ਕੋਵਿਡ-19 ਬਾਰੇ ਅਫਵਾਹਾਂ ਫੈਲਾਉਣ ਵਾਲੇ ਕਰ ਰਹੇ ਲੋਕਾਂ ਦਾ ਨੁਕਸਾਨ

ਜੇਕਰ ਇਨਸਾਨ ਕਿਸੇ ਦੂਜੇ ਇਨਸਾਨ ਦਾ ਚੰਗਾ ਨਹੀਂ ਕਰ ਸਕਦਾ ਤਾਂ ਉਸਨੂੰ ਦੂਜਿਆਂ ਦਾ ਨੁਕਸਾਨ ਕਰਨ ਦਾ ਵੀ ਕੋਈ ਹੱਕ ਨਹੀਂ। ਇਨਸਾਨ ਨੂੰ ਜਿਹੜਾ ਇਹ ਜੀਵਨ ਮਿਲਿਆ ਹੈ, ਇਸਦਾ ਸਦਉਪਯੋਗ ਕਰਨਾ ਚਾਹੀਦਾ ਹੈ ਪ੍ਰੰਤੂ ਕੁਝ ਸਮਾਜ ਵਿਰੋਧੀ ਅਤੇ ਸ਼ਰਾਰਤੀ ਲੋਕ ਕੋਵਿਡ ਸੰਬੰਧੀ ਗ਼ਲਤ ਜਾਣਕਾਰੀ ਦੇ ਕੇ ਪੰਜਾਬੀਆਂ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਮਨੋਬਲ ਨੂੰ ਮਜ਼ਬੂਤ ਕਰਨ ਦੀ ਥਾਂ ਤੇ ਕਮਜ਼ੋਰ ਕਰ ਰਹੇ ਹਨ। ਕੋਵਿਡ-19 ਦੀ ਬਿਮਾਰੀ ਸੰਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਇਹ ਲੋਕ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ। ਪੰਜਾਬ ਵਿਚ ਇਸ ਸਮੇਂ ਕਰੋਨਾ ਦੀ ਬਿਮਾਰੀ ਦਾ ਪ੍ਰਕੋਪ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਪੰਜਾਬੀਆਂ ਦੀ ਲਾਪਰਵਾਹੀ ਦਾ ਸੁਭਾਅ ਬਣਦਾ ਜਾ ਰਿਹਾ ਹੈ। ਇਹ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ।

ਸੰਸਾਰ ਵਿਚ ਇਸ ਬਿਮਾਰੀ ਦੀ ਦਹਿਸ਼ਤ ਹੈ। ਦਹਿਸ਼ਤ ਦੇ ਮਾਹੌਲ ਵਿਚ ਕਿਸੇ ਵੀ ਇਨਸਾਨ ਦੀ ਕਹੀ ਹੋਈ ਗੱਲ ਸੱਚੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਇਨਸਾਨ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਸਗੋਂ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਇਨਸਾਨ ਦਾ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਜਦੋਂ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਲਾਗ ਦੀ ਬਿਮਾਰੀ ਹੈ, ਫਿਰ ਪੰਜਾਬੀ ਇਤਹਾਤ ਕਿਉਂ ਨਹੀਂ ਵਰਤਦੇ। ਇਸਦਾ ਨੁਕਸਾਨ ਉਨ੍ਹਾਂ ਨੂੰ ਖੁਦ, ਉਨ੍ਹਾਂ ਦੇ ਪਰਿਵਾਰਾਂ, ਸੰਬੰਧੀਆਂ ਅਤੇ ਸਮੁਚੇ ਸਮਾਜ ਨੂੰ ਹੋਣਾ ਹੈ। ਇਸ ਦਾ ਭਾਵ ਅਰਥ ਇਹ ਹੈ ਕਿ ਪੰਜਾਬੀ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਬਾਰੇ ਅਵੇਸਲੇ ਹਨ। ਅਵੇਸਲਾਪਣ ਅਜਿਹੀ ਖ਼ਤਰਨਾਕ ਬਿਮਾਰੀ ਹੈ, ਜਿਹੜੀ ਮੌਤ ਦੇ ਮੂੰਹ ਤੱਕ ਲਿਜਾ ਸਕਦੀ ਹੈ। ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰੀ ਜਾ ਰਹੇ ਹਨ। ਅੱਜੋਕਾ ਵਿਗਿਆਨ ਦਾ ਯੁਗ ਹੈ। ਹਰ ਗੱਲ ਨਾਪ ਤੋਲਕੇ ਕੀਤੀ ਜਾਂਦੀ ਹੈ। ਕਰਾਮਾਤਾਂ ਵਹਿਮ ਭਰਮ ਵਿਚ ਕੋਈ ਯਕੀਨ ਨਹੀਂ ਕਰਦਾ। ਅਸੀਂ ਕਈ ਵਾਰੀ ਕਿਸੇ ਗੱਲ ਨੂੰ ਸੁਣਕੇ ਉਸਦੀ ਤਹਿ ਤੱਕ ਜਾਣ ਦੀ ਕੋਸਿਸ਼ ਹੀ ਨਹੀਂ ਕਰਦੇ। ਜੋ ਸੁਣਿਆਂ ਉਹੀ ਸੱਚ ਸਮਝ ਬੈਠਦੇ ਹਾਂ। ਆਪਣੀ ਅਕਲ ਤੋਂ ਕੰਮ ਲੈਣ ਤੋਂ ਵੀ ਗੁਰੇਜ ਕਰਨ ਲੱਗ ਪਏ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬ ਵਿਚ ਇਸ ਬਿਮਾਰੀ ਦੇ ਇਲਾਜ ਦੌਰਾਨ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ ਫੈਲੇ ਦੀ ਅਣਗਹਿਲੀ ਬਾਰੇ ਅਫ਼ਵਾਹਾਂ ਦਾ ਦੌਰ ਭਾਰੂ ਹੋਇਆ ਪਿਆ ਹੈ।

ਅਫ਼ਵਾਹਾਂ ਫੈਲਾਉਣ ਵਿਚ ਸਭ ਤੋਂ ਵੱਧ ਯੋਗਦਾਨ ਸ਼ੋਸ਼ਲ ਮੀਡੀਆ ਪਾ ਰਿਹਾ ਹੈ। ਬਿਨਾ ਤਥਾਂ ਦੀ ਜਾਣਕਾਰੀ ਪ੍ਰਾਪਤ ਕੀਤੇ ਹੀ ਝੂਠੇ ਵਟਸ ਅਪ ਸੰਦੇਸ਼ ਅੱਗੇ ਗਰੁਪਾਂ ਵਿਚ ਭੇਜੇ ਜਾ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੜ੍ਹੇ ਲਿਖੇ ਲੋਕ ਵੀ ਅਜਿਹੇ ਝੂਠੇ ਸੰਦੇਸਾਂ ਨੂੰ ਅੱਗੇ ਤੋਰੀ ਜਾ ਰਹੇ ਹਨ। ਜੇਕਰ ਉਨ੍ਹਾਂ ਸੰਦੇਸਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਕੋਈ ਸਿਰ ਪੈਰ ਅਰਥਾਤ ਆਧਾਰ ਹੀ ਨਹੀਂ ਹੁੰਦਾ। ਜਿਹੜੀ ਗੱਲ ਹੋ ਹੀ ਨਹੀਂ ਸਕਦੀ, ਤੱਥਾਂ ਤੇ ਅਧਾਰਤ ਹੀ ਨਹੀਂ, ਉਸ ਬਾਰੇ ਵੀ ਲਿਖਿਆ ਜਾਂਦਾ ਹੈ ਅਤੇ ਲੋਕ ਉਸ ਨੂੰ ਸੱਚ ਮੰਨਕੇ ਅਮਲ ਕਰ ਰਹੇ ਹਨ। ਕੁਝ ਅਖ਼ਬਾਰਾਂ ਵਾਲੇ ਵੀ ਅਫ਼ਵਾਹਾਂ ਸੰਬੰਧੀ ਬਿਆਨ ਵੀ ਪ੍ਰਕਾਸ਼ਤ ਕਰੀ ਜਾ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਸੰਬੰਧਤ ਵਿਭਾਗ ਤੋਂ ਉਨ੍ਹਾਂ ਦਾ ਪੱਖ ਲੈਣਾ ਚਾਹੀਦਾ ਹੈ। ਸਭ ਤੋਂ ਵੱਧ ਗ਼ਲਤ ਖ਼ਬਰਾਂ ਅਤੇ ਅਫਵਾਹਾਂ ਸ਼ੋਸਲ ਮੀਡੀਆ ਫੈਲਾ ਰਿਹਾ ਹੈ ਕਿਉਂਕਿ ਇਸ ਤੇ ਕੋਈ ਵੀ ਗੱਲ ਆਪ ਪਾਈ ਜਾ ਸਕਦੀ ਹੈ। ਉਦਾਹਰਣ ਲਈ ਸੰਦੇਸਾਂ ਵਿਚ ਲਿਖਿਆ ਜਾਂਦਾ ਹੈ ਕਿ ਕਰੋਨਾ ਦੇ ਮਰੀਜ ਨੂੰ ਟੀਕਾ ਲਗਾਕੇ ਮਾਰ ਦਿੱਤਾ ਜਾਂਦਾ ਹੈ ਤੇ ਇਸ ਬਦਲੇ ਡਾਕਟਰਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਇਹ ਵੀ ਲਿਖਿਆ ਜਾਂਦਾ ਹੈ ਕਿ ਮਰੀਜਾਂ ਦੇ ਅੰਗ ਕੱਢ ਲਏ ਜਾਂਦੇ ਹਨ ਕਿਉਂਕਿ ਕਰੋਨਾ ਦੇ ਮਰੀਜ ਦੀ ਡੈਡ ਬਾਡੀ ਨੂੰ ਵੇਖਣ ਵੀ ਨਹੀਂ ਦਿੱਤਾ ਜਾਂਦਾ ਕਿ ਉਸਦੀ ਬਾਡੀ ਸਹੀ ਸਲਾਮਤ ਹੈ ਕਿ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਮਰੀਜਾਂ ਦੇ ਇਲਾਜ਼ ਵਾਸਤੇ ਹੁੰਦੇ ਹਨ ਨਾ ਕਿ ਮਾਰਨ ਵਾਸਤੇ। ਡਾਕਟਰਾਂ ਨੂੰ ਮਰੀਜਾਂ ਨੂੰ ਮਾਰਨ ਲਈ ਲੱਖਾਂ ਰੁਪਏ ਮਿਲਦੇ ਹਨ, ਇਹ ਰੁਪਏ ਕੌਣ ਤੇ ਕਿਉਂ ਦਿੰਦਾ ਹੈ ? ਡਾਕਟਰਾਂ ਨੂੰ ਪੈਸੇ ਦੇਣ ਵਾਲੇ ਨੂੰ ਕਿਸੇ ਨੂੰ ਮਾਰਨ ਵਿਚ ਕੀ ਦਿਲਚਸਪੀ ਹੋ ਸਕਦੀ ਹੈ। ਇਲਾਜ ਲਈ ਤਾਂ ਕੋਈ ਮਦਦ ਕਰ ਸਕਦਾ ਹੈ, ਮਾਰਨ ਲਈ ਕੌਣ ਦਿੰਦਾ ਹੈ। ਸਰਕਾਰੀ ਕਰਮਚਾਰੀ ਨੂੰ ਜੇ ਕੋਈ ਪੈਸਾ ਮਿਲਦਾ ਹੈ ਉਹ ਸਰਕਾਰੀ ਖ਼ਜਾਨੇ ਵਿਚੋਂ ਪਾਸ ਕਰਾਕੇ ਦਿੱਤਾ ਜਾਂਦਾ ਹੈ। ਖਜਾਨੇ ਵਿਚ ਸਾਰਾ ਹਿਸਾਬ ਕਿਤਾਬ ਹੁੰਦਾ ਹੈ। ਅਫਵਾਹਾਂ ਫੈਲਾਉਣ ਵਾਲੇ ਉਹ ਚੈਕ ਕਰ ਲੈਣ। ਅਗਲੀ ਗੱਲ ਮਰੀਜਾਂ ਦੇ ਅੰਗ ਕੱਢਣ ਬਾਰੇ ਹੈ। ਇਹ ਅੰਗ ਕੋਈ ਇਕੱਲਾ ਬੰਦਾ ਕੱਢ ਹੀ ਨਹੀਂ ਸਕਦਾ ਤੇ ਫਿਰ ਕੱਢਕੇ ਕੀ ਕਰੇਗਾ। ਇਸ ਮੰਤਵ ਲਈ ਅਪ੍ਰੇਸ਼ਨ ਥੇਟਰ ਦੀ ਲੋੜ ਹੁੰਦੀ ਹੈ। ਥੇਟਰ ਸਰਕਾਰੀ ਹਸਪਤਾਲਾਂ ਵਿਚ ਬੰਦ ਹਨ। ਇਹ ਸਰਕਾਰੀ ਹਸਪਤਾਲ ਹਨ, ਇਥੇ ਤਾਂ ਪੱਤਾ ਵੀ ਹਿਲਦਾ ਹੈ ਤਾਂ ਪਤਾ ਲੱਗ ਜਾਂਦਾ ਹੈ। ਕੱਢੇ ਅੰਗ ਤਾਂ ਨਿਸਚਤ ਸਮੇਂ , 6 ਘੰਟੇ ਵਿਚ ਦੂਜੇ ਮਰੀਜ਼ ਦੇ ਲਗਾਉਣੇ ਹੁੰਦੇ ਹਨ। ਬਾਕਾਇਦਾ ਅਪ੍ਰੇਸ਼ਨ ਥੇਟਰ ਤੇ ਪੂਰੇ ਸਟਾਫ ਦੀ ਜਰੂਰਤ ਹੁੰਦੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਬਿਮਾਰ ਵਿਅਕਤੀ ਦੇ ਅੰਗ ਦੂਜਾ ਵਿਅਕਤੀ ਕਿਉਂ ਲਗਵਾਏਗਾ ? ਕਿਸੇ ਵਿਅਕਤੀ ਦਾ ਕੋਈ ਵੀ ਅੰਗ ਉਸਦੀ ਜਾਂ ਉਸਦੇ ਪਰਿਵਾਰ ਦੀ ਪ੍ਰਵਾਨਗੀ ਤੋਂ ਬਿਨਾ ਕੱਢਿਆ ਹੀ ਨਹੀਂ ਜਾ ਸਕਦਾ।

ਅੰਮ੍ਰਿਤਸਰ ਵਿਖੇ ਦਸ ਸਾਲ ਪਹਿਲਾਂ ਅੰਗ ਕੱਢਣ ਦਾ ਅਜਿਹਾ ਸਕੈਂਡਲ ਆਇਆ ਸੀ। ਉਸ ਵਿਚ ਸ਼ਾਮਲ ਡਾਕਟਰਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ। ਅੰਗ ਕੱਢਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਡੈਡ ਬਾਡੀ ਇਸ ਕਰਕੇ ਵਿਖਾਈ ਨਹੀਂ ਜਾਂਦੀ ਵੇਖਣ ਵਾਲੇ ਨੂੰ ਕਿਉਂਕਿ ਇਹ ਬਿਮਾਰੀ ਨਾ ਹੋ ਜਾਵੇ । ਸਗੋਂ ਅਫ਼ਵਾਹਾਂ ਤਾਂ ਇਹ ਵੀ ਹਨ ਕਿ ਕਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਬੰਧੀ ਵੀ ਸਸਕਾਰ ਕਰਨ ਲਈ ਨੇੜੇ ਨਹੀਂ ਜਾਂਦੇ। ਕਈ ਕੇਸਾਂ ਵਿਚ ਸਰਕਾਰੀ ਅਧਿਕਾਰੀਆਂ ਨੂੰ ਸਸਕਾਰ ਕਰਨੇ ਪਏ। ਮੈਂ ਅੱਜ ਕਲ੍ਹ ਅਮਰੀਕਾ ਵਿਚ ਹਾਂ, ਏਥੇ ਵੀ ਡੈਡ ਬਾਡੀਆਂ ਸੰਬੰਧੀਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਅਤੇ ਨਾ ਵਿਖਾਈਆਂ ਜਾਂਦੀਆਂ ਹਨ। ਇਹ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਹਨ। ਭਾਰਤ ਵਿਚ ਵੀ ਉਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਮੈਡੀਕਲ ਸਟਾਫ ਦੀ ਪ੍ਰਸੰਸਾ ਕੀਤੀ ਜਾਵੇ, ਜਿਹੜੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਤੁਹਾਡਾ ਸਾਥ ਦੇ ਰਹੇ ਹਨ। ਅਫਵਾਹਾਂ ਫੈਲਾਉਣ ਵਾਲੇ ਇਤਨੀ ਗਰਮੀ ਵਿਚ ਪੀ ਪੀ ਕਿਟਾਂ ਪਾ ਸਕਦੇ ਹਨ। ਉਹ ਪਾ ਕੇ ਵੇਖਣ ਕਿ ਪਸੀਨੇ ਨਾ ਛੁਟ ਜਾਣ। ਇਤਨੀ ਗਰਮੀ ਵਿਚ ਮੈਡੀਕਲ ਸਟਾਫ ਇਹ ਕਿਟਾਂ ਪਾ ਕੇ ਆਪਣੇ ਫਰਜ ਨਿਭਾ ਰਿਹਾ ਹੈ। ਇਨ੍ਹਾਂ ਕਿਟਾਂ ਵਿਚ ਨਾ ਹਵਾ ਜਾ ਸਕਦੀ ਹੈ ਅਤੇ ਨਾ ਬਾਹਰ ਆ ਸਕਦੀ ਹੈ। ਡਾਕਟਰ ਅਤੇ ਮੈਡੀਕਲ ਸਟਾਫ ਕਈ-ਕਈ ਮਹੀਨੇ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਹਨ। ਉਲਟਾ ਉਨ੍ਹਾਂ ਨੂੰ ਖਾਮਖਾਹ ਦੋਸ਼ੀ ਬਣਾਇਆ ਜਾ ਰਿਹਾ ਹੈ।  ਦੇਸ਼ ਵਿਚ ਲਗਪਗ ਚਾਰ ਸੌ ਦੇ ਕਰੀਬ ਮੈਡੀਕਲ ਸਟਾਫ ਮੈਂਬਰ ਆਪਣੀ ਡਿਊਟੀ ਕਰਦਿਆਂ ਕਰੋਨਾ ਦੀ ਬਿਮਾਰੀ ਨਾਲ ਸਵਰਗ ਸਿਧਾਰ ਗਏ ਹਨ। ਉਨ੍ਹਾਂ ਨੂੰ ਮਰਨ ਦਾ ਸ਼ੌਕ ਹੈ। ਉਨ੍ਹਾਂ ਦੇ ਵੀ ਤੁਹਾਡੇ ਵਾਂਗ ਪਰਿਵਾਰ ਹਨ।

ਸ਼ਰਮ ਕਰੋ ਅਫਵਾਹਾਂ ਫੈਲਾਉਣ ਅਤੇ ਉਨ੍ਹਾਂ ਤੇ ਯਕੀਨ ਕਰਨ ਵਾਲਿਓ। ਰੱਬ ਦਾ ਵਾਸਤਾ ਗ਼ਲਤ ਖ਼ਬਰਾਂ ਫੈਲਾ ਕੇ ਇਨਸਾਨੀਅਤ ਦਾ ਨੁਕਸਾਨ ਨਾ ਕਰੋ। ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਵਿਸ਼ਵ ਸਿਹਤ ਸੰਸਥਾ ਦੇ ਨਿਯਮਾ ਅਨੁਸਾਰ ਸਾਰਾ ਕੁਝ ਕੀਤਾ ਜਾਂਦਾ ਹੈ। ਇਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਵਿਚ ਮਰੀਜਾਂ ਕੋਲ ਡਰਦੇ ਮਾਰੇ ਡਾਕਟਰ ਤੇ ਮੈਡੀਕਲ ਸਟਾਫ ਜਾਂਦਾ ਨਹੀ, ਦੂਜੇ ਪਾਸੇ ਟੀਕਾ ਲਗਾਉਣ ਦੀ ਗੱਲ ਕਰਦੇ ਹਨ। ਅੰਗ ਕੱਢਣ ਲਈ ਵੀ ਮਰੀਜ ਕੋਲ ਜਾਣਾ ਪਵੇਗਾ। ਇਹ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਰਕਾਰ ਦਾ ਮਰੀਜਾਂ ਨੂੰ ਬਚਾਉਣ ਦਾ ਫਰਜ ਹੈ, ਮਾਰਨ ਦਾ ਨਹੀਂ। ਸਰਕਾਰ ਆਪਣੀ ਬਦਨਾਮੀ ਕਿਉਂ ਕਰਵਾਏਗੀ ? ਸਰਕਾਰ ਭਾਵੇਂ ਕੋਈ ਹੋਵੇ ਉਹ ਅਜਿਹੇ ਗੈਰਕਾਨੂੰਨੀ ਕੰਮਾ ਦੀ ਪ੍ਰਵਾਨਗੀ ਕਦੀ ਵੀ ਨਹੀਂ ਦੇਵੇਗੀ। ਇਹ ਹੋ ਸਕਦਾ ਕਿ ਸਰਕਾਰੀ ਹਸਪਤਾਲਾਂ ਵਿਚ ਉਤਨਾ ਵਧੀਆ ਪ੍ਰਬੰਧ ਨਾ ਹੋਵੇ ਪ੍ਰੰਤੂ ਇਸਦਾ ਅਰਥ ਇਹ ਨਹੀਂ ਕਿ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਵਿਚ ਡਰ ਅਤੇ ਸਰਕਾਰ ਨੂੰ ਬਦਨਾਮ ਕੀਤਾ ਜਾਵੇ। ਮੈਨੂੰ ਮੇਰੇ ਦੋ ਪੜ੍ਹੇ ਲਿਖੇ  ਦੋਸਤਾਂ ਦੇ ਫੋਨ ਆਏ ਅਤੇ ਕਿਹਾ ਕਿ ਪੰਜਾਬ ਵਿਚ ਅਜੇ ਵਾਪਸ ਨਾ ਜਾਇਓ ਕਿਉਂਕਿ ਉਥੇ ਮਰੀਜਾਂ ਨੂੰ ਟੀਕੇ ਲਗਾਕੇ ਮਾਰਿਆ ਜਾ ਰਿਹਾ ਹੈ ਅਤੇ ਅੰਗ ਕੱਢ ਲਏ ਜਾਂਦੇ ਹਨ। ਜਦੋਂ ਮੈਂ ਦਲੀਲ ਨਾਲ ਗੱਲ ਕੀਤੀ ਫਿਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਮੇਰਾ ਇਹ ਦੱਸਣ ਦਾ ਭਾਵ ਹੈ ਕਿ ਸਭ ਤੋਂ ਵੱਧ ਅਫਵਾਹਾਂ ਕੁਝ ਪੜ੍ਹੇ ਲਿਖੇ ਲੋਕ ਫੈਲਾ ਰਹੇ ਹਨ।

ਪਰਜਾਤੰਤਰ ਵਿਚ ਪੰਚਾਇਤ ਪਰਜਾਤੰਤਰ ਦਾ ਸਭ ਤੋਂ ਮੁਢਲਾ ਥੰਮ ਹੈ। ਪੰਚਾਇਤਾਂ ਦੀ ਜ਼ਿੰਮੇਵਾਰੀ ਅਜਿਹੇ ਹਾਲਾਤ ਵਿਚ ਹੋਰ ਵੀ ਵੱਧ ਜਾਂਦੀ ਹੈ। ਵੈਸੇ ਵੀ ਪੰਚਾਇਤ ਦੇ ਮੈਂਬਰ ਸਮਝਦਾਰ ਸਿਆਣੇ ਅਤੇ ਸਮਾਜ ਸੇਵਕ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ। ਪ੍ਰੰਤੂ ਕੁਝ ਪੰਚਾਇਤਾਂ ਅਫਵਾਹਾਂ ਦੇ ਮਗਰ ਲੱਗਕੇ ਗੁਮਰਾਹ ਹੋ ਰਹੀਆਂ ਹਨ। ਉਹ ਕਰੋਨਾ ਦੇ ਟੈਸਟ ਕਰਵਾਉਣ ਤੋਂ ਲੋਕਾਂ ਨੂੰ ਰੋਕ ਰਹੀਆਂ ਹਨ। ਇਥੋਂ ਤੱਕ ਕਿ ਕੁਝ ਪੰਚਾਇਤਾਂ ਨੇ ਕਰੋਨਾ ਟੈਸਟ ਨਾ ਕਰਵਾਉਣ ਦੇ ਮਤੇ ਪਾ ਦਿੱਤੇ ਹਨ। ਮਤੇ ਪਾ ਕੇ ਉਹ ਸਮਾਜ ਦੇ ਵਿਰੋਧੀ ਲੋਕਾਂ ਦੇ ਇਸ਼ਾਰੇ ਤੇ ਚਲਕੇ  ਆਪਣੇ ਫਰਜਾਂ ਤੋਂ ਕੁਤਾਹੀ ਕਰ ਰਹੇ ਹਨ। ਸਰਕਾਰ ਲੋਕਾਂ ਦੀ ਹਿਫਾਜ਼ਤ ਕਰਨਾ ਚਾਹੁੰਦੀ ਹੈ ਪ੍ਰੰਤੂ ਲੋਕ ਟੈਸਟ ਕਰਵਾਉਣ ਤੋਂ ਇਨਕਾਰ ਕਰਕੇ ਉਸ ਕਹਾਵਤ ਵਾਲੀ ਗੱਲ ਕਰ ਰਹੇ ਹਨ ਜਿਸ ਵਿਚ ਕਿਹਾ ਜਾਂਦਾ ਹੈ ਕਿ ”ਗਧੇ ਨੂੰ ਦਿੱਤਾ ਲੂਣ ਉਹ ਕਹਿੰਦਾ ਮੇਰੀ ਅੱਖ ਭੰਨ ਰਹੇ ਹੋ”ੋ। ਜਦੋਂ ਪੁਲਿਸ ਨੇ ਗਲਤ ਅਫਵਾਹਾਂ ਫੈਲਾਉਣ ਸੰਬੰਧੀ ਵੀਡੀਓ ਪਾਉਣ ਵਾਲਿਆਂ ਤੇ ਸਿਕੰਜਾ ਕਸਿਆ ਤਾਂ ਹੁਣ ਉਹ ਵੀਡੀਓਜ ਪਾ ਕੇ ਕਹਿ ਰਹੇ ਹਨ ਕਿ ਗ਼ਲਤੀ ਹੋ ਗਈ। ਇਥੋਂ ਤੱਕ ਕਿ ਇਕ ਸਿਆਸੀ ਪਾਰਟੀ ਦੇ ਕਾਰਕੁਨ ਨੇ ਇਕ ਪੱਤਰਕਾਰ ਨੂੰ ਗ਼ਲਤ ਵੀਡੀਓ ਬਣਾਕੇ ਪਾਉਣ ਲਈ ਰਿਸ਼ਵਤ ਦੇਣ ਦੀ ਕੋਸਿਸ਼ ਕੀਤੀ ਜਿਸਦੀ ਸ਼ਿਕਾਇਤ ਉਸਨੇ ਥਾਣੇ ਦੇ ਦਿੱਤੀ ਹੈ। ਰਾਜਨੀਤਕ ਪਾਰਟੀਆਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਮਿਲ ਸਕਦੇ ਹਨ। ਅਜਿਹੇ ਘਟੀਆ ਮੁਦਿਆਂ ਨਾਲ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾਵੇ। ਆਮ ਲੋਕਾਂ ਨੂੰ ਵੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਇਨਸਾਨੀਅਤ ਦੇ ਭਲੇ ਲਈ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕੀਤਾ ਜਾਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>