ਮਨੁੱਖਤਾ ਅਤੇ ਸਿੱਖ ਕੌਮ ਦੇ ਸਹੀ ਟੀਚਰ ਅਤੇ ਮਾਰਗ ਦਰਸ਼ਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਅੱਜ ਟੀਚਰ ਡੇ ਮਨਾਇਆ ਜਾ ਰਿਹਾ ਹੈ । ਇਸ ਅਜੋਕੇ ਸਮੇਂ ਵਿਚ ਦੁਨਿਆਵੀ ਤੌਰ ਤੇ ਸਾਡੇ ਬੱਚਿਆਂ, ਵਿਦਿਆਰਥੀਆਂ ਨੂੰ ਬੇਸ਼ੱਕ ਅਧਿਆਪਕ ਵਰਗ ਆਪਣੀ ਵਿਦਿਅਕ ਯੋਗਤਾ ਵਿਚ ਨਿਪੁੰਨ ਕਰਦੇ ਹਨ । ਤਾਂ ਜੋ ਵਿਦਿਆਰਥੀ ਵਰਗ ਪੜ੍ਹ-ਲਿਖਕੇ ਆਪਣੇ ਕਾਰੋਬਾਰ, ਰੁਜਗਾਰ ਅਤੇ ਸਹੀ ਦਿਸ਼ਾ ਵੱਲ ਲੱਗ ਸਕੇ । ਲੇਕਿਨ ਅਜੋਕੇ ਅਧਿਆਪਕ ਵਰਗ ਵਿਚੋਂ ਬਹੁਤੇ ਅਧਿਆਪਕ ਵਿਦਿਆਰਥੀਆਂ ਨੂੰ ਕਿਤਾਬੀ ਕੀੜਾਂ ਤਾਂ ਬਣਾਉਦੇ ਹਨ, ਲੇਕਿਨ ਸਮਾਜ, ਪਰਿਵਾਰ, ਗਲੀ, ਮੁਹੱਲੇ ਅਤੇ ਲੋਕਾਈ ਵਿਚ ਕਿਸ ਤਰ੍ਹਾਂ ਵਿਚਰਨਾਂ ਹੈ, ਵਿਚਰਦੇ ਹੋਏ ਆਉਣ ਵਾਲੀਆਂ ਸਮਾਜਿਕ, ਪਰਿਵਾਰਿਕ ਮੁਸ਼ਕਿਲਾਂ ਨੂੰ ਕਿਹੋ ਜਿਹੇ ਠਰ੍ਹਮੇ ਅਤੇ ਧੀਰਜ ਨਾਲ ਹੱਲ ਕਰਨਾ ਹੈ, ਲੋੜਵੰਦਾਂ, ਮਜਲੂਮਾਂ, ਬੇਸਹਾਰਿਆ, ਵਿਧਵਾਵਾਂ ਅਤੇ ਔਰਤ ਵਰਗ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ, ਇਸ ਗੱਲ ਦੀ ਜੀਵਨ ਜਾਂਚ ਸਿਖਾਉਣ ਵਾਲੇ ਟੀਚਰਾਂ ਦੀ ਬਹੁਤ ਵੱਡੀ ਘਾਟ ਹੈ । ਜਦੋਂਕਿ ਇਹ ਮੁੱਦਾ ਜੋ ਅਤਿ ਗੰਭੀਰ ਹੈ, ਤਾਲੀਮ ਦੇ ਨਾਲ-ਨਾਲ ਆਪਣੇ ਨੌਜ਼ਵਾਨੀ, ਬੱਚਿਆਂ, ਵਿਦਿਆਰਥੀਆਂ ਨੂੰ ਜਿੰਦਗੀ ਜਿਊਂਣ ਦੀ ਜਾਂਚ ਸਿਖਾਉਣਾ ਹਰ ਟੀਚਰ ਦਾ ਪਰਮ-ਧਰਮ ਫਰਜ ਬਣ ਜਾਂਦਾ ਹੈ । ਜੋ ਅਜੋਕੀ ਸਾਡੀ ਬੱਚਿਆਂ ਦੀ ਪੀੜ੍ਹੀ ਅਕਸਰ ਹੀ ਇਸ ਜੀਵਨ ਜਾਂਚ ਤੋਂ ਸੱਖਣੀ ਹੈ । ਜੀਵਨ ਜਾਂਚ ਦੀ ਸਹੀ ਅਗਵਾਈ ਅਤੇ ਮਾਰਗ ਦਰਸ਼ਕ ਕਰਨ ਵਾਲੇ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ । ਜਿਨ੍ਹਾਂ ਵਿਚ ਹਰ ਪ੍ਰਾਣੀ ਨੂੰ ਆਪਣੀ ਜਿੰਦਗੀ ਵਿਚ ਸਹੀ ਦਿਸ਼ਾ ਵੱਲ ਵਿਚਰਣ, ਸਲੀਕੇ, ਤਹਿਜੀਬ ਦੇ ਨਾਲ-ਨਾਲ ਹਰ ਮੁਸ਼ਕਿਲ ਦੀ ਘੜੀ ਵਿਚ ਆਪਣੇ ਦਿਮਾਗੀ ਸੰਤੁਲਨ ਨੂੰ ਕਾਇਮ ਰੱਖਕੇ ਉਸ ਮੁਸ਼ਕਿਲ ਤੇ ਕਾਬੂ ਪਾਉਣ ਅਤੇ ਹਰ ਤਰ੍ਹਾਂ ਦੇ ਇਨਸਾਨ ਨਾਲ ਸਹੀ ਢੰਗ ਨਾਲ ਪੇਸ਼ ਆਉਣ ਅਤੇ ਦੀਨ-ਦੁੱਖੀਆਂ ਦੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਭੇਦ ਤੋਂ ਨਿਰਲੇਪ ਰਹਿਕੇ ਮਨੁੱਖਤਾ ਅਤੇ ਸਮਾਜ ਦੀ ਸੇਵਾ ਕਰਨ ਅਤੇ ਇਸ ਜਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਦੀ ਜਾਂਚ ਦਿਖਾਈ ਗਈ ਹੈ । ਇਸ ਲਈ ਅਜੋਕੇ ਸਮੇਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਕੋਈ ਵੱਡਾ ਅਤੇ ਸਹੀ ਟੀਚਰ ਤੇ ਮਾਰਗ ਦਰਸ਼ਕ ਨਹੀਂ ਹੋ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਟੀਚਰ ਡੇ ਉਤੇ ਆਪਣੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਵਿਚਾਰ ਜ਼ਾਹਰ ਕਰਦੇ ਹੋਏ ਅਤੇ ਸਮੁੱਚੀ ਮਨੁੱਖਤਾ ਤੇ ਸਿੱਖ ਕੌਮ ਨੂੰ ਹਰ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦੀ ਅਪੀਲ ਕਰਦੇ ਹੋਏ ਅਤੇ ਸਹੀ ਰੂਪ ਵਿਚ ਮਾਰਗ ਦਰਸ਼ਕ ਪ੍ਰਵਾਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਦੁਨਿਆਵੀ ਤੌਰ ਤੇ ਅਧਿਆਪਕ ਵਰਗ ਹੈ, ਉਹ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਕੌਮ, ਕਬੀਲੇ, ਫਿਰਕੇ ਨਾਲ ਜੁੜਿਆ ਹੋਇਆ ਹੁੰਦਾ ਹੈ । ਭਾਵੇਂਕਿ ਇਕ ਟੀਚਰ ਦਾ ਆਦੇਸ਼ ਆਪਣੇ ਵਿਦਿਆਰਥੀ ਨੂੰ ਧਰਮ-ਜਾਤ ਆਦਿ ਦੇ ਵਿਤਕਰੇ ਤੋਂ ਉਪਰ ਉੱਠਕੇ ਸਹੀ ਅਗਵਾਈ ਦੇਣਾ ਅਤੇ ਉਸ ਨੂੰ ਸਮਾਜ ਵਿਚ ਵਿਚਰਣ ਦੇ ਕਾਬਲ ਬਣਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਅਮਲੀ ਰੂਪ ਵਿਚ ਅਧਿਆਪਕ ਵਰਗ ਵੀ ਧਰਮ-ਜਾਤ ਦੇ ਵਲਗਣ ਵਿਚੋਂ ਪੂਰਨ ਰੂਪ ਵਿਚ ਉੱਪਰ ਨਹੀਂ ਉੱਠ ਸਕਿਆ ਅਤੇ ਉਹ ਆਪਣੀ ਪੜ੍ਹਾਉਣ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਆਪਣੇ ਕਬੀਲੇ ਜਾਂ ਕੌਮ ਨਾਲ ਸੰਬੰਧਤ ਵਰਗ ਵੱਲ ਕੁਦਰਤੀ ਤੌਰ ਤੇ ਖਿਚਿਆ ਜਾਂਦਾ ਹੈ । ਜਦੋਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ ਅਤੇ ਸਿਖਿਆਵਾਂ ਹਰ ਤਰ੍ਹਾਂ ਦੇ ਵਿਤਕਰੇ ਭੇਦ ਤੋਂ ਉੱਪਰ ਉੱਠਕੇ ਸਮੁੱਚੀ ਮਨੁੱਖਤਾ ਦਾ ਸਹੀ ਮਾਰਗ ਦਰਸ਼ਕ ਕਰਨਾ ਹੈ । ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦੇ ਸਮੇ ਤੋਂ ਹੀ ਇਹ ਮਨੁੱਖਤਾ ਪੱਖੀ ਰਵਾਇਤ ਸਮੁੱਚੀ ਦੁਨੀਆਂ ਵਿਚ ਚੱਲਦੀ ਆ ਰਹੀ ਹੈ । ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ‘ਨਾ ਕੋ ਵੈਰੀ, ਨਾਹਿ ਬੈਗਾਨਾ, ਸਗਲਿ ਸੰਗਿ ਹਮਕੋ ਬਨਿ ਆਈ’॥ ‘ਏਕ ਨੂਰ ਸੇ ਸਭ ਜਗਿ ਉਪਜਿਆ ਕੌਣ ਭਲੈ ਕੋ ਮੰਦੈ’॥ ਅਵਰ ਅੱਲਾ ਨੂਰ ਉਪਾਇ, ਕੁਦਰਤ ਕੇ ਸਭ ਬੰਦੈ॥

ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਅਗਵਾਈ ਦੇ ਰਹੇ ਹਨ ਅਤੇ ਜਿਸ ਵਿਚ ਦਰਜ ਬਾਣੀ ਉਸ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਗਈ ਹੈ ਅਤੇ ਜਿਸ ਨੂੰ ਗੁਰੂ ਸਾਹਿਬਾਨ ਨੇ ਸ਼ਬਦੀ ਰੂਪ ਦੇ ਕੇ ਸਮੁੱਚੀ ਮਨੁੱਖਤਾ ਉਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ, ਉਸ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਬਾਣੀ ਨੂੰ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਪੰਜਾਬ ਵਿਚ ਹੋਰ ਅਨੇਕਾ ਸਥਾਨਾਂ `ਤੇ ਹਕੂਮਤੀ ਸਾਜ਼ਿਸਾਂ ਰਾਹੀ ਘੋਰ ਬੇਅਦਬੀਆਂ ਕੀਤੀਆ ਗਈਆ, ਜਿਸ ਨਾਲ ਕੇਵਲ ਸਮੁੱਚੀ ਸਿੱਖ ਕੌਮ ਹੀ ਨਹੀਂ, ਬਲਕਿ ਉਸ ਅਕਾਲ ਪੁਰਖ ਦੇ ਸੱਚ ਨੂੰ ਪ੍ਰਵਾਨ ਕਰਨ ਵਾਲੇ ਕਰੋੜਾਂ ਪ੍ਰਣਾਈਆ ਦੇ ਮਨ-ਆਤਮਾ ਬੁਰੀ ਤਰ੍ਹਾਂ ਵਲੂੰਧਰੇ ਗਏ ਹਨ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿੱਖ ਕੌਮ ਨੂੰ ਇਹ ਹੁਕਮ ਕੀਤਾ ਸੀ ‘ਸਭ ਸਿੱਖਨੁ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’॥ ਅਜੋਕੇ ਅਤਿ ਸੰਕਟ ਦੇ ਸਮੇਂ ਵਿਚ ਜਦੋਂ ਸਮੁੱਚੀ ਮਨੁੱਖਤਾ ਦੇ ਹਰ ਸਵਾਲ ਦਾ ਜੁਆਬ ਅਤੇ ਹਰ ਮੁਸ਼ਕਿਲ ਦਾ ਹੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ, ਉਨ੍ਹਾਂ ਤੋਂ ਅਗਵਾਈ ਨਾ ਲੈਕੇ ਅਤੇ ਉਨ੍ਹਾਂ ਦੀਆਂ ਬੇਅਦਬੀਆਂ ਕਰਕੇ ਮਨੁੱਖਤਾ ਅਤੇ ਸਾਜ਼ਿਸਕਾਰ ਸਮਾਜ ਨੂੰ ਕੀ ਦੇ ਰਹੇ ਹਨ ? ਉਨ੍ਹਾਂ ਇਸ ਗੱਲ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਜਿਨ੍ਹਾਂ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ-ਮਾਣ ਨੂੰ ਹਰ ਪੱਖੋ ਮਹਿਫੂਜ ਰੱਖਣਾ, ਉਨ੍ਹਾਂ ਦੀ ਸੇਵਾ-ਸੰਭਾਲ ਮਰਿਯਾਦਾ ਅਨੁਸਾਰ ਕਰਨਾ ਬਣਦਾ ਹੈ, ਉਨ੍ਹਾਂ ਵੱਲੋਂ ਹੀ 2016 ਵਿਚ 328 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲੋਪ ਕਰ ਦਿੱਤੇ ਗਏ ਹਨ ਅਤੇ ਇਸਦਾ ਰਿਕਾਰਡ ਕਿਤੇ ਵੀ ਦਰਜ ਨਹੀਂ ਕਿ ਇਹ ਸਰੂਪ ਕਿਥੇ ਗਏ, ਕਿਸ ਨੂੰ ਭੇਜੇ ਗਏ ਅਤੇ ਉਹ ਕਿਹੜੇ ਹਾਲਾਤਾਂ ਵਿਚ ਹਨ ? ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਜ਼ਿੰਮੇਵਾਰ ਸੱਜਣਾਂ ਨੇ ਜਾਂ ਤਾਂ ਸਿਆਸੀ ਹੁਕਮਾਂ ਉਤੇ ਅਜਿਹੀ ਘੋਰ ਅਵੱਗਿਆ ਕੀਤੀ ਹੈ ਜਾਂ ਫਿਰ ਕਿਸੇ ਵੱਡੇ ਲਾਲਚ ਵਿਚ ਆ ਕੇ ਅਜਿਹਾ ਕੀਤਾ ਹੈ, ਅਜਿਹਾ ਅਨਸਰ ਸਿੱਖ ਕੌਮ ਦਾ ਹੀ ਨਹੀਂ ਬਲਕਿ ਉਸ ਅਕਾਲ ਪੁਰਖ ਦੀ ਦਰਗਾਹ ਦਾ ਵੀ ਵੱਡਾ ਦੋਸ਼ੀ ਹੈ । ਜਿਸ ਨੂੰ ਅਵੱਸ ਸਜ਼ਾ ਮਿਲੇਗੀ । ਅਜਿਹੇ ਦੋਖੀ ਸਿੱਖ ਕੌਮ ਅਤੇ ਉਸ ਅਕਾਲ ਪੁਰਖ ਦੀ ਮਾਰ ਤੋਂ ਕਤਈ ਨਹੀਂ ਬਚ ਸਕਣਗੇ ।

ਸ. ਮਾਨ ਨੇ ਅਧਿਆਪਕ ਵਰਗ ਦੀ ਗੱਲ ਕਰਦੇ ਹੋਏ ਕਿਹਾ ਕਿ ਅਧਿਆਪਕ ਵਰਗ ਸਤਿਕਾਰਿਤ ਵਰਗ ਹੈ । ਜਿਨ੍ਹਾਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਆਪਣੇ ਬੱਚਿਆਂ ਤੇ ਵਿਦਿਆਰਥੀਆਂ ਨੂੰ ਇਕ ਸਮਾਜ ਪੱਖੀ ਚੰਗੇ ਇਨਸਾਨ ਬਣਾਉਣ ਦੀ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ । ਅਜਿਹੇ ਅਧਿਆਪਕ ਵਰਗ ਨਾਲ ਹਕੂਮਤਾਂ ਲਾਠੀਚਾਰਜ ਰਾਹੀ ਜਾਂ ਹੋਰ ਕਿਸੇ ਅਣਮਨੁੱਖੀ ਢੰਗ ਰਾਹੀ ਜ਼ਲੀਲ ਕਰੇ ਅਤੇ ਉਨ੍ਹਾਂ ਦੀਆਂ ਜ਼ਾਇਜ ਮੰਗਾਂ ਪ੍ਰਵਾਨ ਕਰਨ ਤੋਂ ਮੁੰਨਕਰ ਹੋ ਜਾਏ, ਇਹ ਅਤਿ ਨਿੰਦਣਯੋਗ ਵਰਤਾਰਾ ਹੈ । ਇਸ ਵਰਗ ਉਤੇ ਕਦੀ ਵੀ ਕੋਈ ਜ਼ਬਰ-ਜੁਲਮ ਨਹੀਂ ਹੋਣਾ ਚਾਹੀਦਾ । ਕਿਉਂਕਿ ਇਨ੍ਹਾਂ ਨੇ ਹੀ ਸਾਡੀ ਆਉਣ ਵਾਲੀ ਪਨੀਰੀ ਨੂੰ ਅਗਵਾਈ ਦੇਣੀ ਹੈ । ਇਸ ਲਈ ਅਜਿਹੇ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਧਿਆਪਕ ਵਰਗ ਨੂੰ ਇਹ ਸੰਜ਼ੀਦਾ ਅਪੀਲ ਕਰਨੀ ਚਾਹੇਗਾ ਕਿ ਬੱਚਿਆਂ ਨੂੰ ਯੋਗਤਾ ਪੱਖੋ ਕਾਬਲ ਬਣਾਉਣ ਦੇ ਨਾਲ-ਨਾਲ ਜੇਕਰ ਉਹ ਇਕ ਅੱਛੇ ਇਨਸਾਨ ਬਣਾਉਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਅਨੁਸਾਰ ਵਿਦਿਆਰਥੀ ਵਰਗ ਨੂੰ ਆਪਣੀ ਸਮਾਜਿਕ ਜਿੰਦਗੀ ਜਿਊਂਣ ਦੇ ਢੰਗਾਂ, ਤਰੀਕਿਆ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਣ ਅਤੇ ਸਾਡੇ ਬੱਚਿਆਂ ਨੂੰ ਆਪਣੇ ਮਾਂ-ਬਾਪ, ਵੱਡੇ-ਵੱਡੇਰਿਆ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਦੇ ਹੋਏ ਸਮਾਜ ਦੇ ਹਰ ਖੇਤਰ ਵਿਚ ਵਿਚਰਨ ਲਈ ਸਹੀ ਅਗਵਾਈ ਦੇਣ ਸਮਰੱਥ ਬਣਾ ਸਕਣ ਤਾਂ ਅਧਿਆਪਕ ਵਰਗ ਦੀ ਇਹ ਮਨੁੱਖਤਾ ਲਈ ਬਹੁਤ ਵੱਡੀ ਸੇਵਾ ਹੋਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਧਿਆਪਕ ਵਰਗ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਸੰਜ਼ੀਦਗੀ ਨਾਲ ਨਿਭਾਉਣਗੇ ਅਤੇ ਇਥੋਂ ਦੀ ਪਨੀਰੀ ਨੂੰ ਸਹੀ ਦਿਸ਼ਾ ਵੱਲ ਲਗਾਉਦੇ ਹੋਏ ਉਨ੍ਹਾਂ ਨੂੰ ਅੱਛੇ ਸ਼ਹਿਰੀ ਨਾਗਰਿਕ ਅਤੇ ਇਨਸਾਨ ਬਣਾਉਣ ਵਿਚ ਭੂਮਿਕਾ ਨਿਭਾਉਦੇ ਰਹਿਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>