ਕੀ ਢੀਂਡਸਾ ਪ੍ਰੀਵਾਰ ਦਾ ਪੈਂਤੜਾ ਬਾਦਲ ਪ੍ਰੀਵਾਰ ਨੂੰ ਵੰਗਾਰ ਸਾਬਿਤ ਹੋਵੇਗਾ?

ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਧੜਿਆਂ ਵਿਚ ਵੰਡੇ ਹੋਏ ਅਕਾਲੀ ਦਲ ਵਿਚੋਂ ਇਕ ਧੜੇ ਨੂੰ ਹੀ ਸਿਆਸੀ ਤਾਕਤ ਦਿੱਤੀ ਹੈ। ਅਜੇ ਤੱਕ ਵੰਡਵੀਂ ਤਾਕਤ ਨਹੀਂ ਦਿੱਤੀ। ਧੜੇਬੰਦੀ ਅਕਾਲੀ ਦਲ ਦੀ 1920 ਵਿਚ ਸਥਾਪਨਾ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਜੋ ਬਾਕਾਇਦਾ ਜਾਰੀ ਹੈ। ਧੜੇਬੰਦੀ ਦੇ ਕਾਰਨ ਆਮ ਤੌਰ ਤੇ ਨੇਤਾਵਾਂ ਦੇ ਵਿਅਕਤੀਗਤ ਕਲੇਸ ਜਾਂ ਹਓਮੇਂ ਹੁੰਦੀ ਸੀ। ਇਸ ਵਾਰ ਦੀ ਧੜੇਬੰਦੀ ਸਿੱਖ ਧਰਮ ਦੇ ਪਵਿਤਰ ਗ੍ਰੰਥ ਜਿਸਨੂੰ ਗੁਰਬਾਣੀ ਵਿਚ ਸਿੱਖਾਂ ਲਈ ਗੁਰੂ ਦਾ ਦਰਜਾ ਦਿੱਤਾ ਗਿਆ, ਉਸਦੀ ਬੇਅਦਬੀ ਕਰਕੇ ਹੁੰਦੀ ਲੱਗਦੀ ਹੈ। ਅਕਾਲੀ ਦਲ ਵਿਚ ਬਗਾਬਤ ਦੀ ਅੱਗ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਸੁਲਗਣ ਲੱਗ ਗਈ ਸੀ। ਬਗਾਬਤ ਦਾ ਧੂੰਆਂ ਤਾਂ ਨਿਕਲ ਰਿਹਾ ਸੀ ਪ੍ਰੰਤੂ ਭਾਂਬੜ ਬਣਕੇ ਮੱਚ ਨਹੀਂ ਸੀ ਰਹੀ। ਹੁਣ ਹਾਲਾਤ ਬਣਦੇ ਜਾ ਰਹੇ ਹਨ ਕਿ ਇਹ ਸਿਆਸੀ ਭਾਂਬੜ ਅਕਾਲੀ ਦਲ ਉਪਰ ਕਾਬਜ਼ ਬਾਦਲ ਪਰਿਵਾਰ ਦਾ ਤਖ਼ਤੇ ਤਾਊਸ ਪਲਟਣ ਦੇ ਰੌਂ ਵਿਚ ਹਨ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਜਮ ਤੋਂ ਕੰਮ ਲੈ ਰਹੀ ਸੀ ਕਿਉਂਕਿ ਜਿਹੜਾ ਵੀ ਮਾੜੇ ਮੋਟੇ ਗੁੱਸੇ ਦੇ ਤੇਵਰ ਵਿਖਾਉਂਦਾ ਸੀ, ਉਸਨੂੰ ਸਿਆਸੀ ਤਾਕਤ ਦਾ ਘਾਹ ਪਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ।

ਸ਼ਰੋਮਣੀ ਅਕਾਲੀ ਦਲ ਦੀ ਸਿਆਸਤ ਉਪਰ ਪਿਛਲੇ ਪੰਜ ਦਹਾਕਿਆਂ ਤੋਂ ਭਾਰੂ ਰਹੇ ਸ੍ਰ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਪਹਿਲੀ ਵਾਰ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਆਪਣੇ ਅਸਤਿਤਵ ਨੂੰ ਬਚਾਉਣ ਦੇ ਲਾਲੇ ਪੈ ਗਏ ਹਨ। ਪਰਕਾਸ਼ ਸਿੰਘ ਬਾਦਲ ਨੇ ਜਦੋਂ ਤੋਂ ਅਕਾਲੀ ਦਲ ਦੀ ਵਾਗ ਡੋਰ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੰਭਾਲ ਦਿੱਤੀ, ਉਸ ਦਿਨ ਤੋਂ ਸੀਨੀਅਰ ਨੇਤਾ ਖ਼ਾਰ ਖਾਣ ਲੱਗ ਪਏ ਸਨ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਕੰਮ ਕਰਨ ਦਾ ਢੰਗ ਵਿਓਪਾਰਕ ਅਤੇ ਬਚਕਾਨਾ ਸੀ। ਸੁਖਬੀਰ ਸਿੰਘ ਬਾਦਲ ਨੇ ਬਜ਼ੁਰਗਾਂ ਦੀ ਥਾਂ ਉਨ੍ਹਾਂ ਦੇ ਹੀ ਨੌਜਵਾਨ ਸਪੁੱਤਰਾਂ ਨੂੰ ਮੂਹਰੇ ਕਰ ਲਿਆ ਸੀ। ਰਿਓੜੀਆਂ ਨੌਜਵਾਨਾ ਨੂੰ ਵੰਡ ਦਿੱਤੀਆਂ। ਉਨ੍ਹਾਂ ਨੌਜਵਾਨਾ ਨੂੰ ਇਸ ਆਸ ਨਾਲ ਅੱਗੇ ਕੀਤਾ ਸੀ ਕਿ ਉਹ ਉਸ ਦੀ ਅਗਵਾਈ ਨੂੰ ਵੰਗਾਰਨਗੇ ਨਹੀਂ ਅਤੇ ਆਪਣੇ ਮਾਪਿਆਂ ਨੂੰ ਸੁਖਬੀਰ ਦਾ ਵਿਰੋਧ ਕਰਨ ਤੋਂ ਰੋਕਣਗੇ ਪ੍ਰੰਤੂ ਪਰਮਿੰਦਰ ਸਿੰਘ ਢੀਂਡਸਾ ਤੇ ਉਹ ਫਾਰਮੂਲਾ ਲਾਗੂ ਨਹੀਂ ਕਰ ਸਕੇ।  ਸੀਨੀਅਰ ਨੇਤਾ ਯੋਗ ਸਮੇਂ ਦੀ ਉਡੀਕ ਕਰ ਰਹੇ ਸਨ। ਭਾਵੇਂ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੀ ਸਿਆਸਤ ਵਿਚ ਸਿਆਸੀ ਤੂਫ਼ਾਨ ਵਰਗੇ ਹਾਲਾਤ ਬਣਦੇ ਰਹੇ ਹਨ ਪ੍ਰੰਤੂ ਕੋਈ ਵੀ ਤੂਫ਼ਾਨ ਅਕਾਲੀ ਸਿਆਸਤ ਦੇ ਬਾਬਾ ਬੋਹੜ ਸ੍ਰ ਪਰਕਾਸ਼ ਸਿੰਘ ਬਾਦਲ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਜਿਹੜਾ ਵੀ ਨੇਤਾ ਪਰਕਾਸ਼ ਸਿੰਘ ਬਾਦਲ ਵਿਰੁਧ ਬੋਲਿਆ, ਉਸਨੂੰ ਬਾਦਲ ਨੇ ਮੱਖਣ ਵਿਚੋਂ ਵਾਲ ਦੀ ਤਰ੍ਹਾਂ ਅਕਾਲੀ ਦਲ ਵਿਚੋਂ ਕੱਢ ਕੇ ਮਾਰਿਆ। ਸਤੰਬਰ 2018 ਵਿਚ ਅਚਾਨਕ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਪਰਕਾਸਸ਼ ਸਿੰਘ ਬਾਦਲ ਉਸਨੂੰ ਮਨਾਉਣ ਢੀਂਡਸਾ ਦੇ ਘਰ ਗਿਆ ਪ੍ਰੰਤੂ ਉਸਦੀਆਂ ਸਾਰੀਆਂ ਕੋਸ਼ਿਸਾਂ ਨਾਕਾਮ ਹੋ ਗਈਆਂ ਪ੍ਰੰਤੂ ਉਸਦਾ ਲੜਕਾ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਰੋਧੀ ਧਿਰ ਦੇ ਲੀਡਰ  ਵਜੋਂ ਕੰਮ ਕਰਦੇ ਰਹੇ ਅਤੇ ਲੋਕ ਸਭਾ ਦੀ ਚੋਣ ਸੰਗਰੂਰ ਤੋਂ ਅਕਾਲੀ ਦਲ ਦੇ ਟਿਕਟ ਤੇ ਲੜੇ। 26 ਜਨਵਰੀ 2019 ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਨ ਦੇਣ ਦਾ ਐਲਾਨ ਕਰ ਦਿੱਤਾ। ਇਸ ਸਨਮਾਨ ਨਾਲ ਪੰਜਾਬ ਦੇ ਲੋਕਾਂ ਨੂੰ ਸ਼ੱਕ ਹੋ ਗਈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਬਦਲਵੇਂ ਲੀਡਰ ਦੇ ਤੌਰ ਤੇ ਵੇਖ ਰਹੀ ਹੈ। ਇਥੇ ਹੀ ਬਸ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ 19  ਅਕਤੂਬਰ 2019 ਨੂੰ ਅਕਾਲੀ ਦਲ ਦੇ ਰਾਜ ਸਭਾ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਹੁਣ ਜਦੋਂ ਸ਼ਰੋਮਣੀ ਅਕਾਲੀ ਦਲ ਦਾ 100 ਵਾਂ ਸਥਾਪਨਾ ਦਿਵਸ ਮਨਾਇਆ ਗਿਆ ਤਾਂ ਪਰਮਿੰਦਰ ਸਿੰਘ ਢੀਂਡਸਾ ਵੀ ਉਸ ਵਿਚ ਸ਼ਾਮਲ ਨਹੀਂ ਹੋਏ, ਜਿਸ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਟਕਸਾਲੀ ਦੀ ਸਟੇਜ ਤੇ ਪਹੁੰਚ ਗਿਆ। ਤਿੰਨ ਜਨਵਰੀ 202 ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਜਿਸ ਨਾਲ ਸ਼ਰੋਮਣੀ ਅਕਾਲੀ ਦਲ ਵਿਚ ਤਰਥੱਲੀ ਮੱਚ ਗਈ। ਹੁਣ ਅਕਾਲੀ ਦਲ ਦੇ ਵਰਕਰਾਂ ਨੂੰ ਆਸ ਬੱਝੀ ਹੈ ਕਿ ਉਨ੍ਹਾਂ ਦਾ ਖਹਿੜਾ ਬਾਦਲ ਪਰਿਵਾਰ ਤੋਂ ਛੁੱਟ ਜਾਵੇਗਾ। ਸਿੱਖ ਜਗਤ ਦੀਆਂ ਨਿਗਾਹਾਂ ਹੁਣ ਅਕਾਲੀ ਦਲ ਟਕਸਾਲੀ ਵਲ ਹਨ। ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਕੀ ਫੈਸਲਾ ਕਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਇਕ ਵਾਰ ਤਾਂ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਤਾਂ ਬਾਦਲ ਪਰਿਵਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਲੱਗਦੀਆਂ ਹਨ ਕਿਉਂਕਿ ਇਹ ਸਿਆਸੀ ਤੂਫ਼ਾਨ ਨਹੀਂ ਸਗੋਂ ਇਹ ਤਾਂ ਸਿਆਸੀ ਸੁਨਾਮੀ ਹੈ। ਇਸ ਤੋਂ ਪਹਿਲਾਂ ਜਿਤਨੀ ਵਾਰ ਅਜਿਹੇ ਹਾਲਾਤ ਬਣੇ, ਉਹ ਸਿਰਫ ਅਕਾਲੀ ਸਿਆਸਤਦਾਨਾ ਵੱਲੋਂ ਸਿਆਸੀ ਕੁਰਸੀ ਪ੍ਰਾਪਤ ਕਰਨ ਜਾਂ ਆਪੋ ਆਪਣੀ ਸਰਬਉਚਤਾ ਬਣਾਈ ਰੱਖਣ ਦੇ ਉਪਰਾਲੇ ਵਜੋਂ ਸਮਝੇ ਜਾਂਦੇ ਸਨ। ਇਸ ਵਾਰ ਇਹ ਸਿਆਸੀ ਸੁਨਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਹੋਣ ਅਤੇ ਅਕਾਲੀ ਸਰਕਾਰ ਵੱਲੋਂ ਕੋਈ ਸਾਰਥਿਕ ਕਦਮ ਨਾ ਚੁੱਕਣ ਦੇ ਵਿਰੋਧ ਵਿਚ ਆਈ ਹੈ। ਏਥੇ ਹੀ ਬਸ ਨਹੀਂ ਸਗੋਂ ਸਿੱਖ ਸੰਸਥਾਵਾਂ ਨੂੰ ਰਾਜਨੀਤਕ ਹਿਤਾਂ ਲਈ ਵਰਤਕੇ ਰਾਜ ਪ੍ਰਬੰਧ ਉਪਰ ਕਾਬਜ਼ ਰਹਿਣ ਲਈ ਵਰਤੇ ਢੰਗ ਤਰੀਕਿਆਂ ਦਾ ਮਸਲਾ ਵੀ ਹੈ। ਇਉਂ ਲੱਗਦਾ ਹੈ ਕਿ ਢੀਂਡਸਾ ਪਰਿਵਾਰ ਦੀ ਅਗਵਾਈ ਵਿਚ ਇਹ ਕਦਮ ਸਿੱਖ ਧਰਮ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਅਸੂਲਾਂ ਦੀ ਲੜਾਈ ਦੇ ਤੌਰ ਤੇ ਸਮੂਹ ਸਿੱਖ ਸੰਗਤ ਦੀ ਲੜਾਈ ਹੋ ਨਿਬੜੇਗੀ।

ਸ਼ਰੋਮਣੀ ਅਕਾਲੀ ਦਲ ਵਿਚ ਮੋਹਣ ਸਿੰਘ ਤੁੜ, ਪਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਸੁਰਜਨ ਸਿੰਘ ਠੇਕੇਦਾਰ, ਸੁਖਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ ਢੀਂਡਸਾ, ਕੁਲਦੀਪ ਸਿੰਘ ਵਡਾਲਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਰਵੀਇੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਕਾਬਲ ਸਿੰਘ ਅਤੇ ਜਸਦੇਵ ਸਿੰਘ ਸੰਧੂ ਕਦਾਵਰ ਨੇਤਾ ਗਿਣੇ ਜਾਂਦੇ ਸਨ। ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਪਣੀ ਦੂਰ ਅੰਦੇਸ਼ੀ ਅਤੇ ਰਾਜਨੀਤਕ ਤਿਗੜਮਬਾਜ਼ੀ ਨਾਲ ਕਿਸੇ ਨੇਤਾ ਨੂੰ ਕੁਸਕਣ ਨਹੀਂ ਦਿੱਤਾ, ਸਗੋਂ ਜਿਹੜੇ ਵੀ ਨੇਤਾ ਨੇ ਵਿਰੋਧੀ ਸੁਰ ਅਲਾਪੀ ਉਸਨੂੰ ਅਕਾਲੀ ਦਲ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਵਿਚ ਦੇਰੀ ਨਹੀਂ ਕੀਤੀ। ਕਿਸੇ ਵੀ ਅਕਾਲੀ ਲੀਡਰ ਨੂੰ ਸਿਆਸੀ ਤੌਰ ਤੇ ਸਰਬਉਚ ਨੇਤਾ ਬਣਨ ਹੀ ਨਹੀਂ ਦਿੱਤਾ, ਜਾਣੀ ਕਿ ਸੈਕਿੰਡ ਰੈਂਕ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੱਤੀ, ਜਿਹੜੀ ਪਰਕਾਸ਼ ਸਿੰਘ ਬਾਦਲ ਲਈ ਵੰਗਾਰ ਬਣ ਸਕੇ, ਜਿਸਦਾ ਖ਼ਮਿਆਜਾ ਹੁਣ ਅਕਾਲੀ ਦਲ ਨੂੰ ਭੁਗਤਣਾ ਪਿਆ ਹੈ। ਮੋਹਣ ਸਿੰਘ ਤੁੜ ਦੇ ਪਰਿਵਾਰ ਨੂੰ ਪਹਿਲਾਂ ਉਸਦੇ ਸਪੁੱਤਰ ਲਹਿਣਾ ਸਿੰਘ ਤੁੜ ਅਤੇ ਬਾਅਦ ਵਿਚ ਤਰਲੋਚਨ ਸਿੰਘ ਤੁੜ ਨੂੰ ਵੀ ਸਿਆਸਤ ਵਿਚੋਂ ਬਾਹਰ ਕਰਕੇ ਮਾਝੇ ਵਿਚ ਨਵੇਂ ਨੇਤਾ ਪੈਦਾ ਕਰ ਦਿੱਤੇ, ਜਿਨ੍ਹਾਂ ਦੀ ਅੱਜ ਕਲ੍ਹ ਅਕਾਲੀ ਦਲ ਵਿਚ ਤੂਤੀ ਬੋਲਦੀ ਹੈ। ਜਗਦੇਵ ਸਿੰਘ ਤਲਵੰਡੀ ਇਕ ਵਾਹਦ ਨੇਤਾ ਸੀ, ਜਿਸਨੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਵਿਰੁਧ 1978 ਵਿਚ ਭਰਿਸ਼ਟਾਚਾਰ ਦੀ ਪੜਤਾਲ ਕਰਨ ਦਾ ਮੰਗ ਪੱਤਰ ਉਦੋਂ ਦੇ ਰਾਜਪਾਲ  ਨੂੰ ਉਸਦੀ ਸਰਕਾਰ ਬਰਖ਼ਾਸਤ ਕਰਨ ਲਈ ਦਿੱਤਾ ਸੀ। ਸ੍ਰ ਬਾਦਲ ਨੇ ਇਹ ਘਟਨਾ ਦਿਮਾਗ ਵਿਚ ਰੱਖੀ ਅਤੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਗੁਠੇ ਲਾਈਨ ਲਾ ਕੇ ਰੱਖਿਆ। ਉਸਤੋਂ ਬਾਅਦ 27  ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਤਾਬਦੀ ਸਮਾਗਮਾ ਦੇ ਮੌਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ, ਜਿਸਨੇ ਸਿਰਫ ਇਹ ਕਿਹਾ ਸੀ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਆਪਣੀ ਥਾਂ ਕਿਸੇ ਆਪਣੇ ਵਿਸ਼ਵਾਸ ਪਾਤਰ ਨੂੰ ਬਣਾ ਲੈਣ । ਜਥੇਦਾਰ ਟੌਹੜਾ ਨੇ ਸਰਬਹਿੰਦ ਅਕਾਲੀ ਦਲ ਬਣਾਕੇ ਵਿਧਾਨ ਸਭਾ ਦੀਆਂ ਚੋਣਾ ਵੀ ਲੜੀਆਂ ਪ੍ਰੰਤੂ ਸਫਲ ਨਾ ਹੋਏ।  ਜਸਦੇਵ ਸਿੰਘ ਸੰਧੂ ਦਾ ਘਨੌਰ ਤੋਂ ਟਿਕਟ ਹੀ ਕੱਟ ਦਿੱਤਾ।  ਸੁਖਜਿੰਦਰ ਸਿੰਘ ਨੂੰ ਮੰਤਰੀ ਮੰਡਲ ਵਿਚੋਂ ਕੱਢ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ ਦਲ ਦੀ ਟਿਕਟ ਹੀ ਨਾ ਦਿੱਤੀ। ਉਸਨੇ ਕਾਬਲ ਸਿੰਘ ਨਾਲ ਰਲਕੇ ਪੰਥਕ ਅਕਾਲੀ ਦਲ ਬਣਾ ਲਿਆ । ਟੌਹੜਾ ਪਰਿਵਾਰ ਨੂੰ ਮੁੜ ਬਾਦਲ ਦੀ ਸ਼ਰਨ ਵਿਚ ਆਉਣਾ ਪਿਆ। ਸੁਰਜੀਤ ਸਿੰਘ ਬਰਨਾਲਾ ਨੂੰ ਕਦੀ ਆਪਣਾ ਨੇਤਾ ਹੀ ਨਹੀਂ ਮੰਨਿਆਂ। ਰਵੀਇੰਦਰ ਸਿੰਘ ਭਾਵੇਂ ਉਨ੍ਹਾਂ ਦਾ  ਨਜ਼ਦੀਕੀ ਸੰਬੰਧੀ ਸੀ, ਉਸਨੂੰ ਵੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਜਿਸਨੇ ਆਪਣਾ ਅਕਾਲੀ ਦਲ19 ਬਣਾਇਆ ਹੋਇਆ ਹੈ। ਜਦੋਂ ਬੇਅਦਬੀ ਦੇ ਮੁੱਦੇ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਤੇਵਰ ਵਿਖਾਏ ਤਾਂ ਉਨ੍ਹਾਂ ਨੂੰ ਵੀ ਅਕਾਲੀ ਦਲ ਵਿਚੋਂ ਬਾਹਰ ਕਰ ਦਿੱਤਾ ਗਿਆ, ਜਿਵੇਂ ਅਕਾਲੀ ਦਲ ਉਨ੍ਹਾਂ ਦੇ ਪਰਿਵਾਰ ਦੀ ਨਿੱਜੀ ਜਾਗੀਰ ਹੋਵੇ। ਉਸ ਸਮੇਂ ਉਨ੍ਹਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਅਕਾਲੀ ਦਲ ਟਕਸਾਲੀ ਬਣਾ ਲਿਆ। ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਟਕਸਾਲੀ ਸਫਲ ਨਹੀਂ ਹੋਇਆ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ ਬਾਦਲ ਨੂੰ ਵੀ ਮੂੰਹ ਨਹੀਂ ਲਾਇਆ। ਅਕਾਲੀ ਦਲ ਵਿਧਾਨ ਸਭਾ ਦੀਆਂ ਸਿਰਫ 14 ਸੀਟਾਂ ਜਿੱਤ ਸਕਿਆ, ਜਿਨ੍ਹਾਂ ਵਿਚ ਦੋਵੇਂ ਪਿਓ ਪੁੱਤਰ ਸ਼ਾਮਲ ਹਨ।

ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੁੰਦੜ ਬਾਦਲ ਪਰਿਵਾਰ ਦੇ ਨੇੜੇ ਗਿਣੇ ਜਾਂਦੇ ਸਨ। ਅਕਾਲੀ ਦਲ ਬਾਦਲ ਵਿਚ ਸੁਖਦੇਵ ਸਿੰਘ ਢੀਂਡਸਾ ਦੂਜੇ ਨੰਬਰ ਤੇ ਸਨ। ਸੁਖਦੇਵ ਸਿੰਘ ਢੀਂਡਸਾ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਜਿਲ੍ਹੇ ਦੇ ਅਕਾਲੀ ਦਲ ਵਿਚੋਂ ਕੱਢੇ ਹੋਏ ਨੇਤਾਵਾਂ, ਜਿਨ੍ਹਾਂ ਵਿਚ ਸੁਰਜੀਤ ਸਿੰਘ ਬਰਨਾਲਾ ਦਾ ਧੜਾ ਸ਼ਾਮਲ ਹੈ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਅਹੁਦੇ ਦੇ ਦਿੱਤੇ ਹਨ। ਇਥੇ ਹੀ ਬਸ ਨਹੀਂ ਸੰਗਰੂਰ ਜਿਲ੍ਹੇ ਤੋਂ ਗੋਬਿੰਦ ਸਿੰਘ ਲੌਂਗੋਵਾਲ ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨੇੜੇ ਦਾ ਸਹਿਯੋਗੀ ਰਿਹਾ ਹੈ,  ਨੂੰ ਪਿਛਲੇ ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਵਾਰ ਦੁਬਾਰਾ ਵੀ ਇਸੇ ਕਰਕੇ ਉਸਨੂੰ ਪ੍ਰਧਾਨ ਬਣਾਇਆ ਗਿਆ ਹੈ ਤਾਂ ਜੋ ਸੁਖਦੇਵ ਸਿੰਘ ਢੀਂਡਸਾ ਨੂੰ ਉਸਦੇ ਆਪਣੇ ਜਿਲ੍ਹੇ ਵਿਚ ਹੀ ਸਿਆਸੀ ਤੌਰ ਤੇ ਨੀਵਾਂ ਵਿਖਾਇਆ ਜਾਵੇ।

ਹੁਣ ਵੇਖਣ ਵਾਲੀ ਗੱਲ ਹੈ ਕਿ ਅਕਾਲੀ ਦਲ ਦੇ ਉਹ ਨੇਤਾ ਅਤੇ ਵਰਕਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਮਾਨਸਿਕ ਤੌਰ ਤੇ ਜ਼ਖ਼ਮੀ ਹੋਏ ਅਕਾਲੀ ਦਲ ਵਿਚ ਘੁਟਣ ਮਹਿਸੂਸ ਕਰਦੇ ਸਨ,  ਕੀ ਉਹ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਗੇ। ਸੁਖਦੇਵ ਸਿੰਘ ਢੀਂਡਸਾ ਨੂੰ ਸੰਜਮੀ,   ਸ਼ਰੀਫ,  ਨੇਕ ਤੇ ਨਰਮ ਦਿਲ, ਲਿਬਰਲ ਅਤੇ ਸਰਬਪ੍ਰਵਾਨਤ ਨੇਤਾ ਗਿਣਿਆਂ ਜਾਂਦਾ ਹੈ। ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੀ ਬਗ਼ਾਬਤ ਜ਼ਰੂਰ ਕੋਈ ਰੰਗ ਵਿਖਾਏਗੀ ਅਤੇ ਅਕਾਲੀ ਦਲ ਜਿਸਦੀ ਸਥਾਪਨਾ ਹੀ ਵਿਚ ਗੁਰਦੁਆਰਾ ਸਾਹਿਬਾਨ ਦੀ ਦੇਖ ਰੇਖ ਲਈ ਕੀਤੀ ਗਈ ਸੀ ਹੁਣ ਆਪਣੀ ਧਾਰਮਿਕ ਜ਼ਿੰਮੇਵਾਰ ਨਿਭਾਏਗਾ।  ਪੰਜਾਬ ਦੇ ਲੋਕਾਂ ਦੀਆਂ ਕੇਂਦਰ ਸਰਕਾਰ ਵਲ ਨਿਗਾਹਾਂ ਟਿਕੀਆਂ ਹੋਈਆਂ ਹਨ ਕਿ ਕੀ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਥਾਪੀ ਦੇਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰਵਾਉਂਦੇ ਹਨ ਜਾਂ ਨਹੀਂ। ਜੇ ਕੇਂਦਰ ਨੇ ਇਹ ਚੋਣਾ ਕਰਵਾ ਦਿੱਤੀਆਂ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਟਕਸਾਲੀ ਅਕਾਲੀ ਦਲ ਬਾਦਲ ਦਾ ਬਦਲ ਬਣਕੇ ਉਭਰ ਸਕਦਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਂ ਅਜੇ ਢਾਈ ਸਾਲ ਦਾ ਸਮਾ ਰਹਿੰਦਾ ਹੈ ਪ੍ਰੰਤੂ ਇਹ ਆਸ ਤਾਂ ਕੀਤੀ ਜਾ ਸਕਦੀ ਹੈ ਕਿ ਅਕਾਲੀ  ਦਲ ਟਕਸਾਲੀ ਗੁਰਚਰਨ ਸਿੰਘ ਟੌਹੜਾ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਬੇੜੀ ਵਿਚ ਵੱਟੇ ਤਾਂ ਪਾਉਣ ਦੇ ਸਮਰੱਥ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>