ਭਗਤ ਧੰਨਾ ਜੀ ਨੂੰ ਰੱਬ ਦੀ ਪ੍ਰਾਪਤੀ ਕਿਵੇਂ ਹੋਈ?

ਅਮਨਜੋਤ ਸਿੰਘ ਸਢੌਰਾ,

ਭਾਰਤੀ ਇਤਿਹਾਸ ਵਿਚ ਇਕ ਧਾਰਮਿਕ ਅੰਦੋਲਨ ਉਠਿਆ ਜਿਸ ਲਹਿਰ ਨੂੰ ਭਗਤੀ ਲਹਿਰ ਦਾ ਨਾਂ ਦਿੱਤਾ ਗਿਆ ਹੈ। ਇਸ ਲਹਿਰ ਨੇ ਹਰ ਵਰਗ ਅਤੇ ਵਰਣ ਦੇ ਵਿਅਕਤੀ ਨਾਲ ਸਬੰਧ ਕਾਇਮ ਕੀਤਾ। ਲੋਕ ਮਾਨਸਿਕਤਾ ਨੂੰ ਪਰਮਾਤਮਾ ਨਾਲ ਜੋੜ ਕੇ ਹਰ ਇਨਸਾਨ ਨੂੰ ਸਮਾਨਤਾ ਦਾ ਦਰਜਾ ਦਿਵਾਇਆ। ਇਸ ਨੇਕ ਰਸਤੇ ‘ਤੇ ਚੱਲਦੇ ਹੋਏ ਭਗਤ ਧੰਨਾ ਜੀ ਨੇ ਪਰਮਾਤਮਾ ਦੇ ਘਰ ‘ਚ ਆਤਮਿਕ ਉਚਾਇਆਂ ਨੂੰ ਛੁਹਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ 2 ਆਸਾ ਰਾਗ ਤੇ 1 ਧਨਾਸਰੀ ਰਾਗ ‘ਚ ਦਰਜ ਹਨ। ਭਗਤ ਧੰਨਾ ਜੀ ਨੇ ਬਿਨਾਂ ਕਿਸੇ ਜਾਤ – ਪਾਤ ਦੇ ਉਸ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਦੇ ਨਾਲ – ਨਾਲ ਫੋਕਟ ਕਰਮ ਜਿਵੇਂ ਮੂਰਤੀ ਪੂਜਾ, ਤੀਰਥ ਇਸ਼ਨਾਨ, ਦਾਨ – ਪੁੰਨ, ਆਦਿ ਮਿੱਥਾਂ ਨੂੰ ਤੋੜਿਆ, ਪਰ ਵਿਦਵਾਨਾਂ ਤੇ ਪ੍ਰਚਾਰਕਾਂ ਨੇ ਇੱਕ ਮਨਘੜੰਤ ਸਾਖੀ ਰਾਹੀਂ ਇਹ ਸਿੱਧ ਕਰ ਦਿੱਤਾ ਹੈ ਕਿ ਭਗਤ ਜੀ ਨੂੰ ਪੱਥਰ ਵਿਚੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੋਈ। ਇਹ ਕਹਾਣੀ ਦਰਸਾਉਂਦੀ ਹੈ ਕਿ ਬ੍ਰਾਹਮਣ ਠਾਕੁਰਾਂ ਦੀ ਪੂਜਾ ਕਰਦੇ ਸਨ ਤੇ ਭਗਤ ਧੰਨਾ ਜੀ ਗਊਆਂ ਚਰਾਵਣ ਜਾਇਆ ਕਰਦੇ ਸਨ। ਇਕ ਦਿਨ ਭਗਤ ਜੀ ਨੇ ਬ੍ਰਾਹਮਣ ਨੂੰ ਭੋਲੇਪਨ ‘ਚ ਸਵਾਲ ਪੁੱਛਿਆ ਕਿ ਤੁਸੀਂ ਠਾਕੁਰ ਦੀ ਪੂਜਾ ਕਰ ਰਹੇ ਹੋ ਤੇ ਤੁਹਾਨੂੰ ਇਸ ਤੋਂ ਕੀ ਪ੍ਰਾਪਤ ਹੁੰਦਾ ਹੈ? ਬ੍ਰਾਹਮਣ ਨੇ ਜਵਾਬ ਦਿੱਤਾ ਕਿ ਮੈਂ ਠਾਕੁਰ ਦੀ ਪੂਜਾ ਕਰ ਰਿਹਾ ਹਾਂ ਅਤੇ ਜੋ ਇਸ ਦੀ ਸੇਵਾ ਕਰੇ ਉਸਦੀਆਂ ਸਾਰੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ। ਭਗਤ ਜੀ ਨੇ ਇੱਕ ਠਾਕੁਰ ਲੈਣ ਲਈ ਬੇਨਤੀ ਕੀਤੀ। ਬ੍ਰਾਹਮਣ ਨੇ ਭਗਤ ਜੀ ਨੂੰ ਗੱਲੋਂ ਲਾਹੁਣ ਲਈ ਉਸ ਬ੍ਰਾਹਮਣ ਨੇ ਇੱਕ ਕਾਲਾ ਪੱਥਰ ਕੱਪੜੇ ‘ਚ ਲਪੇਟ ਕੇ ਦੇ ਦਿੱਤਾ। ਅਗਲੇ ਦਿਨ ਭਗਤ ਜੀ ਨੇ ਠਾਕੁਰ ਜੀ ਨੂੰ ਇਸ਼ਨਾਨ ਕਰਵਾਉਣ ਤੋਂ ਬਾਅਦ ਲੱਸੀ ਤੇ ਪਰਸ਼ਾਦੇ ਅੱਗੇ ਰੱਖ ਕੇ ਭੋਗ ਲਾਉਣ ਲਈ ਮਿੰਨਤਾਂ ਕਰਨ ਲੱਗੇ। ਕਾਫੀ ਦੇਰ ਬਾਅਦ ਭੋਗ ਲੱਗਣ ਤੇ ਭਗਤ ਜੀ ਨੇ ਸਹੁੰ ਖਾਧੀ ਕਿ ਜਦ ਤੱਕ ਠਾਕੁਰ ਜੀ ਤੁਸੀਂ ਭੋਗ ਨਹੀਂ ਲਾਉਗੇ, ਤਾਂ ਤਕ ਮੈਂ ਵੀ ਕੋਈ ਵਸਤੂ ਦਾ ਸੇਵਨ ਨਹੀਂ ਕਰਾਂਗਾ ਤਾਂ ਪ੍ਰਭੂ ਨੇ ਸੋਚਿਆ “ਹੁਣ ਤਾਂ ਪੱਥਰ ਵਿਚੋਂ ਪ੍ਰਗਟ ਹੋਣਾ ਹੀ ਪਵੇਗਾ। ਧੰਨੇ ਦੀ ਆਤਮਾ ਨਿਰਮਲ ਹੈ।” ਪ੍ਰਭੂ ਨੇ ਭਗਤ ਧੰਨੇ ਜੀ ਦੀ ਸ਼ਰਧਾ ਤੇ ਭਰੋਸਾ ਵੇਖ ਕੇ ਪ੍ਰਗਟ ਹੋਏ ਅਤੇ ਭੋਜਨ ਛਕਿਆ।

ਉਪਰੋਕਤ ਮਨਘੜੰਤ ਸਾਖੀ ਮੂਰਤੀ ਪੂਜਾ ਦੇ ਪ੍ਰਚਾਰ ਅਤੇ ਭਗਤ ਜੀ ਦੀ ਸਖਸ਼ੀਅਤ ਨੂੰ ਨੀਵਾਂ ਦੱਸਣ ਲਈ ਬਣਾਈ ਗਈ ਹੈ ਕਿਉਂਕਿ ਭਗਤ ਧੰਨਾ ਜੀ ਕਰਮ-ਕਾਂਡਾਂ ਦੀ ਅਸਲੀਅਤ ਨੂੰ ਦੱਸ ਕੇ, ਉਨ੍ਹਾਂ ਨੂੰ ਕਰਮ-ਕਾਂਡਾਂ ਤੋਂ ਹਟਾ ਕੇ ਇੱਕ ਪ੍ਰਭੂ ਦੀ ਭਗਤੀ ‘ਚ ਲਾਉਂਦੇ ਸਨ। ਇਸ ਕਹਾਣੀ ਨੂੰ ਭਾਈ ਗੁਰਦਾਸ ਜੀ ਦੀ 20ਵੀਂ ਵਾਰ ਦੀ 13ਵੀਂ ਪਉੜੀ ‘ਤੇ ਅਧਾਰਿਤ ਮੰਨਿਆ ਜਾਂਦਾ ਹੈ, ਜੋ ਹੇਠ ਲਿਖੀ ਹੋਈ ਹੈ -

ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਨ ਆਵੈ।
ਧੰਨੈ ਡਿਠਾ ਚਲਿਤ ਏਹੁ ਪੁਛੈ ਬਾਮ੍ਹਣ ਆਖਿ ਸੁਣਾਵੈ।
ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲ ਪਾਵੈ।
ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕੁ ਜੇ ਤੁਧੁ ਭਾਵੈ।
ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ।
ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।
ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ।
ਹਉਂ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ।
ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਬਿੰਦੁ ਮਿਲਾਵੈ।।੧੩।।

ਵਿਦਵਾਨਾਂ ਦੁਆਰਾ ਉਪਰੋਕਤ ਵਾਰ ਦੇ ਗਲਤ ਅਰਥ ਕੱਢ ਕੇ ਇਹ ਦਰਸਾਇਆ ਗਿਆ ਹੈ ਕਿ ਭਗਤ ਜੀ ਨੂੰ ਮੂਰਤੀ ‘ਚੋਂ ਰੱਬ ਦੀ ਪ੍ਰਾਪਤੀ ਹੋਈ ਸਾਬਿਤ ਕਰਕੇ, ਉਨ੍ਹਾਂ ਦੀ ਸ਼ਖਸ਼ੀਅਤ ਨੂੰ ਛੋਟਾ ਕਰਨ ਦਾ ਯਤਨ ਕੀਤਾ ਗਿਆ ਹੈ। ਬਲਕਿ ਉਪਰੋਕਤ ਵਾਰ ਦੇ ਗੁਰਮਤਿ ਮੁਤਾਬਿਕ ਅਰਥ ਵਿਸ਼ਰਾਮਾਂ ਸਹਿਤ ਹੇਠ ਲਿਖੇ ਅਨੁਸਾਰ ਹਨ :

ਬਾਮ੍ਹਣ ਪੂਜੈ ਦੇਵਤੇ – ਬ੍ਰਾਹਮਣ ਦੁਆਰਾ ਪੱਥਰਾਂ ਦੀ ਪੂਜਾ ਕੀਤੀ ਜਾਂਦੀ ਸੀ…

ਧੰਨਾ ਗਊ ਚਰਾਵਨ ਆਵੈ – ਅਤੇ ਭਗਤ ਧੰਨਾ ਜੀ ਪਸ਼ੂਆਂ ਨੂੰ ਚਰਾਵਨ ਜਾਂਦੇ ਸਨ, ਭਾਵ ਉਹ ਕੀਰਤੀ ਸਨ।

ਧੰਨਾ ਡਿਠਾ ਚਲਤ ਏਹੁ – ਧੰਨਾ ਜੀ ਬ੍ਰਾਹਮਣ ਦੁਆਰਾ ਲੋਕਾਂ ‘ਚ ਪਾਏ ਵਹਿਮ ਦੇ ਆਸਰੇ ਪੇਟ ਭਰਨ ਦੇ ਢੋਂਗ ਨੂੰ ਰੋਜ਼ ਵੇਖਦੇ ਸਨ।…

ਪੁਛੈ – ਇਹ ਸਭ ਵੇਖ ਕੇ ਭਗਤ ਜੀ ਬ੍ਰਾਹਮਣ ਤੋਂ ਪੁੱਛਣ ਲੱਗੇ ਕਿ ਤੁਹਾਨੂੰ ਇਸ ਸਭ ਤੋਂ ਕੀ ਪ੍ਰਾਪਤ ਹੁੰਦਾ ਹੈ?…

ਬਾਮ੍ਹਣ ਆਖ ਸੁਣਾਵੈ – ਤਾਂ ਬ੍ਰਾਹਮਣ ਭਗਤ ਜੀ ਨੂੰ ਕਹਿਣ ਲੱਗਾ।

ਠਾਕੁਰ ਕੀ ਸੇਵ ਕਰੇ – ਜੋ ਠਾਕੁਰ ਦੀ ਸੇਵਾ ਕਰਦਾ ਹੈ…

ਜੋ ਇੱਛੈ ਸੋਈ ਫਲ ਪਾਵੈ – ਉਸਦੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ।

ਧੰਨਾ ਕਰਦਾ ਜੋਦੜੀ – ਭਗਤ ਜੀ ਪੰਡਤ ਨੂੰ ਬੇਨਤੀ ਕਰਨ ਲੱਗੇ…

ਮੈ ਭਿ ਦੇਹ ਇਕ – ਮੈਨੂੰ ਵੀ ਇਕ ਪ੍ਰਭੂ ਨਾਲ ਮਿਲਾ ਦੋ…

ਜੇ ਤੁਧੁ ਭਾਵੈ – ਜੇ ਤੂੰ ਕਰ ਸਕਦਾ ਹੈਂ।

ਪਥਰ ਇਕ ਲਪੇਟਿ ਕਰਿ – ਪੰਡਿਤ ਜੀ ਨੇ ਇਕ ਮੂਰਤੀ ਨੂੰ ਕਪੜੇ ‘ਚ ਲਪੇਟ ਕੇ…
ਦੇ ਧੰਨੈ ਨੋ – ਭਗਤ ਧੰਨਾ ਜੀ ਨੂੰ ਦੇਣ ਲੱਗਾ…

ਗੈਲ ਛੁਡਾਵੈ – ਤੇ ਅਪਣਾ ਪਿੱਛਾ ਛੁਡਾਉਣ ਲੱਗਾ।

ਠਾਕੁਰ ਨੋਂ ਨਵਾਲਿ ਕੈ – ਮੂਰਤੀ ਨਾ ਲੈਂਦੇ ਹੋਏ ਭਗਤ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਰੋਜ਼ ਮੂਰਤੀਆਂ ਨੂੰ ਧੋ ਕੇ…
ਛਾਹਿ ਰੋਟੀ ਲੈ ਭੋਗ ਚੜਾਵੈ – ਲੱਸੀ ਤੇ ਰੋਟੀ ਦਾ ਭੋਗ ਲਾਉਣ ਦੀਆਂ ਗੱਲਾਂ ਕਰਦੇ ਹੋ ਪਰ ਪੱਥਰ ਕੁੱਝ ਖਾ ਨਹੀਂ ਪਾਉਂਦੇ।
ਹੱਥ ਜੋੜਿ ਮਿਨਤ ਕਰੈ – ਪੰਡਤ ਜੀ ਚਾਹੇ ਤੁਸੀਂ ਹੱਥ ਜੋੜ ਕੇ ਮੂਰਤੀ ਦੀਆਂ ਮਿੰਨਤਾਂ ਪਾਵੋ…

ਪੈਰੀ ਪੈ ਪੈ ਬਹੁਤ ਮਨਾਵੈ – ਚਾਹੇ ਮੂਰਤੀ ਦੇ ਹੱਦ ਦਰਜੇ ਤਕ ਤਰਲੇ ਕਰੋ।

ਹਉਂ ਭੀ ਮੁਹੁ ਨ ਜੁਠਾਲਸਾਂ – ਚਾਹੇ ਤੁਸੀਂ ਮੂਰਤੀ ਅੱਗੇ ਖੜੇ ਹੋ ਕੇ ਪ੍ਰਣ ਕਰ ਲੋ ਕਿ ਮੈਂ ਵੀ ਅੰਨ ਨਹੀਂ ਛਕਾਂਗਾ …
ਤੂੰ ਰੁਠਾ – ਚਾਹੇ ਰੱਬ ਤੋਂ ਰੁਸ ਜਾਉ…

ਮੈ ਕਿਹੁ ਨ ਸੁਖਾਵੈ – ਚਾਹੇ ਤੁਸੀਂ ਕਹਿ ਦੇਵੋ ਕਿ ਮੈਨੂੰ ਠਾਕੁਰ ਤੋਂ ਬਿਨਾਂ ਕੋਈ ਚੰਗਾ ਨਹੀਂ ਲੱਗਦਾ।

ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ – ਕੀ  ਇਹ ਪੱਥਰ ‘ਚ ਰੱਬ ਪ੍ਰਗਟ ਹੋ ਕੇ ਖਾਣਾ ਛੱਕ ਲਵੇਗਾ?
ਭੋਲਾ ਭਾਉ – ਨਿਰਸਵਾਰਥ ਪ੍ਰੇਮ ਵਾਲੇ ਨੂੰ ਹੀ..

ਗੋਬਿੰਦ ਮਿਲਾਵੈ – ਧਰਤੀ ਦੇ ਮਾਲਕ ਭਾਵ ਰੱਬ ਮਿਲਦਾ ਹੈ।

ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੁੱਝ ਵਿਦਵਾਨ ਅਰਥ ਦਾ ਅਨਰਥ ਕਰਕੇ ਭਗਤ ਜੀ ਦੀ ਸਖਸ਼ੀਅਤ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰ੍ਹਾਂ ਭਗਤ ਧੰਨਾ ਜੀ ਬਾਰੇ ਹੋਰ ਵੀ ਕਈਂ ਮਨੋਕਲਪਿਤ ਕਹਾਣੀਆਂ ਪ੍ਰਚਲਿਤ ਹਨ।

ਭਗਤ ਧੰਨਾ ਜੀ ਆਪਣੀ ਬਾਣੀ ‘ਚ ਆਪ ਸਪਸ਼ਟ ਕਰਦੇ ਹਨ ਕਿ ‘ਧੰਨੈ ਧਨੁ ਪਾਇਆ ਧਰਣੀਧਰ ਮਿਲਿ ਜਨ ਸੰਤ ਸਮਾਨਿਆ।।’ (ਰਾਗ ਆਸਾ, ਅੰਗ-487)

ਭਾਵ – ਮੈਂ, ਧੰਨੇ ਨੇ, ਉਸ ਪ੍ਰਮਾਤਮਾ ਰੂਪੀ ਧਨ ਹਾਸਿਲ ਕਰ ਲਿਆ ਹੈ। ਮੈਂ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ।

ਇਸ ਗੱਲ ਦੀ ਪੁਸ਼ਟੀ ਲਈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਨੇ ‘ਆਸਾ ਬਾਣੀ ਭਗਤ ਧੰਨੇ ਜੀ ਕੀ’ ਸਿਰਲੇਖ ਹੇਠ ਅਪਣਾ ਸ਼ਬਦ ਸ਼ਾਮਿਲ ਕੀਤਾ ਹੈ -

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ।।
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ।।੧।। ਰਹਾਉ।।
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ।।
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ।।੧।।
ਰਵਿਦਾਸ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ।।੨।।
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ।।
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ।।੩।।
ਇਹ ਬਿਧਿ ਸੁਨਿ ਕੇ ਜਾਟਰੋ ਉਠਿ ਭਗਤੀ ਲਾਗਾ।।
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।।੪।।੨।। (ਰਾਗ ਆਸਾ, ਅੰਗ 487-88)

ਭਾਵ – ਭਗਤ ਨਾਮਦੇਵ ਜੀ ਦਾ ਮਨ ਸਦਾ ਪ੍ਰਭੂ ਨਾਲ ਜੁੜਿਆ ਰਹਿੰਦਾ ਸੀ, ਹਰ ਸਮੇਂ ਭਗਤੀ ਕਰਨ ਨਾਲ ਅੱਧੀ ਕੌਡੀ ਦਾ ਗਰੀਬ ਛੀਂਬਾ, ਲਖਪਤੀ ਬਣ ਗਿਆ ਕਿਉਂਕਿ ਉਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਗਈ। ਕਪੜਾ ਬੁਣਨ ਤੇ ਤਾਣਾ ਤਣਨ ਦੀ ਲਗਨ ਛੱਡ ਕੇ ਕਬੀਰ ਜੀ ਨੇ ਪ੍ਰਭੂ ਚਰਨਾਂ ਨਾਲ ਲਗਨ ਲਾ ਲਈ ; ਨੀਵੀਂ ਜਾਤ ਦਾ ਗਰੀਬ ਜੁਲਾਹਾ, ਹੁਣ ਗੁਣਾਂ ਦਾ ਸਾਗਰ ਬਣ ਗਿਆ। ਭਗਤ ਰਵਿਦਾਸ ਜੀ ਰੋਜ਼ ਮਰੇ ਹੋਏ ਜਾਨਵਰਾਂ ਨੂੰ ਢੋਂਦੇ ਸਨ, ਪਰ ਜਦ ਉਨ੍ਹਾਂ ਨੇ ਮਾਇਆ ਦਾ ਮੋਹ ਛੱਡ ਦਿੱਤਾ ; ਸਾਧ ਸੰਗਤ ‘ਚ ਰਹਿ ਕੇ ਉੱਘੇ ਹੋ ਗਏ ਤੇ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ। ਭਗਤ ਸੈਣ ਜੀ (ਨਾਈ ਜਾਤ ਦੇ) ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲੇ ਸਨ ਤੇ ਉਨ੍ਹਾਂ ਦੀ ਘਰ – ਘਰ ਸ਼ੋਭਾ ਹੋ ਗਈ ; ਉਨ੍ਹਾਂ ਦੇ ਹਿਰਦੇ ‘ਚ ਪ੍ਰਮਾਤਮਾ ਵੱਸ ਪਿਆ ਤੇ ਉਹ ਭਗਤਾਂ ‘ਚ ਗਿਣਿਆ ਜਾਣ ਲੱਗ ਪਿਆ। ਇਹ ਸਭ ਗੱਲਾਂ ਸੁਣ ਕੇ ਭਗਤ ਧੰਨਾ ਜੀ ਜੋ ਜੱਟ ਸਨ ਭਗਤੀ ਕਰਨ ਲੱਗੇ ; ਉਨ੍ਹਾਂ ਨੂੰ ਰੱਬ ਦੇ ਸਾਖਿਆਤ ਦਰਸ਼ਨ ਹੋਏ ਤੇ ਉਹ ਵੱਡੇ ਭਾਗਾਂ ਵਾਲੇ ਬਣ ਗਏ।

ਗੁਰੂ ਅਰਜਨ ਸਾਹਿਬ ਦਸਦੇ ਹਨ ‘ਧੰਨੈ ਸੇਵਿਆ ਬਾਲ ਬੁਧਿ।।’ (ਰਾਗ ਬਸੰਤ, ਅੰਗ-1192) ਭਾਵ -ਭਗਤ ਧੰਨਾ ਜੀ ਨੇ ਬੱਚਿਆਂ ਵਰਗੀ ਨਿਰਵੈਰ ਬੁੱਧੀ ਪ੍ਰਾਪਤ ਕਰ ਕੇ ਪ੍ਰਮਾਤਮਾ ਦੀ ਭਗਤੀ ਕੀਤੀ।

ਇਨ੍ਹਾਂ ਸਾਰੇ ਤੱਥਾਂ ਤੋਂ ਸਾਬਿਤ ਹੁੰਦਾ ਹੈ ਕਿ ਭਗਤ ਧੰਨਾ ਜੀ ਨੂੰ ਰੱਬ ਦੀ ਪ੍ਰਾਪਤੀ ਮੂਰਤੀ ‘ਚੋਂ ਨਹੀਂ ਸਗੋਂ ਸਤਿਸੰਗਤ ਤੇ ਸਿਮਰਨ ਕਰਕੇ ਹੋਈ ਹੈ। ਭਗਤ ਜੀ, ਗੁਰਮਤਿ ਸਿਧਾਂਤਾਂ ਅਨੁਸਾਰ ਕੇਵਲ ਇੱਕ ਅਕਾਲ ਪੁਰਖ ਦਾ ਹੀ ਸਿਮਰਨ ਕਰਨ ‘ਤੇ ਹੀ ਜ਼ੋਰ ਦਿੰਦੇ ਸਨ।

‘ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ।।’ (ਰਾਗ ਆਸਾ, ਅੰਗ-488) ਅਨੁਸਾਰ ਭਗਤ ਜੀ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਤੂੰ ਇਕ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ ਕਿਉਂਕਿ ਹੋਰ ਕਿਸੇ ‘ਤੇ ਆਸ ਰੱਖਣੀ ਵਿਅਰਥ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>