ਤਖ਼ਤ ਸ੍ਰੀ ਦਮਦਮਾ ਸਾਹਿਬ /ਤਲਵੰਡੀ ਸਾਬੋ – ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਇਸ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਅੱਜ ਅੰਤਿਮ ਦਿਹਾੜੇ ਵਿਸ਼ਾਲ ਗੁਰਮਤਿ ਸਮਾਗਮ ਮੌਕੇ ਦਮਦਮੀ ਟਕਸਾਲ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਲਵਾਈ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਦੀ ਸਥਾਪਨਾ ਅਤੇ ਮੌਜੂਦਾ ਸਮੇਂ ਟਕਸਾਲ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦਮਦਮੀ ਟਕਸਾਲ ਦੀ ਵਿਸ਼ੇਸ਼ਤਾਈਆਂ ਕੌਮ ਦੀ ਕੀਤੀ ਗਈ ਵਿਲਖਣ ਸੇਵਾ ਅਤੇ ਪਰਉਪਕਾਰ ਦੀ ਗਲ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਗੁਰਬਾਣੀ ਸ਼ੁਧ ਉਚਾਰਨ, ਅਰਥ ਪ੍ਰੰਪਰਾ ਸੰਭਾਲ ਕੇ ਰਖਣ, ਵਿਦਿਆ ਦੇ ਖੇਤਰ ਤੋਂ ਇਲਾਵਾ ਕੌਮ ਲਈ ਸ਼ਹੀਦੀਆਂ ਦੇਣ ਵਿਚ ਵੀ ਮੋਹਰੀ ਰਹੀ।ਗੁਰੂ ਪੰਥ ਨੂੰ ਦਿਤੀ ਗਈ ਬਹੁਤ ਵੱਡੀ ਦੇਣ ਵਜੋਂ ਦਮਦਮੀ ਟਕਸਾਲ ਵਲੋਂ ਦਿਤੀਆਂ ਸ਼ਹਾਦਤਾਂ ਨੇ ਮੌਜੂਦਾ ਸਮੇਂ ਵਿਸ਼ਵ ਪੱਧਰ ‘ਤੇ ਖ਼ਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਖ਼ਾਲਸਾ ਪੰਥ ਦੀ ਮਜ਼ਬੂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਇਕੱਤਰ ਹੋਣ ਦਾ ਹੋ ਕਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਸਿੱਖ ਸੰਸਥਾਵਾਂ ਦਾ ਆਪਣਾ ਸਥਾਨ ਹੈ। ਦਮਦਮੀ ਟਕਸਾਲ ਪੰਥ ਦੀ ਇਕ ਵੱਡੀ ਸੰਸਥਾ ਹੈ, ਪਰ ਸਿੱਖ ਵਿਰੋਧੀ ਤਾਕਤਾਂ ਅਤੇ ਕੁਝ ਲੋਕ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਖ਼ਾਲਸਾ ਪੰਥ ਦੀਆਂ ਪੰਥਕ ਸੰਸਥਾਵਾਂ ਦੀ ਜਾਣਬੁੱਝ ਕੇ ਕਿਰਦਾਰਕੁਸ਼ੀ ਕਰਨ ਵਿਚ ਮਸਰੂਫ਼ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਹੀ ਗੁਰੂ ਪੰਥ ਦੀ ਤਾਕਤ ਹਨ। ਇਹਨਾਂ ਸੰਸਥਾਵਾਂ ਦੀ ਕਿਰਦਾਰਕੁਸ਼ੀ ਖ਼ਾਲਸਾ ਪੰਥ ਦੀ ਵਜੂਦ ਨੂੰ ਖ਼ਤਮ ਕਰਨ ਦੀ ਸਾਜਿਸ਼ ਦਾ ਹਿੱਸਾ ਹਨ। ਜਿਸ ਪ੍ਰਤੀ ਸੋਚਣ ਸਮਝਣ ਦੀ ਲੋੜ ਹੈ ਅਤੇ ਸੁਚੇਤ ਰਹਿੰਦਿਆਂ ਵਿਰੋਧੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਸੋਸ਼ਲ ਮੀਡੀਆ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 267 ਪਾਵਨ ਸਰੂਪਾਂ ਦੇ ਰਿਕਾਰਡ ਵਿਚ ਘਟ ਪਾਏ ਜਾਣ ਨੂੰ ਹੇਰਾਫੇਰੀ ਪਰ ਫਾਈਨਲ ਜਾਂਚ ਰਿਪੋਰਟ ਆਉਣ ਤਕ ਉਡੀਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਪਾਵਨ ਸਰੂਪਾਂ ਦੇ ਨਾਗਪੁਰ ਪਹੁੰਚਾ ਦਿੱਤੇ ਜਾਣ ਦੀਆਂ ਅਫ਼ਵਾਹਾਂ ‘ਚ ਕੋਈ ਦਮ ਨਹੀਂ ਹੈ। ਅਜਿਹਾ ਸੋਚਣ ਅਤੇ ਕੁਫ਼ਰ ਤੋਲਣ ਵਾਲਿਆਂ ਦੀ ਸੋਚ ਦਾ ਦੀਵਾਲ਼ਾ ਨਿਕਲ ਚੁੱਕਿਆ ਹੈ। ਉਨ੍ਹਾਂ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਦਾ ਭੈਅ ਰੱਖਣ ਦੀ ਸਲਾਹ ਦਿੱਤੀ।
ਭਾਰੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ 1706 ਈਸਵੀ ਵਿਚ ਜਦੋਂ ਕਲਗ਼ੀਧਰ ਦਸਮੇਸ਼ ਪਿਤਾ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ ਉਸੇ ਸਮੇਂ ਹੀ ਦਮਦਮੀ ਟਕਸਾਲ ਦੀ ਸਥਾਪਨਾ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਪਹਿਲਾਂ ਮੁਖੀ ਥਾਪਿਆ ਸੀ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਆਗਮਨ ਸਮੇਂ ਤੋਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਕਰਨ ਤੋਂ ਇਲਾਵਾ ਸਿੱਖੀ ‘ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾਂ ਉਪਰਾਲੇ ਕਰਦੀ ਰਹੀ ਹੈ। ਦਮਦਮੀ ਟਕਸਾਲ ਵੱਲੋਂ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਟਕਸਾਲ ਨੇ ਜਿੱਥੇ ਕੌਮ ਨੂੰ ਵਿਦਵਾਨ ਦਿੱਤੇ ਉੱਥੇ ਸ਼ਹੀਦ ਵੀ ਦਿੱਤੇ । ਕੌਮੀ ਹਿਤਾਂ ਦੀ ਰਾਖੀ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਤੋਂ ਨਾ ਕਦੀ ਪਿੱਛੇ ਹਟੀ ਅਤੇ ਨਾ ਹੀ ਹਟੇਗੀ। ਉਨ੍ਹਾਂ ਸਵੇਰੇ ਧਾਰਮਿਕ ਦਿਵਾਨਾਂ ਵਿਚ ਹਾਜ਼ਰੀ ਭਰਦਿਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਜਥੇਦਾਰ ਗਿ: ਹਰਪ੍ਰੀਤ ਸਿੰਘ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ।
ਸਵੇਰੇ ਕਰੀਬ 9 ਵਜੇ ਤਖ਼ਤ ਸਾਹਿਬ ਦੇ ਗੁ:ਦਮਦਮਾ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਜਥੇਦਾਰ ਭਾਈ ਸੁਖਦੇਵ ਸਿੰਘ ਅਨੰਦਪੁਰ ਸਾਹਿਬ ਨੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ। ਸਮਾਗਮ ਦੌਰਾਨ ਬਾਬਾ ਜੀਵਾ ਸਿੰਘ, ਗਿਆਨੀ ਜੁਗਰਾਜ ਸਿੰਘ ਨੇ ਕਥਾ ਵੀਚਾਰ ਕੀਤੀ।
ਇਸ ਮੌਕੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ, ਸੰਤ ਬਾਬਾ ਦਰਸ਼ਨ ਸਿੰਘ ਮਾਲੋਕਾ ਫਤਾ, ਮੈਨੇਜਰ ਸ: ਪਰਮਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਰੋਡੇ, ਗਿਆਨੀ ਬਲਵਿੰਦਰ ਸਿੰਘ ਜਨਮ ਅਸਥਾਨ ਰੋਡੇ, ਗਿਆਨੀ ਹਰਪ੍ਰੀਤ ਸਿੰਘ ਜੋਗੇ ਵਾਲਾ, ਸਰਪੰਚ ਅਮਰ ਸਿੰਘ ਫÇaਰੋਜਪੁਰ, ਭਾਈ ਗੁਰਮੀਤ ਸਿੰਘ ਕਬਰ ਵਾਲਾ, ਬਾਬਾ ਜੱਜ ਸਿੰਘ ਜਲਾਲਾਬਾਦ, ਜਥੇਦਾਰ ਬਾਬਾ ਜਸਪਾਲ ਸਿੰਘ ਝੋਕ, ਭਾਈ ਜੋਗਿੰਦਰ ਸਿੰਘ ਸ਼ਾਮ ਸਿੰਘ ਵਾਲਾ, ਗਿ: ਕੌਰ ਸਿੰਘ ਫਤਾਮਲਕਾ, ਜਥੇ: ਬਾਬਾ ਕਸ਼ਮੀਰ ਸਿੰਘ ਵੱਲੋਂ ਬਾਬਾ ਸੁਖਦੇਵ ਸਿੰਘ ਝੀਤਾ ਕਾਰਸੇਵਾ ਭੁਰੀ ਵਾਲੇ, ਸ: ਭੋਲਾ ਸਿੰਘ ਬੁੱਢੀ ਮਾਲ , ਜਥੇ: ਜਗਤਾਰ ਸਿੰਘ ਸੇਖੋਂ, ਭਾਈ ਸਤਨਾਮ ਸਿੰਘ ਬੁੱਢੀ ਮਾਰ, ਜਥੇ: ਗੁਰਦੇਵ ਸਿੰਘ ਬੰਡਾਲਾ, ਡਿਪਟੀ ਪਰਮਜੀਤ ਸਿੰਘ ਜਲੰਧਰ, ਜਥੇ: ਬਾਬਾ ਬੋਹੜ ਸਿੰਘ ਮਹਿਤਾ, ਜ: ਬਾਬਾ ਗੁਰਦਿਆਲ ਸਿੰਘ, ਭਾਈ ਰਣਜੀਤ ਸਿੰਘ, ਗਿਆਨੀ ਕੁਲਵੰਤ ਸਿੰਘ, ਡਾ: ਨੋਖ ਸਿੰਘ ਬਠਿੰਡਾ, ਸ: ਨਿਰਮਲ ਸਿੰਘ ਰਾਮ ਪੁਰ ਫੂਲ, ਭਾਈ ਮਾਨ ਸਿੰਘ ਤਲਣ, ਭਾਈ ਜਸਵਿੰਦਰ ਸਿੰਘ ਬੋਆ, ਭਾਈ ਰਸ਼ਪਾਲ ਸਿੰਘ ਕੋਕ ਮੋਹਰੇ, ਭਾਈ ਜੋਗਿੰਦਰ ਸਿੰਘ ਸ਼ਾਮ ਸਿੰਘ ਵਾਲਾ, ਭਾਈ ਬੂਟਾ ਸਿੰਘ , ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ ਤੋਂ ਇਲਾਵਾ ਕਈ ਧਾਰਮਿਕ ਸ਼ਖ਼ਸੀਅਤਾਂ ਹਾਜਿਰ ਸਨ।