ਦਿੱਲੀ ਹਿੰਸਾ ਅਤੇ ਦੇਸ਼ ‘ਚ ਘਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਮੰਦਭਾਗਾ,ਦੋਸ਼ੀਆਂ ਖ਼ਿਲਾਫ਼ ਹੋਵੇ ਤੁਰੰਤ ਸਖ਼ਤ ਕਾਰਵਾਈ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੇਸ਼ ਦੀ ਰਾਜਧਾਨੀ ਦਿਲੀ ਵਿਖੇ ਇਕ ਘੱਟਗਿਣਤੀ ਭਾਈਚਾਰੇ ਖ਼ਿਲਾਫ਼ ਹੋ ਰਹੀ ਹਿੰਸਾ ਨੂੰ ਮੰਦਭਾਗਾ ਕਰਾਰ ਦਿਤਾ ਅਤੇ ਪੀੜਤ ਪਰਿਵਾਰਾਂ ਨਾਲ  ਗਹਿਰੇ ਦੁਖ ਅਤੇ ਹਮਦਰਦੀ ਦਾ ਇਜ਼ਹਾਰ ਕੀਤਾ । ਉਨ੍ਹਾਂ ਦਿੱਲੀ ਵਿਖੇ ਸਿਖ ਭਾਈਚਾਰੇ ਵੱਲੋਂ ਪੀੜਤਾਂ ਪ੍ਰਤੀ ਨਿਭਾਈ ਜਾ ਰਹੀ ਭੂਮਿਕਾ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਦੇਸ਼ ਵਿਦੇਸ਼ ਦੀਆਂ ਸਿਖ ਸੰਗਤਾਂ ਨੂੰ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਲਈ ਅਗੇ ਆਉਣ ਦਾ ਵੀ ਸਦਾ ਦਿਤਾ।

ਪ੍ਰੋ: ਸਰਚਾਂਦ ਸਿੰਘ ਰਾਹੀਂ ਜਾਰੀ ਬਿਆਨ ‘ਚ  ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਦੇਸ਼ ਵਿਚ ਘੱਟਗਿਣਤੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਹਿੰਸਾ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ  ਸਰਕਾਰਾਂ ਦਾ ਮੁੱਢਲਾ ਫ਼ਰਜ਼ ਤੇ ਜ਼ਿੰਮੇਵਾਰੀ ਹਰੇਕ ਨਾਗਰਿਕ ਅਤੇ ਘੱਟਗਿਣਤੀਆਂ ਦੀ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਿੰਸਾ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਦਿਲੀ ਪੁਲੀਸ ਦੀ ਨਾਕਾਮੀ ਦਾ ਸਿੱਟਾ ਹੈ। ਇਨ੍ਹਾਂ ਵੱਲੋਂ ਮੌਕੇ ‘ਤੇ ਢੁਕਵੀਂ ਕਾਰਵਾਈ ਕੀਤੀ ਗਈ ਹੁੰਦੀ ਤਾਂ ਹਿੰਸਾ ਨੂੰ ਫੈਲਣ ਤੋਂ ਅਤੇ ਦੁਖਾਂਤ ਨੂੰ ਵਾਪਰਨ ਤੋਂ ਵੀ ਰੋਕਿਆ ਜਾ ਸਕਦਾ ਸੀ। ਜਾਂ ਫਿਰ ਘੱਟੋ ਘਟ ਜਾਨੀ ਮਾਲੀ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਹਿੰਸਾ ਨੇ ਨਵੰਬਰ ‘84 ਦੇ ਸਿਖ ਕਤਲੇਆਮ ਦੀਆਂ ਯਾਦਾਂ ਤਾਜ਼ਾ ਕਰਾ ਦਿਤੀਆਂ ਹਨ, ਸਿਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਅਜ ਦਿੱਲੀ ਨੂੰ ਮੁੜ ਹਿੰਸਾ ਨਾ ਦੇਖਣੀ ਪੈਂਦੀ। ਉਨ੍ਹਾਂ ਕੇਂਦਰ ਸਰਕਾਰ ਨੂੰ ਦਿਲੀ ਦੰਗਿਆਂ ਦਾ ਕਾਰਨ ਬਣੇ ਨਾਗਰਿਕਤਾ ਸੋਧ ਕਾਨੂੰਨ ਦੀ ਸੰਵੇਦਨਸ਼ੀਲ ਮਾਮਲੇ ਨੂੰ ਮੁੜ ਵਿਚਾਰਦਿਆਂ ਠੋਸ ਅਤੇ ਸਰਵ ਪ੍ਰਵਾਨਿਤ ਹੱਲ ਕੱਢਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਵੋਟ ਰਾਜਨੀਤੀ ਲਈ ਸਿਆਸੀ ਆਗੂਆਂ ਵੱਲੋਂ ਇਕ ਦੂਜੇ ਭਾਈਚਾਰਿਆਂ ਪ੍ਰਤੀ ਫ਼ਿਰਕੂ ਨਫ਼ਰਤ ਫੈਲਾਉਣ ਅਤੇ ਉਕਸਾਊ ਬਿਆਨਾਂ ਭਾਸ਼ਣਾਂ ਕਾਰਨ ਸਾਹਮਣੇ ਆਈ ਇਸ ਹਿੰਸਾ ਨੇ ਦੇਸ਼ ਦੀ ਪਰਜਾਤੰਤਰ ਧਰਮ ਨਿਰਪੱਖ ਅਕਸ ਨੂੰ ਇਕ ਵਾਰ ਫਿਰ ਧੁੰਦਲਾ ਕਰ ਦਿਤਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>