾਰੀਆਂ ਨੂੰ, ਅਫ਼ਸਰਾਂ ਤੇ ਅਧਿਕਾਰੀਆਂ ਨੂੰ, ਲੋਭੀ ਬਣੇ ਕਰਮਚਾਰੀਆਂ ਨੂੰ।
ਬਣੀਆਂ ਲਾ-ਇਲਾਜ ਬਿਮਾਰੀਆਂ ਨੂੰ, ਰਿਸ਼ਵਤ ਖ਼ੋਰੀ ਜਮ੍ਹਾ ਖ਼ੋਰੀ, ਲੁੱਟ ਮਾਰ ਟੈਕਸ ਚੋਰੀ।
ਜ਼ਬਰ ਜਨਾਹ ਭੁੱਖ ਮਰੀ, ਹਰ ਕਿਸੇ ਦੀ ਜ਼ਮੀਰ ਮਰੀ, ਕਿਧਰੇ ਰੇਸ਼ਮ ਕਿਧਰੇ ਤਨ ਲੀਰਾਂ।
ਘਰ ਘਰ ਰੋਣ ਤੇਰੀਆਂ ਹੀਰਾਂ, ਪੜ੍ਹੇ ਲਿਖੇ ਸਾਊ ਸੋਹਣੇ, ਵਿਦੇਸ਼ੀਂ ਜਾਣ ਘੱਤ ਵਹੀਰਾਂ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਰਨ ਅਜਾਇਬ ਸਿੰਘ ਦਾ ਪਲੇਠਾ ਕਦਮ ਸ਼ਲਾਘਾਯੋਗ ਹੈ, ਭਵਿਖ ਵਿਚ ਉਸ ਕੋਲੋਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਕਵਿਤਾਵਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>