ਅਖਬਾਰਾਂ ਦੀਆਂ ਛੋਟੀਆਂ ਖਬਰਾਂ : ਵੱਡੇ ਮਤਲਬ

ਆਮ ਤੌਰ ’ਤੇ ਅਸੀਂ ਅਖਬਾਰਾਂ ਵਿੱਚਲੀਆਂ ਉਨ੍ਹਾਂ ਛੋਟੀਆਂ-ਛੋਟੀਆਂ ਖਬਰਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ, ਜੋ ਛੋਟੇ ਆਕਾਰ ਦੀਆਂ ਹੋਣ ਦੇ ਨਾਲ ਹੀ ਛੋਟੀਆਂ-ਛੋਟੀਆਂ ਸੁਰਖੀਆਂ ਨਾਲ ਛਪੀਆਂ ਹੁੰਦੀਆਂ ਹਨ। ਕਿਉਂਕਿ ਅਸੀਂ ਮੰਨ ਲੈਂਦੇ ਹਾਂ, ਕਿ ਇਨ੍ਹਾਂ ਵਿੱਚ ਕੋਈ ਮਹਤੱਤਾਪੂਰਣ ਗਲ ਹੋ ਹੀ ਕਿਵੇਂ ਸਕਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੀਆਂ ਸੁਰਖੀਆਂ ਵਿੱਚ ਛਪੀਆਂ ਖਬਰਾਂ ਵੱਡੀਆਂ ਸੁਰਖੀਆਂ ਨਾਲ ਛਪੀਆਂ ਖਬਰਾਂ ਨਾਲੋਂ ਵਧੇਰੈ ਖਿਚ ਦਾ ਕੇਂਦਰ ਬਣਦੀਆਂ ਨਜ਼ਰ ਆੁੳਣ ਲਗਦੀਆਂ ਹਨ। ਉਹ ਖਬਰਾਂ ਛੋਟੀਆਂ-ਛੋਟੀਆਂ ਹੋ ਕੇ ਵੀ ਆਪਣੇ–ਆਪ ਵਿੱਚ ਕਈ ਅਜਿਹੇ ਦਿਲਚਸਪ ਤੱਥ ਅਤੇ ਡੂੰਘੇ ਭੇਦ ਛੁਪਾਈ ਨਜ਼ਰ ਆਉਂਦੀਆਂ ਹਨ, ਜੇ ਉਨ੍ਹਾਂ ਨੂੰ ਗੰਭੀਰਤ ਨਾਲ ਘੋਖਿਆ ਜਾਏ ਤਾਂ ਉਹ ਦੇਸ਼ ਦੀ ਹੀ ਨਹੀਂ, ਸਗੋਂ ਬਦਲਦੇ ਸਮਾਜ ਦੀ ਤਸਵੀਰ ਵੀ ਪੇਸ਼ ਕਰਦੀਆਂ ਵਿਖਾਈ ਦੇ ਰਹੀਆਂ ਹੁੰਦੀਆਂ ਹਨ।

ਬਲਾਤਕਾਰ ਦੀਆਂ ਖਬਰਾਂ ਦੇ ਨਾਲ ਹੀ…: ਆਮ ਤੌਰ ਤੇ ਸਵੇਰੇ ਉਠ ਜਦੋਂ ਸਾਡੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਸਾਨੂੰ ਕਿਸੇ ਵੀ ਅਖਬਾਰ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ–ਮੋਟੀਆਂ ਸੁਰਖੀਆਂ ਦੇ ਨਾਲ ਬਲਾਤਕਾਰ ਦੀਆਂ ਦੋ-ਚਾਰ ਖਬਰਾਂ ਨਾ ਛਪੀਆਂ ਹੋਣ। ਅਜਿਹੇ ਹੀ ਸਿਰਜੇ ਗਏ ਹੋਏ ਸਮਾਜਕ ਵਾਤਾਵਰਣ ਵਿੱਚ ਹੀ ਪਿਛਲੇ ਦਿਨੀਂ ਨੈਸ਼ਨਲ ਸੈਂਪਲ ਸਰਵੇ ਆਫਿਸ (ਐਨਐਸਐਸਓ) ਵਲੋਂ ਕੀਤਾ ਗਿਆ ਇੱਕ ਸਰਵੇ ਛਪਿਆ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਇਸ ਸਰਵੇ ਅਨੁਸਾਰ ਦੇਸ਼ ਦੀਆਂ 40 ਪ੍ਰਤੀਸ਼ਤ ਔਰਤਾਂ ਅਜਿਹੀਆਂ ਹਨ, ਜੋ ਸਾਰੀਆਂ ਸ਼ੰਕਾਵਾਂ ਨੂੰ ਨਜ਼ਰ-ਅੰਦਾਜ਼ ਕਰ, ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ। ਇਸ ਸਰਵੇ ਅਨੁਸਾਰ, ਉੱਤਰ ਭਾਰਤ ਦੀ ਤੁਲਨਾ ਵਿੱਚ ਸਭ ਤੋਂ ਵੱਧ ਸੁਰਖਿਅਤ ਮੰਨੇ ਜਾਣ ਵਾਲੇ ਦੱਖਣ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਜ਼ਿਆਦਾ ਸਹਿਜ ਮਹਿਸੂਸ ਕਰਦੀਆਂ ਹਨ। ਇਸੇ ਸਰਵੇ ਦੇ ਅੰਕੜਿਆਂ ਅਨੁਸਾਰ ਜਿਥੇ ਪੰਜਾਬ, ਤੇਲੰਗਾਨਾਂ, ਕੇਰਲ, ਤਮਿਲਨਾਡੂ ਅਤੇ ਆਂਧਰ ਪ੍ਰਦੇਸ਼ ਰਾਜਾਂ ਵਿੱਚ ਔਰਤਾਂ ਦੇ ਇਕਲਿਆਂ ਘੁੰਮਣ ਦੀ ਔਸਤ ਦੇਸ਼ ਦੀ ਸਮੁਚੀ ਔਸਤ ਤੋਂ ਕਿਤੇ ਵੱਧ ਹੈ, ਉਥੇ ਹੀ ਦਿੱਲੀ, ਹਰਿਆਣਾ, ਬਿਹਾਰ, ਸਿਕਿੱਮ ਤੇ ਮਣੀਪੁਰ ਰਾਜ ਉਨ੍ਹਾਂ ਤੋਂ ਬਹੁਤ ਹੀ ਪਿਛੜੇ ਹੋਏ ਹਨ। ਦਸਿਆ ਗਿਆ ਹੈ ਕਿ ਇਕਲਿਆਂ ਘੁੰਮਣ ਦੇ ਮਾਮਲੇ ਵਿੱਚ ਪੇਂਡੂ ਔਰਤਾਂ ਨੇ ਸ਼ਹਿਰੀ ਔਰਤਾਂ ਨੂੰ ਮਾਤ ਦੇ ਦਿੱਤੀ ਹੋਈ ਹੈ। ਇਸ ਸਰਵੇ ਅਨੁਸਾਰ 41 ਪ੍ਰਤੀਸ਼ਤ ਪੇਂਡੂ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ, ਜਦਕਿ ਇਸਦੇ ਮੁਕਾਬਲੇ ਸ਼ਹਿਰੀ ਔਰਤਾਂ ਦਾ ਪ੍ਰਤੀਸਤ 37 ਹੈ। ਇਤਨਾ ਹੀ ਨਹੀਂ ਜੇ ਵੱਖ-ਵੱਖ ਰਾਜਾਂ ਦੇ ਅੰਕੜਿਆਂ ਪੁਰ ਨਜ਼ਰ ਮਾਰੀ ਜਾਏ ਤਾਂ ਇਹ ਗਲ ਸਪਸ਼ਟ ਹੋ, ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਦੀਆਂ ਔਰਤਾਂ ਰਾਤ-ਭਰ ਇਕਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ ਹਨ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ਸਭ ਤੋਂ ਹੇਠਾਂ ਹੈ। ਕਿਉਂਕਿ ਉੱਤਰ ਭਾਰਤ ਦੀ ਤੁਲਨਾ ਵਿੱਚ ਦਖਣ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਬਹੁਤ ਹੀ ਸਹਿਜ ਮਹਿਸੂਸ ਕਰਦੀਆਂ ਹਨ, ਇਸੇ ਲਈ ਦੱਖਣ ਭਾਰਤ ਵਿੱਚ ਰਾਤ ਨੂੰ ਇਕਲਿਆਂ ਸਫਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ, ਉੱਤਰ ਭਾਰਤ ਵਿੱਚ ਰਾਤ ਨੂੰ ਇਕਲਿਆਂ ਸਫਰ ਕਰਨ ਵਾਲੀਆਂ ਔਰਤਾਂ ਨਾਲੋਂ ਕਿਤੇ ਵਧੇਰੇ ਹੈ।

ਗੱਲ ਬਲਾਤਕਾਰ ਦੀ : ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਸਵੇਰੇ, ਜਦੋਂ ਪਹਿਲੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਕਿਸੇ ਵੀ ਦਿਨ ਦੇ ਅਖਬਾਰ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ–ਮੋਟੀਆਂ ਸੁਰਖੀਆਂ ਔਰਤਾਂ ਦੇ ਅਗਵਾ, ਬਲਾਤਕਾਰ, ਬਲਾਤਕਾਰ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤੇ ਜਾਣ ਅਤੇ ਅਜਿਹੀਆਂ ਹੀ ਘਟਨਾਵਾਂ ਨਾਲ ਸੰਬੰਧਤ ਅਦਾਲਤਾਂ ਵਿੱਚ ਚਲਣ ਵਾਲੇ ਮੁਕਦਮਿਆਂ ਦੀਆਂ ਦੋ-ਚਾਰ ਖਬਰਾਂ ਛਪੀਆਂ ਹੋਈਆਂ ਨਾ ਹੋਣ। ਇਨ੍ਹਾਂ ਖਬਰਾਂ ਤੋ ਇਉਂ ਜਾਪਣਾ ਸੁਭਾਵਕ ਹੈ ਕਿ ਬਲਾਤਕਾਰ ਦੇ ਮੁਕਦiੰਮਆਂ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਖਬਰਾਂ ਨੂੰ ਵੇਖਦਿਆਂ ਹੋਇਆਂ ਇਸ ਗਲ ਵਿੱਚ ਕਿਸੇ ਵੀ ਸ਼ਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿ ਔਰਤਾਂ ਨਾਲ ਹੋਣ ਵਾਲੇ ਯੋਨ-ਉਤਪੀੜਨ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਦਸਿਆ ਗਿਆ ਹੈ ਕਿ ਪਿਛਲੇ ਦਿਨੀਂ ਇਸਦਾ ਇੱਕ ਹੋਰ ਪਹਿਲੂ ਵੀ ਉਭਰ ਕੇ ਅਦਾਲਤਾਂ ਸਾਹਮਣੇ ਆਇਆ ਹੈ। ਉਹ ਇਉਂ ਕਿ ਬੀਤੇ ਛੇ ਮਹੀਨਿਆਂ ਵਿੱਚ 45 ਪ੍ਰਤੀਸ਼ਤ ਅਜਿਹੇ ਮਾਮਲੇ ਅਦਾਲਤਾਂ ਸਾਹਮਣੇ ਆਏ ਹਨ, ਜਿਨ੍ਹਾਂ ਅਨੁਸਾਰ ਸ਼ਿਕਾਇਤ ਕਰਨ ਵਾਲੀਆਂ ਅੋਰਤਾਂ ਅਸਲ ਵਿੱਚ ਪੀੜਤਾ ਸਨ ਹੀ ਨਹੀਂ, ਸਗੋਂ ਛੋਟੀਆਂ-ਮੋਟੀਆਂ ਘਰੇਲੂ ਗਲਾਂ ’ਤੇ ਗੁੱਸੇ ਹੋ ਜਾਂ ਫਿਰ ਨਿਜੀ ਮੰਗਾਂ ਦੇ ਪੂਰੀਆਂ ਨਾ ਹੋਣ ਦੇ ਕਾਰਣ, ਉਨ੍ਹਾਂ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ।

ਦਸਿਆ ਗਿਆ ਹੈ ਕਿ ਦਿੱਲੀ ਦੀਆਂ ਛੇ ਜ਼ਿਲਾ ਅਦਾਲਤਾਂ ਦੇ ਰਿਕਾਰਡ ਦੀ ਛਾਣਬੀਣ ਕੀਤੇ ਜਾਣ ਤੇ ਮਿਲੇ ਅੰਕੜੇ ਦਸਦੇ ਹਨ ਕਿ ਅਦਾਲਤਾਂ ਵਿੱਚ ਚਲ ਰਹੇ ਬਲਾਤਕਾਰ ਦੇ ਮਾਮਲਿਆਂ ਵਿਚੋਂ 70 ਪ੍ਰਤੀਸ਼ਤ ਮਾਮਲੇ ਤਾਂ ਅਦਾਲਤਾਂ ਵਿੱਚ ਸਾਬਤ ਹੀ ਨਹੀਂ ਹੋ ਪਾਂਦੇ, ਜਦਕਿ 45 ਪ੍ਰਤੀਸ਼ਤ ਮਾਮਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਮੁਕਮਦਾ ਦਰਜ ਕਰਵਾਣ ਵਾਲੀ ਔਰਤ, ਘਟਨਾ ਦੇ ਕੁਝ ਹੀ ਦਿਨਾਂ ਦੇ ਅੰਦਰ, ਗੁੱਸਾ ਸ਼ਾਂਤ ਹੋ ਜਾਣ ਤੇ ਦੋਸ਼ੀ ਨੂੰ ਬਚਾਣ ਲਈ ਅਦਾਲਤ ਪਹੁੰਚ ਜਾਂਦੀ ਹੈ। ਇਤਨਾ ਹੀ ਨਹੀਂ ਉਹ ਮੰਨਦੀ ਹੈ ਕਿ ਉਸ ਅਤੇ ਦੋਸ਼ੀ ਵਿੱਚ ਪਿਆਰ ਸੰਬੰਧ ਹਨ। ਕਿਸੇ ਗਲੋਂ ਨਾਰਾਜ਼ ਹੋ, ਉਸਨੇ ਬਦਲਾ ਲੈਣ ਦੇ ਮਕਸਦ ਨਾਲ ਉਸਦੇ ਵਿਰੁਧ ਬਲਾਤਕਾਰ ਦਾ ਮੁਕਦਮਾ ਦਰਜ ਕਰਵਾ ਦਿੱਤਾ। ਹੁਣ ਉਹ ਆਪਣੀ ਗਲਤੀ ਨੂੰ ਸਵੀਕਾਰ ਕਰ, ਉਸਨੂੰ ਸੁਧਾਰਨਾ ਚਾਹੁੰਦੀ ਹੈ।

ਤਲਾਕ ਦੇ ਮਾਮਲੇ : ਖਬਰਾਂ ਅਨੁਸਾਰ ਹਾਲ ਵਿੱਚ ਹੀ ਕ੍ਰਾਈਮ ਅਗੈਂਸਟ ਵੁਮਨ ਸੈੱਲ ਦੇ ਸਾਹਮਣੇ ਤਲਾਕ ਦਾ ਇੱਕ ਮਾਮਲਾ ਅਜਿਹਾ ਆਇਆ, ਜਿਸ ਵਿੱਚ ਇੱਕ 32 ਵਰਿ੍ਹਆਂ ਦੀ ਸਰਕਾਰੀ ਨੌਕਰੀ ਕਰ ਰਹੀ ਔਰਤ ਨੇ ਆਪਣੇ ਪਤੀ ਵਿਰੁਧ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਉਸਨੂੰ ਕਦੀ ਵੀ ਬਾਹਰ ਘੁਮਾਣ ਲਈ ਨਹੀਂ ਲੈ ਕੇ ਜਾਂਦਾ। ਜਿਸ ਕਾਰਣ ਉਹ ਨਿਰਾਸ਼ਾ ਦੇ ਤਣਾਉ ਵਿੱਚ ਘਿਰਦੀ ਜਾ ਰਹੀ ਹੈ। ਘਰ ਵਿੱਚ ਬੰਦ ਰਹਿਣ ਕਾਰਣ ਉਸਦੀ ਸਿਹਤ ਪੁਰ ਵੀ ਮਾੜਾ ਅਸਰ ਪੈ ਰਿਹਾ ਹੈ। ਉਸਨੇ ਇਹ ਵੀ ਦਸਿਆ ਕਿ ਉਸਨੂੰ ਕਈ ਵਰਿ੍ਹਆਂ ਤੋਂ ਸ਼ਾਪਿੰਗ ਵੀ ਨਹੀਂ ਕਰਵਾਈ ਗਈ। ਘਰੇਲੂ ਕੰਮ ਦਾ ਭਾਰ ਬਹੁਤਾ ਹੋਣ ਅਤੇ ਪਤੀ ਵਲੋਂ ਕੋਈ ਵੀ ਸੁਣਾਈ ਨਾ ਕੀਤੇ ਜਾਣ ਦੇ ਕਾਰਣ ਉਹ ਉਸ ਨਾਲੋਂ ਅਲਗ ਹੋਣਾ ਚਾਹੁੰਦੀ ਹੈ।

…ਅਤੇ ਅੰਤ ਵਿੱਚ: ਹਾਲਾਂਕਿ ਭਾਰਤੀ ਆਰਥਕ, ਰਾਜਨੈਤਿਕ ਅਤੇ ਸਮਾਜਕ ਹਾਲਾਤ ਨੂੰ ਵੇਖਦਿਆਂ ਸੇਵਾ-ਮੁਕਤੀ, ਅਰਥਾਤ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਸੁਰਖਿਆ ਲਈ ਬਚਤ ਕੀਤੇ ਜਾਣ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੰਤੂ ਇਸਦੇ ਵਿਰੁਧ ਹੁਣ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਦੇਸ਼ ਵਿੱਚਲੇ ਲਗਭਗ 47 ਪ੍ਰਤੀਸ਼ਤ ਕੰਮ-ਕਾਜੀ ਲੋਕੀ ਅਜਿਹੇ ਹਨ, ਜੋ ਰਿਟਾਇਰਮੈਂਟ ਤੋਂ ਬਾਅਦ ਬੁਢਾਪੇ ਲਈ ਕੋਈ ਬਚਤ ਨਹੀਂ ਕਰ ਪਾ ਰਹੇ। ਇਹ ਖੁਲਾਸਾ ਇਪਸੋਸ ਮੋਰੀ ਵਲੋਂ ਆਨ-ਲਾਇਨ ਕਰਵਾਏ ਗਏ ਸਰਵੇ ਵਿੱਚ ਹੋਇਆ ਹੈ। ਬੀਤੇ ਵਰ੍ਹੇ ਸਤੰਬਰ-ਅਕਤੂਬਰ ਦੌਰਾਨ ਕਰਵਾਏ ਗਏ ਇਸ ਸਰਵੇ ਆਨੁਸਾਰ ਭਾਰਤ ਵਿੱਚ ਕੰਮ-ਕਾਰ ਵਿੱਚ ਲਗੇ ਲੋਕਾਂ ਵਿਚੋਂ 47 ਪ੍ਰਤੀਸ਼ਤ ਲੋਕਾਂ ਨੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਲਈ ਬਚਤ ਸ਼ੁਰੂ ਨਹੀਂ ਕੀਤੀ ਜਾਂ ਫਿਰ ਸ਼ੁਰੂ ਕੀਤਾ ਗਿਆ ਹੋਇਆ ਬਚਤ ਦਾ ਸਿਲਸਿਲਾ ਬੰਦ ਕਰ ਦਿਤਾ ਹੈ। ਇਨ੍ਹਾਂ ਵਿਚੋਂ ਕਈਆਂ ਨੇ ਕਿਹਾ ਹੈ ਕਿ ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਬਚਤ ਕਰਨਾ ਤਾਂ ਦੂਰ ਰਿਹਾ, ਘਰ ਚਲਾਣਾ ਤਕ ਦੂਬਰ ਹੋਇਆ ਪਿਆ ਹੈ। ਇਸੇ ਸਰਵੇ ਅਨੁਸਾਰ 44 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਬੁਢਾਪੇ ਲਈ ਪੂੰਜੀ ਜੁਟਾਣ ਦੀ ਸ਼ੁ੍ਰਰੂਆਤ ਤਾਂ ਕੀਤੀ ਸੀ, ਪ੍ਰੰਤੂ ਮਹਿੰਗਾਈ ਦੇ ਲਗਾਤਾਰ ਵੱਧਦਿਆਂ ਜਾਣ ਕਾਰਣ ਵਰਤਮਾਨ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਦੇ ਕਾਰਣ, ਉਨ੍ਹਾਂ ਨੂੰ ਇਹ ਸਿਲਸਿਲਾ ਬੰਦ ਕਰ ਦੇਣ ਲਈ ਮਜਬੂਰ ਹੋਣਾ ਪਿਆ। ਦਸਿਆ ਜਾਂਦਾ ਹੈ ਕਿ ਸਭ ਤੋਂ ਵੱਧ ਚਿੰਤਾਜਨਕ ਸਥਿਤੀ ਇਹ ਹੈ ਕਿ 60 ਵਰਿ੍ਹਆਂ ਦੀ ਉਮਰ ਦੇ 22 ਪ੍ਰਤੀਸ਼ਤ ਅਤੇ 50 ਵਰਿ੍ਹਆਂ ਦੀ ਉਮਰ ਦੇ 14 ਪ੍ਰਥੀਸ਼ਤ ਲੋਕਾਂ ਨੇ ਬੁਢਾਪੇ ਲਈ ਕਿਸੇ ਵੀ ਤਰ੍ਹਾਂ ਦੀ ਬਚਤ ਸ਼ੁਰੂ ਨਹੀਂ ਕੀਤੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>