ਪੰਜਾਬੀ ਸਾਹਿਤ ਸਭਾ ( ਰਜਿ ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ।

Bathinda pic.resized

ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਅਦਾਰੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ ਲਾਭ ਸਿੰਘ ਖੀਵਾ ਨੇ ਕੀਤੀ ਅਤੇ ਰਿਪਦੁਮਨ ਸਿੰਘ ਰੂਪ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਡਾ ਜੀਤ ਸਿੰਘ ਜੋਸ਼ੀ ਅਤੇ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਤ ਸਨ।

ਸਭ ਤੋਂ ਪਹਿਲਾਂ ਸਾਹਿਤ ਸਭਾ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਾਰੀਆਂ ਹੀ ਅਹਿਮ ਸ਼ਖਸੀਅਤਾਂ ਨੂੰ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ। ਪ੍ਰਧਾਨਗੀ ਮੰਡਲ ਵੱਲੋਂ ਟੀਚਰ ਹੋਮ ਅਦਾਰੇ ਦਾ ਮੈਗਜ਼ੀਨ ਸਹੀ ਬੁਨਿਆਦ ਰਿਲੀਜ਼ ਕੀਤਾ ਅਤੇ ਲਛਮਣ ਸਿੰਘ ਮਲੂਕਾ ਨੇ ਇਸ ਮੈਗਜ਼ੀਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਵੱਲੋਂ ਇਸ ਸਮਾਗਮ ਵਿੱਚ ਹਾਜ਼ਰੀਨ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। ਇਸ ਉਪਰੰਤ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਇਸ ਸਮਾਗਮ ਦੀ ਰੂਪਰੇਖਾ ਉਲੀਕਣ ਬਾਰੇ ਵਿਸਥਾਰ ਰੂਪ ਵਿੱਚ ਦਸਦਿਆਂ ਕਿਹਾ ਕਿ ਸੰਤੋਖ ਸਿੰਘ ਧੀਰ ਮਾਲਵੇ ਦੀ ਖ਼ਾਸ ਕਰਕੇ ਬਠਿੰਡੇ ਦੀ ਧਰੋਹਰ ਹੈ । ਸਾਹਿਤ ਸਭਾ ਦੇ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਵੱਲੋਂ ਸੰਤੋਖ ਸਿੰਘ ਧੀਰ ਦੀ ਕਵਿਤਾ ‘ ਸਦਾ ਨਹੀਂ ਰਹਿਣੀ ਰਾਤ’ ਤਰੰਨਮ ਚ ਗਾ ਕੇ ਸਮਾਗਮ ਨੂੰ ਅੱਗੇ ਵਧਾਇਆ। ਉੱਘੇ ਲੇਖਕ ਨਿੰਦਰ ਘੁਗਿਆਣਵੀ ਨੇ ਸੰਤੋਖ ਸਿੰਘ ਧੀਰ ਨਾਲ ਆਪਣੇ ਨਿੱਘੇ ਸੰਬੰਧਾਂ ਦੀ ਚਰਚਾ ਕਰਦਿਆਂ ਉਨ੍ਹਾਂ ਬਾਰੇ ਬੜੀਆਂ ਹੀ ਭਾਵਪੂਰਤ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸੈਮੀਨਾਰ ਨੂੰ ਅੱਗੇ ਤੋਰਦਿਆਂ ਡਾ ਜੀਤ ਸਿੰਘ ਜੋਸ਼ੀ ਨੇ ਕਿਹਾ ਕਿ ਧੀਰ ਸੱਚ, ਸੁਹਜ ਤੇ ਸਲੀਕੇ ਦੇ ਧਾਰਨੀ ਸਨ ਉਹ ਆਪਣੇ ਆਪ ਨੂੰ ਕਿਸੇ ਇੱਕ ਵਿਧਾ ਦਾ ਲੇਖਕ ਨਹੀਂ ਸਗੋਂ ਸਾਹਿਤਕਾਰ ਧੀਰ ਅਖਵਾਉਣਾ ਪਸੰਦ ਕਰਦੇ ਸਨ। ਉਨ੍ਹਾਂ ਨੇ ਧੀਰ ਦੀਆਂ ਕਹਾਣੀਆਂ ਦੇ ਪਾਤਰਾਂ ਦੀਆਂ ਗੱਲਾਂਬਾਤਾਂ ਰਾਹੀਂ ਉਨ੍ਹਾਂ ਦੀ ਉਸਾਰੂ ਸੋਚ ਬਾਰੇ ਬਾਖ਼ੂਬੀ ਚਾਨਣਾ ਪਾਇਆ।ਸੰਤੋਖ ਸਿੰਘ ਧੀਰ ਬਾਰੇ ਬੋਲਦਿਆਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਕਿਹਾ ਕਿ ਉਨ੍ਹਾਂ ਨੇ ਹੰਢਾਈਆਂ ਗੱਲਾਂ ਅਤੇ ਲੋਕਾਈ ਦੇ ਦਰਦ ਨੂੰ ਹੀ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਇਆ। ਉਹ ਦੱਬੇ ਕੁਚਲੇ ਲੋਕਾਂ ਦੀ ਅਗਵਾਈ ਕਰਨ ਵਾਲੇ ਕਵੀ ਸਨ ਅਤੇ ਉਹ ਆਪਣੀਆਂ ਲਿਖਤਾਂ ਰਾਹੀਂ ਸਦਾ ਅਮਰ ਰਹਿਣਗੇ। ਕਹਾਣੀਕਾਰ ਅਤਰਜੀਤ ਅਤੇ ਭੂਰਾ ਸਿੰਘ ਕਲੇਰ ਨੇ ਵੀ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਤੇ ਆਪਣੀ ਵਿਸ਼ਲੇਸ਼ਣਾਤਮਿਕ ਚਰਚਾ ਕੀਤੀ।ਸੰਤੋਖ ਸਿੰਘ ਧੀਰ ਦੇ ਭਤੀਜੇ ਰੰਜੀਵਨ ਨੇ ਹੀਣਿਆਂ ‘ਚ ਨਵੀਂ ਰੂਹ ਫੂਕਦੀ ‘ ਸੱਚ ਤੂੰ ਐਨਾ ਬੋਲ’ ਅਤੇ ‘ ਅਮੁੱਲਿਆ” ਕਵਿਤਾ ਸੁਣਾ ਕੇ ਸਰੋਤਿਆਂ ਦੀ ਵਾਹਵਾ ਖੱਟੀ।

Bathinda pic 1.resized

ਸਮਾਗਮ ਦੇ ਮੁੱਖ ਮਹਿਮਾਨ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਰਿਪਦੁਮਨ ਸਿੰਘ ਰੂਪ ਨੇ ਉਨ੍ਹਾਂ ਦੀਆਂ ਵੱਖ ਵੱਖ ਕਵਿਤਾਵਾਂ ਬਾਰੇ ਉਨ੍ਹਾਂ ਦੀ ਲਿਖਣ ਸ਼ੈਲੀ ਅਤੇ ਲਿਖਣ ਦੇ ਵੱਖ ਵੱਖ ਪੜਾਵਾਂ ਬਾਰੇ ਵਿਸਥਾਰ ਰੂਪ ਵਿੱਚ ਦੱਸਿਆ। ਉਨ੍ਹਾਂ ਨੇ ‘ਉੱਡ ਰਿਹਾ ਹੈ ਬਾਜ’ ਸੰਸਾਰੀਕਰਨ ਦੀ ਬਾਤ ਪਾਉਂਦੀ ਸੰਤੋਖ ਸਿੰਘ ਧੀਰ ਦੀ ਕਵਿਤਾ ਅਤੇ ਕਸ਼ਮੀਰ ਵਾਰੇ ਲਿਖੀ ਆਪਣੀ ਕਵਿਤਾ ਸਰੋਤਿਆਂ ਦੇ ਸਨਮੁੱਖ ਰੱਖੀ। ‘ ਫ਼ਿਕਰ ਨਾ ਕਰੀਂ ਵੀਰ’ ਧੀਰ ਸਾਹਿਬ ਦੇ ਸਮੁੱਚੇ ਜੀਵਨ ਤੇ ਝਾਤ ਪਾਉਂਦੀ ਕਵਿਤਾ ਸਮਾਗਮ ਦਾ ਸਿਖਰ ਹੋ ਨਿਬੜੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾਕਟਰ ਲਾਭ ਸਿੰਘ ਖੀਵਾ ਨੇ ਪੰਜਾਬੀ ਸਾਹਿਤ ਸਭਾ ਦੇ ਮਾਣਮੱਤੇ ਇਤਿਹਾਸ ਨੂੰ ਚੇਤੇ ਕਰਦਿਆਂ ਇਸ ਨੂੰ ਸਾਹਿਤਕ ਜਗਤ ਦਾ ਥੰਮ੍ਹ ਦੱਸਿਆ। ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਮਨਾਉਣਾ ਸਾਡੇ ਲੇਖਕਾਂ ਦਾ ਫਰਜ਼ ਬਣਦਾ ਹੈ। ਕਿਸੇ ਮਰਹੂਮ ਸਾਹਿਤਕਾਰ ਨੂੰ ਉਨ੍ਹਾਂ ਦੀਆਂ ਕਿਰਤਾਂ ਰਾਹੀਂ ਯਾਦ ਕਰਨਾ ਬੜੇ ਫਕਰ ਵਾਲੀ ਗੱਲ ਹੁੰਦੀ ਹੈ ।ਧੀਰ ਸਾਹਿਬ ਨੂੰ ਪੈਦਾ ਕਰਨ ਵਾਲੇ ਹਾਲਾਤਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ।ਇਸ ਤੋਂ ਬਾਅਦ ਸਾਹਿਤ ਸਭਾ ਬਠਿੰਡਾ ਵੱਲੋਂ ਸਾਰੀਆਂ ਹੀ ਸ਼ਖਸੀਅਤਾਂ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੇ ਅਖੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਭੋਲਾ ਸਿੰਘ ਸ਼ਮੀਰੀਆ ਨੇ ਸਾਰੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਡਾ ਪਰਮਜੀਤ ਰੋਮਾਣਾ, ਵਿਕਾਸ ਕੌਸ਼ਲ, ਡਾ ਰਵਿੰਦਰ ਸੰਧੂ, ਰਣਜੀਤ ਗੌਰਵ, ਮਨਜੀਤ ਬਠਿੰਡਾ, ਅਜੀਤ ਸਿੰਘ ਰਾਹੀ, ਖੁਸ਼ਵੰਤ ਬਰਗਾੜੀ, ਮਨਪ੍ਰੀਤ ਟਿਵਾਣਾ, ਗੁਰਦੇਵ ਖੋਖਰ, ਜਰਨੈਲ ਭਾਈਰੂਪਾ, ਪ੍ਰੋਫੈਸਰ ਅਮਨਦੀਪ ਸੇਖੋਂ,ਗੁਰਪ੍ਰੀਤ ਰੱਲੀ, ਸੱਚਪ੍ਰੀਤ ਕੌਰ, ਸੁਖਮੰਦਰ ਭਾਗੀਵਾਂਦਰ,ਗੁਰਦੇਵ ਖੋਖਰ, ਜਸਪਾਲ ਜੱਸੀ, ਬਲਵਿੰਦਰ ਬਾਘਾ, ਸੁਰਿੰਦਰਪ੍ਰੀਤ ਘਣੀਆ, ਜਸਵੀਰ ਅਕਲੀਆ, ਦਵੀ ਸਿੱਧੂ, ਹਰਭਜਨ ਸੇਲਬਰਾ ਅਤੇ ਹਰਦਰਸ਼ਨ ਸੋਹਲ ਆਦਿ ਹਾਜ਼ਰ ਸਨ।ਸਟੇਜ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਰਣਬੀਰ ਰਾਣਾ ਨੇ ਬਾਖੂਬੀ ਨਿਭਾਈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>