ਨਵੀਂ ਦਿੱਲੀ – ਉਂਤਰੀ ਪੂਰਬੀ ਦਿੱਲੀ ਵਿੱਚ ਹੋਏ ਦੰਗੀਆਂ ਦੇ ਦੌਰਾਨ ਜਿਆਉਦੀਨ ਨਾਂਅ ਦੇ ਇਨਸਾਨ ਨੂੰ ਦੰਗਾਈਆਂ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਰਾਜਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਸਿੱਧੂ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ। ਭਜਨਪੁਰਾ ਵਿਖੇ ਰਹਿਣ ਵਾਲੇ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਭੀੜ ਦੇ ਹੱਥਾਂ ਤੋਂ ਜਿਆਉਦੀਨ ਨੂੰ ਬਚਾਕੇ, ਉਸਦੀ ਮਲ੍ਹਮ ਪੱਟੀ ਕਰਕੇ ਆਪਣੇ ਘਰ ਵਿੱਚ ਸ਼ਰਨ ਦਿੱਤੀ ਸੀ। ਲਗਭਗ 2.5 ਘੰਟੇੇ ਆਪਣੇ ਘਰ ਵਿੱਚ ਰੱਖਣ ਦੇ ਬਾਅਦ ਜਿਆਉਦੀਨ ਨੂੰ ਪਗਡ਼ੀ ਬੰਨ੍ਹ ਕੇ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਤੀਮਾਰਪੁਰ ਵਿਖੇ ਉਸਦੇ ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਸੀ। ਦਰਅਸਲ ਸੋਸ਼ਲ ਮੀਡੀਆ ਉੱਤੇ ਸੀਸੀਟੀਵੀ ਫੁਟੇਜ ਵਿੱਚ ਦੰਗਾਈਆਂ ਵਲੋਂ ਜਿਆਉਦੀਨ ਨੂੰ ਬਚਾਉਂਦੇ ਹੋਏ ਸਿੱਧੂ ਨਜ਼ਰ ਆ ਰਹੇ ਸਨ।
ਢੀਂਡਸਾ ਨੇ ਸਿੱਧੂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਿੱਧੂ ਨੇ ਸਿੱਖ ਸਿੱਧਾਂਤਾਂ ਦੀ ਰੱਖਿਆ ਕਰਦੇ ਹੋਏ ਆਪਣਾ ਫਰਜ ਬਾਖੂਬੀ ਨਿਭਾਇਆ ਹੈ। ਜੀਕੇ ਨੇ ਕਿਹਾ ਕਿ 1984 ਵਿੱਚ ਜੋ ਦਰਦ ਅਸੀਂ ਹੰਡਿਆਇਆ ਸੀ, ਸ਼ਾਇਦ ਉਸੀ ਦਰਦ ਨੂੰ ਸਿੱਧੂ ਨੇ ਸੱਮਝਿਆ ਅਤੇ ਇਨਸਾਨੀ ਜਾਨ ਦੀ ਕੀਮਤ ਨੂੰ ਬਚਾਉਣ ਵਿੱਚ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ। ਕਿਉਂਕਿ ਵਹਸੀ ਭੀੜ ਨੂੰ ਧਰਮ ਦੇ ਨਾਂਅ ਉੱਤੇ ਸਿਰਫ ਹਿੰਸਾ ਹੀ ਇੱਕੋ ਰਾਹ ਨਜ਼ਰ ਆ ਰਹੀ ਸੀ। ਪਰ ਸਿੱਧੂ ਨੇ ਮਨੁੱਖਤਾ ਲਈ ਆਪਣੇ ਆਪ ਨੂੰ ਪੇਸ਼ ਕਰਨ ਨੂੰ ਹੀ ਆਪਣਾ ਧਰਮ ਸੱਮਝਿਆ। ਇੱਥੇ ਦੱਸ ਦੇਈਏ ਕਿ ਸਿੱਧੂ ਨੇਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੋਂ ਸੇਵਾਮੁਕਤ ਹਨ ਅਤੇ ਜਾਗੋ ਪਾਰਟੀ ਦੇ ਸਰਗਰਮ ਕਾਰਕੁੰਨ ਹਨ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਆਦਿਕ ਮੌਜੂਦ ਸਨ।