ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ਸਨਮਾਨ ਦੇਣ ਦੇ ਲਏ ਗਏ ਫ਼ੈਸਲੇ ਦਾ ਸਵਾਗਤ ਹੈ : ਬਾਬਾ ਹਰਨਾਮ ਸਿੰਘ ਖ਼ਾਲਸਾ

ਚੌਕ ਮਹਿਤਾ / ਅੰਮ੍ਰਿਤਸਰ -  ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਮਦਮੀ ਟਕਸਾਲ ਦੇ ਬ੍ਹਾਰਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਪੰਥ ਰਤਨ ਸਨਮਾਨ ਦੇਣ ਦੇ ਲਏ ਗਏ ਫ਼ੈਸਲੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਬੀਤੇ ਦਿਨੀਂ ਕੌਮ ਦੀ ਚੜ੍ਹਦੀਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲਈ ਫ਼ੈਸਲਿਆਂ ‘ਤੇ ਵੀ ਸੰਤੁਸ਼ਟੀ ਪ੍ਰਗਟ ਕਰਦਿਆਂ ਸ਼ਲਾਘਾ ਕੀਤੀ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ‘ਚ ਲਏ ਗਏ ਫ਼ੈਸਲਿਆਂ ਦੀ ਰੌਸ਼ਨੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਐਗਜ਼ੈਕਟਿਵ ਵੱਲੋਂ ਕਸੂਰਵਾਰ ਵਿਅਕਤੀਆਂ ਵਿਰੁੱਧ ਚੁੱਕੇ ਗਏ ਇਤਿਹਾਸਕ ਕਦਮਾਂ ਦਾ ਵੀ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਦਮਦਮੀ ਟਕਸਾਲ ਅਤੇ ਸੰਤ ਸਮਾਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਗੋਵਾਲ ਵੱਲੋਂ ਭਵਿੱਖ ਦੌਰਾਨ ਵੀ ਪੰਥ ਦੇ ਹਿਤ ‘ਚ ਲਏ ਜਾਣ ਵਾਲੇ ਫ਼ੈਸਲਿਆਂ ਨੂੰ ਪੂਰਨ ਰੂਪ ਵਿਚ ਸਹਿਯੋਗ ਦਿੱਤਾ ਜਾਵੇਗਾ।

28 taksal(1).resized

ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ  ਯਾਦ ‘ਚ ਬੀਤੇ ਸਾਲ 29 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਚੌਕ ਵਿਖੇ ਅਰਧ-ਸ਼ਤਾਬਦੀ ਸੱਚਖੰਡ ਗਮਨ ਦਿਹਾੜੇ ਸਮੇਂ ਧਾਰਮਿਕ ਸਮਾਗਮ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਮਹਾਂਪੁਰਸ਼ਾਂ ਦੀ ਪੰਥ ਪ੍ਰਤੀ ਨਿਸ਼ਕਾਮ ਸੇਵਾ ਅਤੇ ਪਰ ਉਪਕਾਰਾਂ ਲਈ ਮਹਾਂਪੁਰਸ਼ਾਂ ਨੂੰ ਪੰਥ ਰਤਨ ਸਨਮਾਨ ਦੇਣ ਦੀ ਮੰਗ ਰੱਖੀ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੂਰਨ ਸਹਿਮਤੀ ਦਿੰਦਿਆਂ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤੀ ਗਈ ਸਿਫ਼ਾਰਸ਼ ਨੂੰ ਸਮੂਹ ਸੰਗਤ ਨੇ ਜੈਕਾਰਿਆਂ ਦੀ ਗੂੰਜ ‘ਚ ਸਵਾਗਤ ਕੀਤਾ ਗਿਆ ਸੀ।

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮਹਾਂਪੁਰਸ਼ਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ-ਸਰੋਤ ਹਨ । ਉਨ੍ਹਾਂ ਕਿਹਾ ਕਿ ਸੰਤ ਮਹਾਂਪੁਰਸ਼ ਪੂਰਨ ਬ੍ਰਹਮ-ਗਿਆਨੀ, ਵਿੱਦਿਆ ਮਾਰਤੰਡ ਅਤੇ ਉੱਚਕੋਟੀ ਦੇ ਕਾਵਿ ਗਿਆਤਾ ਸਨ। ਜਿਨ੍ਹਾਂ ਗੁਰਬਾਣੀ ਕਥਾ ਦੁਆਰਾ ਪਖੰਡ ਅਤੇ ਦੇਹਧਾਰੀ ਗੁਰੂ ਡੰਮ੍ਹ ਦਾ ਡਟ ਕੇ ਵਿਰੋਧ ਕੀਤਾ। ਆਪ ਜੀ ਨੇ ਜੀਵਨ ਦੌਰਾਨ 40 ਸਾਲ ਪੰਥ ਦੀ ਨਿਸ਼ਕਾਮ ਸੇਵਾ ਤੇ ਸਿਮਰਨ ਦੀ ਮਹਾਨ ਘਾਲਣਾ ਘਾਲਨ ਦੇ ਨਾਲ ਨਾਲ ਹਜ਼ਾਰਾਂ ਸਿੰਘਾਂ ਨੂੰ ਗੁਰਮਤਿ ਵਿੱਦਿਆ ਪੜ੍ਹਾਉਣ, ਗੁਰਬਾਣੀ ਦੀ ਸ਼ੁੱਧ ਸੰਥਿਆ ਅਤੇ ਅਰਥ ਪੜ੍ਹਾਉਣ ਦੀ ਸੇਵਾ ਅਤੇ ਜ਼ਿੰਮੇਵਾਰੀ ਨੂੰ ਅਖੀਰਲੇ ਸਵਾਸਾਂ ਤੱਕ ਨਿਭਾਈ। ਆਪ ਜੀ ਚਲਦੀ ਫਿਰਦੀ ਯੂਨੀਵਰਸਿਟੀ ਸਨ ਅਤੇ ਗੁਰਮਤਿ ਮਰਿਆਦਾ ‘ਤੇ ਪੂਰਨ ਪਹਿਰਾ ਦੇਣ ਵਾਲੇ ਸਨ। ਵੱਡ-ਅਕਾਰੀ ਕਾਵਿ ਰਚਨਾ ‘ਗੁਰਮੁਖ ਪ੍ਰਕਾਸ਼’ ਦੇ ਰਚੇਤਾ, ਪਰਉਪਕਾਰ, ਸੰਜਮ ਤੇ ਤਿਆਗ ਦੀ ਇਸ ਮੂਰਤ ਨੇ ਪੰਥ ਦੀ ਅਣਥੱਕ ਸੇਵਾ ਕਰਦਿਆਂ 28 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ, 5 ਕਥਾ ਸ੍ਰੀ ਦਸਮ ਗ੍ਰੰਥ ਸਾਹਿਬ, 1 ਕਥਾ ਭਾਈ ਗੁਰਦਾਸ ਦੀਆਂ ਵਾਰਾਂ ਕਬਿਤ ਸਵੈਯੇ, 30 ਕਥਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅਤੇ ਪੰਥ ਪ੍ਰਕਾਸ਼ ਅਤੇ ਹੋਰ ਗੁਰ ਇਤਿਹਾਸ ਦੀ ਵਿਆਖਿਆ ਵੀ ਕੀਤੀ। ਆਪ ਦੇ ਮਸਤਿਕ ਅਤੇ ਗੁਰਬਾਣੀ ਕਥਾ ਦਾ ਅਲੌਕਿਕ ਪ੍ਰਭਾਵ ਸਦਕਾ ਜਿਹੜਾ ਵੀ ਉਨ੍ਹਾਂ ਤੋਂ ਗੁਰਬਾਣੀ ਕਥਾ ਸਰਵਣ ਕਰਦਾ ਸੀ, ਉਹ ਹਮੇਸ਼ਾ ਲਈ ਤਿਆਰ-ਬਰ-ਤਿਆਰ ਹੋ ਕੇ ਗੁਰਮਤਿ ਦਾ ਪਰਪੱਕ ਧਾਰਨੀ ਹੋ ਜਾਂਦਾ ਸੀ।

ਆਪ ਜੀ ਤੋ ਵਿੱਦਿਆ ਗ੍ਰਹਿਣ ਕਰਨ ਵਾਲੇ ਤਖ਼ਤਾਂ ਦੇ ਜਥੇਦਾਰ ਤੇ ਸਿੰਘ ਸਾਹਿਬਾਨ ਬਣੇ। ਆਪ ਜੀ ਦੀ ਸੰਗਤ ਵਿਚੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਤਿੰਨੇ ਦਮਦਮੀ ਟਕਸਾਲ ਦੇ ਮੁਖੀ ਵਜੋਂ ਵਰੋਸਾਏ ਗਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>