ਵਿਵਾਦਿਤ ਸਹਾਇਕ ਹੈੱਡ ਗ੍ਰੰਥੀ ਦੀ ਨਿਯੁਕਤੀ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਵੱਲੋਂ ਵਿਵਾਦਿਤ ਸਹਾਇਕ ਹੈੱਡ ਗ੍ਰੰਥੀ ਦੀ ਨਿਯੁਕਤੀ ਦਾ ਮਾਮਲਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਹੈ ਉੱਥੇ ਹੀ ਪੰਥਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਮਾਣ ਮਰਿਆਦਾ ਨੂੰ ਬਹਾਲ ਰਖਣ ਲਈ ਉਕਤ ਗ੍ਰੰਥੀ ਦੀ ਨਿਯੁਕਤੀ ਪ੍ਰਤੀ ਮੁੜ ਵਿਚਾਰ ਕਰਦਿਆਂ ਚਰਚਾਵਾਂ ਅਤੇ ਅਫ਼ਵਾਹਾਂ ਨੂੰ ਵਿਰਾਮ ਦੇਣ ਲਈ ਠੋਸ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ।

26 Sri Akal Takhat sahib nu mang Patter.resized

ਸਿਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਪ੍ਰੋ: ਸਰਚਾਂਦ ਸਿੰਘ ਅਤੇ ਬਾਬਾ ਬੁੱਢਾ ਜੀ ਹਿਊਮੈਨਿਟੀ ਕਲੱਬ ਰਜਿ: , ਰਮਦਾਸ, ਅਜਨਾਲਾ ਦੇ ਆਗੂਆਂ ਡਾ: ਹਰਪ੍ਰੀਤ ਸਿੰਘ ਕਲੇਰ, ਰਾਜਵਿੰਦਰ ਸਿੰਘ ਰਾਜਾ, ਭਾਈ ਤੇਜਬੀਰ ਸਿੰਘ ਰੰਧਾਵਾ, ਗੁਰਦੇਵ ਸਿੰਘ ਫ਼ੌਜੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਵਿਖੇ ਅਧਿਕਾਰੀ ਸ: ਚਰਨਦੀਪ ਸਿੰਘ ਨੂੰ ਵੱਖ ਵੱਖ ਮੰਗ ਪੱਤਰ ਸੋਪਿਆ ਗਿਆ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਈ-ਮੇਲਾਂ ਰਾਹੀਂ ਮੰਗ ਪੱਤਰ ਪੁੱਜਦਾ ਕੀਤਾ ਗਿਆ।

ਆਗੂਆਂ ਨੇ ਪੱਤਰਾਂ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਲ ਹੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਵ ਨਿਯੁਕਤ ਐਡੀਸ਼ਨਲ ਹੈੱਡ ਗ੍ਰੰਥੀ ਪ੍ਰਤੀ ਸੋਸ਼ਲ ਮੀਡੀਆ ‘ਤੇ ਚਲ ਰਹੀਆਂ ਚਰਚਾਵਾਂ ਅਤੇ ਵਿਵਾਦ ਇਕ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ। ਅਹਿਮ ਧਾਰਮਿਕ ਅਹੁਦਿਆਂ ‘ਤੇ ਨਿਯੁਕਤ ਕਿਸੇ ਵੀ ਵਿਅਕਤੀ ‘ਤੇ ਕੋਈ ਜਨਤਕ ਤੌਰ ‘ਤੇ ਗੈਰ ਇਖ਼ਲਾਕੀ ਜੀਵਨ ਵਾਲਾ ਹੋਣ ਦਾ ਦੋਸ਼ ਲਾ ਇਆ ਜਾ ਰਿਹਾ ਹੋਵੇ ਅਤੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੋਵੇ ਤਾਂ ਇਹ ਨਾ ਕੇਵਲ ਅਫ਼ਸੋਸ ਤੇ ਸ਼ਰਮਨਾਕ ਸਗੋਂ ਕੌਮ ਲਈ ਵੀ ਨਮੋਸ਼ੀ ਵਾਲੀ ਗਲ ਹੈ। ਇਹ ਅਜਿਹੇ ਵਿਵਾਦਿਤ ਵਿਅਕਤੀ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਚ ਪਦਵੀ ‘ਤੇ ਨਿਯੁਕਤੀ ਕਾਰਨ ਪੈਦਾ ਹੋਏ ਵਿਵਾਦ ਅਤੇ ਸੋ ਸੋਸ਼ਲ ਮੀਡੀਆ ‘ਤੇ  ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਡਾਈ ਜਾ ਰਹੀ ਖਿੱਲੀ ਨਾਲ ਸਿੱਖ ਪੰਥ ਦੀਆਂ ਭਾਵਨਾਵਾਂ ਵਲੂੰਧਰੀਆਂ ਜਾ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਅਜਿਹੇ ਵਿਵਾਦ ਨੂੰ ਵਿਰਾਮ ਦੇਣ ਲਈ ਠੋਸ ਕਦਮ ਚੁੱਕਣ ਅਤੇ ਢੁਕਵਾਂ ਹੱਲ ਲੱਭਿਆ ਜਾਵੇ। ਉਨ੍ਹਾਂ ਕਿਹਾ ਕਿ ਹੈੱਡ ਗ੍ਰੰਥੀ ਦੇ ਹੁੰਦਿਆਂ ਐਡੀ: ਹੈੱਡ ਗ੍ਰੰਥੀ ਨਿਯੁਕਤ ਕਰਨਾ ਹੀ ਸ਼ੱਕ ਦੇ ਘੇਰੇ ਵਿਚ ਹੈ। ਕਿਸੇ ਵੀ ਗੈਰ ਇਖ਼ਲਾਕੀ ਵਿਅਕਤੀ ਦਾ ਸ੍ਰੀ ਅਕਾਲ ਤਖਤ ਸਾਹਿਬ ਵਰਗੇ ਮਹਾਨ ਤੇ ਪੰਥ ਦੀ ਸਰਵਉੱਚ ਸਿਰਮੌਰ ਅਸਥਾਨ ‘ਤੇ ਸੇਵਾ ਗ੍ਰਹਿਣ ਕਰਨਾ / ਕਰਾਉਣਾ ਪੰਥਕ ਅਸੂਲਾਂ ਤੇ ਪਰੰਪਰਾ ਦੀ ਤੌਹੀਨ ਹੋਵੇਗੀ। ਅਜਿਹੀ ਸਥਿਤੀ ਵਿਚ ਉਕਤ ਕੇਸ ( ਸਾਰੇ ਸਬੂਤ ਅਜ ਵੀ ਮੌਜੂਦ ਹਨ) ਪ੍ਰਤੀ ਤੁਰੰਤ ਡੂੰਘਾਈ ‘ਚ ਜਾ ਕੇ ਪੂਰੀ ਤਰਾਂ ਪੜਤਾਲ ਕਰਾਉਂਦਿਆਂ ਸੰਗਤ ਸਾਹਮਣੇ ਪੂਰੀ ਸਚਾਈ ਰਖੀ ਜਾਵੇ।

ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਉਕਤ ਗ੍ਰੰਥੀ ਦੀ ਨਵ ਨਿਯੁਕਤੀ ਬਾਰੇ 16 ਅਪ੍ਰੈਲ 2020 ਨੂੰ ਬਠਿੰਡਾ ਤੋਂ ਪ੍ਰਸਾਰਿਤ ‘ਰੇਡੀਉ ਪੰਜਾਬ ਟੂਡੇ’ ਦੇ ਪ੍ਰੋਗਰਾਮ ਸ਼ਮ੍ਹਾਦਾਨ ਦੇ ਸਬ ਟਾਈਟਲ ”ਤੁਰਕਣੀ ਨਾਲ ਯੁੱਧ ਕਰਨ ਵਾਲੇ ਯੋਧੇ ਨੂੰ ਐੱਸ ਜੀ ਪੀ ਸੀ ‘ਚ ਮਿਲਿਆ ਵੱਡਾ ਅਹੁਦਾ” ਵਿਚ ਪ੍ਰੋਗਰਾਮ ਦੇ ਹੋਸਟ ਸਵਰਣ ਸਿੰਘ ਦਾਨੇਵਾਲੀਆ ਨਾਲ ਗੱਲਬਾਤ ਕਰਦਿਆਂ ਪੱਤਰਕਾਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ”ਅਜ ਬੜੇ ਅਫ਼ਸੋਸ ਦੀ ਗਲ ਹੈ ਕਿ ਇਕ ਗ੍ਰੰਥੀ ( ਬਿਨਾ ਨਾਮ ਲਏ) ਨੂੰ ਇਹੋ ਜਿਹੇ ਅਹੁਦੇ ‘ਤੇ ਲਾ ਦਿਤਾ ਗਿਆ, ਜੱਦੋ ਉਹ ਵਿਦੇਸ਼ ਗਿਆ (ਸੰਨ 2014) ਸੀ ਉੱਥੋਂ ਦੀ ਇਕ ਰਾਗੀ ਦੀ ਪਤਨੀ ਨਾਲ ‘ਫੜਿਆ’ ਗਿਆ।  ਗੱਲਬਾਤ ਬਾਹਰ ਨਿਕਲੀ ਤੇ ਜੱਦੋ ਇੱਥੇ (ਸੁਦੇਸ਼) ਵਾਪਸ ਪਹੁੰਚਿਆ ਤਾਂ ਉਸ ਨੇ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਤਨਖ਼ਾਹ ਲਵਾਈ ਜੋ ਕਿ ਰਿਕਾਰਡ ‘ਤੇ ਹਨ ( ਤਤਕਾਲੀ ਪੰਜ ਪਿਆਰਿਆਂ ਤੋਂ ਸਚਾਈ ਤਸਦੀਕ ਕੀਤੀ ਜਾ ਸਕਦੀ ਹੈ) । ਇੰਨੇ ਵਡੇ ਧਾਰਮਿਕ ਅਹੁਦੇ ‘ਤੇ ਬੈਠਾ, ਉਸ ਨੂੰ ਕੁਰਹਿਤ ਬਦਲੇ ਮੁਆਫ਼ੀ ਦੇ ਦਿਤੀ ਗਈ, ਫਿਰ ਸੁੱਚਾ ਸਿੰਘ ਲੰਗਾਹ ( ਕੁਰਹਿਤ ਕਾਰਨ ਹੀ ਪੰਥ ਵਿਚੋਂ ਛੇਕਿਆ ਹੋਇਆ) ਨੂੰ ਕਿਉ ਨਹੀਂ ਦਿਤੀ ਗਈ। ਉਸ ਨੂੰ ਵੀ ਦਿੳ, ਉਹ ਤਾਂ ਮੁਆਫ਼ੀ ਮੰਗਣ ਨੂੰ ਵੀ ਤਿਆਰ ਹੈ। ਸਜਾ ਭੁਗਤਣ ਨੂੰ ਵੀ ਤਿਆਰ ਹੈ। ਉਸ ਵੱਲੋਂ ਦਰਖਾਸਤਾਂ ਵੀ ਦਿੱਤੀਆਂ ਗਈਆਂ। ” ਸ: ਪੱਟੀ ਅਗੇ ਕਹਿੰਦਾ ਹੈ ਕਿ ”ਅਜ(16 ਅਪ੍ਰੈਲ) ਕਿਸੇ ਸਾਬਕਾ ਸਕੱਤਰ ( ਸ਼੍ਰੋਮਣੀ ਕਮੇਟੀ) ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਉਕਤ ਬਾਰੇ ਗੱਲਬਾਤ ਕੀਤੀ, ਕਿ ਇਸ ਬੰਦੇ ਨੂੰ ਐੱਸ ਅਹੁਦੇ ‘ਤੇ ਲਾਇਆ ਗਿਆ ਜਿਸ ਬਾਰੇ ਇਹ ਸ਼ਿਕਾਇਤ ਹੈ। ਪੰਜ ਪਿਆਰਿਆਂ ਕੋਲ ਤਨਖ਼ਾਹ ਲਵਾਉਣਾ ਰਿਕਾਰਡ ‘ਤੇ ਹੈ। ਉੱਥੇ ਜਥੇਦਾਰ ਨੇ ਉਸ ਵਿਅਕਤੀ ਨੂੰ ਜਵਾਬ ਦਿਤਾ ਕਿ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਆਈ। ਮੈ ਕਿਵੇਂ ਕਾਰਵਾਈ ਕਰਾਂ? ਜਿਸ ‘ਤੇ ਉਕਤ ਸਾਬਕਾ ਸਕੱਤਰ ਨੇ ਜਥੇਦਾਰ ਜੀ ਨੂੰ ਬੇਨਤੀ ਕੀਤੀ ਕਿ ਇਹ ਇਕ ਵੱਡੀ ਘਟਨਾ ਹੈ, ਤੁਸੀ ਆਪਣੇ ਪੱਧਰ ‘ਤੇ ਪੜਤਾਲ ਕਰਾਓ, ਕਾਰਵਾਈ ਕਰਨੀ ਬਣਦੀ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਉਕਤ ਪੋਸਟ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਹਾਲ ਹੀ ਵਿਚ ਨਿਯੁਕਤ ਇਕ ਅਡੀ: ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਵੱਲੋਂ 17 ਅਪ੍ਰੈਲ ੨੦੨੦ ਨੂੰ ਆਪਣੇ ਫੇਸਬੁਕ ਅਕਾਉਂਟ ”ਭਾਈ ਮਲਕੀਤ ਸਿੰਘ ਖਾਲਸਾ” ਤੋਂ ਇਕ ਵੀਡੀਓ ਵਾਇਰਲ ਕਰਦਿਆਂ ਕੁੱਝ ਲੋਕਾਂ ਵੱਲੋਂ ਉਸ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਨੂੰ ਮਨਘੜਤ ਕਰਾਰ ਦਿੰਦਿਆਂ ਇਕ ਨਿੱਜੀ ਰੇਡੀਉ ਚੈਨਲ ਅਤੇ ਪੱਤਰਕਾਰ ਨੂੰ 19 ਅਪ੍ਰੈਲ ਤਕ ਖਿਮਾ ਯਾਚਨਾ ਕਰਨ ਜਾਂ ਬਣਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿਤੀ ਗਈ।( ਬੇਸ਼ੱਕ ਮੁਆਫ਼ੀ ਮੰਗਣ ਲਈ ਦਿਤਾ ਗਿਆ ਸਮਾਂ ਬੀਤ ਜਾਣ ‘ਤੇ ਵੀ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਕਰਨ ਦੀ ਕੋਈ ਵੀ ਗਲ ਹੁਣ ਤਕ ਸਾਹਮਣੇ ਨਹੀਂ ਆਈ। )

ਇਸ ਦੇ ਜਵਾਬ ਵਿਚ ਉਕਤ ਰੇਡੀਉ ਚੈਨਲ ਵੱਲੋਂ 25 ਅਪ੍ਰੈਲ ੨੦੨੦ ਨੂੰ ਇਸ ਮਾਮਲੇ ਸੰਬੰਧੀ ਇਕ ਪੋਸਟ ਪਾਉਂਦਿਆਂ ਅਤੇ ਪਹਿਲੀਆਂ ਗਲਾਂ ਨੂੰ ਮੁੜ ਦੁਹਰਾਇਆ ਗਿਆ ਅਤੇ ਉਕਤ ਗ੍ਰੰਥੀ ਦੀ ਚਿਤਾਵਨੀ ਪ੍ਰਤੀ ਸ: ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਉਸ ਗ੍ਰੰਥੀ ਸਿੰਘ ਨੇ ਆਪਣਾ ਭੰਡਾ ਆਪ ਹੀ ਭੰਨਿਆ ਹੈ, ਅਸੀ ਤਾਂ ਕਿਸੇ ਦਾ ਨਾਮ ਨਹੀਂ ਲਿਆ। ਉਨ੍ਹਾਂ ਕਿਹਾ ਕਿ ਅਸੀਂ ਤਾਂ ਇਨੀ ਕੁ ਗਲ ਕਹੀ ਕਿ ਜੇ ਅਜਿਹੇ ਵਿਅਕਤੀ ਨੂੰ ਮੁਆਫ਼ੀ ਹੋ ਸਕਦੀ ਹੈ ਤਾਂ ਸੁਚਾ ਸਿੰਘ ਲੰਗਾਹ ਨੂੰ ਕਿਉ ਨਹੀਂ ਜਿਹੜਾ ਲੰਮੇ ਪੈ ਕੇ ਮੁਆਫ਼ੀ ਮੰਗਣ ਪ੍ਰਤੀ ਆਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਕਤ (ਗ੍ਰੰਥੀ) ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਸਜਾ ਭੁਗਤੀ ਹੈ ਉਹ ਉਸ ਦੀ ਨੈਤਿਕਤਾ ਹੈ ਜੋ ਕਿ ਇਕ ਚੰਗੀ ਗਲ ਹੈ, ਤੇ ਮਰਿਆਦਾ ਦੀ ਪਾਲਣਾ ਕੀਤੀ ਹੈ। ਰੇਡੀਉ ਚੈਨਲ ‘ਤੇ ਕੇਸ ਕਰਨ ਦੀ ਚਿਤਾਵਨੀ ਦੇ ਜਵਾਬ ਵਿਚ ਸ: ਪੱਟੀ ਨੇ ਕਿਹਾ ਕਿ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਕਾਨੂੰਨੀ ਨੋਟਿਸ ਆਉਣ ‘ਤੇ ਉਸ ਦਾ ਜਵਾਬ ਦਿਤਾ ਜਾਵੇਗਾ। ਅਸੀ ਕਿਸੇ ਦਾ ਨਾਮ ਹੀ ਨਹੀਂ ਲਿਆ।  ਸ: ਪੱਟੀ ਨੇ ਇਹ ਵੀ ਕਿਹਾ ਕਿ ਉਕਤ ਵਿਅਕਤੀ ਦੀ ਸ੍ਰੀ ਦਰਬਾਰ ਸਾਹਿਬ ‘ਚ ਗ੍ਰੰਥੀ ਵਜੋਂ ਆਡਰ ਵੀ ਹੋਇਆ ਪਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਉਸ ਨੂੰ ਕਿਉਂ ਨਹੀ ਜੁਆਇਨ ਕਰਾਇਆ। ਉਸ ਬਾਰੇ ਸਿੰਘ ਸਾਹਿਬ ਹੀ ਬਿਹਤਰ ਦਸ ਸਕਦੇ ਹਨ।

ਬੇਸ਼ੱਕ ਉਪਰੋਕਤ ਤਿੰਨਾਂ ਪੋਸਟਾਂ ਵਿਚ ਇਕ ਦੂਜੇ ਦਾ ਨਾਮ ਨਹੀਂ ਲਿਆ ਗਿਆ, ਪਰ ਜਵਾਬੀ ਕਾਰਵਾਈਆਂ ਦੀ ਗਲ ਨਾਲ ਸਾਫ਼ ਹੈ ਕਿ ਇਹ ਇਕ ਦੂਜੇ ਨਾਲ ਜੁੜੀਆਂ ਹੋਈਆਂ ਹੋ ਸਕਦੀਆਂ ਹਨ।  ਇਹ ਕਿ ਇਹ ਵਿਵਾਦ ਸੋਸ਼ਲ ਮੀਡੀਆ ‘ਤੇ ਭਖ ਰਿਹਾ ਹੈ। ਜਿਸ ਵਿਚ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲ ਵੀ ਉਗਲਾਂ ਸੇਧੀਆਂ ਜਾ ਰਹੀਆਂ ਦੇਖੀਆਂ ਜਾ ਸਕਦੀਆਂ ਹਨ।

ਅਖੀਰ ‘ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਵੱਲੋਂ ਅਜਿਹੇ ਵਿਵਾਦਿਤ ਵਿਅਕਤੀ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਚ ਪਦਵੀ ‘ਤੇ ਨਿਯੁਕਤੀ ਕਾਰਨ ਪੈਦਾ ਹੋਏ ਵਿਵਾਦ ਅਤੇ ਸੋਸ਼ਲ ਮੀਡੀਆ ‘ਤੇ  ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਡਾਈ ਜਾ ਰਹੀ ਖਿੱਲੀ ਨਾਲ ਸਿੱਖ ਪੰਥ ਦੀਆਂ ਭਾਵਨਾਵਾਂ ਵਲੂੰਧਰੀਆਂ ਜਾ ਰਹੀਆਂ ਹਨ। ਅਜਿਹੇ ਵਿਚ ਵਿਵਾਦ ਨੂੰ ਵਿਰਾਮ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਮਾਣ ਮਰਿਆਦਾ ਨੂੰ ਮੁਖ ਰੱਖਦਿਆਂ ਵਿਵਾਦਿਤ ਸਹਾਇਕ ਹੈੱਡ ਗ੍ਰੰਥੀ ਦੀ ਨਿਯੁਕਤੀ ‘ਤੇ ਮੁੜ ਵਿਚਾਰ ਕਰਨ ਅਤੇ ਇਸ ਮਾਮਲੇ ਪ੍ਰਤੀ ਯੋਗ ਤੇ ਠੋਸ ਕਾਰਵਾਈ ਕਰਦਿਆਂ ਢੁਕਵਾਂ ਹੱਲ ਲੱਭਣ ਦੀ ਅਪੀਲ ਕੀਤੀ ਗਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>