‘ਲੋਕ ਕੀ ਕਹਿਣਗੇ’ ਨੂੰ ਸਮਰਪਿਤ ਸਾਲਾਨਾ ਸਮਾਗਮ ਸਫਲਤਾ ਪੂਰਵਕ ਸੰਪੰਨ

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ, ਆਪਣਾ ਇਸ ਸਾਲ ਦਾ ਸਾਲਾਨਾ ਸਮਾਗਮ, ‘ਲੋਕ ਕੀ ਕਹਿਣਗੇ’ ਦੇ ਬੈਨਰ ਹੇਠ, 3 ਨਵੰਬਰ ਨੂੰ, ਵਾਈਟਹੌਰਨ ਕਮਿਊਨਿਟੀ ਸੈਂਟਰ ਵਿਖੇ, ਖਚਾ ਖਚ ਭਰੇ ਹਾਲ ਵਿੱਚ ਕੀਤਾ ਗਿਆ, ਜਿਸ ਵਿੱਚ ਦੋ ਸਮਾਜਿਕ ਮਸਲਿਆਂ- ਬੱਚਿਆਂ ਅਤੇ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਤੇ ਵਿਚਾਰ ਚਰਚਾ ਕੀਤੀ ਗਈ। ਸਾਊਥ ਏਸ਼ੀਅਨ ਪਰਿਵਾਰਾਂ ਵਿੱਚ ਸਿਰ ਚੁੱਕ ਰਹੀਆਂ ਸਮਾਜਿਕ ਲਾਹਣਤਾਂ ਨੂੰ ਉਜਾਗਰ ਕਰਨ, ਅਤੇ ਫੀਡ ਬੈਕ ਲੈਣ ਲਈ, ਇਹ ਸੈਮੀਨਾਰ ਆਯੋਜਿਤ ਕੀਤਾ ਗਿਆ। ਨਵੰਬਰ ਮਹੀਨੇ ਹੋਣ ਕਾਰਨ ਇਹ ਸਮਾਗਮ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਕੀਤਾ ਗਿਆ।

ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ ਸਭ ਨੂੰ ‘ਜੀ ਆਇਆਂ’ ਕਹਿਣ ਉਪਰੰਤ, ਬਾਬੇ ਨਾਨਕ ਦੇ ਸਮਾਜਿਕ ਬੁਰਾਈਆਂ ਵਿਰੁੱਧ ਸੱਚ ਦਾ ਹੋਕਾ ਦੇਣ ਦੀ ਗੱਲ ਕਰਦਿਆਂ ਕਿਹਾ ਕਿ-‘ਜੇ ਅਸੀਂ ਬਾਬੇ ਨਾਨਕ ਦੀ ਦੱਸੀ ਜੀਵਨ ਜਾਚ ਅਪਣਾਈ ਹੁੰਦੀ ਤਾਂ ਸਾਨੂੰ ਇਸ ਤਰ੍ਹਾਂ ਦੇ ਸੈਮੀਨਾਰ ਕਰਨ ਦੀ ਲੋੜ ਨਹੀਂ ਸੀ ਪੈਣੀ’। ਹਰਮਿੰਦਰ ਕੌਰ ਚੁੱਘ ਨੇ ਵੀ ਇੱਕ ਗੀਤ ਰਾਹੀਂ, ਬਾਬੇ ਨਾਨਕ ਦੀ ਬਾਣੀ ਤੇ ਅਮਲ ਨਾ ਕਰਨ, ਤੇ  ਸਮਾਜਿਕ ਕਰਮ ਕਾਂਡਾਂ ਵਿੱਚ ਫਸੇ ਸਮਾਜ ਦੀ ਗੱਲ ਕੀਤੀ। ਸੁਰਿੰਦਰ ਕੌਰ ਸੰਧੂ ਤੇ ਮਨਜੀਤ ਕੌਰ ਬਰਾੜ ਨੇ ਭੈਣ ਭਰਾ ਦੇ ਪਿਆਰ ਦਾ ਲੰਬੀ ਹੇਕ ਦਾ ਗੀਤ ਗਾ ਕੇ, ਆਰੰਭ ਵਿੱਚ ਮਹੌਲ ਸੁਰਮਈ ਬਣਾ ਦਿੱਤਾ।

ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ ਸਭ ਦਾ ਸੁਆਗਤ ਕਰਦੇ ਹੋਏ, 90 ਰਜਿਸਟਰਡ ਤੇ 20 ਸੈਲਾਨੀ ਮੈਂਬਰਾਂ ਵਾਲੀ ਸਭਾ, ਦੀਆਂ ਸਾਲਾਨਾ ਗਤੀਵਿਧੀਆਂ ਤੇ ਪੰਛੀ ਝਾਤ ਪਵਾਈ। ਨਸ਼ਿਆਂ ਤੋਂ ਦੁਖੀ ਪਰਿਵਾਰਾਂ ਤੇ ਔਰਤਾਂ ਦੀ ਵੇਦਨਾ ਨੂੰ ਦਰਸਾਉਂਦਾ ਹੋਇਆ, ਡਾ. ਬਰਾੜ ਦਾ ਲਿਖਿਆ ਤੇ ਤਿਆਰ ਕਰਵਾਇਆ, ਇੱਕ ਸਕਿੱਟ ‘ਸਹੁਰਾ ਘਰ’ ਗੁਰਤੇਜ ਸਿੱਧੂ ਦੀ ਟੀਮ ਵਲੋਂ ਸਫਲਤਾ ਪੂਰਵਕ ਖੇਡਿਆ ਗਿਆ। ਮੰਚ ਦਾ ਸੰਚਾਲਨ ਕਰਦੇ ਹੋਏ, ਗੁਰਚਰਨ ਥਿੰਦ ਨੇ, ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ, ਕੈਲਗਰੀ ਇੰਮੀਗਰੈਂਟ ਵੂਮੈਨ ਐਸੋਸੀਏਸ਼ਨ ਤੋਂ ਆਈ ਬੇਲਾ ਗੁਪਤਾ ਅਤੇ ਨੌਜਵਾਨ ਬੁਲਾਰੇ ਰਾਜ ਧਾਲੀਵਾਲ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਕਰਨ ਉਪਰੰਤ, ਪਹਿਲੇ ਬੁਲਾਰੇ ਨੂੰ ਸੱਦਾ ਦਿੱਤਾ।

ਬੇਲਾ ਗੁਪਤਾ ਨੇ ‘ਬੱਚਿਆਂ ਨਾਲ ਹੋ ਰਹੇ ਦੁਰਵਿਵਹਾਰ’ ਦੇ ਵਿਸ਼ੇ ਤੇ ਬਹੁਤ ਹੀ ਵਿਸਥਾਰ ਪੂਰਵਕ ਚਾਨਣਾ ਪਾਇਆ। ਉਸ ਨੇ ‘ਚਾਈਲਡ ਐਬਿਊਜ਼’ ਦੀਆਂ ਕਿਸਮਾਂ, ਕਾਰਨ, ਤੇ ਇਸ ਨੂੰ ਹੱਲ ਕਰਨ ਦੇ ਬੇਸ਼ਕੀਮਤੀ ਸੁਝਾਅ ਵੀ ਦਿੱਤੇ। ਉਸ ਕਿਹਾ ਕਿ- ਇਸ ਮੁਲਕ ਵਿੱਚ ਬੱਚਿਆਂ ਤੇ, ਘਰਾਂ ਅਤੇ ਸਕੂਲਾਂ ਵਿੱਚ ਬਹੁਤ ਪ੍ਰੈਸ਼ਰ ਹਨ ਜਿਸ ਕਾਰਨ ਸਾਡੇ ਬੱਚੇ ਜਾਂ ਤਾਂ ਗਲਤ ਅਨਸਰਾਂ ਦੇ ਹੱਥੀਂ ਚੜ੍ਹ ਜਾਂਦੇ ਹਨ ਜਾਂ ਮਾਨਸਿਕ ਤਨਾਓ ਦਾ ਸ਼ਿਕਾਰ ਹੋ ਜਾਂਦੇ ਹਨ। ਅੰਕੜਿਆਂ ਮੁਤਾਬਕ ਇਥੇ ਹਰ ਤੀਜਾ ਬੱਚਾ ਦੁਰਵਿਵਹਾਰ ਦਾ ਸ਼ਿਕਾਰ ਹੋਇਆ ਹੈ। ਪਰਿਵਾਰਾਂ ਦੇ ਟੁੱਟਣ ਕਾਰਨ ਵੀ ਬੱਚੇ ਡਾਵਾਂਡੋਲ ਹੋ ਜਾਂਦੇ ਹਨ। ਦਰਸ਼ਕਾਂ ਵਲੋਂ ਆਏ ਢੇਰ ਸਾਰੇ ਸੁਆਲਾਂ ਦੇ ਜੁਆਬ ਬੜੇ ਠਰੰਮੇ ਨਾਲ ਦਿੰਦਿਆਂ ਉਸ ਕਿਹਾ ਕਿ- ‘ਬੱਚਿਆਂ ਨਾਲ ਦੋਸਤਾਨਾ ਵਿਵਹਾਰ ਕਰੋ, ਉਹਨਾਂ ਨੂੰ ਸਮਾਂ ਦਿਓ, ਉਹਨਾਂ ਵਿੱਚ ਆਤਮ ਵਿਸ਼ਵਾਸ ਭਰੋ ਤੇ ਟੀਨਏਜਰ ਬੱਚਿਆਂ ਨੂੰ ਜਿਨਸੀ ਅੰਗਾਂ ਬਾਰੇ ਸਹੀ ਜਾਣਕਾਰੀ ਦਿਓ- ਮੁਸ਼ਕਲ ਦੀ ਹਾਲਤ ਵਿੱਚ 211 ਡਾਇਲ ਕਰਕੇ, ਆਪਣੀ ਭਾਸ਼ਾ ‘ਚ ਸਲਾਹ ਤੇ ਮਦਦ ਲਈ ਜਾ ਸਕਦੀ ਹੈ’। ਉਸ ਇਹ ਵੀ ਕਿਹਾ ਕਿ ਜੇ ਸਾਡੇ ਬੱਚੇ ਨਾਲ ਕੁਝ ਗਲਤ ਵਾਪਰਦਾ ਹੈ ਤਾਂ ਅਸੀਂ ਬੱਚੇ ਨੂੰ ਹੀ ਉਲਟਾ ਝਿੜਕ ਦਿੰਦੇ ਹਾਂ- ਕਿ ਬਾਹਰ ਪਤਾ ਨਾ ਲੱਗੇ-‘ਲੋਕ ਕੀ ਕਹਿਣਗੇ’। ਇਸ  ਬਹਿਸ ਵਿੱਚ ਭਾਗ ਲੈਂਦਿਆਂ- ਮੈਡਮ ਬਰਾੜ, ਨਵਪ੍ਰੀਤ ਰੰਧਾਵਾ ਤੇ ਲਲਿਤਾ ਸਿੰਘ ਨੇ ਵੀ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ।

ਦੂਸਰੇ ਸੈਸ਼ਨ ਵਿੱਚ, ਇੰਜੀਨੀਅਰ ਤੇ ਕਮਿਊਨਿਟੀ ਸੇਵਾਦਾਰ ਵਜੋਂ ਕਨੇਡੀਅਨ ਸਮਾਜ ਵਿੱਚ ਵਿਚਰ ਰਹੇ ਬੁਲਾਰੇ- ਰਾਜ ਧਾਲੀਵਾਲ ਨੇ ਦੱਸਿਆ ਕਿ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਗਿਣਤੀ ਬੱਚਿਆਂ ਤੋਂ ਵੀ ਵੱਧ ਹੈ। ਬਜ਼ੁਰਗਾਂ ਨਾਲ ਦੁਰਵਿਵਹਾਰ ਚਾਰ ਕਿਸਮ ਦਾ ਹੁੰਦਾ ਹੈ- ਮੈਟੀਰੀਅਲ, ਜ਼ੁਬਾਨੀ, ਸਰੀਰਕ ਹਿੰਸਾ ਤੇ ਅਣਗੌਲੇ ਰੱਖਣਾ। ਕਨੇਡਾ ਦੇ ਅੰਕੜਿਆਂ ਅਨੁਸਾਰ ਇੱਕ ਲੱਖ ਬਜ਼ੁਰਗ ਦੁਰਵਿਵਹਾਰ ਤੇ ਅਣਗੌਲ਼ੇਪਣ ਤੋਂ ਪੀੜਿਤ ਹਨ। ਬਹੁਤੇ ਬਜ਼ੁਰਗ, ਪਰਿਵਾਰਾਂ ਵਿੱਚ ਰਹਿੰਦੇ ਹੋਏ ਵੀ ਇਕੱਲੇਪਣ ਦਾ ਸ਼ਿਕਾਰ ਹਨ। ਇਕ ਸਾਥੀ ਦੇ ਵਿਛੜ ਜਾਣ ਤੇ ਸਾਡਾ ਸਮਾਜ ਤੇ ਪਰਿਵਾਰ, ਉਹਨਾਂ ਨੂੰ ਆਪਣਾ ਜੀਵਨ ਸਾਥੀ ਭਾਲਣ ਦੀ ਇਜਾਜ਼ਤ ਨਹੀਂ ਦਿੰਦਾ। 70 ਪ੍ਰਤੀਸ਼ਤ ਕੋਲ ਪੈਨਸ਼ਨ ਨਹੀਂ ਤੇ ਬਾਕੀ ਵੀ ਆਪਣੀ ਕਮਾਈ ਤੇ ਜਾਇਦਾਦ ਬੱਚਿਆਂ ਨੂੰ ਸੈਟ ਕਰਨ ਤੇ ਲਾ ਦਿੰਦੇ ਹਨ ਤੇ ਆਪਣੇ ਖਰਚੇ ਲਈ ਫਿਰ ਬੱਚਿਆਂ ਦੇ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਹਨ। ਉਸ ਨੇ ਆਪਣੇ ਮਾਪਿਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ- 60 ਸਾਲ ਤੋਂ ਉਪਰ ਹੋ ਕੇ ਸਾਡੇ ਬਜ਼ੁਰਗ ਪਿਆਰ ਤੇ ਸਤਿਕਾਰ ਦੀ ਮੰਗ ਕਰਦੇ ਹਨ- ਹੋਰ ਕੁਝ ਨਹੀਂ। ਪਰ ਉਹ ‘ਲੋਕ ਕੀ ਕਹਿਣਗੇ’ ਤੋਂ ਡਰਦੇ ਆਪਣਾ ਦੁੱਖ ਕਿਸੇ ਨਾਲ ਸਾਂਝਾ ਵੀ ਨਹੀਂ ਕਰਦੇ। ਸਰੋਤਿਆਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਉਸ ਕਿਹਾ ਕਿ- ਅਸੀਂ ਲੋਕ ਆਪਣੇ ਗੁਰੂ ਘਰਾਂ ਵਿੱਚ ਵੀ ਦੁਰਵਿਵਹਾਰ ਤੋਂ ਪੀੜਿਤ ਬਜ਼ੁਰਗਾਂ ਦੀ ਮਦਦ ਲਈ, ਕੋਈ ਕਮਿਊਨਿਟੀ ਸੈਂਟਰ ਬਣਾ ਸਕਦੇ ਹਾਂ। ਨਾਲ ਹੀ ਉਸ ਨੇ ਹੈਲਪ ਲਾਈਨਜ਼ ਤੋਂ ਇਲਾਵਾ ‘ਐਲਡਰ ਲਾਅ’ ਬਾਰੇ ਵੀ ਦੱਸਿਆ। ਯੂਨਾਈਟਿਡ ਵੇਅ ਤੋਂ ਆਈ ਲਲਿਤਾ ਸਿੰਘ ਨੇ ਕਿਹਾ ਕਿ- 65 ਤੋਂ 75 ਸਾਲ ਵਾਲੇ ਬਜ਼ੁਰਗ ‘ਯੰਗ ਸੀਨੀਅਰਜ਼’ ਗਿਣੇ ਜਾਂਦੇ ਹਨ ਜਦ ਕਿ- 75 ਤੋਂ 85 ਤੇ ਇਸ ਤੋਂ ਉਪਰ ਵਾਲੇ ਦੂਜਿਆਂ ਤੇ ਨਿਰਭਰ ਹੋ ਜਾਂਦੇ ਹਨ- ਜੋ ਸਭ ਤੋਂ ਵੱਧ ਅਣਗੌਲ਼ੇ ਜਾਂਦੇ ਹਨ।

ਇਸ ਸਮਾਗਮ ਵਿੱਚ ਸਿਆਸੀ ਗਲਿਆਰਿਆਂ ਤੋਂ- ਸਨਮਾਨਯੋਗ ਸ਼੍ਰੀ ਮਤੀ ਰਾਜਨ ਸਾਹਨੀ (ਅਲਬਰਟਾ ਮੰਤਰੀ), ਇਰਫਾਨ ਸਬੀਰ (ਐਮ. ਐਲ. ਏ.) ਅਤੇ ਜੋਤੀ ਗੌਂਡਿਕ (ਕੌਂਸਲਰ) ਉਚੇਚੇ ਤੌਰ ਤੇ ਸ਼ਾਮਲ ਹੋਏ ਜਿਹਨਾਂ ਨੇ ਇਸ ਵਿਸੇਸ਼ ਉਪਰਾਲ਼ੇ ਲਈ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ। ਇਹਨਾਂ ਸ਼ਖਸੀਅਤਾਂ ਨੂੰ ਫੁਲਾਂ ਦੇ ਗੁਲਦਸਤੇ ਦੇ ਕੇ, ਅਤੇ ਬਾਕੀ ਕਲਾਕਾਰਾਂ ਤੇ ਨਿਸ਼ਕਾਮ ਸੇਵਾਦਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸੰਸਥਾ ਵਲੋਂ ਸਨਮਾਨਿਆਂ ਗਿਆ। ਹਾਜ਼ਰੀਨ ਵਿੱਚ ਕੈਲਗਰੀ ਦੀਆਂ ਸਮੂਹ ਸਾਹਿਤਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ। ਮੀਡੀਆ ਵਲੋਂ- ਹਰਭਜਨ ਢਿਲੋਂ, ਸੁਖਵੀਰ ਗਰੇਵਾਲ, ਹਰਬੰਸ ਬੁੱਟਰ ਤੇ ਚੰਦ ਸਿੰਘ ਸਦਿਉੜਾ ਨੇ ਕਵਰੇਜ ਕੀਤੀ। ਰਵੀ ਜਨਾਗਲ ਨੇ ਸਾਊਂਡ ਦੀ ਸੇਵਾ ਬਾਖੂਬੀ ਨਿਭਾਈ।

ਅੰਤ ਤੇ ਸਰਬਜੀਤ ਉੱਪਲ ਤੇ ਹਰਮਿੰਦਰ ਚੁੱਘ ਨੇ-‘ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਉਂ ਬਹਿੰਦੀ’ ਗਾਣੇ ਤੇ ਡਾਂਸ ਕਰਕੇ, ਮਹੌਲ ਖੁਸ਼ਗਵਾਰ ਬਣਾ ਦਿੱਤਾ। ਸਮਾਗਮ ਦੌਰਾਨ ਚਾਹ ਤੇ ਸਨੈਕਸ ਦਾ ਵੀ ਸਭ ਨੇ ਆਨੰਦ ਮਾਣਿਆਂ। ਸੋ ਇਸ ਤਰ੍ਹਾਂ ਇਹ ਸਮਾਗਮ ਇੱਕ ਸਾਰਥਕ ਪੈਗਾਮ ਨਾਲ, ਹਾਜ਼ਰੀਨ ਦੇ ਮਨਾਂ ਤੇ ਇੱਕ ਅਮਿੱਟ ਛਾਪ ਛੱਡਦਾ ਹੋਇਆ, ਭਰਪੂਰ ਤਾੜੀਆਂ ਦੀ ਗੂੰਜ ਵਿੱਚ ਸਮਾਪਤ ਹੋਇਆ। ਵਧੇਰੇ ਜਾਣਕਾਰੀ ਲਈ- ਡਾ. ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਕੌਰ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>