ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਵੀ ਹਾਲਤ ਤਰਸਯੋਗ

ਪੰਜਾਬੀ ਖਾਸ ਤੌਰ ਤੇ ਸਿੱਖ ਆਪਣੇ ਪੁਰਖਿਆਂ ਦੀਆਂ ਧਾਰਮਿਕ ਤੇ ਇਤਿਹਾਸਕ ਯਾਦਗਾਰਾਂ ਬਣਾਉਣ ਵਿਚ ਮੋਹਰੀ ਹਨ ਪ੍ਰੰਤੂ ਉਨ੍ਹਾਂ ਦੀ ਵੇਖ ਭਾਲ ਕਰਨ ਵਿਚ ਫਾਡੀ ਹਨ। ਇਸਦੀ ਤਾਜ਼ਾ ਮਿਸਾਲ ਗਿਆਨੀ ਜ਼ੈਲ ਸਿੰਘ ਵੱਲੋਂ ਬਣਾਏ ਗਏ ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਵੇਖਣ ਤੋਂ ਸ਼ਪਸਟ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮਾਰਗ ਨੂੰ ਬਣਿਆਂ 47 ਸਾਲ ਹੋ ਗਏ ਹਨ। 48ਵਾਂ ਸਾਲ 10 ਅਪ੍ਰੈਲ 2020 ਨੂੰ ਲੱਗ ਗਿਆ ਹੈ ਪ੍ਰੰਤੂ ਗਿਆਨੀ ਜ਼ੈਲ ਸਿੰਘ ਦਾ ਇਸ ਮਾਰਗ ਨੂੰ ਨਾਦੇੜ ਹਜ਼ੂਰ ਸਾਹਿਬ ਤੱਕ ਬਣਾਕੇ ਸਿੱਖ ਧਰਮ ਦੀ ਵਿਚਾਰਧਾਰਾ, ਕੌਮੀ ਏਕਤਾ, ਮਨੁੱਖੀ ਹੱਕਾਂ ਦਾ ਰਖਵਾਲਾ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਬਣਾਉਣ ਦਾ ਸੁਫ਼ਨਾ ਅਧੂਰਾ ਰਹਿ ਗਿਆ ਹੈ।

IMG_2900.resized

ਸਿੱਖ ਧਰਮ ਦੀ ਵਿਚਾਰਧਾਰਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਜ਼ਬਰ ਜ਼ੁਲਮ ਦਾ ਵਿਰੋਧ ਕਰਨ ਦਾ ਵੀ ਪ੍ਰਤੀਕ ਹੈ। ਦਸਮ ਪਾਤਸ਼ਾਹ ਵੱਲੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਕੁਰਬਾਨੀ ਦੇਣ ਲਈ ਦਿੱਲੀ ਭੇਜਕੇ ਤਿਲਕ ਜੰਝੂ ਦਾ ਰਾਖਾ ਬਣਾਇਆ ਅਤੇ ਹਿੰਦ ਦੀ ਚਾਦਰ ਕਹਾਇਆ, ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਚਮਕੌਰ ਦੀ ਲੜਾਈ ਵਿਚ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਜੰਗੇ ਮੈਦਾਨ ਵਿਚ ਭੇਜਣਾ ਤੇ ਉਥੇ ਉਨ੍ਹਾਂ ਦਾ ਸ਼ਹੀਦੀ ਪ੍ਰਾਪਤ ਕਰਨਾ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦਾ ਧਰਮ ਦੀ ਰਾਖੀ ਲਈ ਸ਼ਹੀਦੀ ਜਾਮ ਪੀਣਾ, ਮਾਛੀਵਾੜਾ ਤੋਂ ਗੁਰੂ ਜੀ ਨੂੰ ਦੋ ਪਠਾਨ ਭਰਾਵਾਂ ਗਨੀ ਖਾਂ ਤੇ ਨਬੀ ਖ਼ਾਂ ਨੇ ਆਪਣੇ ਘੋੜਿਆਂ ਤੇ ਆਲਮਗੀਰ ਲੈ ਕੇ ਜਾਣਾ, ਕਾਜ਼ੀ ਪੀਰ ਮੁਹੰਮਦ ਤੋਂ ਫਾਰਸੀ ਸਿਖਣਾ ਤੇ ਗੁਰੂ ਜੀ ਦੇ ਨਾਲ ਰਹਿਣਾ, ਆਲਮਗੀਰ ਭਾਈ ਨੌਧਾ ਦਾ ਅਗੇ ਜਾਣ ਲਈ ਗੁਰੂ ਜੀ ਨੂੰ ਘੋੜਾ ਦੇਣਾ, ਰਾਏਕੋਟ ਵਿਖੇ ਰਾਏ ਕਲ੍ਹਾ ਦਾ ਗੁਰੂ ਜੀ ਨੂੰ ਆਪਣੇ ਘਰ ਲਿਜਾਣਾ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਖ਼ਬਰਸਾਰ ਲੈਣ ਲਈ ਸਰਹੰਦ ਪਿਆਦਾ ਭੇਜਣਾ ਅਤੇ ਦੀਨਾ ਕਾਂਗੜ ਵਿਖੇ ਸ਼ਮੀਰਾ, ਲਖ਼ਮੀਰਾ ਤੇ ਤਖ਼ਤ ਮੱਲ ਵੱਲੋਂ ਉਨ੍ਹਾਂ ਨੂੰ ਨਿਵਾਜਣਾ,  ਇਸ ਤੋਂ ਵੱਡਾ ਧਰਮ ਨਿਰਪੱਖਤਾ ਦਾ ਸਬੂਤ ਕੀ ਹੋ ਸਕਦਾ ਹੈ ? ਅੱਜ ਦਿਨ ਜਦੋਂ ਕਿ ਧਾਰਮਿਕ ਕੱਟੜਤਾ ਦਾ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਹੈ ਤਾਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦੀ ਲੋੜ ਹੈ। ਜੇਕਰ ਇਹ ਮਾਰਗ ਨਾਦੇੜ ਹਜ਼ੂਰ ਸਾਹਿਬ ਤੱਕ ਮੁਕੰਮਲ ਹੋਇਆ ਹੁੰਦਾ ਤਾਂ ਸਾਰੇ ਦੇਸ ਵਿਚ ਸਿੱਖ ਵਿਚਾਰਧਾਰਾ ਸੰਪਰਦਾਇਕ ਸਦਭਾਵਨਾ ਬਣਾਈ ਰੱਖਣ ਲਈ ਲਾਭਦਾਇਕ ਸਾਬਤ ਹੋ ਸਕਦੀ ਸੀ।

ਸੰਸਾਰ ਵਿਚ ਅਨੇਕਾਂ ਧਰਮ ਅਤੇ ਉਨ੍ਹਾਂ ਦੇ ਪੈਰੋਕਾਰ ਮੌਜੂਦ ਹਨ। ਹਰ ਇਕ ਧਰਮ ਦੇ ਪੈਰੋਕਾਰ ਆਪੋ ਆਪਣੇ ਧਰਮ ਨੂੰ ਸੰਸਾਰ ਦਾ ਸਰਵੋਤਮ ਧਰਮ ਮੰਨਦੇ ਹਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਧਰਮ ਹੈ। ਇਸਨੂੰ ਹੋਂਦ ਵਿਚ ਆਇਆਂ ਅਜੇ 500 ਸਾਲ ਹੀ ਹੋਏ ਹਨ। ਸਿੱਖ ਜਗਤ ਸੰਸਾਰ ਵਿਚ ਭਾਵੇਂ ਕਿਤੇ ਵੀ ਬੈਠਾ ਹੈ, ਉਸਨੇ ਪਿਛਲੇ ਸਾਲ ਭਰ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਹੈ। ਸਿੱਖ ਆਪਣੇ ਧਰਮ ਅਤੇ ਧਰਮ ਦੇ 10 ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਆਪੋ ਆਪਣੇ ਢੰਗ ਨਾਲ ਕੋਸ਼ਿਸ਼ ਕਰ ਰਹੇ ਹਨ। ਸਿੱਖ ਜਗਤ ਨੇ ਆਪਣੇ ਗੁਰੂ ਸਾਹਿਬਾਨ ਦੇ ਨਾਮ ਤੇ ਵਿਦਿਅਕ ਅਦਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਸਥਾਪਤ ਕੀਤੀਆਂ ਹਨ, ਜਿਹੜੀਆਂ ਆਪਣੇ ਗੁਰੂ ਸਾਹਿਬਾਨ ਦੀ ਯਾਦ ਨੂੰ ਤਾਜ਼ਾ ਰੱਖਦੀਆਂ ਹਨ ਪ੍ਰੰਤੂ ਬਹੁਤ ਥੋੜ੍ਹੀਆਂ ਚੋਣਵੀਆਂ ਸੰਸਥਾਵਾਂ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਖੋਜ ਕਰਨ ਦਾ ਕੰਮ ਹੋ ਰਿਹਾ ਹੈ। ਜਿਥੇ ਕਿਤੇ ਹੋ ਵੀ ਰਿਹਾ ਹੈ, ਉਹ ਵੀ ਵਿਦਵਾਨਾ ਦੀ ਆਪਸੀ ਖਹਿਬਾਜ਼ੀ ਅਤੇ  ਬਾਬੂਸ਼ਾਹੀ ਦੀ ਚੁੰਗਲ ਵਿਚ ਫਸ ਕੇ ਰਹਿ ਗਿਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਰੀ ਉਮਰ ਜ਼ੁਲਮ ਦੇ ਵਿਰੁਧ ਲੜਦੇ ਰਹੇ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਕੁਰਬਾਨੀ ਵੀ ਦੇਣੀ ਪਈ। ਪੰਜਾਬ ਦੇ ਸਾਰੇ ਸਿਆਸਤਦਾਨਾ ਨੇ ਆਪੋ ਆਪਣੇ ਢੰਗ ਨਾਲ ਗੁਰੂ ਸਾਹਿਬਾਨ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਦਮ ਕੀਤੇ ਹਨ। ਸਭ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ 19 69 ਵਿਚ, ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ ਪੁਰਬ ਤੇ ਅੰਮਿ੍ਰਤਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਉਸਤੋਂ ਬਾਅਦ ਗਿਆਨੀ ਜ਼ੈਲ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਥਾਪਤ ਕੀਤਾ। ਮੋਹਾਲੀ ਦਾ ਨਾਮ ਬਦਲਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖਿਆ। ਚੰਡੀਗੜ੍ਹ ਵਿਚ ਵੀ ਗੁਰੂ ਗੋਬਿੰਦ ਸਿੰਘ ਕਾਲਜ ਸਥਾਪਤ ਕੀਤਾ ਗਿਆ ਹੈ। ਗਿਆਨੀ ਜ਼ੈਲ ਸਿੰਘ ਦਾ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਨਾਦੇੜ ਹਜ਼ੂਰ ਸਾਹਿਬ ਮਹਾਰਾਸ਼ਟਰ ਤੱਕ ਉਸ ਰਸਤੇ ਨੂੰ ਬਣਾਉਣਾ ਚਾਹੁੰਦੇ ਸਨ, ਜਿਸ ਰਸਤੇ ਸ੍ਰੀ ਗੁਰੂ ਗੋਬਿੰਦ ਸਿੰਘ  ਜੀ ਮੁਗਲਾਂ ਨਾਲ ਚਮਕੌਰ ਦੀ ਗੜ੍ਹੀ ਵਿਚ ਲੜਾਈ ਕਰਕੇ ਦੋਵੇਂ ਵੱਡੇ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਕਈ ਪਿੰਡਾਂ ਵਿਚ ਠਹਿਰਦੇ ਹੋਏ ਨਾਦੇੜ ਪਹੁੰਚੇ ਸਨ ਤੇ ਮੁੜਕੇ ਪੰਜਾਬ ਵਾਪਸ ਨਹੀਂ ਆ ਸਕੇ, ਉਥੋਂ ਤੱਕ ਇਹ ਮਾਰਗ ਬਣਾਇਆ ਜਾਣਾ ਸੀ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਸਾਹਿਬ ਦੀ ਯਾਦ ਤਾਜ਼ਾ ਰਹੇ। ਪ੍ਰੰਤੂ ਉਨ੍ਹਾਂ ਪੰਜਾਬ ਵਿਚ ਜਿਹੜੇ 91 ਥਾਵਾਂ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਤੱਕ ਜਾਂਦੇ ਹੋਏ ਠਹਿਰਕੇ ਰਾਤਾਂ ਕੱਟੀਆਂ ਸਨ, ਉਨ੍ਹਾਂ ਥਾਵਾਂ ਤੇ ਉਸਾਰੇ ਗੁਰੂ ਘਰਾਂ ਤੱਕ ਇਹ ਮਾਰਗ ਬਣਾਇਆ ਗਿਆ ਤਾਂ ਜੋ ਸੰਗਤ ਉਨ੍ਹਾਂ ਗੁਰੂ ਘਰਾਂ ਦੇ ਦਰਸ਼ਨ ਕਰ ਸਕੇ। ਇਤਨੀ ਦੇਰ ਨੂੰ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਟੁੱਟ ਗਈ, ਭਾਵੇਂ ਬਾਅਦ ਵਿਚ ਗਿਆਨੀ ਜੀ ਭਾਰਤ ਦੇ ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਵੀ ਰਹੇ ਪ੍ਰੰਤੂ ਇਸ ਪ੍ਰਾਜੈਕਟ ਨੂੰ ਮੁਕੰਮਲ ਨਹੀਂ ਕਰ ਸਕੇ।

ਉਨ੍ਹਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜਦੋਂ 2002 ਵਿਚ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨਾਦੇੜ ਸਾਹਿਬ ਤੱਕ ਮਾਰਗ ਬਣਾਉਣ ਦਾ ਸਰਵੇ ਪ੍ਰੋ ਮੇਵਾ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਵਾਇਆ ਸੀ। ਮਾਰਗ ਕਿਸ ਰਸਤੇ ਤੇ ਬਣਾਇਆ ਜਾਣਾ ਸੀ, ਉਸਦੀ ਪਛਾਣ ਵੀ ਕਰ ਲਈ ਸੀ। ਉਸਦਾ ਦਾ ਨਕਸ਼ਾ ਵੀ ਤਿਆਰ ਹੋ ਗਿਆ ਸੀ। ਇਸ ਪ੍ਰਾਜੈਕਟ ਦੀ ਫਾਈਲ ਅਜੇ ਵੀ ਸਰਕਾਰੀ ਰਿਕਾਰਡ ਦੀ ਸ਼ੋਭਾ ਵਧਾਉਂਦੀ ਗੁਆਚ ਗਈ ਹੈ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਆਰਥਿਕ ਹਾਲਤ ਪਤਲੀ ਹੋਣ ਕਰਕੇ ਇਸ ਪਾਸੇ ਕੁਝ ਵੀ ਨਹੀਂ ਕਰ ਸਕਿਆ। ਹੋਰ ਕਿਸੇ ਸਰਕਾਰ ਨੇ ਦਿਲਚਸਪੀ ਨਹੀਂ ਲਈ, ਜਿਸ ਕਰਕੇ ਇਹ ਮਾਰਗ ਮੁਕੰਮਲ ਨਹੀਂ ਹੋ ਸਕਿਆ, ਹਾਲਾਂ ਕਿ ਤਿੰਨ ਵਾਰ ਅਕਾਲੀ ਦਲ ਅਤੇ ਚਾਰ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿਚ ਰਹੀ। ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਅਨੁਸਾਰ ਭੁਪਿੰਦਰ ਸਿੰਘ ਹੁਡਾ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦਮਦਮਾ ਸਾਹਿਬ ਤੋਂ ਸਿਰਸਾ ਤੱਕ ਇਹ ਮਾਰਗ ਬਣਾ ਦਿੱਤਾ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਬਣਿਆਂ ਹੈ, ਉਸਦੀ ਵੀ ਹਾਲਤ ਮਾੜੀ ਹੈ। ਲਿਪਾ ਪੋਚੀ ਤੋਂ ਸਿਵਾਏ ਸਹੀ ਢੰਗ ਨਾਲ ਕਦੀਂ ਮੁਰੰਮਤ ਹੀ ਨਹੀਂ ਹੋਈ। ਹੁਣ ਪਤਾ ਲੱਗਾ ਹੈ ਕਿ ਮੀਲ ਪੱਥਰਾਂ ਤੇ ਕਲੀ ਕੂਚੀ ਕੀਤੀ ਗਈ ਹੈ। ਉਸਦੀ ਮੁਰੰਮਤ ਸਥਾਨਕ ਪ੍ਰਬੰਧ ਦੇ ਜ਼ਿੰੰਮੇ ਦੇ ਦਿੱਤੀ ਗਈ, ਜਿਸ ਇਲਾਕੇ ਵਿਚੋਂ ਇਹ ਮਾਰਗ ਲੰਘ ਰਿਹਾ ਹੈ। ਸਥਾਨਕ ਪ੍ਰਬੰਧ ਅਤੇ ਵਿਧਾਨਕਾਰਾਂ ਦੀਆਂ ਆਪਣੀਆਂ  ਤਰਜੀਹਾਂ ਹੁੰਦੀਆਂ ਹਨ। ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਪੂਰੇ 577 ਕਿਲੋਮੀਟਰ ਦੀ ਮੁਰੰਮਤ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਇਕ ਕਿਸਮ ਨਾਲ ਨਮੂਨੇ ਦਾ ਮਾਰਗ ਹੋਣਾ ਚਾਹੀਦਾ ਹੈ। ਸ੍ਰ ਬੇਅੰਤ ਸਿੰਘ ਨੇ ਫਤਿਹਗੜ੍ਹ ਸਾਹਿਬ ਅਤੇ ਮਾਨਸਾ ਨੂੰ ਜਿਲ੍ਹੇ ਬਣਾਕੇ ਸ਼ਰਧਾਂਜਲੀ ਭੇਂਟ ਕੀਤੀ ਸੀ। ਪਰਕਾਸ਼ ਸਿੰਘ ਬਾਦਲ ਨੇ ਆਨੰਦਪੁਰ ਅਜੂਬਾ, ਵੱਡਾ ਤੇ ਛੋਟਾ ਘਲੂਘਾਰਾ ਅਤੇ ਬੰਦਾ ਬਹਾਦਰ ਦੀਆਂ ਯਾਦਗਾਰਾਂ ਬਣਾਈਆਂ ਹਨ।

ਗਿਆਨੀ ਜ਼ੈਲ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਇੱਕ ਮਜ਼ਦੂਰ ਤੋਂ 10 ਅਪ੍ਰੈਲ 1973 ਨੂੰ ਕਰਵਾਇਆ ਸੀ। ਇਹ ਮਾਰਗ 18 ਫੁੱਟ ਚੌੜਾ ਅਤੇ 577 ਕਿਲੋਮੀਟਰ ਲੰਮਾ ਹੈ, ਜਿਸ ਉਪਰ  20 ਪੈਂਟਾਗਨ ਸ਼ੇਪ ਦੇ ਦਸ਼ਮੇਸ਼ ਸਤੰਭ ਬਣਾਏ ਗਏ ਹਨ ਅਤੇ ਲਗਪਗ ਇਤਨੇ ਹੀ ਗੇਟ ਬਣਾਏ ਗਏ ਸਨ। ਇਨ੍ਹਾਂ ਸਤੰਭਾਂ ਉਪਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਦਸਮ ਗ੍ਰੰਥ ਵਿਚੋਂ ਸ਼ਬਦ ਲਿਖੇ ਗਏ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਸਦੀ ਮਹੱਤਤਾ ਬਾਰੇ ਜਾਣਕਾਰੀ ਮਿਲਦੀ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ 1705 ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਦਮਦਮਾ ਸਾਹਿਬ 47 ਦਿਨ ਵਿਚ ਪਹੁੰਚੇ ਸਨ। ਇਸ ਮਾਰਗ ਦਾ ਨਕਸ਼ਾ ਪ੍ਰਸਿੱਧ ਚਿਤਰਕਾਰ ਤਿ੍ਰਲੋਕ ਸਿੰਘ ਨੇ 1972 ਵਿਚ ਆਪਣੇ ਤੌਰ ਤੇ ਬਣਾਇਆ ਸੀ। ਤਿ੍ਰਲੋਕ ਸਿੰਘ ਸ੍ਰੀ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਸਾਈਕਲ ਤੇ ਗਿਆ ਤੇ ਨਕਸ਼ਾ ਤਿਆਰ ਕੀਤਾ। ਬਾਅਦ ਵਿਚ ਸਰਕਾਰ ਨੇ ਇਹੋ ਨਕਸ਼ਾ ਅਡਾਪਟ ਕਰ ਲਿਆ। ਜਿਹੜਾ ਕਿਤਾਬਚਾ ਭਾਸ਼ਾ ਵਿਭਾਗ ਪੰਜਾਬ ਨੇ ਪ੍ਰਕਾਸ਼ਤ ਕੀਤਾ ਸੀ, ਉਸਦਾ ਸਤੰਭਾਂ, ਗੇਟਾਂ ਅਤੇ ਮੀਲ ਪੱਥਰਾਂ ਦੇ ਕਿਲ੍ਹਾ ਟਾਈਪ ਡੀਜਜ਼ਈਨ ਸਾਰੇ ਤਿ੍ਰਲੋਕ ਸਿੰਘ ਨੇ ਬਣਾਏ ਗਏ ਸਨ। ਇਸ ਮਾਰਗ ਦੀ ਯਾਤਰਾ ਦੀ ਅਗਵਾਈ ਵੀ ਪੰਜ ਪਿਆਰੇ ਕਰ ਰਹੇ ਸਨ। ਜਲੂਸ ਵਿਚ ਨਾਦੇੜ ਹਜ਼ੂਰ ਸਾਹਿਬ ਮਹਾਰਾਸ਼ਟਰ ਤੋਂ ਗੁਰੂ ਗੋਬਿੰਦ ਸਿੰਘ ਦੇ ਘੋੜਿਆਂ ਦੀ ਨਸਲ ਦੇ ਦੋ ਘੋੜੇ ਦਿਲਬਾਗ ਅਤੇ ਸ਼ਾਹਬਾਜ਼ ਮੰਗਵਾਏ ਗਏ, ਜਿਹੜੇ ਜਲੂਸ ਵਿਚ ਸ਼ਾਮਲ ਸਨ।  ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਵੀ ਜਲੂਸ ਵਿਚ ਸੰਗਤਾਂ ਦੇ ਦਰਸ਼ਨਾ ਲਈ ਲਿਜਾਏ ਗਏ ਸਨ। ਜਲੂਸ ਵਿਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ, ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ, ਕੇਂਦਰੀ ਮੰਤਰੀ ਨੂਰਲ ਹਸਨ, ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖੀ , ਪੰਜਾਬ ਦਾ ਸਾਰਾ ਮੰਤਰੀ ਮੰਡਲ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤ ਸ਼ਾਮਲ ਹੋਈ ਸੀ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪਰਕਾਸ਼ ਸਿੰਘ ਬਾਦਲ ਤਿੰਨੋ ਦਿਨ ਜਲੂਸ ਵਿਚ ਹਾਜ਼ਰ  ਰਹੇ। ਇਹ ਜਲੂਸ 21 ਕਿਲੋਮੀਟਰ ਲੰਬਾ ਸੀ। ਤਿੰਨ ਦਿਨ ਵਿਚ ਗੁਰੂ ਗੋਬਿੰਦ ਸਿੰਘ ਮਾਰਗ ਦਾ ਜਲੂਸ ਵਿਸਾਖੀ ਵਾਲੇ ਦਿਨ ਤਖ਼ਤ ਦਮਦਮਾ ਸਾਹਿਬ ਪਹੁੰਚਿਆ। ਇਸ ਜਲੂਸ ਵਿਚ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਨੌਂ ਮਹੀਨੇ ਰਹੇ। ਇਥੇ ਹੀ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਸੀ, ਜਿਸਨੂੰ ਦਮਦਮਾ ਵਾਲੀ ਬੀੜ ਕਿਹਾ ਜਾਂਦਾ ਹੈ। ਗੁਰੂ ਜੀ ਨੇ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਦਾ ਖ਼ਿਤਾਬ ਦਿੱਤਾ ਸੀ। ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਦੀਆਂ ਮਹਿਲ ਉਨ੍ਹਾਂ ਨੂੰ ਆਖ਼ਰੀ ਵਾਰ ਦਮਦਮਾ ਸਾਹਿਬ ਆ ਕੇ ਹੀ ਮਿਲੀਆਂ ਸਨ। ਇਸ ਮਾਰਗ ਦੀ ਮਹੱਤਤਾ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੂੰ ਦਿਲਚਸਪੀ ਲੈ ਕੇ ਪ੍ਰੀ ਮਿਕਸ ਪਾ ਕੇ ਮੁਰੰਮਤ ਕੀਤਾ ਜਾਵੇ। ਸਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>