ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਤੇ ਇਥੋਂ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੇ ਅਮਲ ਹੋ ਰਹੇ ਹਨ ਕਿ ਹਰਿਆਣੇ ਵਿਚ 60 ਅਣਪਛਾਤੇ ਨੌਜ਼ਵਾਨਾਂ ਨੇ ਪਿੰਡ ਈਸਰਹੇੜੀ ਜੋ ਦਿੱਲੀ-ਹਰਿਆਣਾ ਸਰਹੱਦ ਉਤੇ ਸਥਿਤ ਪਿੰਡ ਹੈ ਅਤੇ ਬਹਾਦਰਗੜ੍ਹ ਪੁਲਿਸ ਥਾਣੇ ਅਧੀਨ ਆਉਦਾ ਹੈ, ਨੇ ਘੱਟ ਗਿਣਤੀ ਕੌਮ ਨਾਲ ਸਬੰਧਤ ਨਿਵਾਸੀਆਂ ਨੂੰ ਹੋਲੇ-ਮਹੱਲੇ ਤੋਂ ਪਹਿਲੇ ਆਪਣੇ ਘਰਵਾਰ ਛੱਡਣ ਦੀ ਧਮਕੀ ਦਿੱਤੀ ਹੈ । ਅਜਿਹਾ ਨਾ ਕਰਨ ਦੀ ਸੂਰਤ ਵਿਚ ਭੈੜੇ ਨਤੀਜੇ ਭੁਗਤਣ ਦੀ ਗੱਲ ਕਹੀ ਹੈ । ਅਜਿਹਾ ਮੁਤੱਸਵੀ ਖੱਟਰ ਹਕੂਮਤ ਦੀ ਸਹਿ ਤੇ ਅਤੇ ਇਸ ਮੁਲਕ ਵਿਚ ਘੱਟ ਗਿਣਤੀ ਕੌਮਾਂ ਵਿਰੁੱਧ ਦਹਿਸ਼ਤ ਪੈਦਾ ਕਰਨ ਦੀ ਕਾਰਵਾਈ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕਤਈ ਵੀ ਬਰਦਾਸ਼ਤ ਨਹੀਂ ਕਰਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਵਿਚ ਹਕੂਮਤੀ ਪੱਧਰ ਤੇ ਡਰ-ਸਹਿਮ ਪੈਦਾ ਕਰਨ ਦੀ ਸਾਜ਼ਿਸ ਦਾ ਗੰਭੀਰ ਨੋਟਿਸ ਲੈਦੇ ਹੋਏ ਅਤੇ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਜੇਕਰ ਇਸ ਦਿਸ਼ਾ ਵੱਲ ਸੰਜ਼ੀਦਾ ਨਿਜਾਮੀ ਪ੍ਰਬੰਧ ਨਾ ਕੀਤਾ ਤਾਂ ਇਸਦੇ ਨਿਕਲਣ ਵਾਲੇ ਨਤੀਜਿਆਂ ਲਈ ਮੁਤੱਸਵੀਆਂ ਤੇ ਸ੍ਰੀ ਖੱਟਰ ਹਕੂਮਤ ਜ਼ਿੰਮੇਵਾਰ ਠਹਿਰਾਉਣ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਹਰਿਆਣਾ ਜਾਂ ਹੋਰ ਸੂਬਾ ਹੀ ਨਹੀਂ, ਬਲਕਿ ਸਮੁੱਚੇ ਮੁਲਕ ਉਤੇ ਘੱਟ ਗਿਣਤੀ ਕੌਮਾਂ ਦਾ ਜਿੰਨਾ ਹੱਕ ਹੈ, ਉਨਾ ਬਹੁਗਿਣਤੀ ਦਾ ਨਹੀਂ । ਕਿਉਂਕਿ ਇਸ ਲਈ ਸਿੱਖਾਂ, ਮੁਸਲਮਾਨਾਂ, ਰੰਘਰੇਟਿਆ, ਦਲਿਤਾਂ, ਕਬੀਲਿਆ ਆਦਿ ਨੇ ਬਹੁਤ ਵੱਡੀ ਘਾਲਣਾ ਕੀਤੀ ਹੈ ਅਤੇ ਵੱਡੀਆ ਕੁਰਬਾਨੀਆਂ ਦਿੱਤੀਆ ਹਨ। ਇਸ ਲਈ ਉਨ੍ਹਾਂ ਦਾ ਹੱਕ ਇਸ ਮੁਲਕ ਤੇ ਉਨ੍ਹਾਂ ਤੋਂ ਕਿਤੇ ਜਿਆਦਾ ਹੈ । ਉਨ੍ਹਾਂ ਸਿੱਖ ਧਰਮ ਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਤੋਂ ਜਾਣੂ ਕਰਵਾਉਦੇ ਹੋਏ ਕਿਹਾ ਕਿ ਸਿੱਖ ਕਿਸੇ ਵੀ ਉਤੇ ਨਾ ਤਾਂ ਪਹਿਲੇ ਵਾਰ ਕਰਦਾ ਹੈ ਅਤੇ ਨਾ ਹੀ ਕਿਸੇ ਦਾ ਬੁਰਾ ਸੋਚਦਾ ਹੈ । ਲੇਕਿਨ ਮੁਤੱਸਵੀ ਹੁਕਮਰਾਨਾਂ ਨੇ ਬੀਤੇ ਸਮੇਂ ਵਿਚ ਵੀ ਅਤੇ ਅਜੋਕੇ ਸਮੇਂ ਵਿਚ ਵੀ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਦੇ ਆ ਰਹੇ ਹਨ । ਉਨ੍ਹਾਂ ਨਾਲ ਹਰ ਖੇਤਰ ਵਿਚ ਵੱਖਰੇਵੇ ਅਤੇ ਜ਼ਲਾਲਤ ਪੈਦਾ ਕਰਦੇ ਹਨ । ਜਿਸਦੀ ਕੋਈ ਵੀ ਧਰਮ ਇਜ਼ਾਜਤ ਨਹੀਂ ਦਿੰਦਾ। ਉਨ੍ਹਾਂ ਦੀ ਮਨੋਹਰ ਲਾਲ ਖੱਟਰ ਦੀ ਹਕੂਮਤ ਨੂੰ ਹਰਿਆਣੇ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਰੁੱਧ ਪ੍ਰਚਾਰ ਕਰਨ, ਨਫ਼ਰਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਹਕੂਮਤੀ ਪ੍ਰਬੰਧ ਦਾ ਨਿਸ਼ਾਨਾ ਬਣਾਉਣ ਦੀਆਂ ਗੈਰ-ਇਨਸਾਨੀ ਕਾਰਵਾਈਆਂ ਕਰਾਰ ਦਿੰਦੇ ਹੋਏ ਕਿਹਾ ਕਿ ਹਰਿਆਣੇ ਦੇ ਸਿੱਖ, ਮੁਸਲਿਮ, ਇਸਾਈ ਅਤੇ ਰੰਘਰੇਟੇ ਮੁਤੱਸਵੀ ਹਕੂਮਤ ਦੀਆਂ ਅਜਿਹੀਆ ਕਾਰਵਾਈਆਂ ਤੇ ਅਮਲਾਂ ਨੂੰ ਬਿਲਕੁਲ ਸਹਿਣ ਨਹੀਂ ਕਰਨਗੇ । ਉਨ੍ਹਾਂ ਮੰਗ ਕੀਤੀ ਕਿ ਜਿਹੜੇ 60 ਨੌਜ਼ਵਾਨਾਂ ਨੇ ਅਜਿਹੀਆ ਧਮਕੀਆ ਦਿੱਤੀਆ ਹਨ ਅਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲਿਆ ਹੈ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹਰਿਆਣੇ ਵਿਚ ਵੱਸਣ ਵਾਲੇ ਸਿੱਖਾਂ, ਮੁਸਲਮਾਨਾਂ, ਇਸਾਈਆਂ, ਰੰਘਰੇਟਿਆਂ ਦੀ ਆਜ਼ਾਦੀ ਅਤੇ ਉਨ੍ਹਾਂ ਦੀਆਂ ਜਿੰਦਗਾਨੀਆਂ ਨੂੰ ਸੁਰੱਖਿਅਤ ਕਰਨ ਲਈ ਉਚੇਚਾ ਪ੍ਰਬੰਧ ਕਰੇ ।