ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤਿ੍ਰਵੈਣੀ ਦਵਿੰਦਰ ਬਾਂਸਲ – ਉਜਾਗਰ ਸਿੰਘ

IMG_4641.resizedਇਸਤਰੀ ਪਰਮਾਤਮਾ ਦਾ ਸਮਾਜ ਨੂੰ ਦਿੱਤਾ ਬਿਹਤਰੀਨ ਤੋਹਫਾ ਹੈ। ਸਮਾਜ ਦੀ ਸਿਰਜਣਾ, ਸਥਾਪਤੀ, ਸਲਾਮਤੀ, ਖ਼ੁਸ਼ਹਾਲੀ, ਸੰਜੀਦਗੀ ਅਤੇ ਉਤਪਤੀ ਇਸਤਰੀ ਉਪਰ ਹੀ ਨਿਰਭਰ ਕਰਦੀ ਹੈ। ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਇਸਤਰੀ ਨੂੰ ਅਨੇਕਾਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦਾ ਇਸਤਰੀ ਦੀ ਮਨੋਦਸ਼ਾ ਤੇ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਹੈ। ਇਸਤਰੀ ਭਾਵਨਾਵਾਂ ਵਿਚ ਵਹਿਣ ਵਾਲੀ ਹੁੰਦੀ ਹੈ, ਜਿਸ ਕਰਕੇ ਜਲਦੀ ਮੁਹੱਬਤ ਦੇ ਮਕੜਜਾਲ ਵਿਚ ਫਸ ਜਾਂਦੀ ਹੈ। ਇਸਤਰੀ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸਤਰੀ ਗੁੰਝਲਦਾਰ ਹੁੰਦੀ ਹੈ ਤੇ ਉਸਨੂੰ ਸਮਝਣਾ ਅਸੰਭਵ ਹੈ। ਉਸਦੇ ਦਿਲ ਵਿਚ ਕਿਹੜੀਆਂ ਭਾਵਨਾਵਾਂ ਉਸਲਵੱਟੇ ਲੈਂਦੀਆਂ ਰਹਿੰਦੀਆਂ ਹਨ, ਉਨ੍ਹਾਂ ਬਾਰੇ ਜਾਨਣਾ ਕਠਨ ਹੈ। ਇਸਤਰੀ ਹੀ ਇਸਤਰੀ ਦੇ ਦਿਲ ਅੰਦਰ ਝਾਤ ਮਾਰਕੇ ਕੁਝ ਕੁ ਜਾਣ ਸਕਦੀ ਹੈ। ਕੈਨੇਡਾ ਦੇ ਟਰਾਂਟੋ ਸ਼ਹਿਰ ਵਿਚ ਵਸ ਰਹੀ ਪੰਜਾਬੀ ਅਤੇ ਅੰਗਰੇਜ਼ੀ ਦੀ ਕਵਿਤਰੀ ਦਵਿੰਦਰ ਬਾਂਸਲ ਇਸਤਰੀਆਂ ਦੀ ਅੰਤਰੀਵ ਮਨੋਦਸ਼ਾ ਦੀਆਂ ਪਰਤਾਂ ਆਪਣੀਆਂ ਕਵਿਤਾਵਾਂ ਵਿਚ ਖੋਲ੍ਹਦੀ ਹੈ। ਇਸੇ ਕਰਕੇ ਦਵਿੰਦਰ ਬਾਂਸਲ ਨੂੰ ਇਸਤਰੀ ਸਰੋਕਾਰਾਂ ਦੀ ਕਵਿਤਰੀ ਕਿਹਾ ਜਾ ਸਕਦਾ ਹੈ। ਦਵਿੰਦਰ ਬਾਂਸਲ ਦਾ ਕਿਤਾ ਨਰਸਿੰਗ ਅਜਿਹਾ ਹੈ, ਜਿਸਦਾ ਹਮੇਸ਼ਾ ਇਸਤਰੀਆਂ ਨਾਲ ਵਾਹ ਪੈਂਦਾ ਹੈ। ਉਹ ਪਰਿਵਾਰਿਕ ਮਸਲਿਆਂ ਦੇ ਨਿਪਟਾਰੇ ਲਈ ਟਰਾਂਟੋ ਪੁਲਿਸ ਨਾਲ ਵਾਲੰਟੀਅਰ ਦੇ ਤੌਰ ਤੇ ਵੀ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਇਸ ਲਈ ਉਹ ਆਪਣੇ ਫਰਜ ਨਿਭਾਉਂਦਿਆਂ ਇਸਤਰੀਆਂ ਦੇ ਅੰਦਰ ਵੜਕੇ ਉਨ੍ਹਾਂ ਦੀਆਂ ਉਲਝਣਾਂ ਨੂੰ ਭਾਵਨਾਵਾਂ ਦੇ ਵਹਿਣ ਵਿਚ ਵਹਾਅ ਕੇ ਉਨ੍ਹਾਂ ਦੇ ਮਨਾਂ ਦੀਆਂ ਤ੍ਰਾਸਦੀਆਂ ਨੂੰ ਗੰਭੀਰਤਾ ਨਾਲ ਲੈਂਦੀ ਹੋਈ ਜਾਣਕਾਰੀ ਪ੍ਰਾਪਤ ਕਰਦੀ ਰਹਿੰਦੀ ਹੈ। ਫਿਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਵਿਚ ਮਾਲਾ ਦੇ ਮੋਤੀਆਂ ਦੀ ਤਰ੍ਹਾਂ ਪ੍ਰੋ ਦਿੰਦੀ ਹੈ। ਉਸਦੀ ਕਮਾਲ ਇਹ ਹੈ ਕਿ ਉਹ ਇਸਤਰੀ ਦੀਆਂ ਅੰਤਰੀਵ ਭਾਵਨਾਵਾਂ ਨੂੰ ਰੁਮਾਂਸਵਾਦ ਦੀ ਪਿਉਂਦ ਨਾਲ ਕਵਿਤਾ ਦਾ ਰੂਪ ਦੇ ਕੇ ਆਪਣੇ ਮਨ ਦਾ ਭਾਰ ਲਾਹ ਲੈਂਦੀ ਹੈ। ਉਹ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਆਪਣੀਆਂ ਪੇਂਟਿੰਗ ਵਿਚ ਵੀ ਪ੍ਰਗਟਾਅ ਦਿੰਦੀ ਹੈ। ਵੈਸੇ ਤਾਂ ਦਵਿੰਦਰ ਬਾਂਸਲ ਦੀਆਂ ਸਾਰੀਆਂ ਹੀ ਕਵਿਤਾਵਾਂ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਰਾਹੀਂ ਦਰਸਾਕੇ ਇਨਸਾਨੀ ਮਨਾਂ ਨੂੰ ਕੁਰੇਦਦੀਆਂ ਹਨ ਪ੍ਰੰਤੂ ਉਸਦੀ ਤੜਪ ਸਿਰਲੇਖ ਵਾਲੀ ਕਵਿਤਾ ਦਾ ਇਕ ਬੰਦ ਜੋ ਇਸਤਰੀ ਦੀ ਵੇਦਨਾ ਦਾ ਪ੍ਰਗਟਾਵਾ ਕਰਦਾ ਹੈ ਇਸ ਪ੍ਰਕਾਰ ਹੈ-

ਕੋਈ ਵੀ ਮੇਰੇ ਦਰਦ ਨੂੰ ਨਹੀਂ ਜਾਣਦਾ, ਮੇਰੀ ਰੂਹ ਪਿੰਜੀ ਜਾ ਚੁੱਕੀ ਹੈ।

ਮੇਰਾ ਜਿਸਮ ਟੁਕੜੇ ਟੁਕੜੇ ਹੋ ਚੁੱਕਾ ਹੈ, ਮੇਰੇ ਜ਼ਖ਼ਮਾ ਦੀ ਪੀੜਾ ਮੇਰੀ ਰੂਹ ਨੂੰ।

ਵਿੰਨ੍ਹ ਵਿੰਨ੍ਹ ਕੇ ਛਾਨਣਾ ਕਰਦੀ ਰਹਿੰਦੀ ਹੈ ਂ ਂ ਂ ਂ।

ਇਕ ਹੋਰ ਹੋਂਦ ਸਿਰਲੇਖ ਵਾਲੀ ਕਵਿਤਾ ਵਿਚ ਉਹ ਇਸਤਰੀ ਤੋਂ ਵਿਦਰੋਹ ਕਰਵਾਉਂਦੀ ਹੋਈ ਲਿਖਦੀ ਹੈ-

ਮੇਰੇ ਬੇਬਸ ਭਟਕ ਰਹੇ ਮਨ, ਪਲ ਪਲ ਤਿੜਕ ਰਹੀ।

ਆਪਣੀ ਹੋਂਦ ਦਾ ਨਕਸ਼ਾ ਦੇਖ, ਮੈਂ ਕਦ ਤੱਕ ਇੰਝ ਹੀ ਧੂਫ ਵਾਂਗ ਧੁਖਦੀ ਰਹਾਂਗੀ?

ਪਰ ਮੈਂ ਜਾਣਦੀ ਹਾਂ, ਮੇਰੇ ਰੋਗ ਦਾ ਦਾਰੂ।

ਮੇਰੇ ਆਪਣੇ ਹੀ ਕੋਲ ਹੈ, ਮੇਰੇ ਮਨ ਦੀ ਕਿਸੇ ਨੁੱਕਰ ‘ਚ।

ਸੁਲਗ ਰਹੇ ਕੁੱਝ ਸ਼ਬਦਾਂ ਦੇ ਅਰਥਾਂ ‘ਚ।

ਉਹ ਪੰਜਾਬੀ ਵਿਰਾਸਤ ਦੀ ਪੇਂਟਿੰਗਜ਼ ਵੀ ਕਰਦੀ ਹੈ। ਕੋਈ ਇਨਸਾਨ ਭਾਵੇਂ ਗੁਣਾਂ ਦੀ ਗੁਥਲੀ ਕਿਉਂ ਨਾ ਹੋਵੇ ਪ੍ਰੰਤੂ ਸਮਾਜ ਵਿਚ ਉਸਦੀ ਪਹਿਚਾਣ ਕਿਸੇ ਇਕ ਗੁਣ ਕਰਕੇ ਹੀ ਹੁੰਦੀ ਹੈ। ਕੈਨੇਡਾ ਵਿਚ ਜੀਵਨ ਦਾ ਆਨੰਦ ਮਾਣ ਰਹੀ ਪੰਜਾਬੀ ਦੀ ਬਹੁਪੱਖੀ ਅਤੇ ਬਹੁਮੁੱਖੀ ਕਵਿਤਰੀ ਦਵਿੰਦਰ ਬਾਂਸਲ ਅਜਿਹੀ ਵਿਕੋਲਿਤਰੀ ਇਸਤਰੀ ਕਵਿਤਰੀ ਹੈ, ਜਿਸਦੀ ਪਹਿਚਾਣ ਇਕ ਨਹੀਂ ਸਗੋਂ ਅਨੇਕ ਗੁਣਾਂ ਕਰਕੇ ਬਣੀ ਹੋਈ ਹੈ। ਉਸਨੂੰ ਪੰਜਾਬੀ ਵਿਰਾਸਤ, ਸਾਹਿਤ ਅਤੇ ਕੋਮਲ ਕਲਾਵਾਂ ਦੀ ਤਿ੍ਰਵੈਣੀ ਵੀ ਕਿਹਾ ਜਾ ਸਕਦਾ ਹੈ। ਅਚੰਭਾ ਇਸ ਗੱਲ ਦਾ ਹੈ ਕਿ ਉਹ ਜੰਮੀ ਅਤੇ ਪਲੀ ਕੀਨੀਆਂ ਵਿਚ, ਪੜ੍ਹਾਈ ਕੀਤੀ ਇੰਗਲੈਂਡ ਅਤੇ ਕੈਨੇਡਾ ਤੋਂ ਅਤੇ ਬਾਕੀ ਸਾਰੀ ਉਮਰ ਕੈਨੇਡਾ ਵਿਚ ਨੌਕਰੀ ਕਰਦੇ ਹੋਏ ਜੀਵਨ ਗੁਜ਼ਾਰਿਆ ਹੈ ਪ੍ਰੰਤੂ ਉਸਦਾ ਪਹਿਰਾਵਾ, ਸੁਡੌਲ ਕੱਦ ਕਾਠ, ਇੱਲ੍ਹ ਦੇ ਆਂਡੇ ਵਰਗੀ ਅੱਖ, ਹਸਮੁੱਖ ਮੁਹਾਂਦਰਾ, ਗਹਿਣਿਆਂ ਵਿਚ ਲਿਪਟੀ ਹੋਈ ਅਤੇ ਦਿਲਕਸ਼ ਦਿਖ ਵਿਚੋਂ ਪੰਜਾਬਣ ਮੁਟਿਆਰ ਦਾ ਸੁਹੱਪਣ ਲਟ ਲਟ ਝਲਕਦਾ ਹੈ। ਸਹਿਜ ਸੁਭਾਅ ਪਹਿਲੀ ਨਜ਼ਰੇ ਵੇਖਣ ਵਾਲੇ ਨੂੰ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਦਵਿੰਦਰ ਬਾਂਸਲ ਪੰਜਾਬੀ ਵਿਰਾਸਤ ਨੂੰ ਆਪਣੇ ਮੋਢਿਆਂ ਤੇ ਚੁੱਕੀ ਫਿਰਦੀ ਹੋਈ ਪੰਜਾਬੀ ਸਭਿਆਚਾਰ ਦੀ ਪ੍ਰਤੀਕ ਹੋਵੇ। ਕਿਉਂਕਿ ਉਸਦੇ ਪਹਿਰਾਵੇ ਉਪਰ ਪੰਜਾਬੀ ਮੋਟਿਫ ਅਤੇ ਕੰਨਾ, ਗਲ ਤੇ ਹੱਥਾਂ ਵਿਚ ਪਹਿਨੇ ਹੋਏ ਗਹਿਣੇ ਪੰਜਾਬੀ ਵਿਰਾਸਤ ਦਾ ਪ੍ਰਤੀਕ ਲੱਗਦੇ ਹਨ। ਪੰਜਾਬੀ ਵਿਰਾਸਤ ਨਾਲ ਸੰਬੰਧਤ ਕੋਈ ਅਜਿਹਾ ਗਹਿਣਾ ਨਹੀਂ, ਜਿਹੜਾ ਉਹ ਪਹਿਨਦੀ ਨਾ ਹੋਵੇ। ਜਿਵੇਂ ਵੰਗਾਂ, ਪਰਾਂਦੇ, ਬੁੰਦੇ, ਝੁਮਕੇ, ਕੰਗਣ, ਹਾਰ, ਦੌਣੀ, ਟਿੱਕਾ ਪੱਤਾ ਆਦਿ। ਇਉਂ ਲਗਦਾ ਜਿਵੇਂ ਜੇਵਰ ਪਹਿਨਣਾਂ ਤੇ ਇਕੱਠੇ ਕਰਨਾ ਉਸਦਾ ਸ਼ੌਕ ਹੋਵੇ। ਜੇਕਰ ਦਵਿੰਦਰ ਬਾਂਸਲ ਦੇ ਰੈਣ ਬਸੇਰੇ ਦੀ ਗੱਲ ਕਰੀਏ ਤਾਂ ਉਹ ਕਿਸੇ ਅਜਾਇਬ ਘਰ ਦਾ ਭੁਲੇਖਾ ਪਾਉਂਦਾ ਹੈ। ਦਵਿੰਦਰ ਬਾਂਸਲ ਅਤੇ ਉਸਦਾ ਪਤੀ ਦੋਵੇਂ ਪਰਿਵਾਰਿਕ ਅਤੇ ਸਮਾਜਿਕ ਸਮਾਗਮਾਂ ਵਿਚ ਸੰਗੀਤ ਦੀ ਤਾਲ ਤੇ ਨੱਚਦੇ ਵਿਖਾਈ ਦਿੰਦੇ ਹਨ। ਕੁਝ ਲੋਕ ਉਨ੍ਹਾਂ ਦੇ ਇਸ ਤਰ੍ਹਾਂ ਨਿ੍ਰਤ ਕਰਨ ਤੇ ਖ਼ਾਰ ਵੀ ਖਾਂਦੇ ਹਨ ਪ੍ਰੰਤੂ ਇਹ ਜੋੜਾ ਮਸਤ ਹਾਥੀ ਦੀ ਤਰ੍ਹਾਂ ਜ਼ਿੰਦਗੀ ਦਾ ਆਨੰਦ ਮਾਨਣ ਵਿਚ ਯਕੀਨ ਰੱਖਦਾ ਹੋਇਆ ਨੱਚਦਾ ਟੱਪਦਾ ਰਹਿੰਦਾ ਹੈ। ਸੰਗੀਤ ਦਵਿੰਦਰ ਬਾਂਸਲ ਦੀ ਜ਼ਿੰਦਗ ਦਾ ਅਟੁੱਟ ਹਿੱਸਾ ਹੈ। ਉਹ ਹਰ ਦੁੱਖ ਸੁਖ ਦੇ ਸਮੇਂ ਨੂੰ ਮਾਨਣ ਵਿਚ ਵਿਸ਼ਵਾਸ ਰੱਖਦੀ ਹੈ। ਉਸਦੀਆਂ ਕਵਿਤਾਵਾਂ ਵਿਚੋਂ ਵੀ ਪੰਜਾਬੀ ਸਭਿਆਚਾਰ ਦੀ ਝਲਕ ਮਾਰਦੀ ਹੈ। ਇਥੇ ਹੀ ਬਸ ਨਹੀਂ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਸਾਰਾ ਕੁਝ ਉਸਨੇ ਕਿਥੋਂ ਤੇ ਕਿਵੇਂ ਗ੍ਰਹਿਣ ਕੀਤਾ ਕਿਉਂਕਿ ਪੰਜਾਬ ਵਿਚ ਤਾਂ ਸਿਰਫ ਇਸ਼ਕ ਵਿਚ ਰੱਤੀ ਹੋਈ ਦਵਿੰਦਰ ਬਾਂਸਲ ਨੇ ਬਗਾਬਤ ਦੇ ਰੌਂ ਵਿਚ ਆਪਣੇ ਮਨਪਸੰਦ ਦੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਹੀ ਭਲਵਾਨੀ ਗੇੜਾ ਮਾਰਿਆ ਸੀ। ਗੁਣਾਂ ਦੀ ਗੁਥਲੀ ਦਵਿੰਦਰ ਬਾਂਸਲ ਕੋਮਲ ਕਲਾਵਾਂ ਨੂੰ ਪ੍ਰਣਾਈ ਹੋਈ ਹੈ, ਜਿਹੜੀ ਪੇਂਟਿੰਗ ਕਰਨ ਦਾ ਸ਼ੌਕ ਹੀ ਨਹੀਂ ਰੱਖਦੀ ਸਗੋਂ ਪੰਜਾਬੀ ਸਭਿਆਚਾਰ ਨਾਲ ਵਿਚ ਗੜੁਚ ਹੈ। ਉਸਨੇ ਆਪਣੀ ਇੱਕ ਪੁਸਤਕ ‘‘ਮੇਰੀਆਂ ਝਾਂਜਰਾਂ ਦੀ ਛਨਛਨ’’ ਨਿਵੇਕਲੀ ਕਿਸਮ ਦੀ ਪ੍ਰਕਾਸ਼ਤ ਕਰਵਾਈ ਹੈ। 129 ਪੰਨਿਆਂ ਦੀ 300 ਰੁਪਏ ਕੀਮਤ ਵਾਲੀ ਅਸਥੈਟਿਕ ਪਬਲੀਕੇਸ਼ਨਜ਼ ਲੁਧਿਆਣਾ ਵੱਲੋਂ ਪ੍ਰਕਾਸ਼ਤ ਕੀਤੀ ਗਈ, ਇਹ ਪੁਸਤਕ ਸ਼ਾਇਦ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ, ਜਿਸ ਵਿਚ 30 ਕਵਿਤਾਵਾਂ, ਸਿਮਰਤੀਆਂ ਅਤੇ ਸਾਰੀਆਂ ਕਵਿਤਾਵਾਂ ਦੇ ਨਾਲ ਉਸਨੇ ਆਪ ਪੇਂਟ ਕੀਤੇ ਚਿਤਰ ਲਗਾਏ ਹਨ। ਸਿਮਰਤੀਆਂ ਵਿਚ ਟਰਾਂਟੋ ਪੁਲਿਸ ਕੋਲ ਪਰਿਵਾਰਿਕ ਮਸਲਿਆਂ ਦੇ ਆਏ ਕੇਸਾਂ ਵਿਚ ਜਿਹੜੀਆਂ ਇਸਤਰੀਆਂ ਨਾਲ ਉਸਨੇ ਕੌਂਸÇਲੰਗ ਦੌਰਾਨ ਪ੍ਰਭਾਵ ਇਕੱਤਰ ਕੀਤੇ ਸਨ, ਉਨ੍ਹਾਂ ਦੇ ਆਧਾਰ ਤੇ ਜਾਣਕਾਰੀ ਦਿੱਤੀ ਗਈ ਹੈ। ਉਹ ਇਹ ਵੀ ਕਹਿੰਦੀ ਹੈ ਕਿ ਸਾਰੇ ਸੰਸਾਰ ਵਿਚ ਇਸਤਰੀਆਂ ਨਾਲ ਅਜਿਹੇ ਵਿਵਹਾਰ ਹੁੰਦੇ ਹਨ। ਕਵਿਤਾਵਾਂ ਨਾਲ ਲਗਾਏ ਗਏ ਇਹ ਚਿਤਰ ਆਪਣੇ ਆਪ ਵਿਚ ਹੀ ਕਵਿਤਾ ਦੇ ਅਰਥ ਪ੍ਰਗਟਾਉਂਦੇ ਹਨ। ਇਨ੍ਹਾਂ ਚਿਤਰਾਂ ਦਾ ਇਕ ਸੁਖਦ ਪਹਿਲੂ ਇਹ ਵੀ ਹੈ ਕਿ ਇਹ ਜਿਥੇ ਇਸਤਰੀ ਦੀ ਕਸ਼ਮਕਸ਼ ਅਤੇ ਜਦੋਜਹਿਦ ਦਾ ਪ੍ਰਗਟਾਵਾ ਕਰਦੇ ਹਨ, ਉਥੇ ਨਾਲ ਹੀ ਉਸਾਰੂ ਪੱਖ ਵੀ ਵਿਚੋਂ ਝਲਕਦਾ ਹੈ। ਇਹ ਸਾਰੀਆਂ ਕਵਿਤਾਵਾਂ ਮਰਦ ਅਤੇ ਔਰਤ ਦੇ ਆਪਸੀ ਸੰਬੰਧਾਂ ਦੀ ਖਟਾਸ ਬਾਰੇ ਲਿਖੀਆਂ ਗਈਆਂ ਹਨ। ਭਾਵ ਔਰਤ ਆਪਣੀ ਵਿਆਹੁਤਾ ਅਤੇ ਸਮਾਜਿਕ ਜੀਵਨ ਵਿਚ ਮਰਦ ਦੇ ਹੱਥੋਂ ਕਿਸ ਤਰ੍ਹਾਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕੀਤੀ ਜਾਂਦੀ ਹੈ। ਉਸ ਦੀਆਂ ਭਾਵਨਾਵਾਂ ਨਾਲ ਮਰਦ ਕਿਵੇਂ ਖਿਲਵਾੜ ਕਰਦਾ ਹੈ, ਉਨ੍ਹਾਂ ਬਾਰੇ ਦਵਿੰਦਰ ਬਾਂਸਲ ਨੇ ਥੋੜ੍ਹੇ ਸ਼ਬਦਾਂ ਵਿਚ ਅਰਥ ਭਰਪੂਰ ਕਵਿਤਾਵਾਂ ਲਿਖੀਆਂ ਹਨ। ਉਸਦੀ ਅੱਖਾਂ ਸਿਰਲੇਖ ਵਾਲੀ ਕਵਿਤਾ ਇਸਤਰੀ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ-

ਜ਼ਿੰਦਗੀ ਦੇ ਉਦਾਸ ਰਾਹਾਂ ਤੇ ਤੁਰਦਿਆਂ, ਵਰਿ੍ਹਆਂ ਤੋਂ ਲੱਭ ਰਹੀ ਹਾਂ।

ਉਨ੍ਹਾਂ ਅਪਣਤ ਭਰੀਆਂ ਅੱਖਾਂ ਨੂੰ, ਜੋ ਇਕ ਵਾਰ ਨਜ਼ਰ ਭਰ ਕੇ ਵੇਖ ਸਕਣ ।

ਮੇਰੇ ਦਿਲ ‘ਚੋਂ ਤਿ੍ਰਪ ਤਿ੍ਰਪ ਚੋਂਦੇ, ਲਹੂ ਦੇ ਤੁਪਕਿਆਂ ਨੂੰ।

ਕਵਿਤਰੀ ਨੇ ਆਪਣੀਆਂ ਕਵਿਤਾਵਾਂ ਵਿਚ ਇਸਤਰੀ ਨੂੰ ਮਰਦਾਂ ਵੱਲੋਂ ਪੈਦਾ ਕੀਤੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਆਪਣੀਆਂ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਦੀ ਪ੍ਰੇਰਨਾ ਵੀ ਦਿੱਤੀ ਹੈ। ਔਰਤ ਨੂੰ ਦੁਨੀਆਂ ਕੀ ਕਹੇਗੀ ਇਸਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਔਰਤ ਆਪਣੀ ਮਰਜੀ ਨਾਲ ਆਪਣੀ ਜ਼ਿੰਦਗੀ ਹੀ ਨਹੀਂ ਜੀਅ ਸਕਦੀ ਫਿਰ ਉਸਨੇ ਸਮਾਜ ਤੋਂ ਕੀ ਲੈਣਾ ਹੈ। ਜਿਸ ਸਮਾਜ ਨੂੰ ਉਸਨੇ ਪੈਦਾ ਕੀਤਾ ਹੈ। ਉਸਨੂੰ ਸਮਾਜ ਵਿਚ ਆਪਣੇ ਆਪ ਨੂੰ ਚੰਗੀ ਕਹਾਕੇ ਅਤੇ ਮਰਦ ਦੀ ਵਿਸ਼ਵਾਸ ਪਾਤਰ ਬਣਕੇ ਆਪਣੀਆਂ ਭਾਵਨਾਵਾਂ ਦਾ ਕਤਲ ਨਹੀਂ ਕਰਨਾ ਚਾਹੀਦਾ। ਉਸਨੇ ਇਹ ਵੀ ਦੱਸਿਆ ਹੈ ਕਿ ਸਾਡਾ ਸਮਾਜ ਇਸਤਰੀ ਨੂੰ ਬਚਪਨ ਤੋਂ ਹੀ ਇਹ ਸਿਖਿਆ ਦਿੰਦਾ ਹੈ ਕਿ ਉਹ ਮਰਦ ਤੋਂ ਕਮਜ਼ੋਰ ਹੈ। ਉਸਨੇ ਮਰਦ ਦੇ ਅਧੀਨ ਨਮਰਤਾ ਨਾਲ ਜੀਵਨ ਬਸਰ ਕਰਨਾ ਹੈ, ਜਿਸ ਕਰਕੇ ਇਸਤਰੀਆਂ ਆਪਣੀ ਆਵਾਜ ਬੁਲੰਦ ਨਹੀਂ ਕਰਦੀਆਂ, ਸਗੋਂ ਰਿਸ ਰਿਸ ਕੇ ਮਰਦੀਆਂ ਰਹਿੰਦੀਆਂ ਹਨ। ਅਣਜੋੜ ਵਿਆਹ, ਮਰਦਾਵਾਂ ਕਮਜ਼ੋਰੀ ਅਤੇ ਦਾਜ ਵਰਗੇ ਵਿਸ਼ਿਆਂ ਤੇ ਵੀ ਉਸਨੇ ਕਵਿਤਾਵਾਂ ਲਿਖੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਔਰਤ ਨੂੰ ਔਰਤ ਦੀ ਦੁਸ਼ਮਣ ਕਹਿੰਦੀ ਹੈ। ਉਹ ਇਹ ਵੀ ਮੰਨਦੀ ਹੈ ਕਿ ਬਹੁਤੇ ਮਰਦ ਔਰਤਾਂ ਨਾਲ ਦੁਰਵਿਵਹਾਰ ਕਰਦੇ ਹਨ। ਕੁਝ ਕੁ ਇਸਤਰੀਆਂ ਵੀ ਖੇਖਣਹਾਰੀਆਂ ਹੁੰਦੀਆਂ ਹਨ। ਇਕ ਕਿਸਮ ਨਾਲ ਉਸਦੀਆਂ ਕਵਿਤਾਵਾਂ ਇਸਤਰੀ ਨੂੰ ਮਰਦਾਂ ਦੇ ਗੈਰ ਮਨੁਖੀ ਵਿਵਹਾਰ ਵਿਰੁਧ ਬਗਾਬਤ ਕਰਨ ਦੀ ਪੇ੍ਰਰਨਾ ਦਿੰਦੀਆਂ ਹਨ।

ਪੰਜਾਬੀ ਭਾਸ਼ਾ ਨੂੰ ਅਜੋਕੀ ਨੌਜਵਾਨੀ ਵੱਲੋਂ ਤਿਲਾਂਜਲੀ ਦੇਣ ਦਾ ਰਾਮ ਰੌਲਾ ਪੈਂਦਾ ਰਹਿੰਦਾ ਹੈ ਪ੍ਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਦਵਿੰਦਰ ਬਾਂਸਲ ਨੇ ਰਵਾਇਤੀ ਢੰਗ ਨਾਲ ਨਾ ਕਦੇ ਪੰਜਾਬੀ ਪੜ੍ਹੀ ਹੈ ਤਾਂ ਵੀ ਉਹ ਪੰਜਾਬੀ ਵਿਚ ਪ੍ਰਦੇਸ ਵਿਚ ਬੈਠਿਆਂ ਕਵਿਤਾਵਾਂ ਲਿਖ ਰਹੀ ਹੈ। ਉਸਨੇ ਮਾੜੀ ਮੋਟੀ ਪੰਜਾਬੀ ਪ੍ਰਵਾਸ ਵਿਚ ਹੀ ਖਾਲਸਾ ਸਕੂਲਾਂ ਵਿਚ ਸਿੱਖੀ ਹੈ। ਦਵਿੰਦਰ ਬਾਂਸਲ ਪੰਜਾਬੀ, ਹਿੰਦੀ, ਅੰਗਰੇਜ਼ੀ, ਗੁਜਰਾਤੀ, ਉਰਦੂ, ਸਵਾਹਿਲੀ (ਅਫਰੀਕੀ), ਜਰਮਨ ਅਤੇ ਫਰੈਂਚ ਭਾਸ਼ਾਵਾਂ ਦੀ ਗਿਆਤਾ ਹੈ। ਉਹ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਵਿਤਾਵਾਂ ਲਿਖਦੀ ਹੈ। ਉਸਦੇ ਸਾਹਿਤਕ ਸ਼ੌਕ ਕਰਕੇ ਉਹ ਪੰਜਾਬੀ ਦੇ ਇਕ ਮੈਗਜ਼ੀਨ ਦੀ ਆਨਰੇਰੀ ਸੰਪਾਦਕੀ ਵੀ ਕਰਦੀ ਰਹੀ ਹੈ।

ਦਵਿੰਦਰ ਬਾਂਸਲ ਦਾ ਜਨਮ 20 ਅਕਤੂਬਰ 1952 ਨੂੰ ਕੀਨੀਆਂ ਦੇ ਨੈਰੋਬੀ ਸ਼ਹਿਰ ਵਿਚ ਹੋਇਆ ਸੀ। ਮੁੱਢਲੀ ਪੜ੍ਹਾਈ ਉਸਨੇ ਕੀਨੀਆਂ ਵਿਚ ਹੀ ਕੀਤੀ। ਅਜੇ ਉਹ 16 ਸਾਲ ਦੀ ਹੀ ਸੀ ਕਿ 1968 ਵਿਚ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਆ ਕੇ ਵਸ ਗਿਆ। ਇੰਗਲੈਂਡ ਵਿਚ ਆ ਕੇ ਆਪਨੇ ਹਾਇਰ ਸੈਕੰਡਰੀ ਅਤੇ ਗ੍ਰੈਜੂਏਸ਼ਨ ਪਾਸ ਕੀਤੀਆਂ। ਆਪਦਾ ਪਰਿਵਾਰ ਕੈਨੇਡਾ ਆ ਗਿਆ। ਫਿਰ ਆਪਨੇ ਮਿਡ ਵਾਈਫ ਅਤੇ ਨਰਸਿੰਗ ਦੇ ਕੋਰਸ ਕੀਤੇ। ਔਰਤਾਂ ਅਤੇ ਬੱਚਿਆਂ ਨਾਲ ਸੰਬੰਧਤ ਉਸਨੇ ਕਈ ਹੋਰ ਕੋਰਸ ਕੀਤੇ ਹਨ। ਇਥੇ ਹੀ ਨੌਕਰੀ ਕਰ ਲਈ। ਪਿਛਲੇ 45 ਸਾਲਾਂ ਤੋਂ ਉਹ ਕੈਨੇਡਾ ਵਿਚ ਰਹਿ ਰਹੀ ਹੈ। ਕੈਨੇਡਾ ਵਿਚ ਇਸਤਰੀਆਂ ਦੇ ਰੇਡੀਓ ਪ੍ਰੋਗਰਾਮਾਂ ਵਿਚ ਉਹ ਹਿੱਸਾ ਲੈਂਦੀ ਆ ਰਹੀ ਹੈ। ਇਸ ਤੋਂ ਇਲਾਵਾ ਉਹ ਇਸਤਰੀਆਂ, ਬੱਚਿਆਂ ਅਤੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਉਨ੍ਹਾਂ ਦੇ ਪਰਿਵਾਰਿਕ ਮਸਲਿਆਂ ਨਾਲ ਸੰਬੰਧਤ ਸੰਸਥਾਵਾਂ ਵਿਚ ਵਾਲੰਟੀਅਰ ਦੇ ਤੌਰ ਤੇ ਸੇਵਾਵਾਂ ਦੇ ਰਹੀ ਹੈ। ਉਸਦੀ ਇਕ ਹੋਰ ਵਿਲੱਖਣ ਗੱਲ ਹੈ ਕਿ ਉਹ ਪੰਜਾਬੀ, ਅਫਰੀਕੀ ਅਤੇ ਕੈਨੇਡਾ ਦੇ ਸਭਿਆਚਾਰਾਂ ਬਾਰੇ ਪੂਰੀ ਤਰ੍ਹਾਂ ਬਾਵਾਸਤਾ ਹੈ। ਉਹ ਇਨ੍ਹਾਂ ਸਭਿਆਚਾਰਾਂ ਨਾਲ ਸੰਬੰਧਤ ਸਾਰੇ ਸਮਾਗਮਾ ਵਿਚ ਸੂਤਰਧਾਰ ਹੁੰਦੀ ਹੈ। ਉਹ ਦਬੰਗ ਕਿਸਮ ਦੀ ਦਲੇਰ ਇਸਤਰੀ ਕਵਿਤਰੀ ਹੈ। ਦਵਿੰਦਰ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਖਾਸ ਤੌਰ ਤੇ ਆਪਣੇ ਪਤੀ ਕਸ਼ਮੀਰ ਦੇ ਸਿਰ ਬੰਨ੍ਹਦੀ ਹੈ। ਉਸਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਹਨ, ਜਿਨ੍ਹਾਂ ਵਿਚ ਟਰਾਂਟੋ ਸਿਟੀ ਕੌਂਸਲ ਵੱਲੋਂ ਉਸਦੀਆਂ ਸੇਵਾਵਾਂ ਕਰਕੇ 2001 ਵਿਚ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ 2003 ਵਿਚ ਆਪਨੂੰ ਸਰਵੋਤਮ ਕੈਨੇਡੀਅਨ ਕਮਨਿਊਟੀ ਸਰਵਿਸਜ ਲਈ ਸਨਮਾਨਤ ਕੀਤਾ ਗਿਆ। ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਓਨਟਾਰੀਓ ਨੇ 2014 ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅੰਤਰਰਾਸ਼ਟਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਸੀ।

ਆਸ ਕੀਤੀ ਜਾ ਸਕਦੀ ਹੈ ਕਿ ਇਹ ਕਵਿਤਰੀ ਭਵਿਖ ਵਿਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਰਾਹੀਂ ਇਸਤਰੀਆਂ ਦੀ ਰਹਿਨੁਮਾਈ ਕਰਦੀ ਹੋਈ ਨਵੀਂਆਂ ਪੈੜਾਂ ਪਾਵੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>