ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਪੰਥਕ ਇਕਜੁਟਤਾ ਜ਼ਰੂਰੀ-ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ – ਜੂਨ 1984 ਵਿਚ ਸਮੇਂ ਦੀ ਕੇਂਦਰੀ ਹਕੂਮਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ’ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਲਿਆ। ਸਮਾਗਮ ਦੌਰਾਨ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

2.resized

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤੀ ਫ਼ੌਜ ਵੱਲੋਂ ਕੀਤਾ ਗਿਆ ਹਮਲਾ ਸਿੱਖ ਮਾਨਸਿਕਤਾ ’ਤੇ ਅਸਹਿ ਹਮਲਾ ਸੀ, ਜਿਸ ਦੀ ਪੀੜ ਰਹਿੰਦੀ ਦੁਨੀਆਂ ਤੱਕ ਸਿੱਖ ਮਨਾਂ ਵਿਚ ਬਣੀ ਰਹੇਗੀ। ਉਨ੍ਹਾਂ ਆਖਿਆ ਕਿ ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਖ਼ਾਤਰ ਸ਼ਹੀਦ ਹੋਏ ਸਾਡੇ ਕੌਮੀ ਜਰਨੈਲਾਂ ਨੇ ਜਿਨ੍ਹਾਂ ਟੀਚਿਆਂ ਲਈ ਆਪਣੀਆਂ ਜਾਨਾਂ ਵਾਰੀਆਂ ਸਨ, ਅੱਜ ਉਨ੍ਹਾਂ ਟੀਚਿਆਂ ਪ੍ਰਤੀ ਕੌਮੀ ਮੰਥਨ ਵਾਸਤੇ ਸਮੁੱਚੀ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠਣ ਲੋੜ ਹੈ। ਉਨ੍ਹਾਂ ਆਖਿਆ ਕਿ ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਚੰਗੀ ਨੀਤੀ ਅਤੇ ਨੇਕ ਨੀਅਤ ਜ਼ਰੂਰੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਾਹ ਕਿ ਸਾਨੂੰ ਗੁਰੂ ਦੇ ਸਿੱਖ ਹੋਣ ਨਾਤੇ ਰਾਜਨੀਤਕ ਅਤੇ ਜਥੇਬੰਦਕ ਧੜੇਬੰਦੀਆਂ ਤੋਂ ਉਪਰ ਉਠ ਕੇ ਆਪਸੀ ਸਾਂਝ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿਚ ਸਾਡੀਆਂ ਸਾਰੀਆਂ ਖੁਆਰੀਆਂ ਅਤੇ ਚੁਣੌਤੀਆਂ ਦਾ ਹੱਲ ਕੇਵਲ ਕੌਮੀ ਇਕਜੁਟਤਾ ਵਿਚ ਹੀ ਹੈ।

ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵੀ ਜੂਨ 1984 ਦੇ ਘੱਲੂਘਾਰੇ ਸਮੇਂ ਕੇਂਦਰੀ ਹਕੂਮਤ ਵੱਲੋਂ ਸਿੱਖਾਂ ’ਤੇ ਢਾਹੇ ਗਏ ਜ਼ੁਲਮਾਂ ਨੂੰ ਮਨੁੱਖੀ ਇਤਿਹਾਸ ਦਾ ਕਾਲਾ ਅਧਿਆਇ ਦੱਸਿਆ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੂਹ ਜਥੇਬੰਦੀਆਂ, ਸਭਾ-ਸੁਸਾਇਟੀਆਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ, ਉਨ੍ਹਾਂ ਦੀ ਸਪੁੱਤਰੀ ਬੀਬੀ ਸਤਵੰਤ ਕੌਰ, ਭਰਾ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ, ਜਨਰਲ ਸੁਬੇਗ ਸਿੰਘ ਦੇ ਭਰਾ ਭਾਈ ਬੇਅੰਤ ਸਿੰਘ ਸਮੇਤ ਹੋਰ ਸ਼ਹੀਦਾਂ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਜੂਨ 1984 ਦਾ ਘੱਲੂਘਾਰਾ ਕੌਮ ਕਦੇ ਭੁੱਲ ਨਹੀਂ ਸਕਦੀ-ਗਿਆਨੀ ਹਰਪ੍ਰੀਤ ਸਿੰਘ

ਸ਼ਹੀਦੀ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੂਨ 1984 ਦੇ ਘੱਲੂਘਾਰੇ ਨੂੰ ਸੰਸਾਰ ਦੇ ਇਤਿਹਾਸ ਅੰਦਰ ਕਾਲਾ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਸਮੇਂ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘’ਤੇ ਹੀ ਨਹੀਂ, ਸਗੋਂ 37 ਦੇ ਕਰੀਬ ਗੁਰੂ ਘਰਾਂ ’ਤੇ ਹਮਲੇ ਕੀਤੇ ਗਏ। ਇਹ ਕੇਂਦਰੀ ਹਕੂਮਤ ਦੀ ਬੌਣੀ ਸੋਚ ਦਾ ਪ੍ਰਗਟਾਵਾ ਸੀ। ਸਿੱਖ ਇਸ ਨੂੰ ਕਦੀ ਭੁਲਾ ਨਹੀਂ ਸਕਦੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>