ਸ੍ਰੀਮਾਨ ਜੀ,
ਬੇਨਤੀ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ ਏ ਮਸਕੀਨ’ ਵੱਲੋਂ ਬੀਤੇ ਦਿਨੀਂ ਤਖਤ ਸਾਹਿਬ ਦੀ ਮਰਯਾਦਾ ਦੇ ਉਲੰਘਣਾ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ। ਜਿਸ ਦੇ ਉਪਰੰਤ ਉਸ ਵੱਲੋਂ ਆਪਣੇ ਰੁਤਬੇ ਅਤੇ ਅਸਰ ਰਸੂਖ਼ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕਿ ਪੰਥਕ ਪਰੰਪਰਾ ਦੇ ਬਿਲਕੁਲ ਉਲਟ ਹੈ। ਸਿਖ ਰਹਿਤ ਮਰਯਾਦਾ ਵਿਚ ਕੋਈ ਕਿਸੇ ਤਰਾਂ ਦਾ ਗੁਨਾਹ ਕਰ ਬੈਠਦਾ ਹੈ ਤਾਂ ਉਸ ਨੂੰ ਪੰਜ ਪਿਆਰਿਆਂ ਅਗੇ ਪੇਸ਼ ਹੋਕੇ ਭੁੱਲ ਬਖ਼ਸ਼ਾਉਣਾ ਅਤੇ ਖਿਮਾ ਯਾਚਨਾ ਕਰਨੀ ਪੈਂਦੀ ਹੈ। ਪੰਜ ਪਿਆਰੇ ਗੁਨਾਹ ਦੇ ਮੱਦੇਨਜ਼ਰ ਰੱਖਦਿਆਂ ਦੋਸ਼ੀ ਵਿਅਕਤੀ ਨੂੰ ਤਨਖ਼ਾਹ ਲਾਉਂਦੇ ਹਨ। ਜਥੇਦਾਰ ਗੌਹਰ ਦੇ ਕੇਸ ਵਿਚ ਗੁਨਾਹਗਾਰ ਵੀ ਆਪ ਅਤੇ ਪੰਜ ਪਿਆਰੇ ਸਿੰਘਾਂ ਵਿਚ ਵੀ ਆਪ ਹੀ ਬਤੌਰ ਜਥੇਦਾਰ ਬੈਠਦੇ ਹਨ। ਜਦ ਕਿ ਦੋਸ਼ੀ ਤਨਖ਼ਾਹੀਆ ਹੁੰਦਾ ਹੈ। ਤਨਖ਼ਾਹੀਆ ਅਤੇ ਦੋਸ਼ੀ ਲਈ ਪੰਜ ਪਿਆਰਿਆਂ ਵਿਚ ਥਾਂ ਨਹੀਂ ਰਖ ਸਕਦਾ। ਉਸ ਆਗਿਆਕਾਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪ ਆਪਣੇ ਕੇਸ ਨੂੰ ਵਿਚਾਰ ਸਕੇ। ਪਹਿਲੇ ਕੇਸ ਵਿਚ ਤਾਂ ਜਥੇਦਾਰ ਜੀ ਜਾਣੇ ਅਨਜਾਣੇ ਗ਼ਲਤੀ ਕਰ ਬੈਠਦੇ ਹਨ ਪਰ ਦੂਜੇ ਕੇਸ ਵਿਚ ਜਾਣੇ ਅਨਜਾਣੇ ਨਾ ਹੋ ਕੇ ‘ਆਪੇ ਦੋਸ਼ੀ ਆਪੇ ਦੋਸ਼ ਮੁਕਤਾ” ਬਣ ਕੇ ਜਾਣਬੁੱਝ ਕੇ ਗੁਨਾਹ ਕਰ ਲੈਦੇ ਹਨ। ਜਿਸ ਦੀ ਇਤਿਹਾਸ ‘ਚ ਕੋਈ ਮਿਸਾਲ ਨਹੀਂ ਮਿਲਦੀ। ਫਿਰ ਆਪ ਹੀ ਦੋਸ਼ ਮੁਕਤ ਹੋਣ ਬਾਰੇ ਸੰਗਤ ਨੂੰ ਆਪਣੇ ਲੈਟਰ ਪੈਡ ਉਹ ਵੀ ਬਤੌਰ ਜਥੇਦਾਰ ਸੰਦੇਸ਼ ਦਿਤਾ ਗਿਆ ਕਿ ਮਾਮਲਾ ਖ਼ਤਮ ਹੋ ਗਿਆ ਹੈ। ਸੰਗਤਾਂ ਗਲਤ ਅਨਸਰਾਂ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਇਸ ਆਦੇਸ਼ ‘ਤੇ ਆਪ ਖ਼ੁਦ ਜਥੇਦਾਰ ਰਣਜੀਤ ਸਿੰਘ, ਤੋਂ ਇਲਾਵਾ ਪਿਆਰਿਆਂ ਦੇ ਰੂਪ ਵਿਚ ਜਿਨ੍ਹਾਂ ਚਾਰ ਸਿੰਘਾਂ ਦੇ ਦਸਤਖ਼ਤ ਅੰਕਿਤ ਹਨ। ਉਹ ਵੀ ਮਰਿਆਦਾ ਉਲੰਘਣਾ ਦੇ ਘੇਰੇ ਵਿਚ ਫਸ ਚੁਕੇ ਹਨ ਕਿਉ ਕਿ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਵਿਚ ਅਵਗਿਆਕਾਰ ਨਹੀਂ ਬੈਠ ਸਕਦਾ ਫਿਰ ਇਨ੍ਹਾਂ ਨੇ ਇਕ ਦੋਸ਼ੀ ਨੂੰ ਕਿਵੇਂ ਪੰਜ ਪਿਆਰਿਆਂ ਦੀ ਗੁਰੂ ਸੰਸਥਾ ਵਿਚ ਜਗਾ ਦੇ ਦਿਤੀ? ਇਸ ਤਰਾਂ ਇਨ੍ਹਾਂ ਗ੍ਰੰਥੀ ਸਾਹਿਬਾਨ ‘ਤੇ ਵੀ ਮਰਿਆਦਾ ਉਲੰਘਣਾ ਜਗ ਜਾਹਰ ਹੋ ਰਹੀ ਹੈ। ਮਰਿਆਦਾ ਦੀ ਰਾਖੀ ਦੀ ਜਿਨ੍ਹਾਂ ‘ਤੇ ਜ਼ਿੰਮੇਵਾਰੀ ਹੁੰਦੀ ਹੈ ਉਨ੍ਹਾਂ ‘ਚੋਂ ਕਿਸੇ ਵੀ ਜਥੇਦਾਰ ਵੱਲੋਂ ਮਰਯਾਦਾ ਦੀ ਉਲੰਘਣਾ ਕਰਨਾ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਵਜੋਂ ਮੁੱਖ ਸੇਵਾਦਾਰ ਹੀ ਮਰਯਾਦਾ ਤੋਂ ਜਾਣੂ ਨਾ ਹੋਵੇ, ਪੰਥ ਲਈ ਇਸ ਤੋਂ ਵੱਧ ਚਿੰਤਾ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ੯ ਸਤੰਬਰ ੨੦੧੯ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਨੇ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ। ਜਥੇਦਾਰ ਗੌਹਰ ਤਖਤ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਪਹਿਲਾਂ ਪਜਾਮਾ ਪਾ ਕੇ ਦਾਖ਼ਲ ਹੋਣਾ ਅਤੇ ਉਸ ਤੋਂ ਉਪਰੰਤ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੀ ਸੰਗਤ ਦੀ ਮੌਜੂਦਗੀ ਵਿਚ ਪਜਾਮਾ ਉਤਾਰਨਾ ਆਦਿ ਨਾਲ ਸੰਗਤ ਵਿਚ ਭਾਰੀ ਰੋਸ ਦਿਖਾਈ ਦਿਤੀ। । ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਗਤ ਦੇ ਰੋਸ ਨੂੰ ਦੇਖਦਿਆਂ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਅਸਰ ਰਸੂਖ਼ ਵਰਤਿਆ ਅਤੇ ਮਾਮਲੇ ਨੂੰ ਸ਼ਾਂਤ ਕਰਨ ਲਈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜਾਂ ਪਿਆਰਿਆਂ ਪਾਸੋਂ ਪੱਤਰ ਜਾਰੀ ਕਰਵਾ ਲਿਆ ਗਿਆ । ਆਦੇਸ਼ ਪੱਤਰ ਦੀ ਇਬਾਦਤ ਇਸ ਪ੍ਰਕਾਰ ਹੈ ਕਿ ”ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਇਹ ਸੰਦੇਸ਼ ਦਿੱਤਾ ਜਾਂਦਾ ਹੈ, ਕਿ ਸਤਿਕਾਰ ਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਦੁਆਰਾ ਪਿਛਲੇ ਦਿਨੀਂ ਸੇਵਾ ਦੌਰਾਨ ਜੋ ਭੁੱਲ ਹੋ ਗਈ ਸੀ, ਉਸ ‘ਤੇ ਦੀਰਘ ਵਿਚਾਰ ਕਰਦਿਆਂ ਪੰਜ ਪਿਆਰੇ ਸਿੰਘ ਸਾਹਿਬਾਨ ਦੁਆਰਾ ਇਹ ਮਾਮਲਾ ਭੋਲ਼ੇਪਣ ਵਿਚ ਹੋਇਆ ਪਾਇਆ ਗਿਆ ਅਤੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਜਥੇਦਾਰ ਦੁਆਰਾ ਕੜਾਹ ਪ੍ਰਸਾਦਿ ਕਰਾਉਣ ਅਤੇ ਖਿਮਾ ਯਾਚਨਾ ਦੀ ਅਰਦਾਸ ਕੀਤੀ ਗਈ। ਜਿਸ ‘ਤੇ ਇਹ ਮਾਮਲਾ ਖ਼ਤਮ ਹੋ ਗਿਆ ਅਤੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਗਲਤ ਅਨਸਰਾਂ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ” ਪੰਜ ਪਿਆਰੇ ਸਿੰਘ ਸਾਹਿਬਾਨ ਵਿਚ ਜਿੱਥੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਾਜਿੰਦਰ ਸਿੰਘ, ਮੀਤ ਗ੍ਰੰਥੀ ਭਾਈ ਦਲੀਪ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਬਲਦੇਵ ਸਿੰਘ, ਗ੍ਰੰਥੀ ਭਾਈ ਗੁਰਦਿਆਲ ਸਿੰਘ ਨੂੰ ਸ਼ਾਮਲ ਕੀਤਾ ਉੱਥੇ ਹੀ ਆਪ ਖ਼ੁਦ ਪੰਜਾਂ ਵਿਚ ਸ਼ਾਮਲ ਹੁੰਦੇ ਹੋਏ ਜਥੇਦਾਰ ਰਣਜੀਤ ਸਿੰਘ ਗੌਹਰ ਸ਼ਾਮਲ ਹੋਏ। ਗਿਆਨੀ ਗੌਹਰ ਵੱਲੋਂ ਪਾਈ ਗਈ ਨਵੀਂ ਪਿਰਤ ਨੂੰ ਠੱਲ੍ਹ ਪਾਉਣ ਦੀ ਜਰੂਰਤਿ ਹੈ। ਸੋ ਤਖਤ ਸਾਹਿਬ ਦੀ ਮਰਿਆਦਾ ਨਾਲ ਜੁੜੇ ਹੋਣ ਕਾਰਨ ਇਸ ਮਾਮਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰਿਆ ਜਾਣਾ ਚਾਹੀਦਾ ਹੈ।