ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ ’ਤੇ ਅਕਾਡਮੀ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

Dr. Dalip Kaur Tiwana.resizedਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਆਜੀਵਨ ਫੈਲੋ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਸਨ।  ਅੱਜ ਲੰਮੀ ਬੀਮਾਰੀ ਉਪਰੰਤ ਮੋਹਾਲੀ ਦੇ ਇੱਕ ਹਸਪਤਾਲ ’ਚ ਸਦੀਵੀ ਵਿਛੋੜਾ ਦੇ ਗਏ ਹਨ।

ਉਨ੍ਹਾਂ ਦਸਿਆ ਡਾ. ਟਿਵਾਣਾ 1935 ’ਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿਖੇ ਪੈਦਾ ਹੋਏ ਸਨ। ਉਨ੍ਹਾਂ ਦਸਿਆ ਡਾ. ਦਲੀਪ ਕੌਰ ਟਿਵਾਣਾ ਨੂੰ ਅਕਾਡਮੀ ਦੇ ਸਰਵਉੱਚ ਸਨਮਾਨ ਫ਼ੈਲੋਸ਼ਿਪ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੀ ਪ੍ਰਮੁਖ ਨਾਵਲਕਾਰ ਸਨ। ਪੰਜਾਬੀ ਸਾਹਿਤ ਜਗਤ ਵਿੱਚ ਉਹ ਪਹਿਲੀ ਔਰਤ ਸਨ ਜਿਸ ਦੀ ਰਚਨਾ ਕਥਾ ਕਹੋ ਉਰਵਸ਼ੀ ਨੂੰ ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਦਿੱਤਾ ਗਿਆ । ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਅਤੇ ਪੰਜਾਬੀ ਅਕਾਦਮੀ ਦਿੱਲੀ ਦਾ ਦਹਾਕੇ ( 1980-90 ) ਦੀ ਸਰਬੋਤਮ ਨਾਵਲਕਾਰਾ ਪੁਰਸਕਾਰ ਵੀ ਡਾ: ਟਿਵਾਣਾ ਨੂੰ ਪ੍ਰਾਪਤ ਹੋਇਆ । ਉਨ੍ਹਾਂ ਦਸਿਆ ਇਸ ਤੋਂ ਬਿਨਾਂ ਉਸ ਦੁਆਰਾ ਬੱਚਿਆਂ ਲਈ ਰਚਿਤ ਪੁਸਤਕ ਪੰਜਾਂ ਵਿੱਚ ਪ੍ਰਮੇਸ਼ਰ ਨੂੰ ਸਿੱਖਿਆ ਅਤੇ ਸਮਾਜ ਭਲਾਈ ਮੰਤਰਾਲੇ ਵੱਲੋਂ ਸਨਮਾਨਿਆ ਗਿਆ। ਟਿਵਾਣਾ ਦੀ ਸ੍ਵੈਜੀਵਨੀ ਨੰਗੇ ਪੈਰਾਂ ਦਾ ਸਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫਿਰ ਅਵਾਰਡ ਪ੍ਰਾਪਤ ਹੋਇਆ । ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪਹਿਲੀ ਔਰਤ ਪ੍ਰਧਾਨ ਬਣੇ। ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਬਣ ਕੇ ਆਉਣ ਵਾਲੀ ਉਹ ਪਹਿਲੀ ਔਰਤ ਸਨ, ਫਿਰ ਔਰਤਾਂ ਵਿੱਚੋਂ ਪ੍ਰੋਫ਼ੈਸਰ , ਵਿਭਾਗ ਦੀ ਮੁਖੀ , ਡੀਨ , ਭਾਸ਼ਾਵਾਂ ਵੀ ਸਭ ਤੋਂ ਪਹਿਲਾਂ ਬਣੇ । ਭਾਰਤ ਸਰਕਾਰ ਵੱਲੋਂ 2004 ਵਿੱਚ ਟਿਵਾਣਾ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ । ਜਲੰਧਰ ਦੂਰਦਰਸ਼ਨ ਨੇ ਟਿਵਾਣਾ ਦੀ ਸ਼ਖ਼ਸੀਅਤ ਅਤੇ ਸਿਰਜਕ ਪ੍ਰਕਿਰਿਆ ਬਾਰੇ ਇੱਕ ਦਸਤਾਵੇਜ਼ੀ ਫਿਲਮ ਸੱਚੋ ਸੱਚ ਦੱਸ ਵੇ ਜੋਗੀ ਬਣਾਈ ।

ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਏਨੀਆਂ ਸਾਰੀਆਂ ਪ੍ਰਾਪਤੀਆਂ ਤੇ ਸਨਮਾਨਾਂ ਦੇ ਬਾਵਜੂਦ ਉਹ ਬਹੁਤ ਨਿਰਮਾਣ ਅਤੇ ਸਹਿਜ ਸਨ। ਨਿਰਸੰਦੇਹ ਟਿਵਾਣਾ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਆਦਰਸ਼ ਬਣਿਆ । ਉਨ੍ਹਾਂ ਦਸਿਆ ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਰੱਬੋਂ ਵਿੱਚ ਪਿਤਾ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ। ਪਾਲਣਾ-ਪੋਸ਼ਣਾ ਪਟਿਆਲੇ ਵਿੱਚ ਹੋਈ , ਜਿੱਥੇ ਟਿਵਾਣਾ ਦੇ ਫੁੱਫੜ ਸਰਦਾਰ ਤਾਰਾ ਸਿੰਘ ਸਿੱਧੂ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਸਨ। ਦਲੀਪ ਕੌਰ ਟਿਵਾਣਾ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਇਹੀ ਸ਼ੌਕ ਬਾਅਦ ਵਿੱਚ ਸਾਹਿਤ ਰਚਣ ਦੀ ਪ੍ਰੇਰਨਾ ਬਣਿਆ। ਐਮ.ਏ. ਦੀ ਪੜ੍ਹਾਈ ਯੂਨੀਵਰਸਿਟੀ ਵਿੱਚੋਂ ਪਹਿਲੀ ਪੁਜੀਸ਼ਨ ਨਾਲ ਪੂਰੀ ਕੀਤੀ। ਐਮ.ਏ. ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ । ਲੰਮਾ ਸਮਾਂ ਉਹ ਇੱਕ ਅਧਿਆਪਕ ਵੱਜੋਂ ਵਿਚਰੇ । ਵਿਦਿਆਰਥੀਆਂ ਨਾਲ ਉਸ ਦਾ ਰਿਸ਼ਤਾ ਹਮੇਸ਼ਾਂ ਹੀ ਪਰਿਵਾਰ ਦੇ ਜੀਆਂ ਵਰਗਾ ਰਿਹਾ । ਮੋਹਨ ਸਿੰਘ ਦੀਵਾਨਾ ਅਤੇ ਪ੍ਰੀਤਮ ਸਿੰਘ ਵਰਗੇ ਦਰਵੇਸ਼ ਪੁਰਸ਼ਾਂ ਦੀ ਸੰਗਤ ਨੇ ਉਸ ਨੂੰ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਤੇ ਬਣਨ ਲਈ ਪ੍ਰੇਰਿਆ । ਉਨ੍ਹਾਂ ਦਸਿਆ ਟਿਵਾਣਾ ਨੇ ਤੀਹ ਨਾਵਲਾਂ, ਸੱਤ ਕਹਾਣੀ-ਸੰਗ੍ਰਹਿਆਂ  ਅਤੇ ਸ੍ਵੈਜੀਵਨੀ ਦੀ ਸਿਰਜਣਾ ਵੀ ਕੀਤੀ । ਇਸ ਤੋਂ ਬਿਨਾਂ ਤਿੰਨ ਆਲੋਚਨਾ ਪੁਸਤਕਾਂ , ਤਿੰਨ ਪੁਸਤਕਾਂ ਬੱਚਿਆਂ ਲਈ ਅਤੇ ਦੋ ਵਾਰਤਕ ਸੰਗ੍ਰਹਿਆਂ ਦੀ ਰਚਨਾ ਵੀ ਕੀਤੀ । ਡਾ:ਟਿਵਾਣਾ ਦਾ ਸਾਹਿਤਿਕ ਸਫ਼ਰ 1961 ਵਿੱਚ ਕਹਾਣੀਆਂ ਦੀ ਕਿਤਾਬ ਸਾਧਨਾ ਨਾਲ ਅਰੰਭ ਹੋਇਆ । ਉਨ੍ਹਾਂ ਦੀ ਇਸ ਪਹਿਲੀ ਕਿਤਾਬ ਨੂੰ ਹੀ ਭਾਸ਼ਾ ਵਿਭਾਗ ਵੱਲੋਂ ਸਾਲ ਦੀ ਸਰਬੋਤਮ ਕਿਤਾਬ ਦਾ ਇਨਾਮ ਪ੍ਰਾਪਤ ਹੋਇਆ । ਪ੍ਰਬਲ ਵਹਿਣ , ਤੂੰ ਭਰੀਂ ਹੁੰਗਾਰਾ , ਇੱਕ ਕੁੜੀ , ਤੇਰਾ ਕਮਰਾ ਮੇਰਾ ਕਮਰਾ ਉਸ ਦੇ ਕੁਝ ਹੋਰ ਕਹਾਣੀ-ਸੰਗ੍ਰਹਿ ਹਨ । ਉਸ ਦੀਆਂ ਕਹਾਣੀਆਂ ਮਰਦ-ਔਰਤ ਸੰਬੰਧਾਂ ਦੇ ਪ੍ਰਸੰਗ ਵਿੱਚ ਔਰਤ ਦੇ ਦੁੱਖ-ਸੁੱਖ ਦੀ ਬਾਤ ਪਾਉਂਦੀਆਂ ਹਨ । ਡਾ: ਟਿਵਾਣਾ ਦਾ ਪਹਿਲਾ ਨਾਵਲ ਅਗਨੀ ਪ੍ਰੀਖਿਆ ( 1967 ) ਚ ਡਾ: ਮ ਸ ਰੰਧਾਵਾ ਦੀ ਪ੍ਰੇਰਨਾ ਨਾਲ ਛਪਿਆ। ਏਹੁ ਹਮਾਰਾ ਜੀਵਣਾ ( 1968 ) ਉਸ ਦਾ ਦੂਸਰਾ ਨਾਵਲ ਸੀ ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ । ਇਸ ਨਾਵਲ ਦਾ ਅੰਗਰੇਜ਼ੀ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਤੇ ਦੂਰਦਰਸ਼ਨ ਜਲੰਧਰ ਨੇ ਇਸ ਨਾਵਲ ਤੇ ਆਧਾਰਿਤ ਇੱਕ ਟੀ.ਵੀ. ਸੀਰੀਅਲ ਦਾ ਨਿਰਮਾਣ ਕੀਤਾ । ਇਸ ਨਾਵਲ ਰਾਹੀਂ ਟਿਵਾਣਾ ਔਰਤ ਦੀਆਂ ਸਮੱਸਿਆਵਾਂ ਦੀ ਗੱਲ ਕਰਦੀ ਬੁਰੀ ਸਮਾਜਿਕ ਵਿਵਸਥਾ ਉਪਰ ਤਿੱਖਾ ਵਿਅੰਗ ਕਸਦੀ ਹੈ । ਤੀਲੀ ਦਾ ਨਿਸ਼ਾਨ ( 1970 ) , ਦੂਸਰੀ ਸੀਤਾ ( 1975 ) , ਹਸਤਾਖਰ ( 1982 ) , ਰਿਣ ਪਿਤਰਾਂ ਦਾ ( 1986 ) , ਐਰ ਵੈਰ ਮਿਲਦਿਆਂ ( 1986 ) , ਲੰਘ ਗਏ ਦਰਿਆ ( 1990 ) , ਕਥਾ ਕੁਕਨੁਸ ਦੀ ( 1990 ) ਅਤੇ ਕਥਾ ਕਹੋ ਉਰਵਸੀ ( 1999 ) ਉਸ ਦੇ ਕੁਝ ਹੋਰ ਪ੍ਰਸਿੱਧ ਨਾਵਲ ਹਨ । ਉਸ ਦੇ ਨਾਵਲ ਉਸ ਔਰਤ ਦੀ ਕਥਾ ਕਹਿੰਦੇ ਹਨ ਜਿਹੜੀ ਆਪਣੇ ਲਈ ਆਦਰਸ਼ਕ ਘਰ ਅਤੇ ਮਾਣ ਸਨਮਾਨ ਦੋਵਾਂ ਦੀ ਤਲਾਸ਼ ਵਿੱਚ ਹੈ । ਇਸ ਤਲਾਸ਼ ਦੇ ਸਫ਼ਰ ਤੇ ਉਹ ਕਿਧਰੇ ਵੀ ਸਮਾਜ ਦੁਆਰਾ ਸਥਾਪਿਤ ਔਰਤ ਦੀਆਂ ਉਚੇਰੀਆਂ ਕਦਰਾਂ ਤੋਂ ਕਿਨਾਰਾ ਨਹੀਂ ਕਰਦੀ । ਟਿਵਾਣਾ ਦੇ ਗਲਪ ਵਿੱਚ ਔਰਤ ਰਿਸ਼ਤਿਆਂ ਦੇ ਆਦਰਸ਼ਕ ਰੂਪ ਦਾ ਪ੍ਰਤੀਕ ਹੈ । ਥੋੜ੍ਹੇ ਸ਼ਬਦਾਂ ’ਚ ਬਹੁਤੀ ਗੱਲ ਕਹਿਣੀ ਅਤੇ ਉਹ ਵੀ ਕਾਵਿਕ ਅੰਦਾਜ਼ ’ਚ ਇਹ ਟਿਵਾਣਾ ਦੀ ਨਾਵਲੀ ਕਲਾ ਦੀ ਪ੍ਰਮੁਖ ਪਛਾਣ ਸੀ । ਲੋਕ ਅਖਾਣਾਂ ਤੇ ਲੋਕ ਕਹਾਣੀਆਂ ਦੀ ਵਰਤੋਂ ਉਸ ਦੁਆਰਾ ਰਚਿਤ ਨਾਵਲੀ ਪਾਠ ਨੂੰ ਜਿੱਥੇ ਰੋਚਕ ਬਣਾਉਂਦੀ ਉੱਥੇ ਨਾਲ ਹੀ ਡੂੰਘੇ ਅਰਥ ਵੀ ਪ੍ਰਦਾਨ ਕਰਦੀ ਸੀ।

ਅਕਾਡਮੀ ਦੇ ਸੀਨੀਅਰ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਡਾ. ਦਲੀਪ ਕੌਰ ਟਿਵਾਣਾ ਪਰੰਪਰਿਕ ਉਚੇਰੀਆਂ ਕਦਰਾਂ ਅਤੇ ਆਧੁਨਿਕ ਸੋਚ ਦੋਹਾਂ ਨਾਲ ਇੱਕੋ ਵੇਲੇ ਜੁੜੀ ਹੋਈ ਹੈ। ਟਿਵਾਣਾ ਦੇ ਨਾਵਲਾਂ ਦਾ ਇੱਕ ਹੋਰ ਪਸਾਰ ਮਨੁੱਖੀ ਜੀਵਨ ਦੀਆਂ ਮੂਲ ਸਮੱਸਿਆਵਾਂ ਨੂੰ ਸਮਝਣ ਨਾਲ ਸੰਬੰਧਿਤ ਹੈ । ਜੀਵਨ ਕੀ ਹੈ, ਕਿਉਂ ਹੈ, ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਰਿਸ਼ਤੇ ਕੀ ਹਨ ਅਤੇ ਅਜਿਹੇ ਹੀ ਅਨੇਕਾਂ ਹੋਰ ਸੁਆਲਾਂ ਦਾ ਉੱਤਰ ਉਹ ਆਪਣੇ ਨਾਵਲੀ ਜਗਤ ਰਾਹੀਂ ਤਲਾਸ਼ਦੀ ਹੈ । ਇਸ ਰਾਹ ’ਤੇ ਤੁਰਦਿਆਂ ਪੁਰਾਤਨ ਇਤਿਹਾਸ , ਮਿਥਿਹਾਸ ਤੇ ਧਰਮ ਉਸ ਦੇ ਰਾਹ ਦਸੇਰੇ ਬਣਦੇ ਹਨ । ਇਸ ਪ੍ਰਸੰਗ ਵਿੱਚ ਉਸ ਦਾ ਚਰਚਿਤ ਨਾਵਲ ਕਥਾ ਕਹੋ ਉਰਵਸ਼ੀ ਜ਼ਿੰਦਗੀ ਅਤੇ ਮੌਤ ਦੇ ਭੇਤਾਂ ਦੀ ਲੰਮੀ ਦਾਸਤਾਨ ਹੈ ।

ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਸ. ਪ. ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਡਾ. ਸ਼ਰਨਜੀਤ ਕੌਰ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਤੇ ਪਤਵੰਤੇ ਸ਼ਾਮਲ ਹਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>