ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ ‘ਚ ਐਮ. ਪੀ. ਏ. ਬਣਨਾ ਸਿਖਾਂ ਲਈ ਮਾਣ ਦੀ ਗਲ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ ਸੂਬਾਈ ਅਸੈਂਬਲੀ (ਐਮ. ਪੀ. ਏ. ) ਨਿਯੁਕਤ ਕਰਨ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।  ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ਵਿਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਮੁਸਲਿਮ ਲੀਗ-ਨਵਾਜ਼ ਵੱਲੋਂ ਨਾਰੋਵਾਲ ਦੇ ਸਿਖ ਆਗੂ ਸ: ਅਰੋੜਾ ਅਤੇ ਉਨ੍ਹਾਂ ਤੋਂ ਪਹਿਲਾਂ ਸੱਤਾਧਾਰੀ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਮੁਲਤਾਨ ਦੇ ਮਹਿੰਦਰਪਾਲ ਸਿੰਘ ਨੂੰ ਐਮ. ਪੀ. ਏ. ਅਤੇ ਪਾਰਲੀਮਾਨੀ ਸਕੱਤਰ ਨਿਯੁਕਤ ਕੀਤੇ ਜਾਣਾ ਇਸ ਗਲ ਦਾ ਪ੍ਰਮਾਣ ਹਨ ਕਿ ਉੱਥੋਂ ਦੀਆਂ ਸਿਆਸੀ ਪਾਰਟੀਆਂ ਲਈ ਸਿਖ ਭਾਈਚਾਰਾ ਵਿਸ਼ੇਸ਼ ਮਹੱਤਵ ਰਖਦਾ ਹੈ। ਸਿਖ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਉਕਤ ਸਿਖ ਆਗੂਆਂ ਨੂੰ ਸਿਖ ਭਾਈਚਾਰੇ ਦੀ ਸੁਰੱਖਿਆ, ਆਰਥਿਕ ਮਜ਼ਬੂਤੀ, ਸਿਖਿਆ, ਦਰਪੇਸ਼ ਮਸਲਿਆਂ ਤੋਂ ਇਲਾਵਾ ਪਾਕਿਸਤਾਨ ਵਿਚ ਸਿਖਾਂ ਦੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਵਲ ਵਿਸ਼ੇਸ਼ ਧਿਆਨ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ ਹੈ।  ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ੩੫ ਤੋਂ ਵੱਧ ਅਤੇ ਗੁਰੂ ਅਰਜਨ ਦੇਵ ਜੀ ਦੀ ਯਾਦ ‘ਚ ਦੋ ਦਰਜਨ ਦੇ ਕਰੀਬ ਇਤਿਹਾਸਕ ਗੁਰਦੁਆਰੇ ਹਨ।  ਉਨ੍ਹਾਂ ਕਰਤਾਰਪੁਰ ਸਮੇਤ ਹੋਰਨਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਮੁਸਲਿਮ ਸ਼ਰਧਾਲੂਆਂ ਨੂੰ ਲੰਗਰ ਪ੍ਰਥਾ ਅਤੇ ਸਿਖ ਪਰੰਪਰਾਵਾਂ ਬਾਰੇ ਦੱਸਣ ਲਈ ਠੋਸ ਪ੍ਰਬੰਧ ਕਰਨ ਅਤੇ ਸਿਖ ਬਚਿਆਂ ਨੂੰ ਆਪਣੇ ਧਰਮ ਅਤੇ ਗੁਰਮਤਿ ਮਰਿਆਦਾ ਤੋਂ ਜਾਣੂ ਕਰਾਉਣ ਲਈ ਪ੍ਰਚਾਰਕ ਨਿਯੁਕਤ ਕਰਨ ਦੀ ਲੋੜ ‘ਤੇ ਵੀ ਜੋਰ ਦਿਤਾ।  ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੋਹਾਂ ਸਿਖ ਆਗੂਆਂ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਸਦਭਾਵਨਾ, ਵਪਾਰਕ ਉੱਨਤੀ ਅਤੇ ਤਰੱਕੀ ਲਈ ਦੋਹਾਂ ਦੇਸ਼ਾਂ ਵਿਚਲੇ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਦੂਰ ਕਰਨ ਵਿਚ ਆਪਣੀ ਠੋਸ ਭੂਮਿਕਾ ਅਦਾ ਕਰਨ ਲਈ ਵੀ ਕਿਹਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>