ਵਿਸ਼ਵ ਫੋਟੋਗ੍ਰਾਫੀ ਦਿਹਾੜਾ

ਗੁਜ਼ਰੇ ਵਕਤ ਦੇ ਨਾਲ ਰੂ-ਬ-ਰੂ ਹੋਣ ਦੀ ਤਾਕਤ ਤਸਵੀਰਾਂ ਆਪਣੇ ਵਿੱਚ ਸਮੋਈ ਬੈਠੀਆਂ ਹਨ ਅਤੇ ਖਾਸ ਪਲਾਂ,ਯਾਦਾਂ ਨੂੰ ਸਮੇਟ ਕੇ ਰੱਖਣ ਵਿੱਚ ਤਸਵੀਰਾਂ ਦੀ ਆਪਣੀ ਅਹਿਮੀਅਤ ਹੈ। ਜੇਕਰ ਕਹਿ ਲਿਆ ਜਾਵੇ ਕਿ ਹਰ ਵਿਅਕਤੀ ਫੋਟੋਗ੍ਰਾਫ਼ਰ ਹੈ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ ਕਿਉਂਕਿ ਕੁਦਰਤ ਨੇ ਹਰ ਇਨਸਾਨ ਨੂੰ ਅੱਖ ਰੂਪੀ ਕੈਮਰਾ ਦਿੱਤਾ ਹੈ ਜਿਸ ਨਾਲ ਉਹ ਦੁਨੀਆਂ ਦੇਖਦਾ ਹੈ ਤੇ ਆਪਣੇ ਦਿਮਾਗ ਤੇ ਨਜ਼ਰ ਆਉਣ ਵਾਲੀਆਂ ਚੀਜਾਂ ਦੀ ਛਾਪ ਛੱਡਦਾ ਹੈ।

ਇੱਕ ਤਸਵੀਰ ਜਾਂ ਚਿੱਤਰ ਹਜ਼ਾਰ ਸ਼ਬਦਾਂ ਬਰਾਬਰ ਹੁੰਦਾ ਹੈ। ਫੋਟੋਗ੍ਰਾਫਿਕ ਨਾਲ ਜੁੜੇ ਪਹਿਲੂਆਂ ਅਤੇ ਉੱਚ ਮਿਆਰੀ ਫੋਟੋਗ੍ਰਾਫੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹਰ ਸਾਲ 19 ਅਗਸਤ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਫੋਟੋਗ੍ਰਾਫਿਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਾਰਤੀ ਅੰਤਰਰਾਸ਼ਟਰੀ ਫੋਟੋਗ੍ਰਾਫਿਕ ਕਾਊਂਸਿਲ, ਨਵੀਂ ਦਿੱਲੀ ਨੇ ਆਪਣੇ ਸੰਸਥਾਪਕ ਓ.ਪੀ. ਸ਼ਰਮਾਂ ਦੇ ਮਾਰਗਦਰਸ਼ਨ ਵਿੱਚ ਵੱਖੋ ਵੱਖਰੇ ਫੋਟੋਗ੍ਰਾਫਿਕ ਦਿੱਗਜਾਂ ਤੱਕ ਆਪਣੀ ਪਹੁੰਚ ਦਾ ਘੇਰਾ ਵਧਾਇਆ ਤਾਂ ਜੋ ਹਰ ਸਾਲ ਫੋਟੋਗ੍ਰਾਫੀ ਦਾ ਜਸ਼ਨ ਮਨਾਇਆ ਜਾ ਸਕੇ।

ਸਭ ਤੋਂ ਪਹਿਲਾਂ 1839 ਵਿੱਚ ਫਰਾਂਸੀਸੀ ਵਿਗਿਆਨਿਕ ਲੂਈਸ ਜੇਕਸ ਅਤੇ ਮੇਂਡੇ ਡਾਗਊਰੇ ਨੇ ਫੋਟੋ ਤੱਤ ਨੂੰ ਖੋਜਣ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨਿਕ ਵਿਲੀਅਮ ਹੇਨਰੀ ਫਾਕਸਟੇਲ ਬੋਟ ਨੇ ਨੈਗੇਟਿਵ ਪੌਜੀਟਿਵ ਪ੍ਰੋਸੇਸ ਲੱਭ ਲਿਆ ਸੀ। ਟੇਲ ਬੋਟ ਨੇ 1834 ਵਿੱਚ ਲਾਈਟ ਸੈਂਸਟਿਵ ਪੇਪਰ ਦਾ ਆਵਿਸ਼ਕਾਰ ਕੀਤਾ ਜਿਸ ਨਾਲ ਖਿੱਚੇ ਚਿੱਤਰ ਨੂੰ ਸਥਾਈ ਰੂਪ ਵਿੱਚ ਰੱਖਣ ਦੀ ਸੁਵਿਧਾ ਪ੍ਰਾਪਤ ਹੋਈ।

ਫ੍ਰਾਂਸੀਸੀ ਵਿਗਿਆਨਿਕ ਆਰਗੇ ਨੇ ਜਨਵਰੀ 1839 ਨੂੰ ਫਰੈਂਚ ਅਕਾਦਮੀ ਆੱਫ ਸਾਇੰਸ ਦੇ ਲਈ ਇੱਕ ਰਿਪੋਰਟ ਤਿਆਰ ਕੀਤੀ। ਫਰਾਂਸ ਸਰਕਾਰ ਨੇ ਇਹ ਪ੍ਰੋਸੇਸ ਰਿਪੋਰਟ ਖਰੀਦ ਕੇ ਆਮ ਲੋਕਾਂ ਦੇ ਲਈ 19 ਅਗਸਤ 1839 ਨੂੰ ਮੁਫ਼ਤ ਘੋਸ਼ਿਤ ਕੀਤੀ। ਇਹੀ ਕਾਰਨ ਹੈ ਕਿ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ।

ਕੁਸ਼ਲਤਾ ਕਿਸੇ ਵੀ ਖੇਤਰ ਵਿੱਚ ਹੋਵੇ ਉਸਦੇ ਮਿਆਰ ਨੂੰ ਉੱਚ ਦਰਜਾ ਪ੍ਰਦਾਨ ਕਰਦੀ ਹੈ। ਫੋਟੋਗ੍ਰਾਫੀ ਨੂੰ ਬਹੁਤਿਆਂ ਨੇ ਆਪਣੇ ਕਿੱਤੇ ਵਜੋਂ ਵੀ ਅਪਣਾਇਆ ਹੋਇਆ ਹੈ। ਪ੍ਰਸਿੱਧ ਚਿੱਤਰਕਾਰ ਪ੍ਰਭੂ ਜੋਸ਼ੀ ਦਾ ਕਹਿਣਾ ਹੈ ਕਿ “ਸਾਨੂੰ ਫਰੇਮ ਵਿੱਚ ਕੀ ਲੈਣਾ ਹੈ ਇਸ ਤੋਂ ਜ਼ਿਆਦਾ ਇਸ ਗੱਲ ਦਾ ਗਿਆਨ ਜ਼ਰੂਰੀ ਹੈ ਕਿ ਸਾਨੂੰ ਕੀ ਕੀ ਛੱਡਣਾ ਹੈ।”

ਭਾਰਤ ਦੇ ਪ੍ਰਸਿੱਧ ਫੋਟੋਗ੍ਰਾਫਰ ਪਦਮਸ਼੍ਰੀ (1972) ਰਘੂਰਾਏ ਦੇ ਸ਼ਬਦਾਂ ਵਿੱਚ ““ਚਿੱਤਰ ਖਿੱਚਣ ਦੇ ਲਈ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕਰਦਾ। ਮੈਂ ਉਸਨੂੰ ਉਸਦੇ ਅਸਲ ਰੂਪ ਵਿੱਚ ਅਚਾਨਕ ਕੈਂਡਿਡ ਰੂਪ ਵਿੱਚ ਹੀ ਲੈਣਾ ਪਸੰਦ ਕਰਦਾ ਹਾਂ। ਪਰੰਤੂ ਅਸਲ ਤਸਵੀਰ ਤਕਨੀਕੀ ਰੂਪ ਵਿੱਚ ਚਾਹੇ ਕਿੰਨੀ ਵੀ ਵਧੀਆ ਹੋਵੇ, ਇਹ ਓਨੀ ਦੇਰ ਸਰਵ ਵਿਆਪਕ ਤੌਰ ਤੇ ਸਵੀਕਾਰ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਵਿੱਚ ਵਿਚਾਰ ਨਹੀਂ ਹੈ। ਇੱਕ ਚੰਗੀ ਤਸਵੀਰ ਓਹੀ ਹੈ ਜੋ ਮਾਨਵੀ ਸੰਵੇਦਨਾ ਨੂੰ ਹਲੂਣਾ ਦੇਵੇ।”

ਚੰਗੇ ਸਮਾਜ ਦੀ ਸਿਰਜਣਾ ਵਿੱਚ ਚੰਗੀਆਂ ਅਤੇ ਵਿਚਾਰ ਭਰਪੂਰ ਤਸਵੀਰਾਂ ਦੀ ਆਪਣੀ ਅਹਿਮੀਅਤ ਹੈ ਅਤੇ ਇਹਨਾਂ ਦੀ ਜ਼ਰੂਰਤ ਹਮੇਸ਼ਾਂ ਬਣੀ ਰਹੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>