ਪਬਲੀਕੇਸ਼ਨ ਵਿਭਾਗ ਵਿਖੇ ਪਾਵਨ ਸਰੂਪ ਘੱਟ ਹੋਣ ਦੇ ਮਾਮਲੇ ਨੂੰ ਸਾਬਕਾ ਮੁਲਾਜ਼ਮ ਦੇ ਰਹੇ ਰਾਜਸੀ ਰੰਗਤ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘੱਟ ਹੋਣ ਬਾਰੇ ਗੁੰਮਰਾਹਕੁੰਨ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸਿੱਖਾਂ ਵਿਚ ਨਵਾਂ ਵਿਵਾਦ ਖੜ੍ਹਾ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ। ਭਾਈ ਮਹਿਤਾ ਨੇ ਕਿਹਾ ਕਿ ਅਸਲ ਵਿਚ ਇਹ ਮਾਮਲਾ ਪਬਲੀਕੇਸ਼ਨ ਵਿਭਾਗ ਦੇ ਇਕ ਸਾਬਕਾ ਮੁਲਾਜ਼ਮ ਸ. ਕੰਵਲਜੀਤ ਸਿੰਘ ਜੋ ਮੂਲ ਰੂਪ ਵਿਚ ਇਸ ਸਾਰੇ ਮਾਮਲੇ ’ਚ ਦੋਸ਼ੀ ਹੈ, ਵੱਲੋਂ ਜਾਣਬੁੱਝ ਕੇ ਉਲਝਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਵਿਭਾਗ ਦੇ ਸਾਬਕਾ ਮੁਲਾਜ਼ਮ ਸ. ਕੰਵਲਜੀਤ ਸਿੰਘ ਨੇ ਆਪਣੀ ਸੇਵਾਮੁਕਤੀ (31 ਮਈ 2020) ਸਮੇਂ ਚਾਰਜ ਦੇ ਦੇਣ-ਲੈਣ ਦੌਰਾਨ 267 ਪਾਵਨ ਸਰੂਪ ਘੱਟ ਹੋਣ ਦੀ ਗੱਲ ਖ਼ੁਦ ਕਬੂਲੀ ਹੈ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸਾਬਕਾ ਮੁਲਾਜ਼ਮ ਵੱਲੋਂ ਘਟੇ ਪਾਵਨ ਸਰੂਪਾਂ ਦੇ ਬਣਦੇ ਪੈਸੇ ਜਮ੍ਹਾਂ ਕਰਵਾਉਣ ਲਈ ਵੀ ਲਿਖਤੀ ਤੌਰ ’ਤੇ ਦਿੱਤਾ ਗਿਆ ਹੈ। ਪਰੰਤੂ ਹੁਣ ਉਹ ਆਪਣੇ ਦੋਸ਼ਾਂ ਨੂੰ ਛਪਾਉਣ ਲਈ ਜਾਣ-ਬੁਝ ਕੇ ਸ਼੍ਰੋਮਣੀ ਕਮੇਟੀ ਦਾ ਅਕਸ ਖਰਾਬ ਕਰ ਰਿਹਾ ਹੈ। ਉਸ ਵੱਲੋਂ ਮਨੁੱਖੀ ਅਧਿਕਾਰ ਸੰਗਠਨ ਰਾਹੀਂ ਮਾਮਲੇ ਨੂੰ ਸੰਨ 2016 ਵਿਚ ਹੋਏ ਸ਼ਾਰਟ ਸਰਕਟ ਨਾਲ ਜੋੜਿਆ ਜਾ ਰਿਹਾ ਹੈ, ਜਦਕਿ ਉਸ ਵਕਤ ਕੇਵਲ 14 ਪਾਵਨ ਸਰੂਪ ਹੀ ਨੁਕਸਾਨੇ ਗਏ ਸਨ। ਭਾਈ ਮਹਿਤਾ ਨੇ ਕਿਹਾ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੂੰ ਵੀ ਇਸ ਬਾਰੇ ਸੰਸਥਾ ’ਤੇ ਦੋਸ਼ ਲਗਾਉਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਨੀ ਚਾਹੀਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਂਜ ਤਾਂ ਮਨੁੱਖੀ ਅਧਿਕਾਰ ਸੰਗਠਨ ਦਾ ਇਹ ਅਧਿਕਾਰ ਖੇਤਰ ਹੀ ਨਹੀਂ ਹੈ।

ਭਾਈ ਮਹਿਤਾ ਨੇ ਦੱਸਿਆ ਕਿ ਪਬਲੀਕੇਸ਼ਨ ਵਿਭਾਗ ਵਿਖੇ ਜਿਹੜੀ 19 ਮਈ 2016 ਦੀ ਸ਼ਾਰਟ ਸਰਕਟ ਵਾਲੀ ਘਟਨਾ ਨਾਲ ਮਾਮਲੇ ਨੂੰ ਜੋੜਿਆ ਜਾ ਰਿਹਾ ਹੈ ਉਸ ਵਿਚ ਕੇਵਲ 5 ਪਾਵਨ ਸਰੂਪ ਅਗਨ ਭੇਟ ਹੋਏ ਸਨ, ਜਦਕਿ 9 ਸਰੂਪ ਅੱਗ ਬੁਝਾਉਣ ਸਮੇਂ ਪਾਣੀ ਨਾਲ ਨੁਕਸਾਨੇ ਗਏ ਸਨ। ਇਹ ਖ਼ਬਰਾਂ ਉਸ ਸਮੇਂ ਮੀਡੀਆ ਵਿਚ ਵੀ ਨਸ਼ਰ ਹੋਈਆਂ ਸਨ। ਇਸ ਮਾਮਲੇ ਬਾਰੇ ਇਹ ਪ੍ਰਚਾਰ ਕੀਤਾ ਜਾਣਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਘਟਨਾ ਨੂੰ ਜਾਣਬੁਝ ਕੇ ਦਬਾਇਆ ਗਿਆ ਹੈ, ਇਕ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਏ.ਡੀ.ਸੀ.ਪੀ., ਏ.ਸੀ.ਪੀ. ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ, ਅੱਗ ਬੁਝਾਊ ਮਹਿਕਮੇ ਦਾ ਸਟਾਫ਼, ਮੀਡੀਆ ਅਤੇ ਸਿੱਖ ਸੰਗਤਾਂ ਵੀ ਮੌਜੂਦ ਸਨ। ਇਸ ਲਈ ਮਾਮਲਾ ਛਪਾਉਣ ਦਾ ਇਲਜ਼ਾਮ ਮਾਮਲੇ ਨੂੰ ਰਾਜਸੀ ਮੋੜ ਦੇਣ ਕਾਰਨ ਹੀ ਕੀਤਾ ਜਾ ਰਿਹਾ ਹੈ, ਜਦਕਿ ਸੱਚਾਈ ਸਭ ਦੇ ਸਾਹਮਣੇ ਹੈ।

ਉਨ੍ਹਾਂ ਵਿਸਥਾਰ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਖੇ 19 ਮਈ 2016 ਨੂੰ ਤਕੜਸਾਰ 5 ਵਜੇ ਦੇ ਕਰੀਬ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਿਭਾਗ ਵਿਖੇ ਅੱਗ ਲੱਗੀ ਸੀ। ਘਟਨਾ ਦੀ ਨਾਜ਼ੁਕਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਫਲਾਇੰਗ ਸ. ਸਕੱਤਰ ਸਿੰਘ ਤੁਰੰਤ ਘਰੋਂ ਘਟਨਾ ਸਥਾਨ ’ਤੇ ਪੁੱਜੇ। ਇਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਤੱਤਕਾਲੀ ਮੁੱਖ ਸਕੱਤਰ ਸ. ਹਰਚਰਨ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜ ਗਏ। ਇਸ ਮੰਦਭਾਗੀ ਘਟਨਾ ਵਿਚ 5 ਪਾਵਨ ਸਰੂਪ ਅਗਨ ਭੇਟ ਹੋਏ ਅਤੇ 9 ਦੇ ਕਰੀਬ ਪਾਣੀ ਨਾਲ ਨੁਕਸਾਨੇ ਗਏ ਸਨ।

ਇਸੇ ਦਿਨ 19 ਮਈ 2016 ਨੂੰ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸੀ, ਲੇਕਿਨ ਮੰਦਭਾਗੀ ਘਟਨਾ ਵਾਪਰਨ ਕਾਰਨ ਪ੍ਰਧਾਨ ਸ਼੍ਰੋਮਣੀ ਕਮੇਟੀ, ਸਾਰੇ ਅਹੁਦੇਦਾਰ ਅਤੇ ਅੰਤ੍ਰਿੰਗ ਮੈਂਬਰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਘਟਨਾ ਸਥਾਨ ’ਤੇ ਪੁੱਜੇ। ਇਸ ਮਗਰੋਂ ਅੰਤ੍ਰਿੰਗ ਕਮੇਟੀ ਵੱਲੋਂ ਪਸ਼ਚਾਤਾਪ ਵਜੋਂ ਮੀਟਿੰਗ ਰੱਦ ਕਰ ਦਿੱਤੀ ਗਈ। ਇਸ ਗੰਭੀਰ ਮੁੱਦੇ ’ਤੇ ਉਸੇ ਦਿਨ 19 ਮਈ 2016 ਨੂੰ ਅਹੁਦੇਦਾਰਾਂ (ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਭਾਈ ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਡਾ. ਰੂਪ ਸਿੰਘ ਸਕੱਤਰ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘ ਐਡੀਸ਼ਨਲ ਸਕੱਤਰ ਕੋਆਰਡੀਨੇਟਰ) ਦੀ ਸਬ-ਕਮੇਟੀ ਗਠਿਤ ਕੀਤੀ ਗਈ, ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। ਸਬ-ਕਮੇਟੀ ਨੂੰ ਅਗਲੀ ਇਕੱਤਰਤਾ ਤੋਂ ਪਹਿਲਾਂ ਰਿਪੋਰਟ ਦੇਣ ਲਈ ਕਿਹਾ ਗਿਆ। ਸਬ-ਕਮੇਟੀ ਨੇ ਉਸੇ ਹੀ ਦਿਨ (19 ਮਈ) ਨੂੰ ਬਾਅਦ ਦੁਪਹਿਰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਮੌਕੇ ’ਤੇ ਜਾ ਕੇ ਸਾਰੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਰਿਪੋਰਟ ਤਿਆਰ ਕਰਕੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਜਮ੍ਹਾਂ ਕਰਵਾ ਦਿੱਤੀ। 24 ਮਈ 2016 ਨੂੰ ਸਕੱਤਰ ਡਾ. ਰੂਪ ਸਿੰਘ ਨੇ ਸਬ-ਕਮੇਟੀ ਦੀ ਰਿਪੋਰਟ ਅੰਤ੍ਰਿੰਗ ਕਮੇਟੀ ਨੂੰ ਮਾਰਕ ਕੀਤੀ। 26 ਮਈ 2016 ਨੂੰ ਮੁੜ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਸਬ-ਕਮੇਟੀ ਦੀ ਰਿਪੋਰਟ ਪੇਸ਼ ਹੋਈ, ਇਸ ਨੂੰ ਸਰਬਸੰਮਤੀ ਨਾਲ ਪਾਸ ਕਰਕੇ ਤੁਰੰਤ ਅਮਲ ਵਿਚ ਲਿਆਉਣ ਲਈ ਫੈਸਲਾ ਕੀਤਾ। ਇਸ ਰਿਪੋਰਟ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਅਤੇ ਨਵੇਂ ਪਾਵਨ ਸਰੂਪ ਰੱਖਣ ਲਈ ਵਿਸ਼ੇਸ਼ ਬਿਲਡਿੰਗ ਦਾ ਨਿਰਮਾਣ ਕਾਰਜ ਦੀ ਸਿਫਾਰਸ਼ ਵੀ ਸੀ। ਇਸ ਨੂੰ ਅਮਲ ਵਿਚ ਲਿਆਂਦਾ ਗਿਆ ਅਤੇ ਇਹ ਨਿਰਮਾਣ ਅਧੀਨ ਬਿਲਡਿੰਗ ਅੰਤਿਮ ਛੋਹਾਂ ’ਤੇ ਹੈ।

ਭਾਈ ਮਹਿਤਾ ਨੇ ਕਿਹਾ ਕਿ ਸਾਰੇ ਵੇਰਵੇ ਤੋਂ ਸਪੱਸ਼ਟ ਹੈ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸਾਬਕਾ ਮੁਲਾਜ਼ਮ ਸ. ਕੰਵਲਜੀਤ ਸਿੰਘ ਦੇ ਹਵਾਲੇ ਨਾਲ ਲਗਾਏ ਗਏ ਇਲਜ਼ਾਮ ਬਿਲਕੁਲ ਬੇ-ਬੁਨਿਆਦ ਹਨ। ਅਸਲ ਵਿਚ ਸ. ਕੰਵਲਜੀਤ ਸਿੰਘ ਖ਼ੁਦ ਦੋਸ਼ੀ ਹੈ, ਕਿਉਂਕਿ ਚਾਰਜ ਸਮੇਂ ਉਸ ਨੇ ਖੁਦ ਮੰਨਿਆ ਹੈ। 2016 ਵਿਚ ਸ਼ਾਰਟ ਸਰਕਟ ਸਮੇਂ ਕੁਲ 14 ਪਾਵਨ ਸਰੂਪ ਹੀ ਨੁਕਸਾਨੇ ਗਏ ਸਨ, ਜਿਨ੍ਹਾਂ ਨੂੰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਪਹੁੰਚਾ ਦਿੱਤਾ ਗਿਆ ਸੀ। ਬਾਕੀ ਸਾਰੇ ਪਾਵਨ ਸਰੂਪਾਂ ਦੀ ਸਾਂਭ-ਸੰਭਾਲ ਕਰਨ ਦੀ ਜ਼ੁੰਮੇਵਾਰੀ ਪਬਲੀਕੇਸ਼ਨ ਵਿਭਾਗ ਦੇ ਸਟਾਫ਼ ਦੀ ਹੀ ਬਣਦੀ ਹੈ। ਪਬਲੀਕੇਸ਼ਨ ਵਿਭਾਗ ਦਾ ਸਾਬਕਾ ਮੁਲਾਜ਼ਮ ਸ. ਕੰਵਲਜੀਤ ਸਿੰਘ ਆਪਣੇ ਦੋਸ਼ਾਂ ਨੂੰ ਛੁਪਾਉਣ ਲਈ ਮਾਮਲਾ 2016 ਦੀ ਸ਼ਾਰਟ ਸਰਕਟ ਵਾਲੀ ਘਟਨਾ ਨਾਲ ਜੋੜ ਰਿਹਾ ਹੈ। ਜਦਕਿ ਉਸ ਵਕਤ ਸਾਰਾ ਮਾਮਲਾ ਮੀਡੀਆ ਰਾਹੀਂ ਲੋਕਾਂ ਸਾਹਮਣੇ ਜਨਤਕ ਹੋ ਚੁੱਕਾ ਹੈ ਅਤੇ ਇਸ ਵੱਲੋਂ ਲਾਏ ਜਾ ਰਹੇ ਇਲਜ਼ਾਮ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਗੁਰਿੰਦਰ ਸਿੰਘ ਮਥਰੇਵਾਲ ਆਦਿ ਮੌਜੂਦ ਸਨ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>