*ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ਼ਾਨਾ-ਮੱਤੇ ਇਤਿਹਾਸ ਤੇ ਇਕ ਪੰਛੀਝਾਤ* : ਰਾਜਵਿੰਦਰ ਕੌਰ

ਸੰਨ 1943 ਦੇ ਮੁੱਢਲੇ ਦਿਨਾਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਕਾਲਜ ਕਮੇਟੀ ਵੱਲੋਂ ਕਪੂਰਥਲੇ ਦੇ ਪਤਿਤ ਮਹਾਰਾਜੇ ਨੂੰ ਸਨਮਾਨਿਤ ਕਰਨ ਦਾ ਵਿਰੋਧ ਕੀਤਾ ਅਤੇ ਮਾਹਰਾਜੇ ਦੇ ਖਿਲਾਫ਼ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕੀਤਾ। ਇਹਨਾਂ ਨੌਜਵਾਨਾਂ ਦੀ ਅਗਵਾਈ ਸਰਦਾਰ ਅਮਰ ਸਿੰਘ ਅੰਬਾਲਵੀਂ ਨੇ ਕੀਤੀ। ਇਸ ਪ੍ਰਦਰਸ਼ਨ ਉਪਰੰਤ ਸ. ਅੰਬਾਲਵੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ । ਇੰਝ ਹੀ ਫੈਡਰੇਸ਼ਨ ਦੇ ਜਨਮ ਦੀ ਨੀਂਹ ਰੱਖੀ ਗਈ। ਸ. ਅਮਰ ਸਿੰਘ ਅੰਬਾਲਵੀ ਨੇ ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਫੈਸਲਾ ਕੀਤਾ। ਕੁਝ ਹੀ ਦਿਨਾਂ ਮਗਰੋਂ ਲਾਹੌਰ ਦੇ ਲਾਅ ਕਾਲਜ ਵਿੱਚ ਸਰਗਰਮ ਸਿੱਖ ਵਿਦਿਆਰਥੀਆਂ ਦੀ ਇੱਕ ਇੱਕਤਰਤਾ ਹੋਈ। ਇਸ ਮੀਟਿੰਗ ਵਿੱਚ ਬਹੁਤ ਹੀ ਸਰਗਰਮ ਸਿੱਖ ਵਿਦਿਆਰਥੀਆਂ ਦੇ ਤੇਰਾਂ ( 10 ) ਨੁਮਾਇੰਦੇ ਸ਼ਾਮਲ ਹੋਏ। ਜਿਨ੍ਹਾਂ ਵਿੱਚ ਸ. ਸਰੂਪ  ਸਿੰਘ, ਸ. ਅਮਰ ਸਿੰਘ ਅੰਬਾਲਵੀ, ਸ. ਜਵਾਹਰ ਸਿੰਘ ਗਰੇਵਾਲ, ਸ. ਨਰਿੰਦਰ ਸਿੰਘ, ਸ. ਕੇਸਰ ਸਿੰਘ, ਸ. ਧਰਮਵੀਰ ਸਿੰਘ, ਸ. ਜਗੀਰ ਸਿੰਘ, ਸ. ਇੰਦਰਪਾਲ ਸਿੰਘ, ਸ. ਆਗਿਆ ਸਿੰਘ ਅਤੇ ਸ. ਬਲਬੀਰ ਸਿੰਘ ਸ਼ਾਮਲ ਸਨ। ਇਸ ਮੀਟਿੰਗ ਵਿੱਚ ਸਿੱਖ ਵਿਦਿਆਰਥੀਆਂ ਦੀ ਇੱਕ ਜੱਥੇਬੰਦੀ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਜਲਦ ਹੀ ਸਿੱਖ ਵਿਦਿਆਰਥੀਆਂ ਦੀ ਇੱਕ ਹੋਰ ਵੱਡੀ ਇੱਕਤਰਤਾ ਕਰਨ ਦਾ ਫ਼ੈਸਲਾ ਕੀਤਾ !ਦੂਜੀ ਇੱਕਤਰਤਾ ਸ਼੍ਰੋਮਣੀ ਅਕਾਲੀ ਦੇ ਦਫ਼ਤਰ 13 ਮੈਕਲੇਗਨ ਰੋਡ, ਲਾਹੌਰ ਵਿਖੇ ਹੋਈ। 1943 ਵਿੱਚ ਅਜੀਤ ਅਤੇ ਅਕਾਲੀ ਪ੍ਰਤੱਕਾ ਅਖ਼ਬਾਰ ਵੀ ਇਸੇ ਦਫ਼ਤਰ ਵਿੱਚੋਂ ਛਪਦੇ ਸਨ। ਇਹ ਇੱਕਤਰਤਾ ਇੱਕ ਇਤਿਹਾਸਕ ਇੱਕਤਰਤਾ ਹੋ ਨਿਬੜੀ। ਇਸ ਮੀਟਿੰਗ ਵਿੱਚ ਸਿੱਖ ਵਿਦਿਆਰਥੀਆਂ ਦੀ ਜੱਥੇਬੰਦੀ ਦਾ ਨਾਂ ਅਤੇ ਉਦੇਸ਼ ਅਤੇ ਮੁੱਖ ਨਿਸ਼ਾਨਿਆਂ ਬਾਰੇ ਫੈਸਲਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਜੱਥੇਬੰਦੀ ਦਾ ਨਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਰੱਖਿਆ ਗਿਆ ਅਤੇ ਜੱਥੇਬੰਦੀ ਦੇ ਪੰਜ ਮੁੱਖ ਉਦੇਸ਼ ਉਲੀਕੇ ਗਏ :

1. ਸਿੱਖ ਵਿਦਿਆਰਥੀਆਂ ਨੂੰ ਇੱਕਠੇ ਕਰਨਾ ਤਾਂ ਜੋ ਉਹਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

2. ਸਿੱਖ ਵਿਦਿਆਰਥੀਆਂ ਦੇ ਮਨਾਂ ਵਿੱਚ ਗੁਰੂ ਸਾਹਿਬਾਨ ਦੇ ਅਤੇ ਸਿੱਖ ਧਰਮ ਦੇ ਉੱਚੇ ਅਤੇ ਸੁੱਚੇ ਉਪਦੇਸ਼ਾਂ ਲਈ ਪਿਆਰ ਪੈਦਾ ਕਰਨਾ ਅਤੇ ਉਹਨਾਂ ਨੂੰ ਸਿੱਖੀ ਦੇ ਬਹੁਮੁੱਲੇ ਵਿਰਸੇ ਦੀ ਸੋਝੀ ਕਰਵਾਉਣੀ।

3. ਸਿੱਖ ਵਿਦਿਆਰਥੀਆਂ ਦੇ ਮਨਾਂ ਵਿੱਚ ਆਪਣੀ ਵੱਖਰੀ ਕੌਮੀ ਹਸਤੀ ਅਤੇ ਸਿੱਖ ਇੱਕ ਵੱਖਰੀ ਕੌਮ ਦਾ ਅਹਿਸਾਸ ਜਗਾਉਣਾ ਅਤੇ ਉਹਨਾਂ ਨੂੰ ਅਜਿਹਾ ਸਮਾਜ ਘੜਨ ਲਈ ਤਿਆਰ ਕਰਨਾ ਜਿਸ ਵਿੱਚ ਸਿੱਖ ਕੌਮ ਦੇ ਕੌਮੀ ਨਿਸ਼ਾਨੇ ਅਤੇ ਖਾਹਿਸ਼ਾਂ ਪੂਰੀ ਤਰ੍ਹਾਂ ਵੱਧ ਫੁੱਲ ਸਕਣ।4. ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਤ ਮਰਯਾਦਾ ਅਤੇ ਸਿੱਖ ਰਹਿਣੀ ਬਹਿਣੀ ਬਾਰੇ ਵਿਚਾਰ ਵਟਾਂਦਰੇ ਅਤੇ ਖੋਜ ਬੈਠਕਾਂ ਦਾ ਇੰਤਜ਼ਾਮ ਕਰਨਾ।ਸਿੱਖਾਂ ਦੀ ਧਾਰਮਿਕ, ਰਾਜਨੀਤਿਕ, ਵਿਦਿਅਕ, ਸਮਾਜਿਕ, ਭਾਈਚਾਰਕ ਅਤੇ ਆਰਥਿਕ ਉਨੱਤੀ ਲਈ ਸਿੱਖ ਵਿਦਿਆਰਥੀਆਂ ਵਿੱਚ ਪ੍ਰਚਾਰ ਦਾ ਸ਼ੋਂਕ ਪੈਦਾ ਕਰਨਾ ਅਤੇ ਸਿੱਖਾਂ ਵਿੱਚ ਪੰਜਾਬੀ ਪੜਨ, ਲਿਖਣ ਦਾ ਪ੍ਰਚਾਰ ਕਰਨਾ ਅਤੇ ਇੱਕ ਵੱਖਰੀ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨਸ਼ੀਲ ਰਹਿਣਾ ।

images (8).resized

13 ਸਤੰਬਰ 1944 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਂ ਹੇਠ ਪਹਿਲੀ ਬੈਠਕ ਹੋਈ ਇਸ ਵਿੱਚ ਸਰਦਾਰ ਸਰੂਪ ਸਿੰਘ ਨੂੰ ਸਰਬਸੰਮਤੀ ਨਾਲ ਜੱਥੇਦਾਰ ( ਪ੍ਰੈਜੀਡੈਂਟ, ਪ੍ਰਧਾਨ, , ਮੁੱਖ ਸੇਵਾਦਾਰ  ) ਚੁਣਿਆ ਗਿਆ। ਸ. ਜਵਾਹਰ ਸਿੰਘ ਉਪ ਪ੍ਰਧਾਨ ਅਤੇ ਸ. ਸਰਦੂਲ ਸਿੰਘ ਜਨਰਲ ਸਕੱਤਰ ਬਣੇ। ਫੈਡਰੇਸ਼ਨ ਦਾ ਮੁੱਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੀ ਇਮਾਰਤ ਦੇ ਇੱਕ ਕਮਰੇ ਵਿੱਚ ਕਾਇਮ ਕੀਤਾ ਗਿਆ ਅਤੇ ਜਥੇਬੰਦੀ ਬਕਾਇਦਾ ਤੌਰ ਤੇ ਆਪਣਾ ਕੰਮ ਕਰਨ ਲੱਗੀ। ਫੈਡਰੇਸ਼ਨ ਨੂੰ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਸਥਾਪਨਾ ਤੋਂ ਕੁਝ ਸਮੇਂ ਵਿੱਚ ਹੀ ਫੈਡਰੇਸ਼ਨ ਦੀਆਂ ਅਮ੍ਰਿਤਸਰ, ਗੁਜਰਾਂਵਾਲਾ , ਲਾਹੌਰ, ਮਿੰਟਗੁਮਰੀ, ਫਰੀਦਕੋਟ ਅਤੇ ਲਾਇਲਪੁਰ ਵਿੱਚ ਸ਼ਾਖਾਵਾਂ ਬਹੁਤ ਹੀ ਸਰਗਰਮੀ ਨਾਲ ਕੰਮ ਕਰਨ ਲੱਗੀਆਂ।  ਫੈਡਰੇਸ਼ਨ ਵੱਲੋਂ ਆਪਣੀ ਸਥਾਪਨਾ ਤੋਂ ਬਾਅਦ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਪਹਿਲੀ ਵਾਰ ਜੂਨ 1945 ਵਿੱਚ ਐਫ਼, ਸੀ. ਕਾਲਜ ਲਾਹੌਰ ਦੇ ਖੁੱਲੇ ਮੈਦਾਨ ਵਿੱਚ ਪਹਿਲੀ ਵਾਰ ਅਮ੍ਰਿਤ ਸੰਚਾਰ ਕੈਂਪ ਲਗਾਇਆ ਗਿਆ ਇਸ ਅੰਮ੍ਰਿਤ ਸੰਚਾਰ ਕੈਂਪ ਵਿੱਚ ਪੰਜ ਪਿਆਰੇ ਜੱਥੇਦਾਰ ਮੋਹਣ ਸਿੰਘ ਤੁੜ (ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ), ਮਾਸਟਰ ਤਾਰਾ ਸਿੰਘ ਜੀ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ), ਪ੍ਰਿੰਸੀਪਲ ਜੋਧ ਸਿੰਘ, ਪ੍ਰੋ. ਸਾਹਿਬ ਸਿੰਘ, ਬਾਵਾ ਹਰਿਕ੍ਰਿਸ਼ਨ ਸਿੰਘ ਸਨ। ਇਸ ਮੌਕੇ ਤੇ 51 ਵਿਦਿਆਰਥੀਆਂ ਨੇ ਖੰਡੇ ਦੀ ਪਹੁਲ ਲਈ ਅਤੇ ਅੱਗੇ ਵਾਸਤੇ ਫੈਡਰੇਸ਼ਨ ਦੇ ਉਦੇਸ਼ਾਂ ਅਤੇ ਪ੍ਰੋਗਰਾਮਾਂ ਨੂੰ ਵਿਉਂਤਬੰਦ ਤਰੀਕੇ ਨਾਲ ਪੂਰੇ ਕਰਨ ਦਾ ਫੈਸਲਾ ਲਿਆ ਗਿਆ।

ਫੈਡਰੇਸ਼ਨ ਦਾ ਦੂਜਾ ਇਜਲਾਸ 9 ਮਾਰਚ 1946 ਨੂੰ ਗੋਲ ਬਾਗ਼ ਲਾਹੌਰ ਵਿੱਚ ਉਸਾਰੇ ਗਏ ਦੀਵਾਨ ਹਾਲ ਵਿੱਚ ਹੋਇਆ, ਇਸ ਇਜਲਾਸ ਵਿੱਚ ਸਿੱਖ ਕੌਮ ਅਤੇ ਅਜੋਕੇ ਪੰਜਾਬ ਦਾ ਅੱਜ ਦਾ ਮੁੱਖ ਮੁੱਦਾ ਅਜ਼ਾਦ ਸਿੱਖ ਰਾਜ ਦਾ ਨਾਅਰਾ ਸਭ ਤੋਂ ਪਹਿਲਾਂ ਮਾਰਨ ਦਾ ਮਾਣ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪ੍ਰਾਪਤ ਕੀਤਾ। ਇਸ ਮੌਕੇ ਉੱਤੇ ਹੀ ਸ. ਅਮਰ ਸਿੰਘ ਅੰਬਾਲਵੀ ਨੇ ਖੁਦ ਮੁਖਤਿਆਰ ਸਿੱਖ ਸਟੇਟ ਦਾ ਮਤਾ ਪੇਸ਼ ਕੀਤਾ ਜਿਸ ਦੀ ਤਰਜ਼ ਤੇ ਅੱਜ ਹਿੰਦੋਸਤਾਨ ਦੇ ਬਹੁਤ ਸਾਰੇ ਰਾਜ (ਸਟੇਟ) ਖੁਦ ਮੁਖਤਿਆਰੀ ਦੀ ਮੰਗ ਕਰ ਰਹੇ ਹਨ, ਪ੍ਰੰਤੂ ਇਸ ਮੰਗ ਨੂੰ ਚੁੱਕਣ ਦਾ ਮਾਣ ਵੀ ਸਿੱਖ ਕੌਮ ਦੀ ਨੌਜਵਾਨ ਜੱਥੇਬੰਦੀ ਨੂੰ ਹੀ ਜਾਂਦਾ ਹੈ। ਖੁਦ ਮੁਖਤਿਆਰੀ ਦੇ ਮਤੇ ਦੀ ਤਾਈਦ ਸ.ਸਵਰਨ ਸਿੰਘ ਨੇ ਕੀਤੀ ਜੋ ਕਿ ਬਾਅਦ ਵਿੱਚ ਕੇਂਦਰ ਸਰਕਾਰ ਵਿੱਚ ਗ੍ਰਹਿ ਮੰਤਰੀ ਬਣੇ। ਫੈਡਰੇਸ਼ਨ ਨੇ ਇਹ ਮਤਾ ਭਾਰੀ ਜੋਸ਼ੋ-ਖਰੋਸ਼ ਅਤੇ ਸਰਬਸੰਮਤੀ ਨਾਲ ਪਾਸ ਕੀਤਾ ਸੀ। ਬਾਅਦ ਵਿੱਚ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਇੱਕ ਰਾਇ ਨਾਲ ਪਾਸ ਕਰ ਦਿੱਤਾ।ਦੇਸ਼ ਦੀ ਅਜ਼ਾਦੀ ਤੋਂ ਬਾਅਦ ਫੈਡਰੇਸ਼ਨ ਨੇ ਸਿੱਖ ਵਿਦਿਅਰਥੀਆਂ ਨੂੰ ਜੱਥੇਬੰਦ ਕਰਨ ਅਤੇ ਉਹਨਾਂ ਨੂੰ ਆਪਣੇ ਗੌਰਵਮਈ ਵਿਰਸੇ ਦੀ ਸੋਝੀ ਕਰਵਾਉਣ ਲਈ ਕੈਂਪਾ, ਸਟੱਡੀ ਸਰਕਲਾਂ, ਕਾਨਫਰੰਸਾਂ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ ਨੋਜਵਾਨ ਵਰਗ ਵਿੱਚ ਚੇਤਨਾ ਪੈਦਾ ਕਰਨ ਲਈ ਹਰ ਸੰਭਵ ਯਤਨ ਕੀਤਾ ਅਤੇ ਨੋਜਵਾਨਾਂ ਵਿੱਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਚੇਤਨਾ ਪੈਦਾ ਕੀਤੀ।ਫੈਡਰੇਸ਼ਨ ਨੇ ਜਿੱਥੇ ਨੌਜਵਾਨ ਵਰਗ ਨੂੰ ਹਰ ਖੇਤਰ ਵਿੱਚ ਚੇਤਨ ਕਰਨ ਦਾ ਹਰ ਸੰਭਵ ਯਤਨ ਕੀਤਾ ਉੱਥੇ ਹੀ ਧਾਰਮਿਕ, ਰਾਜਨੀਤਿਕ, ਵਿਦਿਅਕ, ਸਮਾਜਿਕ ਅਤੇ ਆਰਥਿਕ ਮਾਹਿਰ ਵੀ ਪੈਦਾ ਕੀਤੇ। ਅਤੇ ਬਹੁਤ ਹੀ ਵਧੀਆ ਰਾਜਨੀਤਿਕ ਨੇਤਾ ਵੀ ਪੈਦਾ ਕੀਤੇ। ਚਾਹੋ ਉਹ ਅੱਜ ਕਿਸੇ ਵੀ ਜੱਥੇਬੰਦੀ ਜਾਂ ਸਿਆਸੀ ਪਾਰਟੀ ਦੇ ਨਾਲ ਸੰਬੰਧਤ ਹੋਣ ਪਰ ਉਹਨਾਂ ਦਾ ਰਾਜਨੀਤਿਕ ਜੀਵਨ ਫੈਡਰੇਸ਼ਨ ਤੋਂ ਹੀ ਸ਼ੁਰੂ ਹੋਇਆ। ਇਹਨਾਂ ਵਿੱਚ  ਹੋਰ ਬਹੁਤ ਸਾਰੇ ਸਿਵਲ ਤੇ ਪੁਲਿਸ ਅਧਿਕਾਰੀ, ਡਾਕਟਰ, ਇੰਜੀਨੀਅਰ, ਜਰਨਲਿਸਟ, ਅਤੇ ਵਿਗਿਆਨੀ ਵੀ ਆਪਣੇ ਵਿਦਿਆਰਥੀ ਜੀਵਨ ਵਿੱਚ ਫੈਡਰੇਸ਼ਨ ਦੇ ਸਰਗਰਮ ਵਰਕਰ ਰਹੇ ਹਨ। ਵਿਦਿਅਕ ਖੇਤਰ ਵਿੱਚ ਵੀ ਫੈਡਰੇਸ਼ਨ ਦੇਪੁਰਾਣੇ ਆਗੂ ਸੇਵਾ ਨਿਭਾ ਰਹੇ ਹਨ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਫੈਡਰੇਸ਼ਨ ਉੱਤੇ ਕੱਟੜਵਾਦ ਦਾ ਇਲਜ਼ਾਮ ਵੀ ਲੱਗਾ ਪਰੰਤੂ ਇਸ ਦੇ ਮੂੰਹ ਤੋੜਵੇਂ ਜਵਾਬ ਵੱਜੋਂ ਫੈਡਰੇਸ਼ਨ ਕੋਲ ਇੱਕੋ ਹੀ ਜਵਾਬ ਸੀ ਕਿ ਇੱਕ ਸਮੇਂ ਇੱਕ ਹਿੰਦੂ ਵੀਰ ਭਾਈ ਹਰਬੰਸ ਲਾਲ ਨੂੰ ਫੈਡਰੇਸ਼ਨ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਸੀ। ਜੋ ਕਿ ਕਾਫੀ ਸਮਾਂ ਬਹੁਤ ਹੀ ਸਰਗਰਮੀ ਨਾਲ ਫੈਡਰੇਸ਼ਨ ਦੀ ਸੇਵਾ ਕਰਦੇ ਰਹੇ ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ ਹੋਂਦ ਤੋਂ ਅੱਜ ਤੱਕ ਬਹੁਤ ਹੀ ਉਤਰਾਅ ਚੜਾਅ ਦੇਖੇ। ਫੈਡਰੇਸ਼ਨ ਨੇ ਜਿੱਥੇ ਸਿੱਖ ਸਿਆਸਤ ਵਿੱਚ ਅਕਾਲੀ ਰਾਜਨੀਤੀ ਨੂੰ ਪੰਥਕ ਸੇਧ ਦੇਣ ਦਾ ਯੋਗਦਾਨ ਪਾਇਆ ਉੱਥੇ ਵੱਖਰੇ-ਵੱਖਰੇ ਸਮੇਂ ਵਿੱਚ ਸਿੱਖ ਕੌਮ ਨੂੰ ਵੀ ਅਗਵਾਈ ਦਿੰਦੀ ਰਹੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਫੈਡਰੇਸ਼ਨ ਪ੍ਰਧਾਨ ਭਾਈ ਅਮਰੀਕ ਸਿੰਘ ਨੇ 1982 ਵਿੱਚ ਫੈਡਰੇਸ਼ਨ ਨੂੰ ਪੂਰੇ ਪੰਜਾਬ ਵਿੱਚ ਪਿੰਡ ਪੱਧਰ ਤੇ ਸਰਗਰਮ ਕਰ ਦਿੱਤਾ ਅਤੇ ਹਰ ਪਾਸੇ ਫੈਡਰੇਸ਼ਨ ਦਾ ਬੋਲਬਾਲਾ ਹੋ ਗਿਆ। ਪੰਜਾਬ ਦੇ ਅਣਖੀ ਨੌਜਵਾਨਾਂ ਦੇ ਜੱਥੇਬੰਦ ਹੋਣ ਤੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਬੌਖਲਾਹਟ ਵਿੱਚ ਆ ਕੇ 19 ਮਾਰਚ 1984 ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉੱਤੇ ਪਾਬੰਦੀ ਲਗਾ ਦਿੱਤੀ ਗਈ। ਇਸ ਦੌਰਾਨ ਫੈਡਰੇਸ਼ਨ ਦੇ ਸੈਂਕੜੇ ਨੋਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ। 1982 ਤੋਂ ਮਾਰਚ 1984 ਦੇ ਦੌਰਾਨ ਫੈਡਰੇਸ਼ਨ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਤਕਰੀਬਨ ਹਰ ਪਿੰਡ ਵਿੱਚ ਅੰਮ੍ਰਿਤ -ਸੰਚਾਰ ਕਰਾਇਆ ਗਿਆ ਅਤੇ ਫੈਡਰੇਸ਼ਨ ਨੇ ਆਪਣਾ ਇੱਕ ਮੰਤਵ ਪੂਰਾ ਕਰ ਲਿਆ।ਜੂਨ 1984 ਵਿੱਚ ਕੇਂਦਰ ਸਰਕਾਰ ਨੇ ਅਤਿ ਸ਼ਰਮਨਾਕ, ਘਿਣੋਉਣੀ ਅਤੇ ਸਿੱਖ ਵਿਰੋਧੀ ਕਦਮ ਚੁੱਕਦਿਆਂ 6 ਜੂਨ 1984 ਨੂੰ ਸਿੱਖਾਂ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ, ਤੋਪਾਂ ਨਾਲ ਭਾਰਤੀ ਫੌਜ ਤੇ ਹਮਲਾ ਕਰ ਦਿਤਾ। ਇਸ ਦੋਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਅਨੇਕਾਂ ਫੈਡਰੇਸ਼ਨ ਵਰਕਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਮੂਚੀ ਅਗਵਾਈ ਹੇਠ ਭਾਰਤੀ ਫੌਜ ਦੇ ਹਮਲੇ ਦਾ ਮੂੰਹ-ਤੋੜਵਾਂ ਜਵਾਬ ਦਿੱਤਾ। ਭਾਈ ਅਮਰੀਕ ਸਿੰਘ ਅਤੇ ਹੋਰ ਜੁਝਾਰੂ ਜੋਧਿਆਂ ਨੇ ਭਾਰਤੀ ਫੌਜ ਦੇ ਟੈਂਕਾਂ ਅਤੇ ਤੋਪਾਂ ਦਾ ਆਪਣੇ ਛੋਟੇ ਹਥਿਆਰਾਂ ਨਾਲ ਹੀ ਕਈ ਦਿਨ ਡਟ ਕੇ ਮੁਕਾਬਲਾ ਕੀਤਾ ਅਤੇ ਭਾਰਤੀ ਫੋਜ ਨੂੰ ਵਖਤ ਪਾਈ ਰਖਿਆ। ਜਿਵੇਂ ਕਿ ਸੁਣਨ ਵਿੱਚ ਆਉਂਦਾ ਹੈ ਭਾਰਤੀ ਫੋਜ ਦੇ ਕਿਸੇ ਇੱਕ ਜਰਨੈਲ ਨੇ ਜੋ ਕਿ ਇਸ ਲੜਾਈ ਵਿੱਚ ਸ਼ਾਮਿਲ ਸੀ ਨੇ ਆਪਣੇ ਮੂੰਹੋਂ ਆਖਿਆ ਸੀ ਕਿ ਅੰਦਰੋ ਲੜਨ ਵਾਲੇ ਸਿੰਘਾਂ ਦਾ ਇੱਕ ਜੱਥਾ ਹੀ ਮੈਨੂੰ ਦੇ ਦਿੱਤਾ ਜਾਵੇ ਤਾਂ ਮੈਂ ਸ਼ਾਮ ਤੱਕ ਲਾਹੌਰ ਉੱਤੇ ਕਬਜ਼ਾ ਕਰ ਲਵਾਂਗਾ। ਆਖਿਰ ਫੈਡਰੇਸ਼ਨ ਪ੍ਰਧਾਨ ਭਾਈ ਅਮਰੀਕ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਲਈ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਜਿਨ੍ਹਾਂ ਦੀ ਸ਼ਹੀਦੀ ਉੱਤੇ ਫੈਡਰੇਸ਼ਨ ਨੂੰ ਅੱਜ ਤੱਕ ਮਾਣ ਹੈ।

ਬਲਿਊ ਸਟਾਰ ਆਪ੍ਰੇਸ਼ਨ ਤੋਂ ਬਾਅਦ ਸਰਕਾਰ ਨੇ ਸਿੱਖ ਨੌਜਵਾਨਾਂ ਉੱਤੇ ਹਰਪ੍ਰਕਾਰ ਦੀ ਸਖਤੀ ਤੇ ਜ਼ੁਲਮ ਕਰਕੇ ਵੇਖ ਲਿਆ ਭਾਵੇਂ। 11 ਅਪ੍ਰੈਲ 1985 ਨੂੰ ਫੈਡਰੇਸ਼ਨ ਤੋਂ ਪਾਬੰਦੀ ਚੁੱਕ ਲਈ ਗਈ ਪੰਤੁ ਹਿੰਦੋਸਤਾਨ ਦੀਆਂ ਜੇਲਾਂ ਜਿਨ੍ਹਾਂ ਵਿੱਚ ਜੋਧਪੁਰ, ਜੈਪੁਰ, ਅਜਮੇਰ, ਤਿਹਾੜ, ਨਾਭਾ, ਪਟਿਆਲਾਂ ਦੀਆਂ ਜੇਲਾਂ ਫੈਡਰੇਸ਼ਨ ਲੀਡਰਾਂ ਅਤੇ ਵਰਕਰਾਂ  ਨਾਲ ਭਰੀਆਂ ਰਹੀਆਂ। ਅਨੇਕਾਂ ਹੀ ਫੈਡਰੇਸ਼ਨ ਵਰਕਰਾਂ ਨੂੰ ਕਾਲ ਕੋਠਰੀਆਂ ਵਿੱਚ 5 ਸਾਲ ਤੋਂ ਵੀ ਵੱਧ ਬੰਦ ਰਖਿਆ ਗਿਆ। ਸਿੱਖ ਜਵਾਨੀ ਨੂੰ ਜੇਲਾਂ ਵਿੱਚ ਅਨੇਕਾਂ ਤਰ੍ਹਾਂ ਦੇ ਮਾਨਸਿਕ ਤਸੀਹੇ ਦਿੱਤੇ । ਅੱਜ ਵੀ ਦੇਸ਼ ਦੀਆਂ ਅਨੇਕਾਂ  ਹੀ ਜੇਲਾਂ ਵਿੱਚ ਸਿੱਖ ਨੌਜ਼ਵਾਨ  ਆਪਣੀ ਜਵਾਨੀ ਗਾਲ ਰਹੇ ਹਨ। ਇਹਨਾਂ ਨੌਜਵਾਨਾਂ ਕੋਲ ਜੋ ਕੁਝ ਹੈ ਤਾਂ ਉਹ ਹੈ ਸਿਰਫ ਗੁਰਬਾਣੀ ਦਾ ਪਵਿੱਤਰ ਓਟ ਆਸਰਾ। ਜਿਸ ਰਾਹੀਂ ਉਹ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਹੇ ਹਨ।ਪਿਛਲੇ ਸਮੇਂ ਦੀਆਂ ਪੰਥਕ ਸਰਕਾਰਾਂ ਚਾਹੇ ਉਹ ਸ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠਲੀ ਸਰਕਾਰ ਹੋਵੇ ਜਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਹੋਵੇ ਕਿਸੇ ਨੇ ਵੀ ਇਹਨਾਂ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕਰਵਾਉਣ ਦਾ ਉਪਰਾਲਾ ਨਹੀਂ ਕੀਤਾ। ਕੁਝ ਆਗੂ ਵਿਦੇਸ਼ਾਂ ਵਿੱਚ ਬੈਠੇ ਪੰਥਕ ਸੋਚ ਰੱਖਣ ਵਾਲੇ ਵਿਅਕਤੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਰਹੇ ਕਿ ਅਸੀਂ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਕਰਾਂਗੇ ਪਰੰਤੂ ਇਹਨਾਂ ਲੋਕਾਂ ਨੇ ਸਿਵਾਏ ਸਿਆਸੀ ਸ਼ੋਸ਼ੇਬਾਜ਼ੀ ਤੋਂ ਕੋਈ ਠੋਸ ਕਦਮ ਨਹੀਂ ਚੁੱਕਿਆ। ਇੱਥੇ ਇਹ ਵੀ ਬਹੁਤ ਮੰਦਭਾਗੀ ਗੱਲ ਹੈ ਕਿ ਇਹਨਾਂ ਨੌਜਵਾਨਾਂ ਨਾਲ ਖੁੱਦ ਜੇਲਾਂ ਵਿੱਚ ਨਜ਼ਰਬੰਦ ਰਹਿ ਕੇ ਆਏ ਫੈਡਰੇਸ਼ਨ ਆਗੂ ਵੀ ਇਨ੍ਹਾਂ ਬੰਦੀ ਸਿੰਘਾ ਨੂੰ ਭੁੱਲ ਗਏ। ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਫੈਡਰੇਸ਼ਨ ਦੇ ਇਤਿਹਾਸ ਦਾ ਬਿਖੜਾ ਅਧਿਆਇ ਸ਼ੁਰੂ ਹੋ ਗਿਆ। ਜੇਕਰ ਫੈਡਰੇਸ਼ਨ ਵਰਕਰਾਂ ਨੇ ਮਿਹਨਤ ਅਤੇ ਲਗਨ ਨਾਲ ਕੌਮ ਦੀ ਚੜਦੀਕਲਾ ਲਈ ਸੇਵਾ ਕੀਤੀ ਤਾਂ ਸਿੱਖ ਸੰਗਤਾਂ ਨੇ ਵੀ ਫੈਡਰੇਸ਼ਨ ਨੂੰ ਹਰ ਖੇਤਰ ਵਿੱਚ ਪੂਰਨ ਸਹਿਯੋਗ ਦਿੱਤਾ। ਬਲਿਊ ਸਟਾਰ ਆਪ੍ਰੇਸ਼ਨ ਤੋਂ ਬਾਅਦ ਤਕਰੀਬਨ ਸਾਰੇ ਪੁਰਾਣੇ ਫੈਡਰੇਸ਼ਨ ਆਗੂ ਜੇਲਾਂ ਵਿੱਚ ਬੰਦ ਕਰ ਦਿੱਤੇ ਗਏ ਅਤੇ ਬਹੁਤ ਸਾਰੇ ਆਗੂ ਸ਼ਹੀਦ ਹੋ ਗਏ। ਭਾਈ ਅਮਰੀਕ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਭਾਈ ਮਨਜੀਤ ਸਿੰਘ  ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਰਾ ਦੇ ਜਵਾਈ ਸ. ਗੁਰਜੀਤ ਸਿੰਘ ਝੋਕ ਹਰੀਅਰ ਨੂੰ ਕਨਵੀਨਰ ਬਣਾ ਦਿੱਤਾ ਗਿਆ। ਇਸ ਸਮੇਂ ਦੌਰਾਨ ਪੰਜਾਬ ਵਿੱਚ ਇੱਕ ਬਹੁਤ ਹੀ ਭਿਅੰਕਰ ਖੂਨੀ ਤੂਫਾਨ ਉਠਿਆ। ਪੰਜਾਬ ਦੇ ਨੌਜਵਾਨ ਪਹਿਲਾ ਬਲਿਊ ਸਟਾਰ ਅਪਰੇਸ਼ਨ ਤੋਂ ਭੜਕੇ ਹੋਏ ਸਨ। ਇਸ ਉਪਰੰਤ ਦੋ ਸਿੱਖ ਨੌਜਵਾਨਾਂ ਸ. ਬੇਅੰਤ ਸਿੰਘ ਅਤੇ ਸ. ਸਤਵੰਤ ਸਿੰਘ ਨੇ ਬਲਿਊ ਸਟਾਰ ਆਪ੍ਰੇਸ਼ਨ ਦੀ ਜਿੰਮੇਵਾਰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਉਪਰੰਤ ਕਾਂਗਰਸੀ ਆਗੂਆਂ ਦੇ ਇਸ਼ਾਰੇ ਅਤੇ ਮਦਦ ਨਾਲ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਦਿੱਲੀ, ਕਾਨਪੁਰ, ਕਲਕੱਤਾ ਅਤੇ ਹੋਰ ਅਨੇਕਾਂ ਸ਼ਹਿਰਾਂ ਵਿੱਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਜਿਉਂਦੇ ਸਾੜਿਆ ਗਿਆ ਅਤੇ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ। ਇਹਨਾਂ ਹਲਾਤਾਂ ਤੋਂ ਬਾਅਦ ਪੰਜਾਬ ਅੰਦਰ ਅੱਗ ਦੇ ਭਾਬੜ ਮੱਚਣ ਲੱਗੇ।

ਨੌਜਵਾਨ ਬਾਗੀ ਹੋ ਕੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਗਏ। ਨੌਜਵਾਨਾਂ ਦੀ ਜੱਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇੱਕ ਧੜਾ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਇਸ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਹੋ ਗਿਆ। ਪੁਲਿਸ ਫੈਡਰੇਸ਼ਨ ਵਰਕਰਾਂ ਨੂੰ ਲੱਭ-ਲੱਭ ਕੇ ਤਸੱਦਦ ਕਰਕੇ ਸ਼ਹੀਦ ਕਰਨ ਲੱਗੀ ।ਪਰੰਤੂ ਇਹ ਸੰਘਰਸ਼ ਫਿਰ ਵੀ ਜਾਰੀ ਰਿਹਾ। ਇੱਕ ਵਾਰ ਫਿਰ ਪੰਜਾਬ ਅੰਦਰ ਅਜਿਹਾ ਮਹੌਲ ਪੈਦਾ ਹੋ ਗਿਆ ਕਿ ਲੋਕ ਕੇਵਲ ਫੈਡਰੇਸ਼ਨ ਤੇ ਹੀ ਭਰੋਸਾ ਕਰਨ ਲੱਗੇ। ਇਸ ਸਮੇਂ ਪੰਜਾਬ ਵਿੱਚ ਆਮ ਚੋਣਾਂ ਦਾ ਐਲਾਨ ਹੋ ਗਿਆ। ਪੰਜਾਬ ਦੀਆਂ ਕੁਝ ਖਾੜਕੂ ਜੱਥੇਬੰਦੀਆਂ ਨੇ ਆਮ ਚੋਣਾ ਦੇ ਬਾਈਕਾਟ ਦਾ ਐਲਾਨ ਕੀਤਾ ਪ੍ਰੰਤੂ ਫੈਡਰੇਸ਼ਨ ਨੇ ਲੋਕਤੰਤਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਅਤੇ ਚੋਣਾਂ ਵਿੱਚ ਭਾਗ ਲਿਆ। ਉਸ ਸਮੇਂ ਅਕਾਲੀ ਦਲ ਦੀ ਬਜਾਏ ਫੈਡਰੇਸ਼ਨ ਨੇ ਆਪਣੇ ਜ਼ਿਆਦਾ ਉਮੀਦਵਾਰ ਮੈਦਾਨ ਵਿੱਚ ਉਤਾਰੇ ਅਤੇ ਅਕਾਲੀ ਉਮੀਦਵਾਰ ਵੀ ਫੈਡਰੇਸ਼ਨ ਦੀ ਮਦਦ ਲੈਣ ਲਈ ਹਰ ਪ੍ਰਕਾਰ ਦੇ ਯਤਨ ਕਰਨ ਲੱਗੇ। ਪ੍ਰੰਤੂ ਕੇਂਦਰ ਦੀ ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲੀ ਰਾਤ ਪੰਜਾਬ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਕਿਉਂਕਿ ਕਾਂਗਰਸ ਦੇ ਮਨ ਵਿੱਚ ਇਹ ਸੀ ਕਿ ਜੇਕਰ ਪੰਜਾਬ ਵਿੱਚ ਫੈਡਰੇਸ਼ਨ ਦੀ ਮਦਦ ਵਾਲੀ ਜਾਂ ਫੈਡਰੇਸ਼ਨ ਦੀ ਸਰਕਾਰ ਬਣ ਗਈ ਤਾਂ ਉਹਨਾਂ ਲਈ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਜਾਵੇਗੀ ।ਕੇਂਦਰ ਦੀ ਏਜੰਸੀਆਂ ਤੇ ਸਾਡੇ ਹੀ ਅਕਾਲੀ ਆਗੂ ਫੈਡਰੇਸ਼ਨ ਦੀ ਸ਼ਕਤੀ ਨੂੰ ਤਾਰਪੀਡੋ ਕਰਨ ਲਈ ਸਰਗਰਮ ਹੋ ਗਏ। ਕੇਂਦਰ ਦੀਆਂ ਏਜੰਸੀਆਂ ਫੈਡਰੇਸ਼ਨ ਵਿੱਚ ਘੁਸਪੈਠ ਕਰ ਗਈਆਂ। ਭਾਈ ਮਨਜੀਤ ਸਿੰਘ  ਦੇ ਸਮੇਂ ਹੀ ਉਹਨਾਂ ਨੂੰ ਪ੍ਰਧਾਨ ਮੰਨਣ ਵਾਲੇ ਫੈਡਰੇਸ਼ਨ ਆਗੂ ਵੀ ਆਪਣੇ-ਆਪਣੇ ਧੜੇ ਬਣਾਉਣ ਲੱਗੇ । ਜਿਨਾਂ ਵਿੱਚ ਹਰਿੰਦਰ ਸਿੰਘ ਕਾਹਲੋਂ, ਦਲਜੀਤ ਸਿੰਘ ਬਿੱਟੂ, ਗੁਰਨਾਮ ਸਿੰਘ ਬੁੱਟਰ, ਗੁਰਨਾਮ ਸਿੰਘ ਬੰਡਾਲਾਂ ਆਦਿ ਸ਼ਾਮਿਲ ਹਨ। ਫੈਡਰੇਸ਼ਨ ਪ੍ਰਧਾਨ ਭਾਈ ਮਨਜੀਤ ਸਿੰਘ  ਅਤੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਦਰਮਿਆਨ ਦੂਰੀਆਂ ਵੱਧਣ ਲੱਗੀਆਂ। ਅਖ਼ੀਰ ਸ. ਹਰਮਿੰਦਰ ਸਿੰਘ ਸੰਧੂ ਦੇ ਕਤਲ ਤੋਂ ਬਾਅਦ ਫੈਡਰੇਸ਼ਨ ਰਸਮੀ ਤੌਰ ਤੇ ਦੋ-ਫਾੜ ਹੋ ਗਈ। ਇੱਕ ਧੜਾ ਫੈਡਰੇਸ਼ਨ ਮਹਿਤਾ ਦੇ ਨਾਂ  ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿੱਚ ਕੰਮ ਕਰਨ ਲੱਗਾ। ਇਹ ਫੈਡਰੇਸ਼ਨ ਦਾ ਸਭ ਤੋਂ ਵੱਡਾ ਸਿਆਸੀ ਦੁਖਾਂਤ ਸੀ।

ਭਾਈ ਮਨਜੀਤ ਸਿੰਘ ਨੇ ਵੀ ਗਰੁੱਪ ਬੰਦੀ ਤੋਂ ਮਾਯੂਸ ਹੋਕੇ ਫੈਡਰੇਸ਼ਨ ਨੂੰ ਛੱਡ ਕੇ ਅਕਾਲੀ ਦਲ (ਮਨਜੀਤ) ਬਣਾ ਲਿਆ। ਜਿਸ ਤੋਂ ਬਾਅਦ ਫੈਡਰੇਸ਼ਨ ਅਨੇਕਾਂ ਹੀ ਧੜਿਆਂ ਵਿੱਚ ਵੰਡੀ ਗਈ। ਜਸਬੀਰ ਸਿੰਘ ਘੁੰਮਣ ਨੇ ਆਪਣਾ ਧੜਾ ਬਣਾ ਲਿਆ, ਰਜਿੰਦਰ ਸਿੰਘ ਮਹਿਤਾ ਨੇ ਆਪਣਾ ਧੜਾ ਬਣਾ ਲਿਆ। ਹਰਮਿੰਦਰ ਸਿੰਘ ਗਿੱਲ ਨੇ ਆਪਣਾ, ਭੁਪਿੰਦਰ ਸਿੰਘ ਖਾਲਸਾ ਨੇ ਆਪਣਾ ਅਤੇ ਇੱਕ ਫੈਡਰੇਸ਼ਨ ਪ੍ਰੀਜੀਡੀਅਮ ਦੇ ਨਾਂ ਹੇਠ ਕੰਮ ਕਰਨ ਲੱਗੀ ਜੋ ਪੰਜ ਮੈਂਬਰੀ ਕਮੇਟੀ ਅਧੀਨ ਕੰਮ ਕਰਦੀ ਸੀ। ਇਸ ਕਮੇਟੀ ਵਿੱਚ ਜਸਵੰਤ ਸਿੰਘ ਸਰਹਿੰਦ, ਪ੍ਰਿਥੀ ਸਿੰਘ ਕਟਾਰ ਸਿੰਘ ਵਾਲਾ, ਜਗਵਿੰਦਰ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਹੋਠੀਆਂ, ਅਮਰਜੀਤ ਸਿੰਘ ਪੱਧਰੀ ਸਾਮਲ ਸਨ । ਸਾਰੀਆਂ ਫੈਡਰੇਸ਼ਨਾਂ ਆਪਣੇ-ਆਪਣੇ ਧੜੇ ਬਣਾ ਕੇ ਕੰਮ ਕਰਦੀਆਂ ਰਹੀਆਂ। ਪ੍ਰੰਤੂ ਜੋ ਫੈਡਰੇਸ਼ਨ ਅਜਾਦੀ ਤੋਂ ਪਹਿਲਾਂ ਬਣੀ ਸੀ ਜਾਂ ਭਾਈ ਅਮਰੀਕ ਸਿੰਘ ਜੀ ਨੇ ਚਲਾਈ ਸੀ ਉਹ ਫੈਡਰੇਸ਼ਨ ਤਾ ਪਤਾ ਨਹੀਂ ਕਿਧਰ ਗੁਆਚ ਗਈ। ਸਾਰੇ ਆਗੂ ਆਪਣੇ-ਆਪਣੇ ਅਹੁਦਿਆਂ ਤੇ ਸਿਆਸੀ ਲਾਲਚਾ ਵਿੱਚ ਘਿਰ ਗਏ। ਸਾਰੇ ਆਗੂ ਫੈਡਰੇਸ਼ਨ ਵੱਲੋਂ ਮਿੱਥੇ ਪੰਜ ਨਿਸ਼ਾਨਿਆਂ ਤੋਂ ਅਵੇਸਲੇ ਹੋ ਗਏ ਅਤੇ ਆਪਣੇ-ਆਪਣੇ ਧੜੇ ਨੂੰ ਹੀ ਸਰਗਰਮ ਕਰਨ ਅਤੇ ਦੂਜੇ ਠਿਬੀ ਲਗਾਉਣ ਲੱਗੇ ਰਹੇ।1995 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜੱਥੇਦਾਰ ਪ੍ਰੋ. ਮਨਜੀਤ ਸਿੰਘ ਜੀ ਨੇ ਉਪਰਾਲਾ ਕਰਕੇ 19 ਜਨਵਰੀ 1995 ਨੂੰ 5 ਘੰਟੇ ਲਗਾਤਾਰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕਰਨ ਉਪਰੰਤ ਫੈਡਰੇਸ਼ਨ ਦੇ ਪੰਜ ਧੜਿਆਂ , ਜਸਬੀਰ ਸਿੰਘ ਘੁੰਮਣ, ਹਰਮਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਖਾਲਸਾ, ਵਰਡ ਸਿੱਖ ਯੂਥ ਔਰਗੇਨਾਇਜੇਸ਼ਨ, ਸਿੱਖ ਯੂਥ ਫੈਡਰੇਸ਼ਨ ਪਰਮਿੰਦਰ ਸਿੰਘ ਢਿੱਲੋ ਨੂੰ ਇੱਕ ਕਰਕੇ ਫੇਰ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਗਠਨ ਕੀਤਾ ਅਤੇ ਭਾਈ ਕਰਨੈਲ ਸਿੰਘ ਪਿੰਡ ਪੀਰ ਮੁਹੰਮਦ ਤਹਿਸੀਲ ਜੀਰਾ ਜਿਲਾ ਫਿਰੋਜ਼ਪੁਰ ਨੂੰ ਸਰਬਸੰਮਤੀ ਨਾਲ ਇਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨੋਜਵਾਨ ਵਰਗ ਵਿੱਚ ਇੱਕ ਵਾਰ ਫਿਰ ਖੁਸ਼ੀ ਦੀ ਲਹਿਰ ਦੋੜੀ। ਨੌਜਵਾਨਾਂ ਨੂੰ ਇਹ ਆਸ ਬੱਝੀ ਕਿ ਫੈਡਰੇਸ਼ਨ ਫੇਰ ਸੁਰਜੀਤ ਹੋ ਗਈ ਹੈ।ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਫੈਡਰੇਸ਼ਨ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਮੁਕਾਮ ਵੱਲ ਵਧਣ ਲੱਗੀ, ਜਗ੍ਹਾ-ਜਗ੍ਹਾ ਯੂਨਿਟ ਸਥਾਪਿਤ ਕੀਤੇ ਜਾਣ ਲੱਗੇ, ਗੁਰਮਤਿ ਚੇਤਨਾਂ ਕੈਂਪ, ਅੰਮ੍ਰਿਤ ਸੰਚਾਰ ਕੈਂਪ, ਕਨਵੈਨਸ਼ਨਾਂ ਫੇਰ ਤੋਂ ਹੋਣ ਲੱਗੀਆਂ। ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਕੇਸ ਲੜਿਆਂ ਤੇ ਉਹ ਕੇਸ ਜਿੱਤਿਆ ਅੱਜ ਸੱਜਣ ਕੁਮਾਰ ਵਰਗੇ ਵੱਡੇ ਕਾਂਗਰਸੀ ਨੇਤਾ ਤਿਹਾੜ ਜੇਲ੍ਹ ਅੰਦਰ ਬੰਦ ਹਨ l ਫੈਡਰੇਸ਼ਨ ਨੇ ਭਾਰਤ ਦੇ ਅੰਦਰ ਜਿੱਥੇ ਜਿੱਥੇ ਵੀ ਸਿੱਖ ਨਸਲਕੁਸ਼ੀ ਹੋਈ ਸੀ ਉਥੇ ਜਾ ਕੇ ਅੰਕੜੇ ਇਕੱਠੇ ਕੀਤੇ ਤੇ ਸਿੱਖ ਕੌਮ ਨਾਲ ਹੋਈਆ ਜਿਆਦਤੀਆ ਨੂੰ ਸੰਯੁਕਤ ਰਾਸ਼ਟਰ ਵਿੱਚ ਰੱਖਿਆl ਹਰਿਆਣਾ ਰਾਜ ਅੰਦਰ ਹੋਂਦ ਚਿੱਲੜ ਅਤੇ ਜੰਮੂ-ਕਸ਼ਮੀਰ ਵਿਖੇ ਰਿਆਸੀ ਉੱਤਰਪ੍ਰਦੇਸ਼ ਅੰਦਰ ਕਾਨਪੁਰ ਬਿਹਾਰ ਝਾਰਖੰਡ ਵਿਖੇ ਬੇਕਾਰੋ ਵਿਖੇ ਅੰਕੜੇ ਇਕੱਠੇ ਕੀਤੇ । ਇਸ ਦਾ ਅਸਰ ਇਹ ਹੋਇਆ ਕਿ ਰਾਜ ਸਰਕਾਰਾ ਨੂੰ ਕਮਿਸ਼ਨ ਬਣਾਉਣ ਲਈ ਮਜਬੂਰ ਹੋਣਾ ਪਿਆ ਮਜਬੂਰ ਹੋਕੇ ਪੀੜਤ ਸਿੱਖ ਪਰਿਵਾਰਾ ਨੂੰ ਮੁਆਵਜੇ ਦੇਣੇ ਪਏ ਹੋਦ ਚਿੱਲੜ ਰਿਵਾੜੀ ਗੁੜਗਾਂਵ ਦੇ ਪੀੜਤ ਪਰਿਵਾਰਾ ਨੂੰ 25 /25 ਲੱਖ ਦਾ ਮੁਆਵਜ਼ਾ ਮਿਲਿਆ ਉਹ ਕੇਸ ਅੱਜ ਵੀ ਚੱਲ ਰਹੇ ਹਨ । ਫੈਡਰੇਸ਼ਨ ਪ੍ਰਧਾਨ ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਦ ਕੜਕੜਡੂੰਮਾ ਦੀ ਸੈਸ਼ਨ ਅਦਾਲਤ ਦੇ ਜੱਜ ਜੇ ਆਰ ਆਰੀਅਨ ਵੱਲੋ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਤਾ ਪੀਰ ਮੁਹੰਮਦ ਨੇ ਆਪਣੀ ਜੁੱਤੀ ਰੋਸ ਵਜੋ ਅਦਾਲਤ ਵਿੱਚ ਸੁੱਟ ਦਿੱਤੀ ਜਿਸ ਕਰਕੇ ਉਹਨਾ ਨੂੰ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਦਿੱਲੀ ਭੇਜ ਦਿੱਤਾ ਗਿਆ ਉਹ ਕੇਸ ਅੱਜ ਵੀ ਉਹਨਾ ਉਪਰ ਚੱਲ ਰਿਹਾ ਹੈ ।

ਹੁਣ ਆਪਾ ਫਿਰ ਫੈਡਰੇਸ਼ਨ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਏਜੰਸੀਆਂ ਅਤੇ ਸਿਆਸੀ ਆਗੂਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਫੈਡਰੇਸ਼ਨ ਦੀ ਫੇਰ ਤੋਂ ਚੜਤ ਹੋਵੇ। ਉਹਨਾਂ ਨੇ ਫੈਡਰੇਸ਼ਨ ਆਗੂਆਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ। ਤਕਰੀਬਨ ਇੱਕ ਸਾਲ ਦੇ ਅਰਸੇ ਤੋਂ ਬਾਅਦ ਇਹ ਲੋਕ ਕਾਮਯਾਬ ਹੋ ਗਏ ਜਦੋਂ ਗਿੱਦੜਬਾਹਾ ਦੀ ਜਿਮਨੀ ਚੋਣ ਸਮੇਂ ਇੱਕ ਧੜਾ ਇੱਕ ਸੀਨੀਅਰ ਸਿਆਸੀ ਆਗੂ ਦੀਆ ਗੱਲਾ ਵਿੱਚ ਆ ਕੇ ਵੱਖ ਹੋ ਗਿਆ। ਇਸ ਤੋਂ ਬਾਅਦ ਵੀ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਉਸੇ ਤਰ੍ਹਾਂ ਫੈਡਰੇਸ਼ਨ ਦੀ ਸੇਵਾ ਕਰਦੇ ਰਹੇ। ਕੁੱਝ ਸਮੇਂ ਬਾਅਦ  ਸ. ਹਰਮਿੰਦਰ ਸਿੰਘ ਗਿੱਲ  ਵੀ ਫੈਡਰੇਸ਼ਨ ਨੂੰ ਛੱਡ ਕੇ ਕਾਂਗਰਸ ਵਿੱਚ ਸਾਮਿਲ ਹੋ ਗਏ। ਓਹਨਾ ਨੇ ਹਲਕਾ ਪੱਟੀ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਸ.ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਦਿੱਤਾ ਤੇ ਹਲਕਾ ਪੱਟੀ ਤੋਂ ਐਮ ਐਲ ਏ ਬਣ ਗਏ ।ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਫੈਡਰੇਸ਼ਨ ਦੇ ਤਕਰੀਬਨ ਹਰ ਧੜੇ ਨੂੰ ਸਰਕਾਰ ਵਿੱਚ ਛੋਟੀ ਮੋਟੀ ਨੁਮਾਇੰਦਗੀ ਤਾਂ ਮਿਲ ਗਈ ਪਰੰਤੂ ਸ. ਬਾਦਲ ਆਪਣੀ ਸਰਕਾਰ ਅਤੇ ਅਕਾਲੀ ਦਲ ਦੀ ਅੰਦਰ ਆਪਣੇ ਪਰਿਵਾਰ ਤੇ ਬਾਕੀ ਅਕਾਲੀ ਲੀਡਰਸ਼ਿਪ ਦੇ ਪੁੱਤਰਾ ਨੂੰ ਜਿਆਦਾ ਅਹਿਮੀਅਤ ਦੇਣ ਵਿੱਚ ਹੀ ਉਲਝੇ ਰਹੇ। ਉਹਨਾਂ ਨੇ ਫੈਡਰੇਸ਼ਨਾਂ ਨੂੰ ਇੱਕਠਾ ਕਰਨ ਦਾ ਯਤਨ ਨਾ ਕੀਤਾ। ਬਲਕਿ ਆਪਣੇ ਪਿਛਲੱਗ ਬਣਾਉਣ ਦੀ ਨੀਤੀ ਤਹਿਤ ਪਾੜੋ ਤੇ ਰਾਜ ਕਰੋ ਵਾਲੀ ਸੋਚ ਨੂੰ ਅਪਣਾਇਆ  ਜਿਸ ਕਾਰਨ 2002 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਫੈਡਰੇਸ਼ਨ ਆਗੂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਪੰਤੁ ਫੈਡਰੇਸ਼ਨ ਵਰਕਰਾਂ ਨੇ ਫੇਰ ਵੀ ਪੂਰੇ ਪੰਜਾਬ ਵਿੱਚ ਅਕਾਲੀ ਉਮੀਦਵਾਰਾਂ ਦੀ ਮਦਦ ਕੀਤੀ।ਅੱਜ ਜਦੋਂ ਫੈਡਰੇਸ਼ਨ ਦੀ ਹੋਂਦ ਨੂੰ 76 ਸਾਲ ਪੂਰੇ ਹੋ ਚੁੱਕੋ ਹਨ ਤਾਂ ਪੰਜਾਬ ਅੰਦਰ ਫੈਡਰੇਸ਼ਨ ਦੇ ਕੁਝ  ਧੜੇ ਕੰਮ ਕਰ ਰਹੇ ਹਨ  ਜਦ ਕਿ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ 30 ਨਵੰਬਰ 2018 ਨੂੰ ਤਿਹਾੜ ਜੇਲ੍ਹ ਪਹੁੰਚ ਕੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਸਤੀਫ਼ਾ ਦੇ ਦਿੱਤਾ ਉਹ ਤਕਰੀਬਨ 23 ਸਾਲ ਫੈਡਰੇਸ਼ਨ ਦੇ ਪ੍ਰਧਾਨ ਰਹੇ। ਓਹਨਾਂ ਨੇ ਅਸਤੀਫਾ ਦੇਕੇ  ਕਿਹਾ ਕਿ ਉਹ ਹੋਰ ਸਿੱਖ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ  । ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ  ਸ਼ਾਮਲ ਹੋ ਗਏ ਹਨ ਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਨ੍ਹਾਂ ਨੂੰ ਪਾਰਟੀ ਦਾ ਜਰਨਲ ਸਕੱਤਰ, ਮੁੱਖ ਬੁਲਾਰਾ ਅਤੇ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ l ਫੈਡਰੇਸ਼ਨ ਦੇ 75 ਵੇਂ ਇਜਲਾਸ ਦੌਰਾਨ ਮੋਗਾ ਵਿਖੇ ਫੈਡਰੇਸ਼ਨ ਦੇ ਸੀਨੀਅਰ ਆਗੂ ਸ੍ਰ. ਜਗਰੂਪ ਸਿੰਘ ਚੀਮਾਂ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਹਨ ਪਿਛਲੇ ਲੰਮੇ ਸਮੇਂ ਤੋ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਫੈਡਰੇਸ਼ਨ ਦੇ ਕਈ ਅਹਿਮ ਅਹੁਦਿਆਂ ਉਪਰ ਸੇਵਾ ਕਰਦੇ ਆ ਰਹੇ ਸਨ ! ਉਹਨਾਂ ਨੂੰ ਆਲ ਇੰਡੀਆ  ਸਿੱਖ ਸਟੂਡੈਟਸ ਫੈਡਰੇਸ਼ਨ ਦਾ ਪ੍ਰਧਾਨ ਸਰਵਸੰਮਤੀ ਨਾਲ ਬਣਾਉਣ ਦਾ ਫੈਸਲਾ ਕੀਤਾ ਗਿਆ।

ਅੱਜ ਜਦੋਂ ਫੈਡਰੇਸ਼ਨ ਆਪਣੇ 76 ਵਰੇ ਪੂਰੇ ਕਰ ਰਹੀ ਹੈ ਤਾਂ ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦੇ ਹੜ ਵਗ ਰਹੇ ਹਨ। ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋ ਰਹੀ ਹੈ  ਮੌਕੇ ਦੀਆਂ ਸਰਕਾਰਾਂ ਇੱਕ ਯੋਜਨਾਬੰਦ ਢੰਗ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੀਆਂ ਹਨ ਸਰਕਾਰਾਂ ਪਾਸ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਤੇ ਉਨ੍ਹਾਂ ਦੇ ਉੱਜਲ ਭਵਿੱਖ ਲਈ ਕੋਈ ਵੀ ਠੋਸ ਯੋਜਨਾ ਨਹੀ  ਅਜਿਹੇ ਹਾਲਾਤਾਂ ਵਿਚ ਫੈਡਰੇਸ਼ਨ ਆਪਣੀ 76ਵੀਂ ਵਰ੍ਹੇਗੰਢ ਮਨਾ ਰਹੀ ਹੈ ਇਸ ਮੌਕੇ ਸਾਨੂੰ ਪੂਰਨ ਆਸ ਹੈ ਕਿ ਉਹ  ਇਨ੍ਹਾਂ ਦੁਸ਼ਵਾਰੀਆਂ ਨੂੰ ਖਤਮ ਕਰਨ ਲਈ ਠੋਸ ਰਣਨੀਤੀ ਬਣਾਵੇਗੀ ਕਿਉਕਿ ਪੰਜਾਬ ਦੀ ਪਵਿੱਤਰ ਧਰਤੀ ਉਪਰ ਸਾਹਿਬ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਬੇਅਦਬੀ ਹੋਣ ਦੀਆ ਕਈ ਘਟਨਾਵਾਂ ਵੀ ਵਾਪਰ ਚੁੱਕੀਆ ਹਨ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ੍ਰੌਮਣੀ ਅਕਾਲੀ ਦਲ ਵਰਗੀਆ ਮਹਾਨ ਸੰਸਥਾਵਾਂ ਉਪਰ ਪ੍ਰਸ਼ਨਚਿੰਨ੍ਹ ਲੱਗ ਰਹੇ ਹਨ ਅਜਿਹੇ ਵਿੱਚ ਸਿੱਖ ਕੌਮ ਦੀ ਹਰੇਕ ਸੰਸਥਾ ਨੂੰ ਆਤਮਮੰਥਨ ਕਰਨ ਦੀ ਬੇਹੱਦ ਲੋੜ ਹੈ ਫੈਡਰੇਸ਼ਨ ਵਰਗੀ ਜੁਝਾਰੂ ਜਥੇਬੰਦੀ ਨੂੰ ਮਜਬੂਤ ਕਰਨ ਲਈ ਫੈਡਰੇਸ਼ਨ ਦੇ ਪੁਰਾਣੇ ਮੁਕਾਮ ਨੂੰ ਦੁਬਾਰਾ ਹਾਸਲ ਕਰਨ ਦੀ ਬੇਹੱਦ ਲੋੜ ਹੈ । ਮੇਰੀ ਸਕੂਲਾ ਕਾਲਜਾ ਯੂਨਿਵਰਸਿਟੀ ਪੜਦੇ ਸਿੱਖ ਪੰਜਾਬੀ ਨੌਜਵਾਨ ਲੜਕੇ ਲੜਕੀਆ ਨੂੰ ਅਪੀਲ ਹੈ ਕਿ ਆਉ ਫੈਡਰੇਸ਼ਨ ਦੇ ਮੈਬਰ ਬਣਕੇ ਇਸ ਮਹਾਨ ਜਥੇਬੰਦੀ ਦੇ ਪਲੇਟਫਾਰਮ ਨੂੰ ਸਿੱਖ ਕੌਮ ਦੀ ਚੜਦੀਕਲਾ ਲਈ ਸਹੀ ਢੰਗ ਨਾਲ ਇਸਤੇਮਾਲ ਕਰੀਏ ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 76 ਵੀ ਵਰੇਗੰਢ ਮੌਕੇ ਇਸ ਵਾਰ ਵੀ ਫੈਡਰੇਸ਼ਨ ਦੇ ਪੰਜ ਧੜਿਆ ਵਿੱਚ ਇਕਜੁੱਟਤਾ ਨਹੀ ਆ ਸਕੀ ਭੌਮਾ ਗਰੁੱਪ ਨੇ ਸ੍ਰੀ ਅਕਾਲ ਤਖਤਸਾਹਿਬ ਤੇ ਅਰਦਾਸ ਕਰਕੇ 12 ਸਤੰਬਰ ਨੂੰ ਹਾਜ਼ਰੀ ਲਗਾ ਲਈ ਜਦਕਿ ਸ੍ ਗੁਰਚਰਨ ਸਿੰਘ ਗਰੇਵਾਲ ਧੜੇ ਵੱਲੋ ਤਲਵੰਡੀ ਸਾਬੋ ਤਖਤ ਸਾਹਿਬ ਤੇ ਸਮਗਾਮ ਕੀਤਾ ਜਾ ਰਿਹਾ ਹੈ ਜਦਕਿ ਸ੍ ਪਰਮਜੀਤ ਸਿੰਘ ਖਾਲਸਾ ਅਤੇ ਫੈਡਰੇਸ਼ਨ ਮਹਿਤਾ ਧੜੇ ਦੇ ਸ੍ ਅਮਰਬੀਰ ਸਿੰਘ ਢੋਟ ਅਜੇ ਤੱਕ ਇਸ ਸਬੰਧੀ ਕੋਈ ਐਲਾਨ ਨਹੀ ਕਰ ਸਕੇ ਜਦ ਕਿ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਵਿੱਚ ਫੈਡਰੇਸ਼ਨ ਪ੍ਰਧਾਨ ਸ੍ ਜਗਰੂਪ ਸਿੰਘ ਚੀਮਾ ਵੱਲੋ 14 ਸਤੰਬਰ ਨੂੰ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਵਿਖੇ ਗੁਰਮਿਤ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਸਮੇਤ ਅਨੇਕਾ ਪੰਥਕ ਸਖਸ਼ੀਅਤਾਂ ਵਿਸੇਸ਼ ਤੌਰ ਤੇ ਪਹੁੰਚ ਰਹੀਆ ਹਨ । ਕਿੰਨਾ ਚੰਗਾ ਹੁੰਦਾ ਜੇ ਖਾਲਸਾ ਪੰਥ ਦਾ ਹਰਿਆਵਲ ਦਸਤਾ ਇਕਜੁੱਟ ਹੋਕੇ ਆਪਣਾ 76 ਵਾ ਸਾਲਾਨਾ ਦਿਵਸ ਮਨਾਉਦਾ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>