ਨਿਊਜ਼ੀਲੈਂਡ ਆਰਮੀ ‘ਚ ਅੰਮ੍ਰਿਤਧਾਰੀ ਗੋਰੇ ਨੌਜਵਾਨ ਸ. ਲੂਈ ਸਿੰਘ ਖਾਲਸਾ ਦੀ ਪਾਸਿੰਗ ਪਰੇਡ ‘ਚ ਵੱਖਰੀ ਪਹਿਚਾਣ

ਔਕਲੈਂਡ, (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਆਰਮੀ ਇਸ ਵੇਲੇ 175ਵੇਂ ਸਾਲ ਦੇ ਵਿਚ ਹੈ। ਇਹ ਦੇਸ਼ ਭਾਵੇਂ ਧਰਤੀ ਦੇ ਨਾਲ ਧਰਤੀ ਜੋੜਨ ਵਾਲੀ ਸਰਹੱਦ ਨਹੀਂ ਰੱਖਦਾ ਪਰ ਸਮੁੰਦਰੀ ਸਰਹੱਦਾਂ ਦੀ ਰਾਖੀ ਬਾਖੂਬੀ ਕਰਦਾ ਹੈ। ਦੇਸ਼ ਦੀ ਸੁਰੱਖਿਆ ਲਈ ਇਥੇ ਦੀ ਆਰਮੀ ਇਕ ਆਧੁਨਿਕ ਸੈਨਾ ਹੈ ਜੋ ਕਿ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਅਫਗਾਨਿਸਤਾਨ ਦੇ ਵਿਚ ਵੀ ਆਪਣੀਆਂ ਸੇਵਾਵਾਂ ਦਿੰਦੀ ਹੈ। ਬੀਤੇ ਕੱਲ੍ਹ ਆਰਮੀ ਦੇ ਵਿਚ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ਹੋਈ। ਇਸ ਪਾਸਿੰਗ ਪ੍ਰੇਡ ਦੇ ਵਿਚ 23 ਸਾਲਾ ਇਕ ਗੋਰੇ ਨੌਜਵਾਨ ਜਿਸਨੇ ਆਰਮੀ ਦੀ ਵਰਦੀ ਵਾਲੀ  ਹਰੀ ਰੰਗੀ ਪੱਗ ਬੰਨ੍ਹੀ ਹੋਈ ਸੀ, ਪੱਗੇ ਉਤੇ ਆਰਮੀ ਦਾ ਲੋਗੋ, ਭੂਰੀ-ਭੂਰੀ ਦਾੜੀ ਪ੍ਰਕਾਸ਼ ਰੂਪ ਵਿਚ ਅਤੇ ਕੱਛ ‘ਚ ਮਿਲਟ੍ਰੀ ਸਲੀਕੇ ਨਾਲ ਬੰਦੂਕ ਫੜੀ ਹੋਈ ਸੀ ਤਾਂ ਸਾਰਿਆਂ ਦਾ ਧਿਆਨ ਆਪਣੇ ਇਸ ਵੱਲੇ ਖਿੱਚਿਆ ਗਿਆ। ਕੈਮਰੇ ਟਿੱਕ-ਟਿਕ ਕਰਨ ਲੱਗੇ। ਗੋਰਾ ਚਿੱਟਾ ਰੰਗ ਅਤੇ ਉਸਦੀ ਵੱਖਰੀ ਪਹਿਚਾਣ ਸਿੱਖੀ ਦੀ ਵੱਖਰੀ ਪਹਿਚਾਣ ਦਾ ਵਾਕਿਆ ਪੂਰਾ ਕਰ ਰਹੀ ਸੀ। ਇਸ ਗੋਰੇ ਨੌਜਵਾਨ ਦਾ ਨਾਂਅ ਹੈ ਲੂਈ ਸਿੰਘ ਖਾਲਸਾ। ਉਂਜ ਇਸਦਾ ਅੰਗਰੇਜੀ ਨਾਂਅ ਲੂਈਸ ਟਾਲਬੋਟ। ਲਭ-ਲਭਾ ਕੇ ਇਸ ਨਾਲ ਸੰਪਕ ਕੀਤਾ ਅਤੇ ਪੜ੍ਹੋ ਸਾਰੀ ਕਹਾਣੀ।

NZ PIC 7 July-1.resized

ਕਮਾਲ ਦੀ ਸਟੋਰੀ: ਇਹ ਨੌਜਵਾਨ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕਦਾ ਹੈ ਅਤੇ ਫਿਰ ਨਿਊਜ਼ੀਲੈਂਡ ਦੀ ਆਰਮੀ ਵਿਚ ਕਿਵੇਂ ਆ ਕੇ ਡੱਟਦਾ ਹੈ,  ਬੜੀ ਕਮਾਲ ਦੀ ਕਹਾਣੀ ਹੈ। ਅੱਜ ਇਸ ਪੱਤਰਕਾਰ ਨਾਲ ਦੇਰ ਰਾਤ ਹੋਣ ਦੇ ਬਾਵਜੂਦ ਵੀ ਉਸਨੇ ਪੰਜਾਬੀ-ਇੰਗਲਿਸ਼ ਵਿਚ ਗੱਲ  ਕੀਤੀ। ਉਹ ਜਦੋਂ ਹੈਲੋ ਕਹਿਣ ਉਤੇ ”ਬਾਬਾ ਜੀ” ਕਰਕੇ ਸੰਬੋਧਨ ਹੋਇਆ ਤਾਂ ਬੜੀ ਕਮਾਲ ਦੀ ਗੱਲ ਲੱਗੀ।  ਸਿੱਖੀ ਜੀਵਨ ਦੇ ਵਿਚ ਕਿਵੇਂ ਆਏ? ਬਾਰੇ ਗੱਲਬਾਤ ਕੀਤੀ ਤਾਂ ਇੰਝ ਲੱਗਿਆ ਜਿਵੇਂ ਉਸਨੂੰ ਸਿੱਖੀ ਅਤੇ ਸਿੱਖੀ ਜੀਵਨ 5 ਸਾਲਾਂ ਵਿਚ ਹੀ ਸਮਝ ਆ ਗਿਆ ਹੋਵੇ ਅਤੇ ਬਹੁਤੇ ਸਿੱਖਾਂ ਨੂੰ ਸਿੱਖਾਂ ਦੇ ਘਰ ਪੈਦਾ ਹੋਣ ਦੇ ਦਹਾਕਿਆਂ ਬਾਅਦ ਵੀ ਓਨਾ ਸਮਝ ਨਾ ਆਇਆ ਹੋਵੇ। ਇਹ ਨੌਜਵਾਨ ਕੈਂਟਰਬਰੀ ਦੇ ਇਕ ਸ਼ਹਿਰ ਟੀਮਾਰੂ ਦਾ ਰਹਿਣਾ ਵਾਲਾ ਹੈ ਅਤੇ ਇਸਨੇ ਕਾਲਜ ਦੀ ਆਪਣੀ ਪੜ੍ਹਾਈ ਕ੍ਰਾਈਸਟ ਕਾਲਜ ਕ੍ਰਾਈਸਟਚਰਚ ਤੋਂ ਪੂਰੀ ਕੀਤੀ। ਸਿੱਖੀ ਜੀਵਨ ਬਾਰੇ ਉਸਨੇ ਦੱਸਿਆ ਕਿ 2015 ਦੇ ਵਿਚ ਸਕੂਲ ਤੋਂ ਬਾਅਦ ਉਹ ਆਪਣੇ ਇਕ ਦੋਸਤ ਦੇ ਘਰ ਇਕ ਸਿੱਖ ਨੌਜਵਾਨ ਸ. ਤੇਜਿੰਦਰ ਸਿੰਘ (ਹੁਣ ਕੈਨੇਡਾ) ਨੂੰ ਮਿਲਿਆ।  ਉਸਨੇ ਗੁਰੂ ਘਰ ਬਾਰੇ ਜਾਣਕਾਰੀ ਮੰਗੀ। ਇਸਨੂੰ ਕ੍ਰਾਈਸਟਚਰਚ ਦੇ ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਵਿਖੇ ਆਉਣ ਲਈ ਕਿਹਾ ਗਿਆ। ਜਿੱਥੇ ਉਸਨੂੰ ਇਕ ਅਲੱਗ ਤਰ੍ਹਾਂ ਸਕੂਨ ਦਿੰਦਾ ਅਹਿਸਾਸ ਹੋਇਆ। ਗੁਰਬਾਣੀ ਦੇ ਇੰਗਲਿਸ਼ ਅਰਥ ਹਿਰਦੇ ਵਸ ਗਏ। ਫਿਰ ਇਹ ਹਰ ਹਫਤੇ ਗੁਰਦੁਆਰਾ ਸਾਹਿਬ ਜਾਣ ਲੱਗਾ ਜਿੱਥੇ ਉਸਨੂੰ ਸਿੱਖ ਨੌਜਵਾਨ ਭਾਈ ਸੁਖਪ੍ਰੀਤ ਸਿੰਘ, ਕਮਲ ਸਿੰਘ, ਦਿਲਰਾਜ ਸਿੰਘ, ਕੰਵਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਹੋਰੀਂ ਮਿਲਦੇ ਰਹਿੰਦੇ ਅਤੇ ਸਿੱਖੀ ਜੀਵਨ ਵੱਲ ਇਹ ਵੀ ਪ੍ਰੇਰਿਤ ਹੋਣ ਲੱਗਾ।

NZ PIC 7 July-1C.resized

ਜੂਨ 2018 ਦੇ ਵਿਚ ਇਹ ਨੌਜਵਾਨ ਪੰਜਾਬ ਜਾਂਦਾ ਹੈ, ਇਕ ਸਿੱਖ ਪਰਿਵਾਰ ਨਾਲ ਰਹਿੰਦਾ ਹੈ, ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਅੰਮ੍ਰਿਤਪਾਨ ਕਰਦਾ ਹੈ, ਚੋਲਾ ਪਹਿਨਦਾ ਹੈ, ਗੁਰਮੁਖੀ ਸਿੱਖਣੀ ਸ਼ੁਰੂ ਕਰਦਾ ਹੈ, ਬਾਣੀ ਪੜ੍ਹਨੀ ਸ਼ੁਰੂ ਕਰਦਾ ਹੈ, ਸ੍ਰੀ ਦਰਬਾਰ ਸਾਹਿਬ ਜਾਂਦਾ ਹੈ, ਸੜਕਾਂ ਉਤੇ ਲਿਖੇ ਪੰਜਾਬੀ ਬੋਰਡ ਪੜ੍ਹ ਕੇ ਪ੍ਰੈਕਟਿਸ ਕਰਦਾ ਹੈ ਅਤੇ ਵਾਪਿਸ ਨਿਊਜ਼ੀਲੈਂਡ ਆ ਕੇ ਤਬਲਾ ਅਤੇ ਕੀਰਤਨ ਸਿੱਖਣ ਲਗਦਾ ਹੈ। ਇਸ ਇੰਟਰਵਿਊ ਦੌਰਾਨ ਉਸਨੇ 80% ਗੱਲਬਾਤ ਪੰਜਾਬੀ ਵਿਚ ਹੀ ਕਰ ਲਈ, ਬਾਅਦ ਵਿਚ ਮੈਂ ਟਾਈਪ ਕੀਤੀ ਸਟੋਰੀ ਵੀ ਭੇਜੀ ਤਾਂ ਪਰੂਫ ਰੀਡਿੰਗ ਵੀ ਕਰ ਦਿੱਤੀ। ਸਾਰਾ ਕੁਝ ਬਾ ਕਮਾਲ ਲੱਗਿਆ।

NZ PIC 7 July-1B.resized

ਇਹ ਨੌਜਵਾਨ ਦੀ ਮਾਤਾ ਇੰਗਲੈਂਡ ਤੋਂ ਹੈ ਅਤੇ ਪਿਤਾ ਨਿਊਜ਼ੀਲੈਂਡ ਤੋਂ ਹੈ। ਇਸਦਾ ਇਕ ਵੱਡਾ ਭਰਾ ਹੈ ਅਤੇ ਛੋਟੀ ਭੈਣ ਹੈ। ਸ਼ਾਲਾ! ਇਹ ਨੌਜਵਾਨ ਸਿੱਖੀ ਸਰੂਪ ਦੇ ਵਿਚ ਨਿਊਜ਼ੀਲੈਂਡ ਆਰਮੀ ਦੇ ਵਿਚ ਰਹਿੰਦਿਆ ਪੂਰੇ ਸਿੱਖ ਜਗਤ ਦੇ ਮਾਣ ਕਰਨ ਵਾਲੀ ਗੱਲ ਇਸੀ ਤਰ੍ਹਾਂ ਬਣਾਈ ਰੱਖੇ। ਦਸਤਾਰ ਸਜਾ ਕੇ ਅੱਗੇ ਵਧਣ ਲਈ ਇਹ ਸਿੱਖ ਬੱਚਿਆਂ ਲਈ ਵਿਸ਼ਵ ਵਿਆਪੀ ਇਕ ਵਧੀਆ ਉਦਾਹਰਣ ਹੈ ਤਾਂ ਕਿ ਕੇਸਾਂ ਕਰਕੇ ਉਨ੍ਹਾਂ ਦੇ ਵਿਚ ਕੋਈ ਹੀਣ ਭਾਵਨਾ ਨਾ ਪੈਦਾ ਹੋਵੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>