ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੁਝ ਲੜਕੀਆਂ ਵੱਲੋਂ ਟਿਕਟੋਕ ’ਤੇ ਬਣਾਈ ਗਈ ਵੀਡੀਓ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਸਾਨਾ ਡਾਟ ਕਾਨੂੰ ਆਈ.ਡੀ. ’ਤੇ ਇਹ ਵੀਡੀਓ ਪਾਈ ਗਈ ਹੈ। ਇਸ ਵਿਚ ਤਿੰਨ ਲੜਕੀਆਂ ਨਜ਼ਰ ਆ ਰਹੀਆਂ ਹਨ ਅਤੇ ਅਸ਼ਲੀਲ ਗੀਤ ਚਲਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਇਸ ਨੂੰ ਮੰਦਭਾਗੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਜਾਣਬੁੱਝ ਕੇ ਅਸ਼ਲੀਲ ਗੀਤਾਂ ਦੀ ਟਿਕਟੋਕ ਵੀਡੀਓ ਬਣਾਉਣੀ ਪਾਵਨ ਆਸਥਾਨ ਦੀ ਮਰਯਾਦਾ ਦੇ ਵਿਰੁੱਧ ਹੈ। ਜਦੋਂ ਕੋਈ ਅਜਿਹਾ ਕਰਦਾ ਹੈ ਤਾਂ ਸੰਗਤ ਦੀ ਸ਼ਰਧਾ-ਭਾਵਨਾ ਨੂੰ ਸੱਟ ਵੱਜਦੀ ਹੈ। ਉਨ੍ਹਾਂ ਕਿਹਾ ਕਿ ਤਾਜਾ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧ ਵਿਚ ਸਾਈਬਰ ਕਰਾਈਮ ਵਿਭਾਗ ਨੂੰ ਲਿਖਿਆ ਹੈ। ਸ. ਆਹਲੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵੀਡੀਓ ਬਣਾਉਣ ਤੋਂ ਰੋਕਣ ਲਈ ਥਾਂ-ਥਾਂ ਤੇ ਬੋਰਡ ਲਗਾਏ ਗਏ ਹਨ, ਪ੍ਰੰਤੂ ਕੁਝ ਲੋਕ ਫਿਰ ਵੀ ਨਹੀਂ ਟਲਦੇ। ਉਨ੍ਹਾਂ ਕਿਹਾ ਕਿ ਲੜਕੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੇ।
ਸ੍ਰੀ ਦਰਬਾਰ ਸਾਹਿਬ ਵਿਖੇ ਰੋਕ ਦੇ ਬਾਵਜੂਦ ਟਿਕਟੋਕ ਵੀਡੀਓ ਬਣਾਈ
This entry was posted in ਪੰਜਾਬ.