550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਨੇ ਬਦਲੀ ਪਿੰਡ ਦੀ ਨੁਹਾਰ

ਅੰਮ੍ਰਿਤਸਰ,(ਮਨਦੀਪ ਖੁਰਮੀ) – ਜਿਹਨਾਂ ਨੇ ਆਪਣੇ ਸਮਾਜ ਨੂੰ ਕੁਝ ਦੇਣਾ ਹੁੰਦਾ ਹੈ, ਉਹ ਬੇਗਾਨੇ ਹੱਥਾਂ ਵੱਲ ਨਹੀਂ ਝਾਕਦੇ। ਆਪਣੇ ਹੱਥੀਂ ਕਾਰਜ ਕਰਨ ਵਾਲੇ ਆਖਰੀ ਸਾਹਾਂ ‘ਤੇ ਪਏ ਵੀ ਕੁਝ ਕਰਨ ਦਾ ਤਹੱਈਆ ਕਰਦੇ ਰਹਿੰਦੇ ਹਨ। ਆਪਣੇ ਆਲੇ ਦੁਆਲੇ ਪਏ ਗੰਦ ਨੂੰ ਹੂੰਝਣ ਲਈ ਜਦੋਂ ਪੜ੍ਹੇ ਲਿਖੇ ਨੌਜਵਾਨ ਆਪਣੇ ਬਜ਼ੁਰਗਾਂ ਦੀ ਛਤਰ ਛਾਇਆ ਹੇਠ ਬਹੁਕਰਾਂ, ਟੋਕਰੇ ਚੁੱਕ ਕੇ ਗਲੀਆਂ ਨਾਲੀਆਂ ਦੀ ਸਫਾਈ ਕਰਦੇ ਹਨ ਤਾਂ ਹਰ ਕਿਸੇ ਦੇ ਮੂੰਹੋਂ “ਸ਼ਾਬਾਸ਼“ ਲਫ਼ਜ਼ ਨਿੱਕਲਣਾ ਸੁਭਾਵਿਕ ਹੈ। ਇਹੋ ਜਿਹੇ ਸਲਾਹੁਤਾ ਭਰੇ ਸ਼ਬਦਾਂ ਨਾਲ ਆਪਣੀਆਂ ਝੋਲੀਆਂ ਭਰਵਾ ਰਹੇ ਹਨ ਧੰਨਾ ਸਿੰਘ ਵਾਲਾ (ਨੌਸ਼ਹਿਰਾ ਪੰਨੂੰਆਂ) ਦੇ ਨੌਜਵਾਨ, ਜਿਹਨਾਂ ਨੇ ਆਪਣੀ ਮਿਹਨਤ ਨਾਲ ਪਿੰਡ ਨੂੰ ਕਿਸੇ ਫਿਲਮ ਦੇ ਸੈੱਟ ਵਰਗਾ ਰੂਪ ਦੇ ਦਿੱਤਾ ਹੈ। ਪਿੰਡ ਨੂੰ ਵਿਲੱਖਣ ਰੂਪ ਦੇਣ ਲਈ ਉਹਨਾਂ ਸਿਰ ਅਜਿਹਾ ਭੂਤ ਸਵਾਰ ਹੋਇਆ ਕਿ ਕਿਧਰੇ ਕੋਈ ਕੰਧਾਂ ਨੂੰ ਰੰਗ ਕਰਦਾ ਨਜ਼ਰ ਆ ਰਿਹਾ ਸੀ, ਕੋਈ ਘਰਾਂ ਦੀਆਂ ਨਾਂ ਵਾਲੀਆਂ ਪਲੇਟਾਂ ਲਗਾ ਰਿਹਾ ਸੀ। ਕੋਈ ਕੰਧਾਂ ‘ਤੇ ਸੂਰਮੇ ਬਹਾਦਰਾਂ ਅਤੇ ਸੱਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਵੱਡ-ਆਕਾਰੀ ਤਸਵੀਰਾਂ ਬਣਾਉਂਦੇ ਚਿਤਰਕਾਰਾਂ ਨੂੰ ਚਾਹ ਰੋਟੀ ਦੀ ਸੇਵਾ ਨਿਭਾ ਰਿਹਾ ਸੀ। ਕਿਧਰੇ ਛਾਂਦਾਰ, ਫਲਦਾਰ ਤੇ ਸਜਾਵਟੀ ਬੂਟੇ ਪਿੰਡ ਨੂੰ ਆਉਂਦੇ ਰਾਹਾਂ ‘ਤੇ ਲਗਾਏ ਜਾ ਰਹੇ ਸਨ। ਪਿੰਡ ਨੂੰ ਰਾਤ ਵੇਲੇ ਰੁਸ਼ਨਾਈ ਰੱਖਣ ਲਈ ਲਾਈਟਾਂ ਲਾਉਂਦੇ ਕਾਰੀਗਰ ਖੰਭਿਆਂ ਨਾਲ ਲਮਕ ਰਹੇ ਸਨ। ਕਿੱਧਰੇ ਪਿੰਡੋਂ ਬਾਹਰਲੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਲੈਣ ਆਉਂਦੀਆਂ ਬੱਸਾਂ ਦੇ ਉਡੀਕ ਸਥਾਨ ‘ਤੇ ਬੱਚਿਆਂ ਦੇ ਬੈਠਣ ਲਈ ਬੈਂਚ ਲੱਗ ਰਹੇ ਸਨ। ਨੌਸ਼ਹਿਰਾ ਪੰਨੂੰਆਂ ਦੀ ਪੰਨੂੰ ਬ੍ਰਦਰਜ਼ ਨੌਜਵਾਨ ਸਭਾ ਕਮੇਟੀ ਅਤੇ ਐੱਨ ਆਰ ਆਈ ਭਰਾਵਾਂ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਨਾਉਣ ਲਈ ਇਹ ਬੀੜਾ ਚੁੱਕਿਆ ਗਿਆ ਕਿ ਪਿੰਡ ਦੇ ਲੋਕਾਂ ਦੀ ਤੰਦਰੁਸਤੀ ਅਤੇ ਆਲੇ ਦੁਆਲੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਉਕਤ ਸਾਰੇ ਕਾਰਜ ਕੀਤੇ ਜਾਣ, ਜਿਸ ਨਾਲ ਪਿੰਡ ਨੂੰ ਨਿਵੇਕਲੀ ਦਿੱਖ ਤਾਂ ਮਿਲੇ। ਪੰਨੂੰ ਬ੍ਰਦਰਜ਼ ਕਮੇਟੀ ਦੇ ਨੌਜਵਾਨਾਂ ਵੱਲੋਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿੱਥੇ ਇੱਕ ਹਫ਼ਤਾ ਬਿਜਲਈ ਰੌਸ਼ਨੀ ਨਾਲ ਜਗਮਗ ਜਗਮਗ ਕਰਨ ਲਗਾਈ ਰੱਖਿਆ, ਉੱਥੇ ਪਿੰਡ ਵਿਸ਼ੇਸ਼ ਢੰਗ ਨਾਲ ਸ਼ਿੰਗਾਰਿਆ ਵੀ ਗਿਆ ਸੀ। ਪਿੰਡ ਦਾ  ਇਸ ਦੇ ਨਾਲ ਨਾਲ ਜੇਕਰ ਨਿਰੰਤਰ ਸਫਾਈ ਹੁੰਦੀ ਰਹੇ ਤਾਂ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਕੁਦਰਤ ਨੂੰ ਪਿਆਰ ਕਰਨ ਦੇ ਸੰਦੇਸ਼ ਦੀ ਪਾਲਣਾ ਵੀ ਹੁੰਦੀ ਰਹੇਗੀ। ਇੱਕਸਾਰਤਾ ਤੇ ਬਰਾਬਰਤਾ ਦੇ ਸੁਨੇਹੇ ਨੂੰ ਅਮਲ ਵਿੱਚ ਲਿਆਉਂਦਿਆਂ ਪਿੰਡ ਦੇ ਸਾਰੇ ਘਰਾਂ ਦੀਆਂ ਬਾਹਰਲੀਆਂ ਕੰਧਾਂ ਨੂੰ ਇੱਕੋ ਜਿਹਾ ਰੰਗ ਕਰਕੇ ਭੇਦਭਾਵ ਮਿਟਾਉਣ ਅਤੇ ਪਿੰਡ ਦੀ ਨੁਹਾਰ ਬਦਲਣ ਦਾ ਸਫ਼ਲ ਯਤਨ ਵੀ ਕੀਤਾ ਗਿਆ ਹੈ। ਬੇਸ਼ੱਕ ਇਹ ਉੱਦਮ ਇੱਕ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੇ ਪੱਧਰ ‘ਤੇ ਕੀਤਾ ਗਿਆ ਹੈ, ਪਰ ਸੋਚਣਾ ਬਣਦਾ ਹੈ ਕਿ ਜੇਕਰ ਪੰਜਾਬ ਦੇ ਹਰ ਪਿੰਡ ਦੇ ਕੁਝ ਕੁ ਨੌਜਵਾਨ ਵੀ ਅਜਿਹੀ ਸੋਚ ਦਾ ਲੜ ਫੜ੍ਹ ਕੇ ਆਪੋ ਆਪਣੇ ਪਿੰਡ ਦੀ ਖੂਬਸੂਰਤੀ ਵੱਲ ਧਿਆਨ ਦੇਣ ਤਾਂ ਔਖੇ ਤੋਂ ਔਖੇ ਕਾਰਜ ਨੂੰ ਵੀ ਚੁਟਕੀ ਮਾਰਦਿਆਂ ਹੱਲ ਕਤਿਾ ਜਾ ਸਕਦਾ ਹੈ। ਅਜੋਕੇ ਦੌਰ ਵਿੱਚ ਅਜਿਹੇ ਨੌਜਵਾਨਾਂ ਦੇ ਉੱਦਮਾਂ ਤੋਂ ਸਬਕ ਲੈਂਦਿਆਂ ਜਿੱਥੇ ਰੀਸ ਕਰਨ ਦੀ ਲੋੜ ਹੈ, ਉੱਥੇ ਪ੍ਰਚਾਰਨ, ਪ੍ਰਸਾਰਨ ਅਤੇ ਸ਼ਾਬਾਸ਼ ਦੇਣੀ ਵੀ ਸਾਡਾ ਸਭ ਦਾ ਫਰਜ਼ ਬਣ ਜਾਂਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>