ਹੋਰ ਧਰਮਾਂ ਦੇ ਮੁਕਾਬਲੇ ਸਿੱਖੀ ਦੇ ਪ੍ਰਚਾਰ ਦੇ ਢੰਗਾਂ ‘ਚ ਸੁਧਾਰ ਦੀ ਲੋੜ

ਸੰਸਾਰ ਦੇ ਸਾਰੇ ਧਰਮ ਸ਼ਾਂਤੀ,  ਸਦਭਾਵਨਾ ਅਤੇ ਭਰਾਤਰੀ ਭਾਵ ਬਣਾਈ ਰੱਖਣ ਦਾ ਸੰਦੇਸ਼ ਦਿੰਦੇ ਹਨ ਪ੍ਰੰਤੂ ਜਿਹੜਾ ਧਰਮ ਆਧੁਨਿਕ ਹੁੰਦਾ ਹੈ,  ਉਸ ਦੇ ਉਦੇਸ਼ ਅਤੇ ਵਿਚਾਰਧਾਰਾ ਵੀ ਸਮੇਂ ਦੀ ਲੋੜ ਅਨੁਸਾਰ ਆਧੁਨਿਕ ਹੁੰਦੀ ਹੈ। ਕੋਈ ਵੀ ਧਰਮ ਹਿੰਸਾ,  ਵੈਰ ਭਾਵ ਅਤੇ ਕਿਸੇ ਨਾਲ ਅਨਿਆ ਕਰਨ ਦੀ ਪ੍ਰਵਾਨਗੀ ਅਤੇ ਸਿਖਿਆ ਨਹੀਂ ਦਿੰਦਾ ਪ੍ਰੰਤੂ ਹੁਣ ਵੇਖਣ ਵਿਚ ਆ ਰਿਹਾ ਹੈ ਕਿ ਭਾਰਤ ਵਿਚ ਧਰਮਾਂ ਦੇ ਝਗੜਿਆਂ ਨੇ ਮਨੁੱਖਤਾ ਵਿਚ ਵੰਡੀਆਂ ਪਾ ਕੇ ਨਫ਼ਰਤਾਂ ਫੈਲਾਉਣ ਦਾ ਕੰਮ ਕੀਤਾ ਹੈ,  ਜਿਸਦਾ ਇਵਜ਼ਾਨਾ ਮਾਨਵਤਾ ਨੂੰ ਭੁਗਤਣਾ ਪੈ ਰਿਹਾ ਹੈ। ਵੈਸੇ ਵੀ ਧਰਮ ਇਕ ਨਿੱਜੀ ਵਰਤਾਰਾ ਹੁੰਦਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਧਰਮ ਨਿਰਪੱਖ ਦੇਸ ਹੈ। ਇਸ ਲਈ ਭਾਰਤ ਵਿਚ ਤਾਂ ਧਰਮ ਦੇ ਨਾਮ ਤੇ ਝਗੜੇ ਹੋਣੇ ਹੀ ਨਹੀਂ ਚਾਹੀਦੇ। ਅਸਲ ਵਿਚ ਬਹੁਤੇ ਧਰਮਾ ਦੇ ਅਨੁਆਈ ਜਾਂ ਪ੍ਰਚਾਰਕ ਕਹਿ ਲਓ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਹੋ ਰਹੇ ਹਨ, ਜਿਸ ਕਰਕੇ ਧਾਰਮਿਕ ਕੱਟੜਤਾ ਭਾਰੂ ਹੋ ਰਹੀ ਹੈ।

ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾਂ ਤੋਂ ਆਧੁਨਿਕ ਅਤੇ ਨਵੀਂ ਵਿਚਾਰਧਾਰਾ ਵਾਲਾ ਧਰਮ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਆਧੁਨਿਕ ਅਤੇ ਸਰਬਤ ਦੇ ਭਲੇ ਵਾਲੇ ਧਰਮ ਦੇ ਪ੍ਰਚਾਰਕ ਅਤੇ ਮਾਪੇ ਆਪਣੇ ਫਰਜ ਨਿਭਾਉਣ ਵਿਚ ਅਸਫਲ ਹੋਏ ਹਨ ਕਿਉਂਕਿ ਸਿੱਖ ਧਰਮ ਵਿਚ ਪ੍ਰਚਾਰਕ ਬਹੁਤੇ ਪੜ੍ਹੇ ਲਿਖੇ ਅਤੇ  ਸ਼ਹਿਨਸ਼ੀਲਤਾ ਵਿਚ ਵਿਸ਼ਵਾਸ ਰੱਖਣ ਵਾਲੇ ਨਹੀਂ ਹਨ। ਮਾਪੇ ਆਪ ਪ੍ਰੇਰਨਾ ਸਰੋਤ ਨਹੀਂ ਬਣ ਸਕੇ। ਬੱਚੇ ਮਾਪਿਆਂ ਦੇ ਪਦ ਚਿੰਨ੍ਹਾ ਤੇ ਚਲਦੇ ਹੁੰਦੇ ਹਨ।  ਸਿੱਖ ਧਰਮ ਨੂੰ ਇਕ ਸਮੁਦਾਏ ਆਪਣੀ ਨਿੱਜੀ ਮਲਕੀਅਤ ਸਮਝਦੀ ਹੈ ਜੋ ਕਿ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁੱਧ ਹੈ।  ਇਕ ਸਿਆਸੀ ਪਾਰਟੀੇ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਧਰਮ ਦਾ ਠੇਕੇਦਾਰ ਸਮਝਦਾ ਹੈ, ਜਦੋਂ ਕਿ ਸਿੱਖ ਧਰਮ ਸੰਸਾਰ ਦੇ ਬਾਕੀ ਧਰਮਾ ਨਾਲੋਂ ਵੱਖਰਾ ਹੈ। ਸਿੱਖ ਧਰਮ ਵਿਚ ਜ਼ਾਤ ਪਾਤ, ਊਚ ਨੀਚ, ਅਮੀਰ ਗ਼ਰੀਬ ਵਿਚ ਕੋਈ ਅੰਤਰ ਨਹੀਂ ਸਗੋਂ ਸਭ ਨੂੰ ਬਰਾਬਰ ਮੰਨਿਆਂ ਗਿਆ ਹੈ। ਸਿੱਖ ਧਰਮ ਵਿਚ ਸਿਆਸਤ ਜ਼ਿਆਦਾ ਦਖ਼ਲ ਅੰਦਾਜ਼ੀ ਕਰਦੀ ਹੈ। ਸਿੱਖ ਧਰਮ ਦੇ ਧਾਰਮਿਕ ਗੁਰਦੁਆਰਾ ਸਾਹਿਬਾਨ ਦੀ ਵੇਖ ਭਾਲ ਲਈ ਗੁਰਦੁਆਰਾ ਪ੍ਰਬੰਧਕੀ ਕਮੇਟੀ ਬਣੀ ਹੋਈ ਹੈ। ਇਸ ਪ੍ਰਬੰਧਕੀ ਕਮੇਟੀ ਦੀ ਚੋਣ ਵਿਚ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੇ ਚੋਣਾਂ ਲੜਦਾ ਹੈ। ਜਦੋਂ ਸਿਆਸਤ ਧਰਮ ਵਿਚ ਦਾਖ਼ਲ ਹੋ ਗਈ ਤਾਂ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਦੇ ਕੰਮ ਵਿਚ ਸਿਆਸੀ ਦਖ਼ਲ ਅੰਦਾਜ਼ੀ ਸ਼ੁਰੂ ਹੋਣਾ ਕੁਦਰਤੀ ਹੈ,  ਜਿਸ ਕਰਕੇ ਸਿੱਖ ਧਰਮ ਪ੍ਰਚਾਰ ਅਤੇ ਪ੍ਰਸਾਰ ਲਈ ਪਛੜ ਰਿਹਾ ਹੈ। ਸੰਸਾਰ ਵਿਚ ਕਿਸੇ ਵੀ  ਧਰਮ ਦੇ ਧਾਰਮਿਕ ਸਥਾਨਾ ਦੀ ਪ੍ਰਬੰਧਕੀ ਕਮੇਟੀ ਦੀ ਨਾ ਚੋਣ ਹੁੰਦੀ ਹੈ ਅਤੇ ਨਾ ਸਰਕਾਰ ਦਖ਼ਲਅੰਦਾਜੀ ਕਰਦੀ ਹੈ। ਸਰਕਾਰ ਵੱਲੋਂ ਚੋਣਾਂ ਕਰਵਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿਰਫ ਸਿੱਖ ਧਰਮ ਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਚੋਣ ਸਰਕਾਰ ਕਰਵਾਉਂਦੀ ਹੈ,  ਜਿਸ ਕਰਕੇ ਸਿੱਖ ਧਰਮ ਦੇ ਪ੍ਰਚਾਰ ਦੇ ਸਾਧਨ  ਚੰਗੇ ਨਹੀਂ ਹਨ। ਆਮ ਸਿੱਖ ਤਾਂ ਸਿੱਖ ਧਰਮ ਦੇ ਪ੍ਰਚਾਰ ਵਿਚ ਸੁਧਾਰਾਂ ਲਈ ਦਖ਼ਲ ਨਹੀਂ ਦੇ ਸਕਦਾ।

ਇਸਾਈ ਧਰਮ ਸੰਸਾਰ ਦੇ ਹਰ ਦੇਸ ਵਿਚ ਫੈਲਿਆ ਹੋਇਆ ਹੈ। ਇਸਦਾ ਮੁੱਖ ਕਾਰਨ ਉਨ੍ਹਾਂ ਦੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਪ੍ਰਬੰਧ ਸੁਚੱਜੇ ਹਨ ਕਿਉਂਕਿ ਉਨ੍ਹਾਂ ਵਿਚ ਕੋਈ ਸਿਆਸੀ ਦਖ਼ਲ ਅੰਦਾਜ਼ੀ ਨਹੀਂ ਕਰਦਾ।  ਇਸਾਈ ਧਰਮ ਦੇ ਪ੍ਰਚਾਰਕ ਜਾਣੀ ਕਿ ਪਾਦਰੀ ਪੜ੍ਹੇ ਲਿਖੇ ਆਪਣੇ ਧਰਮ ਦੇ ਵਿਦਵਾਨ ਹੁੰਦੇ ਹਨ। ਇਥੋਂ ਤੱਕ ਕਿ ਕਈ ਆਪਣੇ ਧਰਮ ਵਿਚ ਪੀ ਐਚ ਡੀ ਹੁੰਦੇ ਹਨ। ਉਹ ਨੈਤਿਕ ਕਦਰਾਂ ਕੀਮਤਾਂ ਵਾਲੇ ਇਨਸਾਨ ਹੁੰਦੇ ਹਨ। ਇਕ ਕਿਸਮ ਨਾਲ ਉਹ ਇਸਾਈਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਕਿਰਦਾਰ ਬਾਕਮਾਲ ਹੁੰਦਾ ਹੈ। ਉਨ੍ਹਾਂ ਦੇ ਪ੍ਰਚਾਰ ਕਰਨ ਦੀ ਪ੍ਰਣਾਲੀ ਵੀ ਨਿਰਾਲੀ ਹੈ। ਪਾਦਰੀਆਂ ਦੇ ਪ੍ਰਚਾਰ ਤੋਂ ਇਲਾਵਾ ਉਨ੍ਹਾਂ ਦੇ ਪ੍ਰਚਾਰਕ ਸਵੈ ਇਛਾ ਨਾਲ ਘਰ ਘਰ ਜਾ ਕੇ ਪ੍ਰਚਾਰ ਕਰਦੇ ਹਨ। ਇਸ ਤਰ੍ਹਾਂ ਪ੍ਰਚਾਰ ਕਰਨ ਤੋਂ ਸਾਬਤ ਹੁੰਦਾ ਹੈ ਕਿ ਉਹ ਆਪਣੇ ਧਰਮ ਪ੍ਰਤੀ ਕਿਤਨੇ ਸੰਜੀਦਾ ਹਨ। ਪ੍ਰਚਾਰਕ ਡੇਰਿਆਂ ਵਾਲੇ ਅਤੇ ਸਾਧ ਸੰਤ ਤਾਂ ਸਿੱਖ ਧਰਮ ਵਿਚ ਵੀ ਬਹੁਤ ਹਨ ਪ੍ਰੰਤੂ ਉਨ੍ਹਾਂ ਦੇ ਕਿਰਦਾਰ ਸ਼ੱਕੀ ਹਨ। ਉਹ ਤਾਂ ਆਪਸੀ ਖਹਿਬਾਜ਼ੀ ਕਰਕੇ ਲੜਦੇ ਝਗੜਦੇ ਰਹਿੰਦੇ ਹਨ ਅਤੇ ਵਾਦਵਿਵਾਦ ਵਿਚ ਪਏ ਰਹਿੰਦੇ ਹਨ। ਉਹ ਸਾਰੇ ਆਪਣੇ ਆਪ ਨੂੰ ਇਕ ਦੂਜੇ ਨਾਲੋਂ ਵੱਧ ਵਿਦਵਾਨ ਸਾਬਤ ਕਰਨ ਵਿਚ ਲੱਗੇ ਰਹਿੰਦੇ ਹਨ। ਇਸਾਈਆਂ ਦੇ ਗਿਰਜਾ ਘਰਾਂ ਵਿਚ ਕਦੀਂ ਲੜਾਈ ਦੀਆਂ ਖ਼ਬਰਾਂ ਨਹੀਂ ਸੁਣੀਆਂ।

ਸਿੱਖਾਂ ਦੇ ਗੁਰਦੁਆਰਿਆਂ ਦੀਆਂ ਚੋਣਾਂ ਵਿਚ ਲੜਾਈਆਂ ਆਮ ਜਿਹੀ ਗੱਲ ਹੈ। ਗੁਰੂ ਘਰਾਂ ਵਿਚ ਭਰਿਸ਼ਟਾਚਾਰ ਦੀਆਂ ਕਨਸੋਆਂ ਆਮ ਆਉਂਦੀਆਂ ਰਹਿੰਦੀਆਂ ਹਨ। ਅਸੀਂ ਗੁਰਪੁਰਬਾਂ ਮੌਕੇ ਲੰਗਰ ਸੜਕਾਂ ਤੇ ਤਾਂ ਲਾਉਂਦੇ ਹਾਂ ਪ੍ਰੰਤੂ ਕੁਝ ਕੁ ਨੂੰ ਛੱਡ ਕੇ ਬਾਕੀ ਵਿਖਾਵੇ ਅਤੇ ਫੋਕੀ ਸ਼ੋਹਬਾ ਖੱਟਣ ਲਈ ਵਧੀਆ ਪਕਵਾਨਾ ਨਾਲ ਲੰਗਰ ਲਾਉਂਦੇ ਹਨ, ਉਨ੍ਹਾਂ ਵਿਚ ਸ਼ਰਧਾ ਭਾਵਨਾ ਘੱਟ ਹੁੰਦੀ ਹੈ। ਗੁਰੂ  ਸਾਹਿਬ ਨੇ ਤਾਂ ਭਾਈ ਲਾਲੋ ਦੇ ਘਰ ਸਾਦਾ ਭੋਜਨ ਖਾਧਾ ਸੀ। ਅਸੀਂ ਮਲਕ ਭਾਗੋ ਵਾਲੇ ਪਕਵਾਨ ਤਿਆਰ ਕਰਦੇ ਹਾਂ। ਰਵੀ ਸਿੰਘ ਖਾਲਸਾ ਏਡ ਵਾਲਿਆਂ ਨੂੰ ਮਾਰਗ ਦਰਸ਼ਕ ਬਣਾਉਣਾ ਚਾਹੀਦਾ ਹੈ। ਇਸਾਈ ਧਰਮ ਦਾ ਪ੍ਰਚਾਰ ਵੇਖੋ ਉਹ ਕਿ੍ਰਸਮਸ ਤੋਂ ਦੋ ਮਹੀਨੇ ਪਹਿਲਾਂ ਹੀ ਆਪੋ ਆਪਣੇ ਘਰਾਂ ਤੇ ਲਾਈਟਾਂ ਲਗਾ ਦਿੰਦੇ ਹਨ। ਇਥੇ ਹੀ ਬਸ ਨਹੀਂ ਇਸਾਈ ਧਰਮ ਵਾਲੇ ਦੇਸਾਂ ਵਿਚ ਹਰ ਸ਼ਹਿਰ, ਪਿੰਡ ਅਤੇ ਕਸਬੇ ਦੀ ਹਰ ਗਲੀ ਵਿਚ ਲਾਈਟਾਂ ਹੀ ਨਹੀਂ ਸਗੋਂ ਹੋਰ ਇਸਾਈ ਧਰਮ ਨਾਲ ਸਬੰਧਤ ਚਿੰਨ੍ਹ ਲਗਾਕੇ ਦੁਲਹਨ ਦੀ ਤਰ੍ਹਾਂ ਸਜਾਏ ਹੁੰਦੇ ਹਨ। ਇਹ ਸਜਾਵਟ ਸਿਰਫ ਇਸਾਈਆਂ ਦੇ ਘਰਾਂ ਤੇ ਹੀ ਨਹੀਂ ਸਗੋਂ ਉਨ੍ਹਾਂ ਲੋਕਾਂ ਨੇ ਅਜਿਹਾ ਵਾਤਾਵਰਨ ਬਣਾਇਆ ਹੋਇਆ ਹੈ ਕਿ ਵਿਦੇਸਾਂ ਵਿਚੋਂ ਆ ਕੇ ਵਸੇ ਬਾਕੀ ਧਰਮਾ ਦੇ ਲੋਕ ਵੀ ਸਜਾਵਟਾਂ ਕਰਦੇ ਹਨ ਅਤੇ ਕਿ੍ਰਸਮਸ ਮਨਾਉਣ ਲਈ ਪਾਰਟੀਆਂ ਕਰਦੇ ਹਨ ਕਿਉਂਕਿ ਸਾਰੇ ਦੇਸ ਵਿਚ ਦਸ ਦਿਨਾ ਦੀਆਂ ਛੁਟੀਆਂ ਕੀਤੀਆਂ ਜਾਂਦੀਆਂ ਹਨ। ਸਾਨੂੰ ਗੁਰਪੁਬ ਦੇ ਮੌਕੇ ਤੇ ਲੋਕਾਂ ਨੂੰ ਬੇਨਤੀ ਕਰਨੀ ਪੈਂਦੀ ਹੈ ਕਿ ਲੜੀਆਂ ਲਗਾਓ। ਸਿੱਖਾਂ ਨੂੰ ਵੀ ਅਜਿਹੇ ਹਾਲਾਤ ਪੈਦਾ ਕਰਨੇ ਚਾਹੀਦੇ ਹਨ। ਵੈਸੇ ਸਿੱਖ ਇਤਨੇ ਧਾਰਮਿਕ ਤੌਰ ਤੇ ਖੁਲ੍ਹਦਿਲੇ ਹਨ,  ਉਹ ਵੀ ਇਸਾਈਆਂ ਦੇ ਸਮਾਗਮਾ ਵਿਚ ਹੀ ਸ਼ਾਮਲ ਨਹੀਂ ਹੁੰਦੇ ਸਗੋਂ ਆਪ ਵੀ ਕਿ੍ਰਸਮਸ ਦੇ ਮੌਕੇ ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿਤਰਾਂ ਨਾਲ ਪਾਰਟੀਆਂ ਕਰਦੇ ਹਨ। ਇਨ੍ਹਾਂ ਸਮਾਗਮਾ ਦੀਆਂ ਤਸਵੀਰਾਂ ਤੇ ਖ਼ਬਰਾਂ ਅਖ਼ਬਾਰਾਂ ਵਿਚ ਅਤੇ ਸ਼ੋਸ਼ਲ ਮੀਡੀਆ ਤੇ ਲਾਉਂਦੇ ਹਨ।  ਇਥੇ ਹੀ ਬਸ ਨਹੀਂ ਸੈਂਟਾ ਕਲਾਜਾ ਨਾਲ ਵੀ ਸਿੱਖ ਪਰਿਵਾਰ ਤਸਵੀਰਾਂ ਖਿਚਵਾਉਂਦੇ ਹਨ।

ਇਸਾਈ ਧਰਮ ਵਾਲੇ ਕਿ੍ਰਸਮਸ ਤੋਂ ਦੋ ਮਹੀਨੇ ਪਹਿਲਾਂ ਹੀ ਮਾਲਜ ਅਤੇ ਸੈਰ ਸਪਾਟਾ ਵਾਲੇ ਥਾਵਾਂ ਤੇ ਸਟਾਲ ਲਗਾਉਂਦੇ ਹਨ,  ਉਥੇ ਕਿ੍ਰਸਮਸ ਦੇ ਮਹਿੰਗੇ ਧਾਰਮਿਕ ਚਿੰਨ੍ਹ ਮੁਫ਼ਤ ਵੰਡੇ ਜਾਂਦੇ ਹਨ। ਹਰ ਦੁਕਾਨ ਮਾਲ ਅਤੇ ਸੈਰ ਸਪਾਟੇ ਵਾਲੇ ਥਾਵਾਂ ਤੇ ਸੈਂਟਾ ਕਲਾਜ਼ਾ ਬਿਠਾਏ ਹੁੰਦੇ ਹਨ,  ਜਿਨ੍ਹਾਂ ਨਾਲ ਬੈਠਕੇ ਬੱਚੇ ਅਤੇ ਆਮ ਸ਼ਹਿਰੀ ਤਸਵੀਰਾਂ ਖਿਚਵਾਉਂਦੇ ਹਨ। ਇਹ ਸਾਰਾ ਕੁਝ ਮੁਫ਼ਤ ਹੁੰਦਾ ਹੈ। ਸੈਂਟਾ ਕਲਾਜ਼ਾ ਬੱਚਿਆਂ ਨੂੰ ਤਸਵੀਰਾਂ ਖਿਚਵਾਉਣ ਤੋਂ ਬਾਅਦ ਟਾਫੀਆਂ ਜਾਂ ਖਾਣ ਲਈ ਚਾਕਲੇਟ ਬਗੈਰਾ ਵੀ ਮੁਫ਼ਤ ਦਿੰਦਾ ਹੈ। ਮੁਫ਼ਤ ਖਾਣ ਪੀਣ ਦੇ ਸਟਾਲ ਵੀ ਲਗਾਏ ਜਾਂਦੇ ਹਨ। ਪੈਸੇ ਖ਼ਰਚਕੇ ਸੈਂਟਾ ਕਲਾਜ਼ਾ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਲੋਕ ਸ਼ਾਂਤੀ ਨਾਲ ਤਸਵੀਰਾਂ ਖਿਚਵਾਉਣ ਲਈ ਘੰਟਿਆਂ ਬੱਧੀ ਲਾਈਨਾ ਵਿਚ ਖੜ੍ਹੇ ਰਹਿੰਦੇ ਹਨ। ਮਜ਼ਾਲ ਹੈ ਕਿ ਕੋਈ ਲਾਈਨ ਤੋੜ ਦੇਵੇ। ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਅਜਿਹੇ ਧਰਮਾ ਦੀ ਤਰ੍ਹਾਂ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>