ਨਵੀਂ ਦਿੱਲੀ – ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਦੇ ਖ਼ਾਨਦਾਨ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ਉੱਤੇ ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਹਾਲਤ ਸਪਸ਼ਟ ਕਰਦੇ ਹੋਏ ਕੌਮ ਵਿੱਚ ਪੈਦਾ ਹੋਈ ਇਸ ਦੁਬਿਧਾ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ। ਗੁਰੂ ਗੋਬਿੰਦ ਸਿੰਘ ਦੀ ਰਚਨਾ ‘ਬਚਿੱਤਰ ਨਾਟਕ’ ਅਤੇ ਕੇਸਰ ਸਿੰਘ ਛਿੱਬਰ ਰਚਿਤ ‘ਬੰਸਾਵਲੀਨਾਮਾ’ ਨੂੰ ਲੈ ਕੇ ਇਸ ਸਬੰਧੀ ਕੁੱਝ ਵਿਦਵਾਨਾਂ ਵੱਲੋਂ ਦਿੱਤੇ ਜਾ ਰਹੇ ਸੰਦਰਭਾਂ ਉੱਤੇ ਧਿਆਨ ਦੇਣ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੇ ਹੋਏ ਜੀਕੇ ਨੇ ਕਿਹਾ ਕਿ ਗੁਰਮਤ ਮਰਿਆਦਾ ਉਕਤ ਖ਼ਾਨਦਾਨ ਦੱਸਣ ਵਾਲੀ ਸੋਚ ਨੂੰ ਰੱਦ ਕਰਦੀ ਹੈ ਅਤੇ ਅੰਮ੍ਰਿਤ ਛਕ ਕੇ ਖ਼ਾਲਸਾ ਬਣਨ ਦੇ ਬਾਅਦ ਪੁਰਾਣੀ ਖ਼ਾਨਦਾਨ ਦੀ ਸੋਚ ਖ਼ਤਮ ਹੋਣ ਦੀ ਪਰੰਪਰਾ ਦੇ ਬਾਰੇ ਵਿੱਚ ਅਸੀਂ ਸਾਰੇ ਜਾਣਦੇ ਹਾਂ। ਇਸ ਲਈ ਗੁਰੂ ਸਾਹਿਬਾਨਾਂ ਦੇ ਖ਼ਾਨਦਾਨ ਪ੍ਰਚਾਰ ਦੇ ਬਾਰੇ ਵਿੱਚ ਛਪੇ ਇਤਿਹਾਸਕ ਸਰੋਤਾ ਨੂੰ ਦੁਬਾਰਾ ਤੋਂ ਵੇਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸਵਾਲ ਪੈਦਾ ਹੁੰਦਾ ਹੈ ਕਿ ਕਿਤੇ ਕਿਸੇ ਨੇ ਇਤਿਹਾਸ ਵਿੱਚ ਛੇੜਛਾੜ ਕਰ ਕੇ ਸਾਨੂੰ ਗੁਰੂ ਸਿਧਾਂਤਾਂ ਤੋਂ ਤੋੜਨ ਲਈ ਕਿਤੇ ਕੋਈ ਮਿਲਾਵਟ ਤਾਂ ਨਹੀਂ ਕੀਤੀ ਸੀ ?
ਜੀਕੇ ਨੇ ਕਿਹਾ ਕਿ ਜਿਸ ਤਰਾਂ ਇਤਿਹਾਸ ਅਤੇ ਇਤਿਹਾਸ ਦੇ ਸਰੋਤਾ ਵਿੱਚ ਮਿਲਾਵਟ ਦੇ ਖ਼ਦਸ਼ੇ ਜਤਾਏ ਜਾ ਰਹੇ ਹਨ, ਉਹ ਸੱਚ ਵੀ ਹੋ ਸਕਦੇ ਹਨ। ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਵੱਲੋਂ ਆਨੰਦਪੁਰ ਸਾਹਿਬ ਦਾ ਕਿੱਲਾ ਛੱਡਣ ਦੇ ਬਾਅਦ ਸਾਡੇ ਕਈ ਇਤਿਹਾਸ ਦੇ ਸਰੋਤ ਖ਼ਤਮ ਹੋ ਗਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਬਾਅਦ ਸਿੱਖ ਮਿਸਲਾਂ ਦੇ ਹੋਂਦ ਵਿੱਚ ਆਉਣ ਦੇ ਵਿਚਕਾਰਲੇ ਲੰਬੇ ਸਮੇਂ ਦੌਰਾਨ ਸਿੱਖ ਜ਼ਿਆਦਾਤਰ ਜੰਗਲਾਂ ਵਿੱਚ ਰਹਿੰਦੇ ਸਨ। ਇਸ ਵਜਾ ਨਾਲ ਉਸ ਸਮੇਂ ਗੁਰਧਾਮਾਂ ਉੱਤੇ ਗੁਰਮਤ ਵਿਰੋਧੀ ਸੋਚ ਕਾਬਜ਼ ਹੋ ਗਈ ਸੀ। ਜਿਸ ਦੀ ਛਾਇਆ ਪੂਰੇ ਤੌਰ ਉੱਤੇ 1920 ਵਿੱਚ ਸ਼੍ਰੋਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਦੇ ਬਾਅਦ ਹਟੀ ਸੀ। ਇਹਨਾਂ ਲੋਕਾਂ ਨੇ ਆਪਣੀ ਸੋਚ ਨੂੰ ਗੁਰਮਤ ਦੀ ਸੋਚ ਵਾਲੇ ਇਤਿਹਾਸ ਦੇ ਸਰੋਤਾ ਨਾਲ ਮਿਲਾਕੇ ਛੇੜਛਾੜ ਨਾ ਕੀਤੀ ਹੋਏ, ਅਜਿਹਾ ਕਹਿਣਾ ਸਹੀ ਅਤੇ ਤਰਕ-ਸੰਗਤ ਨਹੀਂ ਹੋਵੇਗਾ। ਇਸ ਲਈ ਇਤਿਹਾਸ ਦੇ ਸਾਰੇ ਸਰੋਤਾ ਦੀ ਜਾਂਚ ਗੁਰਮਤਿ ਦੀ ਕਸੌਟੀ ਉੱਤੇ ਕਰਨ ਦਾ ਹੁਣ ਸਮਾਂ ਆ ਗਿਆ ਹੈ। ਕਿਸੇ ਦੂਜੇ ਨੂੰ ਦੋਸ਼ ਦੇਣ ਦੀ ਬਜਾਏ ਸਾਨੂੰ ਆਪਣੇ ਘਰ ਨੂੰ ਸੁਰੱਖਿਅਤ ਕਰਨਾ ਪਹਿਲਾਂ ਜ਼ਰੂਰੀ ਹੈ। ਜੀਕੇ ਨੇ ਬਿਨਾਂ ਪ੍ਰਮਾਣਿਤ ਤੱਥਾਂ ਦੇ ਗ਼ਲਤ ਇਤਿਹਾਸ ਪੜ੍ਹਨ ਜਾਂ ਸੁਣਾਉਣ ਵਾਲੇ ਪ੍ਰਚਾਰਕਾਂ ਅਤੇ ਨੇਤਾਵਾਂ ਦੇ ਖ਼ਿਲਾਫ਼ ਕੜੀ ਕਾਨੂੰਨੀ ਅਤੇ ਧਾਰਮਿਕ ਸਜਾਵਾਂ ਲਗਾਉਣ ਜਾਂ ਦਿਵਾਉਣ ਦੀ ਵਕਾਲਤ ਕਰਦੇ ਹੋਏ ਇਸ ਸਬੰਧੀ ਇੱਕ ਢਾਂਚਾ ਵਿਕਸਿਤ ਕਰਨ ਦੀ ਜਥੇਦਾਰ ਨੂੰ ਸਲਾਹ ਦਿੱਤੀ ਹੈ। ਤਾਂਕਿ ਗ਼ਲਤ ਇਤਿਹਾਸ ਦਾ ਹਵਾਲਾ ਦੇਣ ਦੀ ਕੋਈ ਹਿੰਮਤ ਨਾ ਕਰੇ।