ਮਹਿਤਾ ਚੌਕ – ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਪਾਵਨ ਯਾਦ ਨੂੰ ਸਮਰਪਿਤ 36ਵਾਂ ਮਹਾਨ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਯੋਗ ਅਗਵਾਈ ਵਿਚ ਪੂਰੀ ਸ਼ਰਧਾ ਭਾਵਨਾ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ।
ਦਮਦਮੀ ਟਕਸਾਲ ਦੇ ਮੁਖੀ ਵੱਲੋਂ ਲਾਕਡਾਊਨ ਦੇ ਕਾਰਨ ਸੰਗਤ ਨੂੰ ਘਰਾਂ ਵਿਚ ਰਹਿ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਕੀਤੀ ਗਈ ਅਪੀਲ ਦੇ ਬਾਵਜੂਦ ਸਿਖ ਸੰਗਤਾਂ ਪੂਰੀ ਜਾਪਤੇ ਵਿਚ ਰਹਿੰਦਿਆਂ ਸ਼ਹੀਦੀ ਹਫ਼ਤਾ ਦੇ ਸਮਾਗਮਾਂ ਵਿਚ ਭਾਰੀ ਗਿਣਤੀ ਵਿਚ ਹਾਜ਼ਰੀਆਂ ਭਰਦੀਆਂ ਰਹੀਆਂ। ਅਜ ਵੀ ਹਜ਼ਾਰਾਂ ਦੀ ਗਿਣਤੀ ਵਿਚ ਆਪ ਮੁਹਾਰੇ ਸ਼ਹੀਦੀ ਸਮਾਗਮ ਵਿਚ ਪਹੁੰਚ ਕੇ ਸੰਗਤ ਨੇ ਸ਼ਹੀਦਾਂ ਪ੍ਰਤੀ ਪ੍ਰੇਮ ਦਾ ਇਜ਼ਹਾਰ ਕੀਤਾ ਅਤੇ ਸ਼ਰਧਾਵਸ ਲੰਮੇ ਸਮੇਂ ਲਈ ਹਾਜਰੀਆਂ ਭਰੀਆਂ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥ ਨੂੰ ਇਕ ਲੜੀ ‘ਚ ਪਰੋਣ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਕੌਮ ਦੀ ਚੜ੍ਹਦੀਕਲਾ ਲਈ ਮੋਹਰੀ ਰੋਲ ਅਦਾ ਕਰਦੀ ਆਈ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕੌਮ ਦੀ ਅਣਖ ਤੇ ਸ਼ਾਨ ਲਈ ਲੜਾਈ ਲਈ ਅਤੇ ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਇਆ। ਉਨ੍ਹਾਂ ਕਿਹਾ ਕਿ ਇਸ ਕਲਗ਼ੀਧਰ ਦੇ ਸਪੁੱਤਰ ਨੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰ੍ਹਵੀਂ ਅਤੇ ਉਨੀਵੀ ਸਦੀ ‘ਚ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਂਦੇ ਰਹੇ ਸਗੋਂ ਉਹ ਹੁਣ ਵੀ ਹਰ ਹਾਲਤ ਵਿਚ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਣ ਦੀ ਸਮਰੱਥਾ ਰੱਖਦੇ ਹਨ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੁਖਵਾਕ ਦੀ ਕਥਾ ਦੌਰਾਨ ਮਹਾਂਬਲੀ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਜੂਨ ‘੮੪ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖ ਕੌਮ ਦੀ ਆਨ ਸ਼ਾਨ ਤੇ ਗੁਰਧਾਮਾਂ ਦੀ ਰਾਖੀ ਲਈ ਆਪਾ ਵਾਰ ਗਏ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇਦਾਰ ਬਾਬਾ ਠਾਹਰਾ ਸਿੰਘ, ਜਨਰਲ ਭਾਈ ਸੁਬੇਗ ਸਿੰਘ ਆਦਿ ਦੇ ਪਰਉਪਕਾਰਾ ਤੋਂ ਜਾਣੂ ਕਰਵਾਇਆ। ਉਨ੍ਹਾਂ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਉਚ ਅਵਸਥਾ, ਧਾਰਮਿਕ ਪ੍ਰਾਪਤੀਆਂ ਅਤੇ ਕੁਰਬਾਨੀਆਂ ਵਾਲੇ ਜੀਵਨ ਸੰਘਰਸ਼ ‘ਤੇ ਰੌਸ਼ਨੀ ਪਾਈ ਅਤੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਅਤੇ ਸਾਥੀਆਂ ਨੇ 6 ਦਿਨ 6 ਰਾਤਾਂ ਭੁਖਣ ਭਾਣੇ ਰਹਿ ਕੇ ਵੀ ਹਮਲਾਵਰ ਫ਼ੌਜ ਦੇ 72 ਘੰਟੇ ਤਕ ਪੈਰ ਨਹੀਂ ਲੱਗਣ ਦਿਤੇ। ਕੌਮ ਲਈ ਸਿਰ ਚੁੱਕਣ ਵਾਲਿਆਂ ਨੂੰ ਕੁਚਲਨ ਲਈ ਕਈ ਤਰਾਂ ਦੇ ਹਮਲੇ ਕੀਤੇ ਜਾਂਦੇ ਰਹੇ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਚਮਕ ਦਿਨੋ ਦਿਨ ਵੱਧ ਰਹੀ ਹੈ। ਸੰਤਾਂ ਦੀ ਤਸਵੀਰ ਹਰ ਸਿਖ ਦੇ ਹਿਰਦੇ ਵਿਚ ਉੱਕਰੀ ਗਈ ਹੈ। ਉਨ੍ਹਾਂ ਅਜਿਹਾ ਲਾਸਾਨੀ ਇਤਿਹਾਸ ਸਿਰਜਿਆ ਜਿਸ ‘ਤੇ ਆਉਣ ਵਾਲੀਆਂ ਪੀੜੀਆਂ ਸਦਾ ਮਾਣ ਕਰਨਗੀਆਂ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫ਼ੋਂ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ ਪੰਥ ਦੇ ਵਡੇ ਕਾਰਜ ਅਤੇ ਵਡੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਪਣੀ ਖੂਨ ਨਾਲ ਕੌਮ ਦੀ ਰੂਹ ਨੂੰ ਸਿੰਜਿਆ। ਸੰਤ ਜੀ ਕੌਮੀ ਨਾਇਕ, ਕਹਿਣੀ ਅਤੇ ਕਥਨੀ ਦੇ ਪੂਰੇ ਸਨ, ਜਿਨ੍ਹਾਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਉਨ੍ਹਾਂ ਕਿਹਾ ਕਿ ਹਿੰਦ ਹਕੂਮਤ ਨੇ ਜੂਨ ’84 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਕੇ ਬਜ਼ੁਰਗਾਂ ਬੀਬੀਆਂ ਅਤੇ ਬਚਿਆਂ ਤਕ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ।
ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਦਮਦਮੀ ਟਕਸਾਲ ਦੀ ਪੰਥ ਨੂੰ ਬਹੁਤ ਵਡੀ ਦੇਣ ਹੈ। ਗੁਰਬਾਣੀ ਪ੍ਰਚਾਰ ਪ੍ਰਸਾਰ, ਸ਼ਹਾਦਤਾਂ ਅਤੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਵਰਗੇ ਹਰ ਖੇਤਰ ‘ਚ ਟਕਸਾਲ ਅਗੇ ਰਹੀ ਹੈ। ਉਨ੍ਹਾਂ ਕਿਹਾ ਕਿ ਸੰਤ ਜੀ ਨੇ ਚੜ ਕੇ ਆਈ ਫ਼ੌਜ ਦਾ ਦਲੇਰੀ ਅਤੇ ਰਵਾਇਤ ਅਨੁਸਾਰ ਟਾਕਰਾ ਕਰਦਿਆਂ ਦੁਸ਼ਮਣ ਦੇ ਦੰਦ ਖੱਟੇ ਕੀਤੇ । ਅਜ ਉਨ੍ਹਾਂ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਵਡੀ ਲੋੜ ਹੈ। ਉਨ੍ਹਾਂ ਭਾਰਤ ‘ਚ ਘਟ ਗਿਣਤੀ ਸਿਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਪ੍ਰਤੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਸਮੁੱਚੀ ਕੌਮ ਨੂੰ ਇਕ ਪਲੇਟ ਫਾਰਮ ‘ਤੇ ਇਕੱਤਰ ਹੋਣ ਦਾ ਹੋਕਾ ਦਿਤਾ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਸਿਖੀ ਬਾਣੇ ‘ਚ ਸਿਖੀ ਸਿਧਾਂਤਾਂ, ਬਾਣੀ ਅਤੇ ਬਾਣੇ ਨੂੰ ਨਿਸ਼ਾਨਾ ਬਣਾ ਰਹੇ ਬਹੁਰੂਪੀਏ ਪ੍ਰਚਾਰਕਾਂ ਪ੍ਰਤੀ ਸੁਚੇਤ ਅਤੇ ਸਾਵਧਾਨ ਰਹਿਣ ਲਈ ਕੌਮ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਹਕੂਮਤਾਂ ਸਿਖ ਕੌਮ ਨੂੰ ਮਲੀਆਮੇਟ ਕਰਨ ਲਈ ਯਤਨਸ਼ੀਲ ਰਹੀਆਂ ਹਨ ਅਤੇ ਜੂਨ ’84 ਦਾ ਹਮਲਾ ਵੀ ਇਸੇ ਮਨਸ਼ੇ ਨਾਲ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਸੰਤ ਭਿੰਡਰਾਂਵਾਲਿਆਂ ‘ਤੇ ਕੋਈ ਕੇਸ ਦਰਜ ਨਹੀਂ ਸਨ। ਉਨ੍ਹਾਂ ਕਿਹਾ ਕਿ ਇੰਦਰਾ ਹਕੂਮਤ ਨੇ ਸਿਖ ਕੌਮ ਅਤੇ ਦਮਦਮੀ ਟਕਸਾਲ ਨੂੰ ਮਿਟਾਉਣ ਦੀ ਤਹੱਈਆ ਕੀਤਾ ਹੋਇਆ ਸੀ। ਪਰ ਸੰਤ ਜੀ ਅਤੇ ਸਾਥੀਆਂ ਨੇ ਹਮਲਾਵਰ ਫ਼ੌਜ ਅਤੇ ਜਾਬਰ ਹਕੂਮਤ ਦੇ ਸਭ ਭੁਲੇਖੇ ਦੂਰ ਕਰ ਦਿਤੇ ਸਨ।
ਨਾਮਵਰ ਸਿਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾ ਪਿਡ ਨੇ ਕਿਹਾ ਕਿ ‘੮੪ ਦਾ ਹਮਲਾ ਹਕੂਮਤ ਵੱਲੋਂ ਸਿਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਾਰਵਾਈ ਸੀ। ਸਰਕਾਰ ਘੱਲੂਘਾਰੇ ਰਾਹੀ ਸਿਖਾਂ ਦਾ ਕਤਲੇਆਮ ਕਰਦਿਆਂ ਸਰਵ ਨਾਸ਼ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਬਹੁਗਿਣਤੀ ਭਾਈਚਾਰਾ ਇਹ ਭੁੱਲ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਿਖਾਂ ਨੇ ੯੦ ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ। ਜੇ ਸਿਖ ਇਨੀ ਵਡੀ ਕੁਰਬਾਨੀ ਨਾ ਕਰਦੇ ਤਾਂ ਅਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੁੰਦਾ ਅਤੇ ਭਾਰਤ ਉਨ੍ਹਾਂ ਦਾ ਵੀ ਨਾ ਹੁੰਦਾ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਬਰਾਬਰ ਹੱਕਾਂ ਦੀ ਗਲ ਕੀਤੀ ਸੀ। ਅਸੀ ਬਰਾਬਰ ਸ਼ਹਿਰੀ ਵਾਲਾ ਰੁਤਬਾ ਚਾਹੁੰਦੇ ਹਾਂ। ਜੇ ਦੂਜੇ ਦਰਜੇ ਦਾ ਸ਼ਹਿਰੀ ਬਣਾਈ ਰੱਖਣਾ ਹੈ ਤਾਂ ਸਾਨੂੰ ਵੱਖ ਕਰ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਚੜ ਕੇ ਆਇਆਂ ਨੂੰ ਖਾਲੀ ਨਹੀਂ ਜਾ ਦਿਤਾ। ਇਸ ਮੌਕੇ ਆਏ ਮਹਿਮਾਨਾਂ, ਸੰਤਾਂ ਮਹਾਂਪੁਰਸ਼ਾਂ ਅਤੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਈ ਈਸ਼ਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ (ਦੋਵੇਂ ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਭਾਈ ਸੁਲਤਾਨ ਸਿੰਘ ਅਰਦਾਸੀਆ, ਭਾਈ ਰਾਜਦੀਪ ਸਿੰਘ ਅਰਦਾਸੀਆ, ਭਾਈ ਰਜਿੰਦਰ ਸਿੰਘ ਮਹਿਤਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਰਾਮ ਸਿੰਘ, ਭਾਈ ਕੁਲਦੀਪ ਸਿੰਘ ਰੋਡੇ, ਗਿਆਨੀ ਹਰਮਿਤਰ ਸਿੰਘ ਕਥਾਵਾਚਕ ਮੰਜੀ ਸਾਹਿਬ, ਭਾਈ ਜਗਤਾਰ ਸਿੰਘ ਰੋਡਾ, ਐਕਸੀਅਨ ਜਤਿੰਦਰ ਸਿੰਘ ਭੰਗੂ, ਭਾਈ ਬਾਬਾ ਪ੍ਰਦੀਪ ਸਿੰਘ ਬੋਰੇਵਾਲੇ, ਸ: ਅਮਰਬੀਰ ਸਿੰਘ ਢੋਟ ਪ੍ਰਧਾਨ ਫੈਡਰੇਸ਼ਨ, ਬਾਬਾ ਸਜਨ ਸਿੰਘ ਗੁਰੂ ਕੇ ਬੇਰ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਗੁਰਦੀਪ ਸਿੰਘ ਖਜਾਲਾ, ਬਾਬਾ ਦਿਲਬਾਗ ਸਿੰਘ ਆਰਫਕੇ, ਸ: ਗਗਨਦੀਪ ਸਿੰਘ ਫੈਡਰੇਸ਼ਨ, ਬਾਬਾ ਲਖਾ ਸਿੰਘ ਰਾਮ ਥੰਮਨ, ਬਾਬਾ ਮਨਮੋਹਨ ਸਿੰਘ ਬਾਬਾ ਬੀਰ ਸਿੰਘ ਭੰਗਾਲੀ, ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਮਾਤਾ ਕੁਲਵੰਤ ਕੌਰ ਮੰਡਾ ਪਿੰਡ, ਬਾਬਾ ਸੁਰਜੀਤ ਸਿੰਘ ਸੋਧੀ, ਬਾਬਾ ਮੇਜਰ ਸਿੰਘ ਵਾਂ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਨਵਤੇਜ ਸਿੰਘ ਚੇਲਿਆਣੇ, ਬਾਬਾ ਮੰਨਾ ਸਿੰਘ ਮੜ੍ਹੀਆਂ ਵਾਲੇ, ਬਾਬਾ ਧਰਮ ਸਿੰਘ ਟਰੇਸੀ ਵਲੋ ਭਾਈ ਲਛਮਣ ਸਿੰਘ, ਸੰਤ ਗੁਰਮੀਤ ਸਿੰਘ ਬੱਦੋਵਾਲ, ਭਾਈ ਅਵਤਾਰ ਸਿੰਘ ਮੁੰਬਈ, ਮਹੰਤ ਮਨਜੀਤ ਸਿੰਘ ਨੁਛਿਹਰਾ ਪੰਨੂਆਂ, ਭਾਈ ਹੀਰਾ ਸਿੰਘ ਮਨਿਆਲਾ, ਭਾਈ. ਪਰਮਜੀਤ ਸਿੰਘ ਅਕਾਲੀ, ਸ: ਤਰਲੋਕ ਸਿੰਘ ਬਾਠ ਚੇਅਰਮੈਨ, ਗਿਆਨੀ ਲਖਵਿੰਦਰ ਸਿੰਘ ਅਮਰੀਕਾ, ਭਾਈ ਰਵਿੰਦਰ ਪਾਲ ਸਿੰਘ ਰਾਜੂ, ਮਾ: ਸੁਖਵਿੰਦਰ ਸਿੰਘ ਸੂਸਾਂ, ਭਾਈ ਅਮਰਜੀਤ ਸਿੰਘ ਚਹੇੜੂ, ਗਿ: ਕੁਲਵਿੰਦਰ ਸਿੰਘ ਭੋਗਪੁਰ, ਭਾਈ ਗੁਰਦੇਵ ਸਿੰਘ ਭਰਿਆਣਾ, ਬਾਬਾ ਜੱਜ ਸਿੰਘ ਜਲਾਲਾਬਾਦ, ਭਾਈ ਪੂਰਨ ਸਿੰਘ ਜਲਾਲਾਬਾਦ, ਭਾਈ ਗੁਰਦੀਪ ਸਿੰਘ ਕੋਟਲੀ, ਭਾਈ ਕਰਮਜੀਤ ਸਿੰਘ ਡਿਪਟੀ, ਭਾਈ ਮਨਦੀਪ ਸਿੰਘ ਜੌਹਲ, ਭਾਈ ਹਰਨਾਮ ਸਿੰਘ ਜਲੰਧਰ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਜਥੇ: ਜਰਨੈਲ ਸਿੰਘ, ਬਾਬਾ ਅਜੀਤ ਸਿੰਘ ਮਹਿਤਾ, ਜਥੇ: ਸੁਖਦੇਵ ਸਿੰਘ ਅਨੰਦਪੁਰ, ਭਾਈ ਸੁਖਜੀਤ ਸਿੰਘ ਢਪਈ, ਭਾਈ ਰਛਪਾਲ ਸਿੰਘ ਫ਼ਿਰੋਜਪੁਰ, ਪਰਮਜੀਤ ਸਿੰਘ ਗਿੱਲ ਮੁਹਾਲੀ, ਭਾਈ ਅਵਤਾਰ ਸਿੰਘ ਬੁੱਟਰ, ਸ: ਹਰਸ਼ਦੀਪ ਸਿੰਘ ਰੰਧਾਵਾ, ਲਖਵਿੰਦਰ ਸਿੰਘ ਸੋਨਾ ਚੇਅਰਮੈਨ, ਭਾਈ ਸਤਿੰਦਰ ਪਾਲ ਸਿੰਘ ਜੌਨੀ, ਜਗਜੀਤ ਸਿੰਘ ਖ਼ਾਲਸਾ, ਅਮਨਦੀਪ ਸਿੰਘ ਹੈਪੀ, ਕੁਲਵਿੰਦਰ ਸਿੰਘ ਢੋਟ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।