ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਬਣਾਇਆ ‘ਰੋਡ ਐਕਸੀਡੈਂਟ ਕੰਟਰੋਲਰ’ ਸਾਫ਼ਟਵੇਅਰ ਪਾਏਗਾ ਸੜਕੀ ਹਾਦਸਿਆਂ ਨੂੰ ਠੱਲ੍ਹ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ’ਚ ਦੂਜੇ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੋਹਿਤ ਕੁਮਾਰ ਨੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਅਨੌਖਾ ਸਾਫ਼ਟਵੇਅਰ ਤਿਆਰ ਕਰਕੇ ਵੱਡਾ ਕੀਰਤੀਮਾਨ ਸਥਾਪਿਤ ਕੀਤਾ ਹੈ। ਹਰਿਆਣਾ ਦੇ ਭਵਾਨੀ ਦੇ ਰਹਿਣ ਵਾਲੇ ਮੋਹਿਤ ਕੁਮਾਰ ਵੱਲੋਂ ਤਿਆਰ ਕੀਤਾ ਗਿਆ ਸਾਫ਼ਟਵੇਅਰ ਪੰਜ ਪ੍ਰਮੁੱਖ ਕਾਰਨਾਂ ਕਰਕੇ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ’ਚ ਲਾਹੇਵੰਦ ਸਿੱਧ ਹੋਵੇਗਾ, ਜਿਵੇਂ ਕਿ ਸੀਟ ਬੈਲਟ ਨਾ ਲਗਾਉਣਾ, ਸ਼ਰਾਬ ਪੀ ਕੇ ਵਾਹਨ ਚਲਾਉਣਾ, ਮੁੜਨ ਲੱਗੇ ਇਸ਼ਾਰੇ ਦੀ ਵਰਤੋਂ ਨਾ ਕਰਨਾ, ਸੰਘਣੀ ਧੁੰਦ ਅਤੇ ਟ੍ਰੈਫ਼ਿਕ ਜਾਮ ਆਦਿ ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਵਿਸ਼ਵ ਭਰ ’ਚ ਹਰ ਸਾਲ 10 ਲੱਖ ਤੋਂ ਵੱਧ ਲੋਕ ਸੜਕੀ ਹਾਦਸਿਆਂ ’ਚ ਕੀਮਤੀ ਜਾਨਾਂ ਗੁਆ ਰਹੇ ਹਨ ਜਦਕਿ ਪੰਜ ਕਰੋੜ ਤੋਂ ਵੱਧ ਲੋਕ ਜ਼ਖ਼ਮੀ ਹੋ ਜਾਂਦੇ ਹਨ। ਅੰਕੜਿਆਂ ਮੁਤਾਬਕ ਸੜਕੀ ਹਾਦਸਿਆਂ ਕਾਰਨ ਦੁਨੀਆਂ ਵਿੱਚ ਸੱਭ ਤੋਂ ਵੱਧ ਮੌਤਾਂ ਭਾਰਤ ਵਿੱਚ ਹੁੰਦੀਆਂ ਹਨ ਅਤੇ ਭਾਰਤ ’ਚ ਹਰ ਰੋਜ਼ 400 ਤੋਂ ਵੱਧ ਵਿਅਕਤੀ ਇਨ੍ਹਾਂ ਹਾਦਸਿਆਂ ਕਾਰਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਇਨ੍ਹਾਂ ਹਾਦਸਿਆਂ ਕਾਰਨ ਦੇਸ਼ ਨੂੰ ਕੁੱਲ ਘਰੇਲੂ ਉਤਪਾਦਨ ਦੇ 3 ਲੱਖ ਕਰੋੜ ਤੋਂ ਵੀ ਵੱਧ ਦਾ ਨੁਕਸਾਨ ਹਰ ਸਾਲ ਝੱਲਣਾ ਪੈਂਦਾ ਹੈ। ਜਿਸ ਦੇ ਮੱਦੇਨਜ਼ਰ ਮੋਹਿਤ ਕੁਮਾਰ ਵੱਲੋਂ ’ਵਰਸਿਟੀ ਦੇ ਸਹਿਯੋਗ ਨਾਲ ਇਹ ਸਾਫ਼ਟਵੇਅਰ ਵਿਕਸਿਤ ਕੀਤਾ ਹੈ ਅਤੇ ਇਸ ਸਬੰਧੀ ਪੇਟੈਂਟ ਵੀ ਸਫ਼ਲਤਾਪੂਰਕ ਦਰਜ ਕਰਵਾਇਆ ਜਾ ਚੁੱਕਾ ਹੈ।

Press Pic 1.resizedਸਾਫ਼ਟਵੇਅਰ ਸਬੰਧੀ ਗੱਲਬਾਤ ਕਰਦਿਆਂ ਮੋਹਿਤ ਕੁਮਾਰ ਨੇ ਦੱਸਿਆ ਕਿ ਉਸਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਸਹਿਯੋਗ ਨਾਲ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਇਸ ਸਾਫ਼ਟਵੇਅਰ ਦਾ ਨਿਰਮਾਣ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਸਾਫ਼ਟਵੇਅਰ ਦੀ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਤੁਸੀਂ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਤੁਹਾਡੀ ਕਾਰ ਚਾਲੂ ਨਹੀਂ ਹੋਵੇਗੀ ਜਦਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਹੈ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਮੋਹਿਤ ਨੇ ਦੱਸਿਆ ਕਿ ਉਸਨੇ ਅਜਿਹਾ ਸੈਂਸਰ ਆਧਾਰਿਤ ਉਪਕਰਨ ਬਣਾਇਆ ਹੈ, ਜੋ ਕਾਰ ’ਚ ਬੈਠਣ ਉਪਰੰਤ ਦੱਸੇਗਾ ਕਿ ਡਰਾਇਵਰ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੀ ਅਲਕੋਹਲ ਦੀ ਮਾਤਰਾ ਕਾਨੂੰਨੀ ਸੀਮਾ 0.08 ਫ਼ੀਸਦੀ ਤੋਂ ਉਪਰ ਹੈ ਤਾਂ ਕਾਰ ਦਾ ਇੰਜਣ ਚਾਲੂ ਨਹੀਂ ਹੋਵੇਗਾ ਅਤੇ ਜਦੋਂ ਡਰਾਇਵਰ ਸੀਟ ’ਤੇ ਬੈਠਦਾ ਹੈ ਅਤੇ ਸਟੇਰਿੰਗ ਨੂੰ ਛੂੰਹਦਾ ਹੈ ਤਾਂ ਸਾਫ਼ਟਵੇਅਰ ਆਪਣੇ ਆਪ ਇਹ ਮਹਿਸੂਸ ਕਰੇਗਾ ਕਿ ਤੁਸੀਂ ਕਿੰਨੀ ਮਾਤਰਾ ’ਚ ਸ਼ਰਾਬ ਦੀ ਵਰਤੋਂ ਕੀਤੀ ਹੈ।

ਮੋਹਿਤ ਨੇ ਦੱਸਿਆ ਕਿ ਵਾਹਨ ਚਲਾਉਂਦੇ ਸਮੇਂ ਸੱਜੇ ਜਾਂ ਖੱਬੇ ਮੁੜਨ ਤੋਂ ਪਹਿਲਾਂ ਇੰਡੀਕੇਟਰ ਦੀ ਵਰਤੋਂ ਨਾ ਕਰਨਾ ਸੜਕੀ ਹਾਦਸਿਆਂ ਦਾ ਤੀਜਾ ਪ੍ਰਮੁੱਖ ਕਾਰਨ ਹੈ।ਉਨ੍ਹਾਂ ਕਿਹਾ ਕਿ ਮੁੜਨ ਤੋਂ ਪਹਿਲਾਂ ਇਸ਼ਾਰਿਆਂ ਦੀ ਵਰਤੋਂ ਨਾ ਕਰਨ ਨਾਲ ਵਾਹਨ ਇੱਕ ਦੂਜੇ ਨਾਲ ਟਕਰਾਅ ਜਾਂਦੇ ਹਨ, ਜਿਸ ਨਾਲ ਬਹੁਤ ਸਾਰੇ ਲੋਕ ਜਾਨ ਤੱਕ ਗਵਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਉਸਨੇ ਸਾਫ਼ਟਵੇਅਰ ’ਚ ਗੂਗਲ ਮੈਪ ਨੂੰ ਮਸ਼ੀਨ ਲਰਨਿੰਗ ਨਾਲ ਜੋੜ ਕੇ ਇੱਕ ਅਜਿਹਾ ਉਪਕਰਨ ਫਿੱਟ ਕੀਤਾ ਹੈ ਜਿਸ ਨਾਲ ਵਾਹਨ ਕਤਾਰ ਬਦਲਣ ਤੋਂ 50 ਮੀਟਰ ਦੀ ਦੂਰੀ ਤੋਂ ਪਹਿਲਾਂ ਇੰਡੀਕੇਟਰ ਦੇਣਾ ਚਾਲੂ ਕਰ ਦੇਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ਉਸਨੇ ਇੱਕ ਅਜਿਹੀ ਤਕਨਾਲੋਜੀ ਦਾ ਨਿਰਮਾਣ ਕੀਤਾ ਹੈ ਜਿਸ ਨਾਲ ਕੋਹਰੇ/ਧੁੰਦ ਦੀ ਸਥਿਤੀ ’ਚ ਵਾਹਨ ਦੇ ਅੱਗੇ ਅਤੇ ਪਿੱਛੇ ਵਾਲੀਆਂ ਚੀਜਾਂ ਦਾ ਪਤਾ ਲੱਗੇਗਾ। ਇਹ ਸਾਫ਼ਟਵੇਅਰ ਤਕਨੀਕ ਕਾਰ ਦੇ ਸਾਹਮਣੇ  ਦੇ ਹਿੱਸੇ ’ਚ ਲਗਾਈ ਜਾਵੇਗੀ, ਜੋ ਤੁਹਾਡੀ ਕਾਰ ਦੇ ਅੱਗੇ 50 ਮੀਟਰ ਦੂਰੀ ਤੱਕ ਦੱਸੇਗਾ ਕਿ ਅੱਗੇ ਕੋਈ ਜਾਨਵਰ, ਵਾਹਨ ਜਾਂ ਕੋਈ ਵਿਅਕਤੀ ਤਾਂ ਨਹੀਂ, ਜਿਸ ਨਾਲ ਕਾਰ ਚਾਲਕ ਪਹਿਲਾਂ ਤੋਂ ਹੀ ਕਾਰ ਕੰਟਰੋਲ ਕਰ ਸਕਣ ਦੇ ਯੋਗ ਹੋਵੇਗਾ। ਉਨ੍ਹਾਂ ਦੱਸਿਆ ਕਿ ਟੈ੍ਰਫ਼ਿਕ ਜਾਮ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਸਬੰਧੀ ਵੀ ਇਸ ’ਚ ਵਿਸੇਸ਼ ਉਪਕਰਣ ਲਗਾਇਆ ਗਿਆ ਹੈ। ਮੋਹਿਤ ਨੇ ਦੱਸਿਆ ਕਿ ਇਸ ਸਾਫ਼ਟਵੇਅਰ ਨੂੰ ਵਿਕਸਿਤ ਕਰਦੇ ਸਮੇਂ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਮੋਹਿਤ ਕੁਮਾਰ ਅੱਜ 19 ਸਾਲ ਦੀ ਉਮਰ ’ਚ ਆਪਣੀ ਮਿਹਨਤ ਅਤੇ ਲਗਨ ਨਾਲ ਐਮ ਕੇ ਐਪ ਕ੍ਰੇਏਟਿਵ ਪ੍ਰਾਈਵੇਟ ਲਿਮਟਿਡ ਦਾ ਸੰਸਥਾਪਕ ਅਤੇ ਸੀ.ਈ.ਓ ਹੈ ਜਦਕਿ ਨਾਸਾ ਨੇ ਭਾਰਤ ਵਿੱਚ 29000 ਭਾਗੀਦਾਰਾਂ ਵਿਚੋਂ 3 ਨੌਜਵਾਨਾਂ ਨੂੰ ਚੁਣਿਆ ਜਿਨ੍ਹਾਂ ’ਚ ਮੋਹਿਤ ਦਾ ਨਾਮ ਮੁਹਰਲੀ ਕਤਾਰ ’ਚ ਸ਼ਾਮਲ ਸੀ। ਇਸ ਤੋਂ ਇਲਾਵਾ ਮੋਹਿਤ ਕੁਮਾਰ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੜ੍ਹਦਿਆਂ ਕੇਵਲ ਇੱਕ ਸਾਲ ’ਚ 24 ਪੇਟੈਂਟ ਦਰਜ ਕਰਵਾਉਣ ਦੇ ਨਾਲ-ਨਾਲ 6 ਸਟਾਰਟਅੱਪ ਸਥਾਪਿਤ ਕਰਕੇ ਮੀਲ ਪੱਥਰ ਸਥਾਪਿਤ ਕੀਤਾ ਹੈ ਜਦਕਿ ਉਸ ਨੂੰ ਭਾਰਤ ਸਰਕਾਰ ਵੱਲੋਂ ਨੌਜਵਾਨ ਉਦਮੀ 2019 ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਇਸ ਮੌਕੇ ਮੋਹਿਤ ਕੁਮਾਰ ਦੇ ਵਿਲੱਖਣ ਸਾਫ਼ਟਵੇਅਰ ਦੀ ਸ਼ਲਾਘਾ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਜਿਥੇ ਵਿਦਿਆਰਥੀਆਂ ਨੂੰ ਉਚ ਦਰਜੇ ਦੀ ਅਕਾਦਮਿਕ ਸਿੱਖਿਆ ਮੁਹੱਈਆ ਕਰਵਾ ਰਹੀ ਉਥੇ ਹੀ ਆਧੁਨਿਕ ਤਕਨੀਕੀ ਯੁੱਗ ਦੇ ਹਾਣੀ ਬਣਦੇ ਹੋਏ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਲੈਬਾਂ ਅਤੇ ਖੋਜ ਕੇਂਦਰਾਂ ਜ਼ਰੀਏ ਨਵੀਂਆਂ ਕਾਢਾਂ ਦੇ ਨਿਰਮਾਣ ਲਈ ਉਤਸ਼ਾਹਿਤ ਕਰਨ ਵੱਲ ਲਗਾਤਾਰ ਤੱਤਪਰ ਹੈ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ 20 ਤੋਂ ਵੱਧ ਰਿਸਰਚ ਗਰੁੱਪ ਬਣਾਏ ਗਏ ਹਨ ਜਦਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਤਕਨੀਕੀ ਸਿੱਖਿਆ ਨਾਲ ਜੋੜਨ ਲਈ 30 ਤੋਂ ਵੱਧ ਲੈਬਾਂ ’ਵਰਸਿਟੀ ਵਿਖੇ ਸਥਾਪਿਤ ਕੀਤੀਆਂ ਗਈਆਂ ਹਨ। ਸ. ਸੰਧੂ ਨੇ ਦੱਸਿਆ ਕਿ ਸਾਲ 2019 ’ਚ ’ਵਰਸਿਟੀ ਦੇ ਵਿਦਿਆਰਥੀਆਂ ਨੇ 336 ਪੇਟੈਂਟ ਦਰਜ ਕਰਵਾ ਕੇ ਭਾਰਤ ਸਰਕਾਰ ਦੇ ਪੈਟੈਂਟ ਜਨਰਲ ਕੰਟਰੋਲਰ ਆਫ਼ਿਸ, ਡਿਜ਼ਾਇਨ ਐਂਡ ਟਰੇਡ ਮਾਰਕ ਵੱਲੋਂ ਜਾਰੀ ਕੀਤੀ ਰੈਕਿੰਗ ’ਚ ਪਹਿਲਾ ਸਥਾਨ ਕੀਤਾ ਹੈ ਜਦਕਿ ਹੁਣ ਤੱਕ ਵਿਦਿਆਰਥੀਆਂ ਵੱਲੋਂ 800 ਦੇ ਕਰੀਬ ਪੈਟੈਂਟ ਸਫ਼ਲਤਾਪੂਰਵਕ ਦਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਖੋਜ਼ ਕਾਰਜਾਂ ਲਈ 5 ਕਰੋੜ ਤੋਂ ਵੱਧ ਦਾ ਬਜਟ ਹਰ ਸਾਲ ਰਾਖਵਾਂ ਰੱਖਿਆ ਜਾਂਦਾ ਹੈ ਤਾਂ ਜੋ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ’ਆਤਮ ਨਿਰਭਰ’ ਭਾਰਤ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਯੋਗਦਾਨ ਪਾਇਆ ਜਾ ਸਕੇ।
ਫ਼ੋਟੋ ਕੈਪਸ਼ਨ: ਸਾਫ਼ਟਵੇਅਰ ਸਬੰਧੀ ਜਾਣਕਾਰੀ ਦਿੰਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਵਿਦਿਆਰਥੀ ਮੋਹਿਤ ਕੁਮਾਰ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>