ਜਿਸ ਨੂੰ ‘ਸ਼ਬਦ ਕੋਸ਼’ ਦਾ ਗਿਆਨ ਨਹੀਂ ਉਹ ਧਾਰਮਿਕ ਸਥਾਨਾਂ ਦੇ ‘ਕੋਸ਼’ ਉੱਤੇ ਸਰਕਾਰੀ ਕਬਜ਼ੇ ਦਾ ਹਿਮਾਇਤੀ ਬਣ ਰਿਹਾ ਹੈ

ਨਵੀਂ ਦਿੱਲੀ -  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਮਨਜਿੰਦਰ ਸਿੰਘ  ਸਿਰਸਾ ਲਗਾਤਾਰ ਸਿੱਖ ਸਿਧਾਂਤਾਂ ਅਤੇ ਵਿਚਾਰਧਾਰਾ  ਦੇ ਖ਼ਿਲਾਫ਼ ਗੈਰ ਜ਼ਰੂਰੀ ਬਿਆਨਬਾਜ਼ੀ ਸਿਰਫ਼ ਆਪਣੀ ਸਰਕਾਰੀ ਸੁਰੱਖਿਆ ਛਤਰੀ ਨੂੰ ਵਧਾਉਣ ਲਈ ਕਰ ਰਹੇ ਹਨ। ਇਹ ਸਨਸਨੀਖ਼ੇਜ਼ ਦਾਅਵਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਵੱਲੋਂ ਧਾਰਮਿਕ ਸੰਸਥਾਵਾਂ ਦਾ ਸੋਨਾ ਅਤੇ ਐਫਡੀਆਰ ਸਰਕਾਰ ਵੱਲੋਂ ਜ਼ਬਤ ਕਰਨ ਦੇ ਦਿੱਤੇ ਬਿਆਨ ਉੱਤੇ ਪੱਤਰਕਾਰਾਂ ਨੂੰ ਪ੍ਰਤੀਕਰਮ ਦਿੰਦੇ ਹੋਏ ਕੀਤਾ। ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਵਿਵਾਦ ਇਸ ਕਰ ਕੇ ਪੈਦਾ ਕਰਦੇ ਹਨ, ਤਾਂਕਿ ਵਿਦੇਸ਼ਾਂ ਵਿੱਚ ਬੈਠੇ ਸਿੱਖ ਉਨ੍ਹਾਂ ਦੀ ਗ਼ਲਤ ਗੱਲ ਦਾ ਵਿਰੋਧ ਕਰਦੇ ਹੋਏ,  ਕੁੱਝ ਅਜਿਹਾ ਬੋਲ ਜਾਣ,  ਜਿਸ ਨੂੰ ਸਿਰਸਾ ਆਪਣੇ ਲਈ ਧਮਕੀ ਦੱਸ ਕੇ ਸਰਕਾਰ ਤੋਂ ਆਪਣੀ ਸੁਰੱਖਿਆ ਛਤਰੀ ਵਧਾਉਣ ਲਈ ਕਹਿ ਕੇ, ਆਪਣੇ ਗੈਰ ਕਾਨੂੰਨੀ ਕੰਮ-ਕਾਜ ਨੂੰ ਸਰਕਾਰੀ ਸੁਰੱਖਿਆ ਦੀ ਹਿਫ਼ਾਜ਼ਤ ਵਿੱਚ ਵਧਾ ਸਕਣ। ਜੀਕੇ ਨੇ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਅਜਿਹਾ ਪਹਿਲਾਂ ਵੀ ਸਿਰਸਾ ਕਈ ਵਾਰ ਕਰ ਚੁੱਕੇ ਹਨ, ਆਪਣੇ ਨੂੰ ਖ਼ਾਲਿਸਤਾਨ ਸਮਰਥਕਾਂ ਤੋਂ ਧਮਕੀ ਮਿਲਣ ਸਬੰਧੀ ਖ਼ਬਰ ਪੰਜਾਬ ਦੇ ਅਖ਼ਬਾਰ ਵਿੱਚ ਛਪਵਾ ਕੇ ਗ੍ਰਹਿ ਮੰਤਰਾਲੇ ਨੂੰ ਸੁਰੱਖਿਆ ਵਧਾਉਣ ਦੀ ਗੁਹਾਰ ਸਿਰਸਾ ਲਗਾਉਂਦੇ ਰਹੇ ਹਨ।

‘ਜਾਗੋ’ ਪਾਰਟੀ ਦੇ ਮੁਖੀ ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਨੇ ਧਾਰਮਿਕ ਸਥਾਨਾਂ ਦਾ ਸੋਨਾ ਸਰਕਾਰ ਨੂੰ ਦੇਣ ਦੀ ਗੱਲ ਵਿਵਾਦ ਪੈਦਾ ਕਰਨ ਅਤੇ ਭਾਜਪਾ ਤੇ ਮੋਦੀ ਸਰਕਾਰ ਨੂੰ ਖ਼ੁਸ਼ ਕਰਨ ਦੀ ਇੱਛਾ ਨਾਲ ਕਹੀਂ ਸੀ, ਪਰ ਸਿਰਸਾ ਦਾ ਇਹ ਦਾਅ ਉਲਟਾ ਪੈ ਗਿਆ।  ਕਿਉਂਕਿ ਭਾਜਪਾ ਅੱਜ ਕਲ ਅਕਾਲੀਆਂ ਨੂੰ ਭਾਅ ਨਹੀਂ ਦੇ ਰਹੀ ਹੈ। ਇਸ ਲਈ ਅੱਜ ਭਾਜਪਾ ਦੇ ਵੱਡੇ ਆਗੂਆਂ ਦੇ ਵੱਲੋਂ ਸਿਰਸਾ ਦੇ ਬਿਆਨ ਦਾ ਵਿਰੋਧ ਕਰਨ ਅਤੇ ਸਿੱਖਾਂ  ਦੇ ਰੋਸ ਵਿੱਚ ਆਉਣ ਦੇ ਬਾਅਦ ਸਿਰਸਾ ਨੇ ਪਲਟੀ ਮਾਰਦੇ ਹੋਏ ਕਿਸੇ ਦੇ ਵੱਲੋਂ ਉਨ੍ਹਾਂ ਦੀ ਵੀਡੀਓ ਨਾਲ ‘ਆਡਿਟ’ ਕਰਨ ਦਾ ਨਵਾਂ ਝੂਠ ਬੋਲ ਦਿੱਤਾ। ਪਰ ਜਿਵੇਂ ਝੂਠਾ ਗਵਾਹ ਕਚਹਿਰੀ ਵਿੱਚ ਝੂਠ ਬੋਲਦੇ ਹੋਏ ਵੀ ਸੱਚ ਬੋਲ ਜਾਂਦਾ ਹੈ, ਉਂਜ ਹੀ ਸਿਰਸਾ ਵੀ ਕਰ ਗਏ।ਸਿਰਸਾ ਆਪਣੀ ਵੀਡੀਓ ਦੇ ਕਿਸੇ ਵੱਲੋਂ ‘ਆਡਿਟ’ ਮਤਲਬ ਲੇਖਾ-ਜੋਖਾ ਕਰਨ ਦੀ ਗੱਲ ਕਹਿ ਗਏ ਨਾ ਕਿ ‘ਐਡਿਟ’ ਮਤਲਬ ਛੇੜਛਾੜ। ਲੇਖਾ-ਜੋਖਾ ਤਾਂ ਉਸ ਵੀਡੀਓ ਦਾ ਸਾਰੇ ਸਿੱਖ ਜਗਤ ਨੇ ਕਰ ਲਿਆ ਸੀ ਪਰ ਛੇੜਛਾੜ ਕਿਸੇ ਨੇ ਨਹੀਂ ਕੀਤੀ ਸੀ। ਜੀਕੇ ਨੇ ਕਿਹਾ ਕਿ ਅਜਿਹਾ ਮਾਸੂਮ, ਬੇਸਮਝ ਅਤੇ ਚਾਟੜਾ ਪ੍ਰਧਾਨ ਦਿੱਲੀ ਕਮੇਟੀ ਨੂੰ ਪਹਿਲੀ ਵਾਰ ਮਿਲਿਆ ਹੈ। ਜਿਸ ਨੂੰ ਸਿੱਖ ਧਰਮ ਦੇ ਇਤਿਹਾਸ, ਭੂਗੋਲ, ਸ਼ਬਦ ਕੋਸ਼ ਅਤੇ ਵਿਚਾਰਧਾਰਾ ਦੀ ਜਾਣਕਾਰੀ ਨਹੀਂ ਹੈ। ਜਿਸ ਨੂੰ ਭਾਸ਼ਾ ਦਾ ‘ਸ਼ਬਦ ਕੋਸ਼’ ਨਹੀਂ ਪਤਾ ਉਹ ਵੀ ਧਾਰਮਿਕ ਸਥਾਨਾਂ ਦਾ ‘ਕੋਸ਼’ ਸਰਕਾਰ ਨੂੰ ਦੇਣ ਦੀ ਬਿਨਾਂ ਮੰਗੇ ਸਲਾਹ ਦੇ ਰਿਹਾ ਹੈ। ਸਿਰਸਾ ਕਿਸ ਹੈਸੀਅਤ ਅਤੇ ਕਾਰਨ ਨਾਲ ਕਿਸੇ ਧਾਰਮਿਕ ਸਥਾਨ ਦਾ ਸੋਨਾ ਸਰਕਾਰ ਨੂੰ ਦੇਣ ਦੀ ਗੱਲ ਕਰ ਰਹੇ ਹਨ, ਜਦੋਂ ਕਿ ਸਰਕਾਰ ਨੇ ਅਜਿਹਾ ਕਦੇ ਕਿਹਾ ਹੀ ਨਹੀਂ। ਇਸ ਲਈ ਸਿਰਸਾ ਦੇ ਬਿਆਨ ਦੇ ਬਾਅਦ ਜਦੋਂ ਕੁੱਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਸ਼੍ਰੀ ਦਰਬਾਰ ਸਾਹਿਬ ਦਾ ਸੋਨਾ ਉਤਾਰਨ ਦੀ ਗੱਲ ਕੀਤੀ ਤਾਂ ਸਿੱਖਾਂ ਵਿੱਚ ਰੋਸ ਪੈਦਾ ਹੋਣਾ ਲਾਜ਼ਮੀ ਸੀ। ਕਦੇ ਸਿਰਸਾ ਕਹਿੰਦੇ ਹੈ ਕਿ ਮੇਰਾ ਟਵੀਟਰ ਹੈਂਡਲਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਕੇਕ ਕੱਟਣ ਦਾ ਗ਼ਲਤੀ ਨਾਲ ਟਵੀਟ ਕਰ ਦਿੱਤਾ, ਕਦੇ ਕਿਸੇ ਨੇ ਮੇਰੀ ਵੀਡੀਓ ਮੁਲਾਂਕਿਤ ਅਤੇ ਸੋਧ ਕਰ ਦਿੱਤੀ। ਜੀਕੇ ਨੇ ਸਿਰਸਾ ਤੋਂ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਹੁਣ ਆਪਣੀ ਫੇਸਬੁਕ ਤੋਂ 15 ਮਈ ਵਾਲੀ ਮੂਲ ਵੀਡੀਓ ਕਿਉਂ ਹਟਾਈ ਹੈ ?  ਉਸ ‘ਚ ਤਾਂ ਸੋਧ ਨਹੀਂ ਹੋਈ ਸੀ। ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਲਗਾਤਾਰ ਭਾਜਪਾ ਦੀ ਹੇਠੀ ਕਰਵਾਉਣ ਦਾ ਕੰਮ ਕਰ ਰਹੇ ਹਨ। ਜੀਕੇ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਰਸਾ ਦੇ ਗ਼ਲਤ ਬਿਆਨਾਂ ਲਈ ਉਸ ਨੂੰ ਤਖ਼ਤ ਸਾਹਿਬ ਉੱਤੇ ਤਲਬ ਕਰਨ ਦੀ ਮੰਗ ਵੀ ਕੀਤੀ।

ਦਰਅਸਲ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਥਵੀਰਾਜ ਚਵਹਾਣ ਨੇ 14 ਮਈ ਨੂੰ ਇੱਕ ਟਵੀਟ ਮਰਾਠੀ ਭਾਸ਼ਾ ਵਿੱਚ ਕੀਤਾ ਸੀ, ਜਿਸ ਵਿੱਚ ਚਵਹਾਣ ਨੇ ਭਾਰਤ ਸਰਕਾਰ ਨੂੰ ਮੰਦਿਰਾ ਵਿੱਚ ਪਏ 1 ਟਰਿਲਿਅਨ ਡਾਲਰ ਕੀਮਤ ਦੇ ਸੋਨੇ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਸੀ, ਤਾਂਕਿ ਸਰਕਾਰ ਉਸ ਦਾ ਇਸਤੇਮਾਲ ਕਰ ਸਕੇ।ਚਵਹਾਣ ਦੇ ਇਸ ਬਿਆਨ ਦਾ ਸਮਰਥਨ ਕਰਦੇ ਹੋਏ ਸਿਰਸਾ ਨੇ ਸਾਰੇ ਧਾਰਮਿਕ ਸਥਾਨਾਂ ਦਾ ਸੋਨਾ ਮਨੁੱਖਤਾ ਦੀ ਸੇਵਾ ਵਿੱਚ ਇਸਤੇਮਾਲ ਕਰਨ ਦੀ ਗੱਲ 15 ਮਈ ਨੂੰ ਆਪਣੀ ਫੇਸਬੁਕ ਉੱਤੇ ਜਾਰੀ ਵੀਡੀਓ ਵਿੱਚ ਦੁਹਰਾਈ ਸੀ। ਸਿਰਸਾ ਦੀ ਗੱਲ ਉੱਤੇ ਵਿਵਾਦ ਪੈਦਾ ਹੋਣ ਦੇ ਬਾਅਦ ਸਿਰਸਾ ਨੇ ਆਪਣੀ ਗੱਲ ਤੋਂ ਪਿੱਛੇ ਹਟਦੇ ਹੋਏ 17 ਮਈ ਨੂੰ ਪ੍ਰੇਸ ਨੋਟ ਜਾਰੀ ਕਰ ਕੇ ਦਾਅਵਾ ਕੀਤਾ ਕਿ ਸਿਰਫ਼ ਦੱਖਣ ਭਾਰਤ ਦੇ ਮੰਦਿਰਾ ਦਾ ਸੋਨਾ ਸਰਕਾਰ ਵੱਲੋਂ ਲੈਣ ਦੀ ਮੈਂ ਗੱਲ ਕੀਤੀ ਹੈ। ਪਰ 18 ਮਈ ਨੂੰ ਸਿਰਸਾ ਨੇ ਇੱਕ ਨਵੀਂ ਵੀਡੀਓ ਜਾਰੀ ਕਰ ਕੇ  ਦਾਅਵਾ ਕੀਤਾ ਕਿ 15 ਮਈ ਦੀ ਉਨ੍ਹਾਂ ਦੀ ਵੀਡੀਓ ਨੂੰ ਕਿਸੇ ਨੇ ਸੋਧ ਕਰ ਕੇ ‘ਧਾਰਮਿਕ’ ਸ਼ਬਦ ਦੀ ਥਾਂ ‘ਸਿੱਖ’ ਸ਼ਬਦ ਲੱਗਾ ਦਿੱਤਾ ਹੈ, ਇਸ ਲਈ ਸੋਧ ਵੀਡੀਓ  ਦੇ ਕਾਰਨ ਲੋਕਾਂ ਦੀ ਆਹਤ ਹੋਈ ਭਾਵਨਾਵਾਂ ਲਈ ਮੈਂ ਮਾਫ਼ੀ ਮੰਗਦਾ ਹਾਂ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>