ਸਤਿੰਦਰ ਸਰਤਾਜ ਵਲੋਂ ਗੁਰਬਾਣੀ ਅਸ਼ੁਧ ਉਚਾਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

ਅੰਮ੍ਰਿਤਸਰ – ਹਾਲ ਹੀ ਵਿਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਵਲੋਂ ਗਾਏ ਗਏ ‘ਜਫਰਨਾਮਾ’ ‘ਚ ਗੁਰਬਾਣੀ ਅਸ਼ੁਧ ਉਚਾਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਹੈ। ਸ੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਫੈਡਰੇਸ਼ਨ ਦੇ ਸਾਬਕਾ ਆਗੂ ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਸਾਹਿਬ ਦੇ ਨਿਜੀ ਸਹਾਇਕ ਸ: ਜਸਪਾਲ ਸਿੰਘ ਨੂੰ ਇਕ ਮੰਗ ਪਤਰ ਦਿੰਦਿਆਂ ਸਤਿੰਦਰ ਸਰਤਾਜ ਨੂੰ ਮੌਜੂਦਾ ‘ਜ਼ਫ਼ਰਨਾਮਾ’ ਵਾਪਸ ਲੈਣ ਤੋਂ ਇਲਾਵਾ ਇਸ ਦਾ ਸ਼ੁੱਧ ਉਚਾਰਨ ਅਤੇ ਹੋਰ ਲੋੜੀਂਦੀਆਂ ਸੋਧਾਂ ਕਰਦਿਆਂ ਗੁਰਮਤਿ ਅਨੁਸਾਰੀ ਮੁੜ ਰਿਕਾਰਡਿੰਗ ਕਰਵਾਉਣ ਦੀ ਹਦਾਇਤ ਕਰਨ ਦੀ ਅਪੀਲ ਕੀਤੀ ਹੈ।

5 sarchand.resized

ਆਗੂਆਂ ਨੇ ਕਿਹਾ ਕਿ ਅਜ ਦੀ ਲੱਚਰ ਗਾਇਕੀ ਦੇ ਦੌਰ ‘ਚ ਵੀ ਨਵੀ ਪੀੜੀ ਦੇ ਕੁੱਝ ਗਾਇਕਾਂ ਦਾ ਗੁਰਬਾਣੀ ਗਾਇਨ, ਗੁਰ ਇਤਿਹਾਸ, ਵਿਸ਼ਵਾਸ ਅਤੇ ਸਿਖ ਸਾਹਿੱਤ ਪ੍ਰਤੀ ਕ੍ਰਿਆਸ਼ੀਲ ਹੋਣਾ ਅਤੇ ਇਸ ਪ੍ਰਤੀ ਤਵੱਜੋ ਹਾਸਲ ਕਰਨ ਪ੍ਰਤੀ ਪੇਸ਼ਕਾਰੀ ਸਵਾਗਤ ਅਤੇ ਸਲਾਹੁਣ ਯੋਗ ਹੈ। ਜਿਸ ਦੀ ਹੌਸਲਾ ਅਫਜਾਈ ਕਰਨੀ ਬਣਦੀ ਹੈ। ਇਹ ਵੀ ਕਿ ਸਿਖੀ ਵਿਚ ਗੁਰਬਾਣੀ ਦਾ ਗਲਤ ਉਚਾਰਨ ਇਕ ਅਪਰਾਧ ਮੰਨਿਆ ਜਾਂਦਾ ਹੈ ਅਤੇ ਕਿਸੇ ਵੀ ਸਿੰਘ ਕੋਲ ਪਾਠ ਕਰਦਿਆਂ ਕਿਸੇ ਵੀ ਪ੍ਰਕਾਰ ਦੀਆਂ ਅਸ਼ੁੱਧੀਆਂ ਜਾਂ ਤਰੁੱਟੀਆਂ ਰਹਿ ਗਈਆਂ ਹੋਣ ਤਾਂ ਅਰਦਾਸ ਦੌਰਾਨ ‘ਅੱਖਰਾਂ’ ਦੀ ਭੁੱਲ ਚੁੱਕ ਪ੍ਰਤੀ ਮੁਆਫ਼ੀ ਦੀ ਵਿਵਸਥਾ ਮੌਜੂਦ ਹੈ। ਇਹੀ ਵਿਵਸਥਾ ਗੁਰਬਾਣੀ ਗਾਇਨ ਦੌਰਾਨ ਹੋਣ ਵਾਲੀਆਂ ਗ਼ਲਤੀਆਂ ਅਸ਼ੁੱਧੀਆਂ ਅਤੇ ਤਰੁੱਟੀਆਂ ਪ੍ਰਤੀ ਵੀ ਇਕ ਸਮਾਨ ਹਨ। ਪਰ ਉਹੀ ਪਾਠ ਅਤੇ ਗੁਰਬਾਣੀ ਗਾਇਨ ਰਿਕਾਰਡਿੰਗ ( ਮੰਡੀ ਜਾਂ ਟੀ. ਆਰ. ਪੀ.) ਲਈ ਕੀਤਾ ਜਾਵੇ ਤਾਂ ਉਸ ਵਿਚ ਆਉਣ ਵਾਲੀਆਂ ਤਰੁੱਟੀਆਂ ਨੂੰ ਆਖੋ ਪਰੋਖੇ ਨਹੀਂ ਕੀਤਾ ਜਾ ਸਕਦਾ।

ਉਨਾਂ ਕਿਹਾ ਕਿ ਹਾਲ ਹੀ ਵਿਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਿਤ ‘ਜ਼ਫ਼ਰਨਾਮਾ’ ( ਜੋ ਕਿ ‘ਜ਼ਫ਼ਰਨਾਮਾ’ ਬਾਈ ਸਤਿੰਦਰ ਸਰਤਾਜ ਆਪਣੇ ਆਪ ‘ਚ ਹੀ ਵਡੀ ਗਲਤੀ ਹੈ) ਦਾ ਗਾਇਨ ਅਨੇਕਾਂ ਅਸ਼ੁੱਧ ਉਚਾਰਨ ਅਤੇ ਕਈ ਹੋਰ ਤਰੁੱਟੀਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਤਿੰਦਰ ਸਰਤਾਜ ਇਕ ਪ੍ਰਸਿੱਧੀ ਹਾਸਲ ਗਾਇਕ ਹੈ, ਜਿਸ ਦੇ ਬੋਲਾਂ ਪ੍ਰਤੀ ਵਿਸ਼ਵਾਸ ਯੋਗਤਾ ਬਣੀ ਹੋਈ ਹੈ। ਗੁਰੂ ਸਾਹਿਬ ਵਲੋਂ ਰਚਿਤ ‘ਜ਼ਫ਼ਰਨਾਮਾ’ ਫ਼ਾਰਸੀ ਜ਼ੁਬਾਨ ਵਿਚ ਹੈ। ਜੋ ਕਿ ਮੱਧ—ਪੂਰਬੀ ਮੁਲਕਾਂ ਦੀ ਜ਼ੁਬਾਨ ਹੈ ਅਤੇ ਵਿਸ਼ਵ ਦੇ ਕਈ ਹਿੱਸਿਆਂ ਵਿਚ ਬੋਲੀ ਅਤੇ ਸਮਝੀ ਜਾਂਦੀ ਹੈ। ਅਜਿਹੇ ‘ਚ ਸਰਤਾਜ ਵਲੋਂ ਗਾਏ ਗਏ ‘ਜ਼ਫ਼ਰਨਾਮਾ’ ‘ਚ ਪਾਈਆਂ ਗਈਆਂ ਊਣਤਾਈਆਂ ( ਫ਼ਾਰਸੀ ਦੇ ਅਕੈਡਮਿਕ ਅਤੇ ਭਾਸ਼ਾ ਮਾਹਿਰ ਅਨੁਸਾਰ) ਗੁਰੂ ਸਾਹਿਬ ਦੇ ਦਾਰਸ਼ਨਿਕ ਪਖ ਅਤੇ ਕੀਰਤੀਮਾਨ ਪ੍ਰਤੀ ਫ਼ਾਰਸੀ ਜ਼ੁਬਾਨ ਨੂੰ ਸਮਝਣ ਵਾਲਿਆਂ ਵਿਚ ਸ਼ੰਕੇ ਪੈਦਾ ਕਰਨ ਦਾ ਕਾਰਨ ਬਣੇਗਾ। ( ਉਸ ਵਲੋਂ ਆਰਤੀ ਗਾਉਣ ਪ੍ਰਤੀ ਵੀ ਗੁਰਬਾਣੀ ਗਲਤ ਉਚਾਰਨ ਦੀ ਗਲ ਸਾਹਮਣੇ ਆ ਰਹੀ ਹੈ)। ਨੌਜਵਾਨ ਪੀੜੀ ਗਾਇਕੀ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਸੁਭਾਵਕ ਸੇਧ ਲੈਂਦੀ ਹੈ। ਇਸ ਲਈ ਗੁਰਬਾਣੀ ਗਾਇਨ ਅਤੇ ਰਿਕਾਰਡਿੰਗ ਦੌਰਾਨ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਸਾਡਾ ਮਕਸਦ ਵਿਵਾਦ ਖੜਾ ਕਰਨਾ ਨਹੀਂ, ਅਸ਼ੁੱਧ ਉਚਾਰਨ ਪ੍ਰਤੀ ਕੋਈ ਟਿੱਪਣੀ ਕਰਦਾ ਹੈ ਤਾਂ ਕਿਸੇ ਵੀ ਗਾਇਕ ਲਈ ਉਸ ਟਿੱਪਣੀ ਨੂੰ ਸ਼ੱਕ, ਈਰਖਾ ਜਾਂ ਨਾਰਾਜ਼ਗੀ ਵਜੋਂ ਨਾ ਲੈਂਦਿਆਂ ਨਿਆਇ ਸੰਗਤ ਲਈ ਸੰਵਾਦ ਦੀ ਵਿਧੀ ਅਪਣਾਉਣੀ ਚਾਹੀਦੀ ਹੈ। ਗੁਰਬਾਣੀ ਗਲਤ ਉਚਾਰਨ ਅਤੇ ਹੋਰ ਟਿੱਪਣੀਆਂ ਊਣਤਾਈਆਂ ਨੂੰ ਇਖ਼ਲਾਕੀ ਫ਼ਰਜ਼ ਸਮਝਦਿਆਂ ਕਬੂਲ ਕਰਨ ਦੀ ਲੋੜ ਹੈ।

ਇਸੇ ਤਰਾਂ ਗਾਇਕਾਂ ਤੇ ਕਵੀਸ਼ਰਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਿਤ ‘ਜ਼ਫ਼ਰਨਾਮਾ’ ਨੂੰ ਆਪੋ ਆਪਣੇ ਨਾਮ ‘ਤੇ ਅੰਕਿਤ ਕਰਨ ਦਾ ਗਲਤ ਰੁਝਾਨ ਵੱਧ ਰਿਹਾ ਹੈ। ਕਵੀਸ਼ਰ ਮਹਿਲ ਸਿੰਘ ਵਲੋਂ ‘ਜ਼ਫ਼ਰਨਾਮਾ’ ਸਿਰਲੇਖ ਹੇਠ ਮੂਲ ਰਚਨਾ ਦੀ ਥਾਂ ਪੰਜਾਬੀ ਕਵਿਤਾ ਗਾਈ ਗਈ, ਜਿਸ ਦਾ ਨੋਟਿਸ ਲੈਣਾ ਬਣਦਾ ਹੈ।

ਇਸ ਦੇ ਨਾਲ ਹੀ ਉਨਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ, ਕੁੱਝ ਸਮੇਂ ਤੋਂ ਗਾਇਕਾਂ, ਫ਼ਿਲਮਸਾਜ਼ ਤੇ ਸਾਹਿੱਤਕਾਰ ਆਲੋਚਕਾਂ ਦੀ ਸਿਰਜਣ ਸਮਗਰੀ ਵਿਚ ਸਿਖ ਸਭਿਆਚਾਰ ਅਤੇ ਵਿਚਾਰਧਾਰਾ ਪ੍ਰਤੀ ਹਮਲੇ ਹੋ ਰਹੇ ਹਨ। ਜੋ ਕਿ ਕਈ ਵਾਰ ਵਿਵਾਦ ਸਾਹਮਣੇ ਆ ਚੁਕੇ ਹਨ। ਅਜਿਹੇ ਘਟਨਾ ਕਰਮ ਤੋਂ ਬਚਣ ਲਈ ਰਾਸ਼ਟਰੀ ਫ਼ਿਲਮ ਸੈਂਸਰ ਬੋਰਡ ਦੀ ਤਰਜ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫ਼ਿਲਮਾਂਕਣ ਤੋਂ ਇਲਾਵਾ ਗੁਰਬਾਣੀ, ਸਿਖ ਲਿਟਰੇਚਰ ਅਤੇ ਗਾਇਨ ‘ਤੇ ਵੀ ਨਜ਼ਰ ਰਖਣ ਪ੍ਰਤੀ ਸੈਂਸਰ ਬੋਰਡ ਦਾ ਗਠਨ ਕਰਾਉਣਾ ਚਾਹੀਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>