ਕੋਰਾ ਸੱਚ-ਆਨਲਾਈਨ ਵੱਜਦੀਆਂ ਠੱਗੀਆਂ ਤੋਂ ਸੁਚੇਤ ਹੋਣ ਦੀ ਲੋੜ

ਮਨੁੱਖੀ ਫਿਤਰਤ ਹੈ ਕਿ ਕਈ ਵਾਰ ਓਹਨਾਂ ਚੀਜ਼ਾਂ ਦੇ ਗੱਫ਼ੇ ਵੀ ਲੋੜਦਾ ਹੈ, ਜਿਹਨਾਂ ‘ਤੇ ਉਸਦਾ ਉੱਕਾ ਹੀ ਹੱਕ ਨਹੀਂ ਹੁੰਦਾ। ਪਰ ਅਜਿਹੀ ਲਾਲਸਾ ਕਈ ਵਾਰ ਖੁਦ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਜਾਂਦੀ ਹੈ। ਮਨੁੱਖੀ ਲਾਲਚੀ ਮਨ ਦੀ ਇਸ ਫਿਤਰਤ ਦਾ ਲਾਹਾ ਲੈਂਦਿਆਂ ਕਈ ਵਾਰ ਠੱਗ ਕਿਸਮ ਦੇ ਲੋਕ ਆਪਣੇ ਹੱਥ ਰੰਗ ਜਾਂਦੇ ਹਨ। ਲਾਲਚ ਹਿਤ ਅਸੀਂ ਕਈ ਵਾਰ ਆਪਣੀਆਂ ਜੇਬਾਂ ਵੀ ਖਾਲੀ ਕਰਵਾ ਬਹਿੰਦੇ ਹਾਂ। ਲੋਕਾਂ ਨੂੰ ਅਜਿਹੇ ਹੀ ਜਾਲ ‘ਚ ਫਸਾ ਕੇ ਲੁੱਟਣ ਵਾਲੇ ਗਰੋਹ ਹਰ ਜਗ੍ਹਾ ਮਿਲ ਜਾਣਗੇ। ਸਕਾਟਲੈਂਡ ਵਸਦੇ ਲੋਕਾਂ ਨੂੰ ਅਚਾਨਕ ਹੀ ਆਉਂਦੀਆਂ ਫੋਨ ਕਾਲਾਂ ਤੋਂ ਸਾਵਧਾਨ ਰਹਿਣ ਲਈ ਪੁਲਿਸ ਵੱਲੋਂ ਚਿਤਾਵਨੀ ਦਿੱਤੀ ਗਈ ਹੈ। ਕੰਪਿਊਟਰ ਜ਼ਰੀਏ ਹੁੰਦੀ ਆਟੋਮੇਟਡ ਕਾਲ ਰਾਹੀਂ ਸੁਣਨ ਵਾਲੇ ਨੂੰ ਆਪਣੇ ਫੋਨ ਤੋਂ 1 ਨੰਬਰ ਡਾਇਲ ਕਰਨ ਲਈ ਕਿਹਾ ਜਾਂਦਾ ਹੈ। ਇਸ ਉਪਰੰਤ ਗਾਹਕ ਸੇਵਾ ਕੇਂਦਰ ਵੱਲੋਂ ਕੋਈ ਸਖ਼ਸ਼ ਗੱਲ ਕਰਨ ਲਗਦਾ ਹੈ ਅਤੇ ਮੁਕੰਮਲ ਤੌਰ ‘ਤੇ ਭਰੋਸੇ ਵਿੱਚ ਲੈਣ ਉਪਰੰਤ ਬੈਂਕ ਦੇ ਖਾਤੇ ਆਦਿ ਬਾਰੇ ਪੁੱਛਗਿੱਛ ਕਰਦਾ ਹੈ। ਇਸ ਆਨਲਾਈਨ ਠੱਗੀ ਦੀ ਸ਼ਿਕਾਰ ਸਕਾਟਲੈਂਡ ਦੀ ਹੀ ਇੱਕ ਔਰਤ ਹੋਈ ਹੈ ਜਿਸ ਕੋਲੋਂ 80000 ਪੌਂਡ ਇਹ ਕਹਿ ਕੇ ਠੱਗ ਲਏ ਗਏ ਕਿ “ਉਸਦਾ ਐਮਾਜ਼ੋਨ ਪ੍ਰਾਈਮ ਖਾਤਾ ਹੈਕ ਹੋ ਗਿਆ ਹੈ ਅਤੇ ਉਸਦੇ ਬੈਂਕ ਖਾਤੇ ਵਿੱਚ ਪਏ ਪੌਂਡ ਕਿਸੇ ਸੁਰੱਖਿਅਤ ਖਾਤੇ ਵਿੱਚ ਤਬਦੀਲ ਕਰਨੇ ਜ਼ਰੂਰੀ ਹਨ।“ ਇਸਤੋਂ ਬਾਅਦ ਠੱਗਾਂ ਨੇ ਆਪਣਾ ਕੋਈ ਖਾਤਾ ਨੰਬਰ ਦੇ ਕੇ ਸਾਰੇ ਪੌਂਡ ਉਸ ਵਿੱਚ ਢੇਰੀ ਕਰਵਾ ਲਏ। ਬੇਸ਼ੱਕ ਇਸ ਤਰ੍ਹਾਂ ਦੀਆਂ ਠੱਗੀਆਂ ਦੀ ਸਕੀਮ ਇੰਗਲੈਂਡ ਵਿੱਚ ਜਾਣੀ ਪਛਾਣੀ ਹੈ ਪਰ ਠੱਗ ਕਿਸਮ ਦੇ ਲੋਕ ਗੱਲਬਾਤ ਰਾਹੀਂ ਠੱਗਣ ਵਿੱਚ ਮਾਹਿਰ ਹੁੰਦੇ ਹਨ।

Art- Scam Calls.resized

ਸਕਾਟਲੈਂਡ ਪੁਲਿਸ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਰਾਹੀਂ ਕਿਹਾ ਗਿਆ ਹੈ ਕਿ ਬੇਸ਼ੱਕ ਤੁਸੀਂ ਖੁਦ ਵੀ ਕਾਲ ਕਰ ਰਹੇ ਹੋਵੋਂ, ਬਿਨਾਂ ਮਤਲਬ ਤੋਂ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਫੋਨ ‘ਤੇ ਗੱਲ ਕਰਦੇ ਵਕਤ ਕਿਸੇ ਨੂੰ ਵੀ ਆਪਣੇ ਬੈਂਕ ਦੇ ਕਾਰਡ ਜਾਂ ਕਰੈਡਿਟ ਕਾਰਡ ਦੀ ਜਾਣਕਾਰੀ ਸਾਂਝੀ ਕਰਨੋਂ ਸੰਕੋਚ ਕਰੋ। ਅਜਿਹੀ ਕਿਸੇ ਵੀ ਫੋਨ ਕਾਲ ‘ਤੇ ਗੱਲ ਅੱਗੇ ਨਾ ਵਧਾਓ ਜਿਸ ਰਾਹੀਂ ਤੁਹਾਨੂੰ ਲਾਟਰੀ ਜਾਂ ਕੋਈ ਹੋਰ ਇਨਾਮ ਜਿੱਤਣ ਦਾ ਚੋਗਾ ਪਾਇਆ ਜਾ ਰਿਹਾ ਹੋਵੇ। ਪੁਲਿਸ ਵੱਲੋਂ ਸਪਸ਼ਟ ਕਿਹਾ ਗਿਆ ਹੈ ਕਿ “ਅਜਿਹੀ ਲਾਟਰੀ ਤੁਹਾਨੂੰ ਕਦੇ ਵੀ ਨਹੀਂ ਨਿੱਕਲੇਗੀ, ਜਿਹੜੀ ਤੁਸੀਂ ਪਾਈ ਹੀ ਨਹੀਂ ਹੈ।“ ਇਨਾਮ ਜਾਂ ਲਾਟਰੀ ਦੀ ਰਾਸ਼ੀ ਦੇਣ ਤੋਂ ਪਹਿਲਾਂ ਟੈਕਸ ਰਾਸ਼ੀ ਜਮ੍ਹਾਂ ਕਰਵਾਉਣ ਦੇ ਨਾਂਅ ‘ਤੇ ਮੰਗੀ ਜਾਂਦੀ ਰਾਸ਼ੀ ਕਦੇ ਵੀ ਨਾ ਦਿਓ। ਸਕਾਟਲੈਂਡ ਪੁਲਿਸ ਵੱਲੋਂ ਮਦਰਵੈੱਲ ਇਲਾਕੇ ਦੇ ਵਸਨੀਕ ਮੁਹੰਮਦ ਰਫੀਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਮਹਿਜ 8 ਮਹੀਨੇ ਵਿੱਚ 33 ਬਜ਼ੁਰਗਾਂ ਕੋਲੋਂ 630000 ਪੌਂਡ ਠੱਗ ਲਏ ਸਨ। ਮੁਹੰਮਦ ਰਫੀਕ ਆਪਣੇ ਆਪ ਨੂੰ ਲੋਕਾਂ ਨਾਲ ਫਰਾਡ ਕਰਨ ਵਾਲਿਆਂ ਦੀ ਛਾਣਬੀਣ ਕਰਨ ਵਾਲਾ ਅਫ਼ਸਰ ਦੱਸ ਕੇ ਭਰੋਸੇ ਵਿੱਚ ਲੈਂਦਾ ਸੀ। ਅੰਤ 34 ਸਾਲਾ ਮੁਹੰਮਦ ਰਫੀਕ ਉਦੋਂ ਪੁਲਿਸ ਅੜਿੱਕੇ ਆ ਗਿਆ ਜਦੋਂ ਉਸਨੇ ਕੈਂਟ ਇਲਾਕੇ ਦੀ ਇੱਕ ਬਜ਼ੁਰਗ ਔਰਤ ਨੂੰ 12000 ਪੌਂਡ ਟਰਾਂਸਫਰ ਕਰਨ ਲਈ ਕਿਹਾ। ਉਸ ਔਰਤ ਨੇ ਪੁਲਿਸ ਨਾਲ ਸੰਪਰਕ ਕਰਕੇ ਦੱਸਿਆ ਕਿ ਇੱਕ ਆਦਮੀ ਆਪਣੇ ਆਪ ਨੂੰ ਫਰਾਡ ਇਨਵੈਸਟੀਗੇਸ਼ਨ ਅਫਸਰ ਦੱਸ ਕੇ ਉਸਨੂੰ ਇੱਕ ਸੁਰੱਖਿਅਤ ਖਾਤੇ ਵਿੱਚ ਪੌਂਡ ਟਰਾਂਸਫਰ ਕਰਨ ਨੂੰ ਕਹਿ ਰਿਹਾ ਹੈ, ਜਦੋਂ ਕਿ ਉਸਦਾ ਕਹਿਣਾ ਹੈ ਕਿ ਉਸਦਾ (ਔਰਤ ਦਾ) ਖਾਤਾ ਠੱਗਾਂ ਵੱਲੋਂ ਹੈਕ ਕਰ ਲਿਆ ਗਿਆ ਹੈ। ਗਲਾਸਗੋ ਪੁਲਿਸ ਵੱਲੋਂ ਇਸੇ ਸਾਲ ਹੀ ਇੱਕ ਆਦਮੀ ਵੱਲੋਂ 65000 ਪੌਂਡ ਦੀ ਠੱਗੀ ਦਾ ਸ਼ਿਕਾਰ ਹੋਣ ਬਾਰੇ ਦੱਸਿਆ ਹੈ। ਇਸ ਸੰਬੰਧੀ ਲੋਕਾਂ ਨੂੰ ਐਮਾਜ਼ੋਨ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਐਮਾਜ਼ੋਨ ਦਾ ਨਾਂਅ ਵਰਤ ਕੇ ਜੇਕਰ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਦੀ ਮੰਗ ਕਰਦਾ ਹੈ ਤਾਂ ਕਦੇ ਵੀ ਵਿਸ਼ਵਾਸ਼ ਨਾ ਕਰੋ। ਲੰਡਨ ‘ਚ ਇਹ ਧੋਖਾਧੜੀ ਇਸ ਕਦਰ ਪੈਰ ਪਸਾਰ ਚੁੱਕੀ ਹੈ ਕਿ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ ਲੰਡਨ ਪੁਲਿਸ ਦੇ ਨੈਸ਼ਨਲ ਫਰਾਡ ਇੰਟੈਲੀਜੈਂਸ ਬਿਊਰੋ ਕੋਲ 23500 ਸ਼ਿਕਾਇਤਾਂ ਆਈਆਂ ਸਨ। ਇੰਗਲੈਂਡ ਦੇ ਲੋਕਾਂ ਨੂੰ ਇੱਕ ਸੈਕਿੰਡ ਵਿੱਚ ਔਸਤਨ 8 ਫਰਾਡ ਕਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਇੱਕ ਮਹੀਨੇ ਵਿੱਚ ਇਹਨਾਂ ਕਾਲਾਂ ਦੀ ਗਿਣਤੀ 21 ਮਿਲੀਅਨ ਤੱਕ ਪਹੁੰਚ ਜਾਂਦੀ ਹੈ।

ਜਦੋਂ ਅੱਜ ਤੋਂ 10 ਵਰ੍ਹੇ ਪਿਛਾਂਹ ਝਾਤ ਮਾਰਦਾ ਹਾਂ ਤਾਂ ਇੱਕ ਦੋਸਤ ਵੱਲੋਂ ਪੰਜਾਬ ਤੋਂ ਕੀਤੀ ਫੋਨ ਕਾਲ ਯਾਦ ਆਉਂਦੀ ਹੈ। ਉਸ ਦੋਸਤ ਨੇ ਮੈਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਉਸਦਾ ਫੋਨ ਨੰਬਰ ਇੰਗਲੈਂਡ ਦੀ ਕਿਸੇ ਲਾਟਰੀ ਵੱਲੋਂ ਚੁਣਿਆ ਗਿਆ ਹੈ ਤੇ ਉਸਨੂੰ ਲਗਭਗ 50 ਹਜ਼ਾਰ ਦੀ ਰਾਸ਼ੀ ਮਿਲਣ ਵਾਲੀ ਹੈ। ਅਸਲ ਗੱਲ ਇਹ ਸੀ ਕਿ ਉਸ ਵੀਰ ਨੂੰ ਫੋਨ ‘ਤੇ ਮੈਸੇਜ ਹੀ ਇਹ ਮਿਲਿਆ ਸੀ ਤੇ ਉਸ “ਅਚਾਨਕ“ ਬਿਨਾਂ ਟਿਕਟ ਖਰੀਦਿਆਂ ਜਿੱਤੀ ਲਾਟਰੀ ਦੀ ਰਾਸ਼ੀ ਦਾ ਬਣਦਾ ਟੈਕਸ ਪਹਿਲਾਂ ਭਰਨ ਦੀ ਬੇਨਤੀ ਵੀ ਕੀਤੀ ਗਈ ਸੀ। ਮੈਂ ਬਹੁਤ ਹੀ ਇਮਾਨਦਾਰੀ ਨਾਲ ਉਸ ਵੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਦੀਆਂ ਫੋਨ ਕਾਲਾਂ, ਈਮੇਲਾਂ ਠੱਗੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦੀਆਂ। ਪਰ ਮੁਫ਼ਤ ‘ਚ ਮਿਲੀ ਸਲਾਹ ਨੂੰ ਅਣਸੁਣਿਆਂ ਕਰਕੇ ਉਸ ਵੀਰ ਨੇ ਟੈਕਸ ਰਾਸ਼ੀ ਠੱਗਾਂ ਵੱਲੋਂ ਦੱਸੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਸਿਤਮ ਦੀ ਗੱਲ ਇਹ ਕਿ ਉਸ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਉਸਨੂੰ ਠੱਗ ਕੌਣ ਗਿਆ? ਲਾਟਰੀ ਵਾਲੀ ਰਾਸ਼ੀ ਮਿਲਣੀ ਤਾਂ ਦੂਰ ਦੀ ਗੱਲ ਸੀ। ਅੱਜ ਬੇਸ਼ੱਕ ਤਕਨੀਕ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਠੱਗ ਵੀ ਇਸੇ ਯੁਗ ‘ਚ ਹੀ ਵਿਚਰਦੇ ਹੋਣ ਕਰਕੇ ਨਾਲੋ ਨਾਲ ਤਰੱਕੀ ਕਰ ਰਹੇ ਹਨ। ਸਿਰਫ ਲੋੜ ਹੈ ਤਾਂ ਫੂਕ ਫੂਕ ਕੇ ਕਦਮ ਪੁੱਟਣ ਦੀ, ਨਹੀਂ ਤਾਂ ਕੋਈ ਪਤਾ ਨਹੀਂ ਕਿ ਕੌਣ ਕਦੋਂ ਤੇ ਕਿੱਥੇ ਤੁਹਾਡੀ ਜੇਬ ਵਿੱਚ ਮੋਰੀਆਂ ਕਰ ਜਾਵੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>