ਅਮਰੀਕਨਾਂ ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਬਣੇ ਰਾਸ਼ਟਰਪਤੀ

ਅਮਰੀਕਨਾਂ ਨੇ ਟਰੰਪ ਦੀ ਨਸਲੀ ਵਿਤਕਰੇ ਦੀ ਨੀਤੀ ਨੂੰ ਰੱਦ ਕਰਕੇ ਟਰੰਪ ਨੂੰ ਡੰਪ ਕਰ ਦਿੱਤਾ ਹੈ। ਹੈਂਕੜ, ਹਓਮੈ , ਤਾਨਾਸ਼ਾਹੀ ਅਤੇ ਜ਼ੋਰ ਜ਼ਬਰਦਸਤੀ ਦੀ ਪ੍ਰਵਿ੍ਰਤੀ ਨੂੰ ਅਮਰੀਕਾ ਨਿਵਾਸੀਆਂ ਨੇ ਨਕਾਰ ਦਿੱਤਾ ਹੈ। ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰ ਅਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੀ 3 ਨਵੰਬਰ ਨੂੰ ਹੋਈ ਚੋਣ ਵਿਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਸਫ ਬਾਇਡਨ ਕਾਂਟੇ ਦੀ ਟੱਕਰ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਟ ਟਰੰਪ ਨੂੰ ਹਰਾ ਕੇ ਚੋਣ ਜਿੱਤ ਗਏ ਹਨ। ਅਮਰੀਕਾ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਸਾਰੇ ਅਮਰੀਕਾ ਵਿਚ ਜਸ਼ਨ ਮਨਾਏ ਜਾ ਰਹੇ ਹਨ। ਡੋਨਾਲਡ ਟਰੰਪ ਦੂਜੀ ਵਾਰ ਚੋਣ ਲੜੇ ਹਨ। ਪਹਿਲੀ ਵਾਰ ਉਹ 2016 ਵਿਚ ਚੋਣ ਜਿੱਤਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ। ਪਿਛਲੇ ਚਾਰ ਸਾਲ ਡੋਨਾਲਡ ਟਰੰਪ ਆਪਣੇ ਫੈਸਲਿਆਂ ਅਤੇ ਬਿਆਨਾ ਕਰਕੇ ਵਾਦਵਿਵਾਦ ਦਾ ਵਿਸ਼ਾ ਬਣੇ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਰਿਪਬਲੀਕਨ ਪਾਰਟੀ ਵਿਚ ਹੀ ਉਨ੍ਹਾਂ ਨੂੰ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਸੀ, ਫਿਰ ਵੀ ਉਨ੍ਹਾਂ ਨੇ ਜੋਅ ਬਾਇਡਨ ਦਾ ਜ਼ਬਰਦਸਤ ਮੁਕਾਬਲਾ ਕੀਤਾ ਹੈ। ਜਿਸ ਕਰਕੇ ਇਹ ਚੋਣ ਦਿਲਚਸਪ ਬਣੀ ਹੋਈ ਸੀ। ਦੋਹਾਂ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀ। ਡੋਨਾਲਡ ਟਰੰਪ ਦੇ ਸਪੁਤਰ ਡੌਨ ਜੂਨੀਅਰ ਨੇ ਦੋਸ਼ ਲਾਇਆ ਹੈ ਕਿ ਰਿਪਬਲਿਕਨ ਪਾਰਟੀ ਨੇ ਟਰੰਪ ਦੀ ਪੂਰੀ ਮਦਦ ਨਹੀਂ ਕੀਤੀ। ਜੋਅ ਬਾਇਡਨ ਰਾਸ਼ਟਰਪਤੀ ਦੀ ਚੋਣ ਪਹਿਲੀ ਵਾਰ ਲੜੇ ਹਨ। 1973 ਤੋਂ 2009 ਤੱਕ ਲਗਾਤਾਰ 6 ਵਾਰ ਉਹ ਡੇਲਾਵਾਰੇ ਤੋਂ ਸੈਨੇਟਰ ਚੁਣੇ ਜਾਂਦੇ ਰਹੇ ਹਨ। 2009 ਤੋਂ 2016 ਤੱਕ ਉਹ ਬਰਾਕ ਓਬਾਮਾ ਨਾਲ ਦੋ ਵਾਰੀ ਉਪ ਰਾਸ਼ਟਰਪਤੀ ਰਹੇ ਹਨ। ਹੁਣ ਤੱਕ ਚੋਣ ਤੋਂ ਪਹਿਲਾਂ ਜੋ ਸਰਵੇ ਆ ਰਹੇ ਸਨ, ਉਨ੍ਹਾਂ ਵਿਚ ਜੋਅ ਬਾਇਡਨ ਨੂੰ ਡੋਨਲਡ ਟਰੰਪ ਤੋਂ ਕਾਫੀ ਅੱਗੇ ਵਿਖਾਇਆ ਜਾਂਦਾ ਰਿਹਾ ਹੈ। ਪ੍ਰੰਤੂ ਜੋਅ ਬਾਇਡਨ ਬੇਸ਼ਕ ਚੋਣ ਤਾਂ ਜਿੱਤ ਗਏ ਹਨ ਪ੍ਰੰਤੂ ਉਨ੍ਹਾਂ ਨੂੰ ਡੋਨਾਲਡ ਟਰੰਪ ਨੇ ਕਾਂਟੇ ਦੀ ਟੱਕਰ ਦਿੱਤੀ ਹੈ। ਹਾਲਾਂ ਕਿ ਡੋਨਾਲਡ ਟਰੰਪ ਵਿਰੁਧ ਨਸਲੀ ਵਿਤਕਰੇ, ਅਮਨ ਅਮਾਨ ਦੀ ਸਥਿਤੀ ਖਰਾਬ ਰਹਿਣ,  ਕੋਵਿਡ ਤੇ ਕਾਬੂ ਨਾ ਪਾ ਸਕਣ ਅਤੇ ਦੇਸ਼ ਦੀ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਚੋਣ ਉਪਰ ਬੁਰਾ ਪ੍ਰਭਾਵ ਪੈਣ ਦੀ ਉਮੀਦ ਸੀ ਪ੍ਰੰਤੂ ਟਰੰਪ ਨੇ ਫਿਰ ਵੀ ਬਰਾਬਰ ਦੀ ਟੱਕਰ ਦਿੱਤੀ ਹੈ। ਡੋਨਾਲਡ ਟਰੰਪ ਨੇ ਨਸਲੀ ਪੱਤਾ ਖੇਡਿਆ ਸੀ, ਜਿਸਦਾ ਉਨ੍ਹਾਂ ਨੂੰ ਬਹੁਤਾ ਲਾਭ ਨਹੀਂ ਮਿਲਿਆ। ਚੋਣ ਨਤੀਜੇ ਦੇ ਅਖ਼ੀਰ ਤੱਕ ਅਨਿਸਚਤਤਾ ਬਣੀ ਰਹੀ ਹੈ। ਟਰੰਪ ਨੇ ਕੋਵਿਡ ਨੂੰ ਫੈਲਾਉਣ ਦਾ ਦੋਸ਼ ਚੀਨ ਉਪਰ ਲਗਾਕੇ ਅਤੇ ਸੰਸਾਰ ਸਿਹਤ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਕੇ ਆਪ ਬਰੀ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿਚ ਉਹ ਸਫਲ ਨਹੀਂ ਰਿਹਾ। ਟਰੰਪ ਨੂੰ ਪਿੰਡਾਂ ਅਤੇ ਬਾਇਡਨ ਨੂੰ ਸ਼ਹਿਰਾਂ ਵਿਚੋਂ ਵੱਧ ਵੋਟ ਮਿਲੀ ਹੈ। ਅਮਰੀਕਾ ਵਿਚ 1828 ਵਿਚ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਹੋਈ ਸੀ, ਜਿਸ ਵਿਚ 57.6 ਫੀ ਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 1876 ਵਿਚ ਸਭ ਤੋਂ ਵੱਧ 81.8 ਫੀ ਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ ਸਨ ਅਤੇ 1996 ਵਿਚ ਸਭ ਤੋਂ ਘੱਟ 49 ਫੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ ਸਨ। ਸ਼ੁਰੂ ਵਿਚ ਇਸਤਰੀ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਘੱਟ ਹੀ ਕਰਦੀਆਂ ਸਨ ਪ੍ਰੰਤੂ 1980 ਵਿਚ ਇਸਤਰੀ ਵੋਟਰਾਂ ਨੇ ਮਰਦ ਵੋਟਰਾਂ ਤੋਂ ਵਧੇਰੇ ਗਿਣਤੀ ਵਿਚ ਵੋਟਾਂ ਪਾਈਆਂ ਸਨ। ਉਸ ਤੋਂ ਬਾਅਦ ਇਸਤਰੀਆਂ ਵੀ ਹਰ ਚੋਣ ਵਿਚ ਵਧ ਚੜ੍ਹਕੇ ਹਿੱਸਾ ਲੈਣ ਲੱਗ ਗਈਆਂ ਹਨ। 2016 ਦੇ 59.2ਫੀ ਸਦੀ ਦੇ ਮੁਕਾਬਲੇ ਇਸ ਵਾਰ 66 .9 ਫੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ ਹਨ। ਇਸ ਵਾਰ 23 ਕਰੋੜ ਵੋਟਰਾਂ ਵਿਚੋਂ  16 ਕਰੋੜ ਵੋਟਰਾਂ ਨੇ ਵੋਟ ਪਾਈ ਹੈ। ਅਮਰੀਕਾ ਸੰਘੀ ਢਾਂਚੇ ਵਾਲਾ ਦੇਸ਼ ਹੈ। ਇਸਦੇ 50 ਰਾਜ ਹਨ। ਹਰ ਰਾਜ ਦੇ ਆਪਣੇ ਕਾਨੂੰਨ ਅਤੇ ਪ੍ਰਬੰਧ ਹੈ, ਜਿਸ ਵਿਚ ਰਾਸ਼ਟਰਪਤੀ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੁੰਦੀ। ਉਸ ਰਾਜ ਦਾ ਰਾਜਪਾਲ ਰਾਜ ਦਾ ਮੁੱਖੀ ਹੁੰਦਾ ਹੈ। ਇਥੋਂ ਦੀ ਚੋਣ ਦੀ ਪ੍ਰਣਾਲੀ ਵੀ ਵੱਖਰੀ ਕਿਸਮ ਦੀ ਹੈ। ਹਰ ਰਾਜ ਦੇ ਵੋਟਰਾਂ ਦੀਆਂ ਆਪੋ ਆਪਣੇ ਰਾਜ ਵਿਚ ਵੋਟਾਂ ਪਾਈਆਂ ਤੇ ਗਿਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਪਾਪੂਲਰ ਵੋਟਾਂ ਕਹਿੰਦੇ ਹਨ। ਹਰ ਰਾਜ ਦੀਆਂ ਆਪਣੀ ਜਨਸੰਖਿਆ ਅਨੁਸਾਰ ਇਲੈਕਟੋਰਲ ਵੋਟਾਂ ਹੁੰਦੀਆਂ ਹਨ। ਇਲੈਕਟੋਰਲ ਵੋਟਰ ਦੀ ਚੋਣ ਸਥਾਨਕ ਲੈਜਿਸਲੇਚਰ ਕਰਦੇ ਹਨ। ਜਿਸ ਉਮੀਦਵਾਰ ਦੀਆਂ ਉਸਦੇ ਰਾਜ ਵਿਚ ਵੱਧ ਪਾਪੂਲਰ ਵੋਟਾਂ ਹੁੰਦੀਆਂ ਹਨ, ਉਸਨੂੰ ਉਸ ਰਾਜ ਦੀਆਂ ਸਾਰੀਆਂ ਇਲੈਟੋਰਲ ਵੋਟਾਂ ਮਿਲ ਜਾਂਦੀਆਂ ਹਨ। ਹਾਰਨ ਵਾਲੇ ਉਮੀਦਵਾਰ ਨੂੰ ਫਿਰ ਇਕ ਵੀ ਵੋਟ ਨਹੀਂ ਮਿਲਦੀ। ਰਾਸ਼ਟਰਪਤੀ ਦੀ ਜਿੱਤ ਹਾਰ ਦਾ ਫੈਸਲਾ ਇਹ ਇਲੈਕਟੋਰਲ ਵੋਟਾਂ ਹੀ ਕਰਦੀਆਂ ਹਨ। ਇਸਨੂੰ ਇਲੈਕਟੋਰਲ ਕਾਲਜ ਕਹਿੰਦੇ ਹਨ। ਵੋਟਾਂ ਪੈਣ ਦਾ ਭਾਵੇਂ ਇਕ ਦਿਨ ਨਿਸਚਤ ਹੁੰਦਾ ਹੈ ਪ੍ਰੰਤੂ ਵੋਟਰ ਇਸਤੋਂ ਪਹਿਲਾਂ ਵੀ ਵੋਟ ਪਾ ਸਕਦੇ ਹਨ। ਬਹੁਤੇ ਵੋਟਰ ਪਹਿਲਾਂ ਹੀ ਵੋਟ ਪਾ ਦਿੰਦੇ ਹਨ। ਡਾਕ ਰਾਹੀਂ ਵੋਟਾਂ ਪਾਉਣ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਸੀਨੀਅਰ ਸਿਟੀਜ਼ਨ ਨੂੰ ਚੋਣ ਤੋਂ ਪਹਿਲਾਂ ਹੀ ਡਾਕ ਰਾਹੀਂ ਬੈਲਟ ਪੇਪਰ ਭੇਜ ਦਿੱਤਾ ਜਾਂਦਾ ਹੈ। ਕਈ ਰਾਜਾਂ ਵਿਚ ਸਾਰੇ ਵੋਟਰਾਂ ਨੂੰ ਹੀ ਬੈਲਟ ਪੇਪਰ ਡਾਕ ਰਾਹੀਂ ਭੇਜ ਦਿੱਤੇ ਜਾਂਦੇ ਹਨ। ਵੋਟਰ ਬੈਲਟ ਪੇਪਰ ਟਿਕ ਕਰਕੇ ਬੰਦ ਲਿਫਾਫੇ ਵਿਚ ਡਾਕ ਰਾਹੀਂ ਜਾਂ ਦਸਤੀ ਚੋਣ ਅਧਿਕਾਰੀ ਦੇ ਦਫਤਰ ਜਮਾਂ ਕਰਵਾ ਸਕਦੇ ਹਨ। ਵੋਟਾਂ ਵਾਲੇ ਦਿਨ ਤੱਕ ਤਾਂ ਬਹੁਤ ਥੋੜ੍ਹੇ ਵੋਟਰ ਵੋਟ ਪਾਉਣ ਲਈ ਰਹਿ ਜਾਂਦੇ ਹਨ। ਇਸ ਲਈ ਵੋਟ ਪਾਉਣ ਵਿਚ ਕੋਈ ਭੀੜ ਨਹੀਂ ਹੁੰਦੀ ਅਤੇ ਨਾ ਹੀ ਕੋਈ ਲੜਾਈ ਝਗੜੇ ਦਾ ਡਰ ਹੁੰਦਾ ਹੈ। ਭਾਰਤ ਦੀ ਤਰ੍ਹਾਂ ਕੋਈ ਉਮੀਦਵਾਰ ਆਪਣਾ ਬੂਥ ਪੱਧਰ ਤੇ ਸਟਾਲ ਬਗੈਰਾ ਨਹੀਂ ਲਗਾਉਂਦਾ। ਵੋਟਾਂ ਭੇਜਣੀਆਂ ਅਤੇ ਪਵਾਉਣੀਆਂ ਆਦਿ ਸਭ ਸਥਾਨਕ ਚੋਣ ਦਫਤਰ ਦਾ ਕੰਮ ਹੁੰਦਾ ਹੈ।  ਵੋਟਾਂ ਬੈਲਟ ਪੇਪਰ ਨਾਲ ਪੈਂਦੀਆਂ ਹਨ। ਇਸ ਲਈ ਨਤੀਜਾ ਨਿਕਲਣ ਵਿਚ ਦੇਰੀ ਹੋ ਜਾਂਦੀ ਹੈ ਪ੍ਰੰਤੂ ਕੋਈ ਹੇਰਾ ਫੇਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁਨੀਆਂ ਦਾ ਸਭ ਤੋਂ ਵਿਕਸਤ ਦੇਸ਼ ਇਲੈਕਟਰਾਨਿਕ ਪ੍ਰਣਾਲੀ ਦੀ ਵਰਤੋਂ ਨਹੀਂ ਕਰਦਾ। 50 ਰਾਜਾਂ ਦੀਆਂ ਕੁਲ 538 ਇਲੈਕਟੋਰਲ ਵੋਟਾਂ ਹਨ। ਜਿਸ ਉਮੀਦਵਾਰ ਨੂੰ ਘੱਟੋ ਘਟ 270 ਵੋਟਾਂ ਮਿਲ ਜਾਂਦੀਆਂ ਹਨ, ਉਹ ਚੋਣ ਜਿੱਤ ਜਾਂਦਾ ਹੈ। ਇਕ ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਇਸ ਚੋਣ ਦੇ ਨਾਲ ਹੀ ਉਹ ਵੀ ਇਕੋ ਬੈਲਟ ਪੇਪਰ ਤੇ ਉਪ ਰਾਸ਼ਟਰਪਤੀ, ਰਾਜਪਾਲ, ਸੈਨਟਰ, ਪ੍ਰਤੀਨਿਧੀ ਸਭਾ, ਸੂਬਾਈ ਵਿਧਾਨਕਾਰਾਂ, ਜੱਜਾਂ ਅਤੇ ਹੋਰ ਲਗਪਗ 30 ਅਹੁਦਿਆਂ ਦੀ ਚੋਣ ਹੁੰਦੀ ਹੈ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਾਰਿਆਂ ਦਾ ਬੈਲਟ ਪੇਪਰ ਇਕ ਹੀ ਹੁੰਦਾ ਹੈ। ਹਰ ਅਹੁਦੇ ਵਾਲਿਆਂ ਦੇ ਨਾਮ ਲਿਖੇ ਹੁੰਦੇ ਹਨ, ਵੋਟਰਾਂ ਨੇ ਸਿਰਫ ਟਿਕ ਕਰਨਾ ਹੁੰਦਾ ਹੈ ਕਿ ਉਹ ਕਿਸ ਅਹੁਦੇ ਲਈ ਕਿਹੜੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੁੰਦਾ ਹੈ। ਜੇਕਰ ਵੋਟਰ ਇਕੱਲੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਹੀ ਟਿਕ ਕਰਦਾ ਹੈ ਤੇ ਹੋਰ ਕਿਸੇ ਨੂੰ ਟਿਕ ਨਹੀਂ ਕਰਦਾ ਤਾਂ ਉਸਦੀ ਵੋਟ ਉਸ ਪਾਰਟੀ ਦੇ ਸਾਰੇ ਅਹੁਦਿਆਂ ਦੇ ਉਮੀਦਵਾਰਾਂ ਨੂੰ ਗਿਣੀ ਜਾਵੇਗੀ। ਪ੍ਰੰਤੂ ਵੋਟਰ ਆਪ ਸਾਰੇ ਉਮੀਦਵਾਰਾਂ ਵਿਚੋਂ ਚੁਣਕੇ ਵੋਟ ਵੀ ਪਾ ਸਕਦਾ ਹੈ। ਜੇਕਰ ਉਹ ਇਕ ਉਮੀਦਵਾਰ ਨੂੰ ਵੀ ਛੱਡ ਦਿੰਦਾ ਹੈ ਤਾਂ ਜਿਹੜੀ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੋਟ ਪਾਈ ਹੈ, ਉਹ ਵੀ ਉਸੇ ਪਾਰਟੀ ਦੇ ਉਮੀਦਵਾਰ ਨੂੰ ਚਲੀ ਜਾਵੇਗੀ। ਚਾਰ ਸਾਲ ਬਾਅਦ ਹੀ ਵੋਟਾਂ ਪੈਂਦੀਆਂ ਹਨ। ਵਿਚ ਵਿਚਾਲੇ ਵੋਟਾਂ ਨਹੀਂ ਪੈਂਦੀਆਂ। ਜੇਕਰ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਜਾਂ ਕਿਸੇ ਹੋਰ ਵਜਾਹ ਕਰਕੇ ਰਾਸ਼ਟਰਪਤੀ ਨਾ ਰਹੇ ਤਾਂ ਦੁਬਾਰਾ ਚੋਣ ਨਹੀਂ ਹੁੰਦੀ। ਉਪ ਰਾਸ਼ਟਰਪਤੀ ਹੀ ਰਾਸ਼ਟਰਪਤੀ ਦੇ ਫਰਜ ਨਿਭਾਉਂਦਾ ਹੈ। ਕਹਿਣ ਤੋਂ ਭਾਵ ਵਿਚ ਵਿਚਾਲੇ ਵੋਟਾਂ ਨਹੀਂ ਪੈਂਦੀਆਂ। ਦੋ ਪਾਰਟੀ ਪ੍ਰਣਾਲੀ ਹੀ ਚਲ ਰਹੀ ਹੈ ਭਾਵੇਂ ਕੁਝ ਆਜ਼ਾਦ ਉਮੀਦਵਾਰ ਵੀ ਖੜ੍ਹ ਜਾਂਦੇ ਹਨ ਪ੍ਰੰਤੂ ਉਹ ਜਿੱਤਦੇ ਨਹੀਂ। ਸੈਨੇਟ ਦੀਆਂ 35 ਸੀਟਾਂ ਅਤੇ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਲਈ ਚੋਣ ਹੋਈ ਹੈ।  ਭਾਰਤ ਵਿਚ ਇਕ ਅਹੁਦੇ ਲਈ ਚੋਣਾਂ ਦਾ ਕਿਤਨਾ ਖਲਜਗਣ ਹੁੰਦਾ ਹੈ। ਇਥੇ ਵੋਟਾਂ ਸ਼ਾਂਤਮਈ ਪੈਂਦੀਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਡੋਨਾਲਡ ਟਰੰਪ ਨੇ ਹੇਰਾ ਫੇਰੀ ਦੇ ਦੋਸ਼ ਲਗਾਏ ਹਨ, ਜਿਨ੍ਹਾਂ ਨੂੰ ਚੋਣ ਅਧਿਕਾਰੀਆਂ ਨੇ ਰੱਦ ਕਰ ਦਿੱਤਾ ਹੈ। ਮਿਸ਼ੀਗਨ ਅਤੇ ਜਾਰਜੀਆ ਵਿਚ ਧਾਂਦਲੀ ਦੇ ਆਰੋਪਾਂ ਦੇ ਟਰੰਪ ਦੇ ਵਕੀਲਾਂ ਵੱਲੋਂ ਕੀਤੇ ਕੇਸ ਕਚਹਿਰੀ ਨੇ ਰੱਦ ਕਰ ਦਿੱਤੇ ਹਨ। ਇਥੇ ਸੰਘੀ ਢਾਂਚੇ ਵਿਚ ਰਾਜਾਂ ਦਾ ਮੁੱਖੀ ਰਾਜਪਾਲ ਹੁੰਦਾ ਹੈ। ਕਈ ਰਾਜਾਂ ਵਿਚ ਰਾਜਪਾਲ ਕਿਸੇ ਹੋਰ ਪਾਰਟੀ ਦਾ ਵਿਧਾਨਕਾਰਾਂ ਦਾ ਬਹੁਮਤ ਕਿਸੇ ਹੋਰ ਪਾਰਟੀ ਕੋਲ ਹੁੰਦਾ ਹੈ ਪ੍ਰੰਤੂ  ਸਰਕਾਰਾਂ ਬਿਲਕੁਲ ਠੀਕ ਠਾਕ ਕੰਮ ਕਰਦੀਆਂ ਰਹਿੰਦੀਆਂ ਹਨ। ਕੋਈ ਟਕਰਾਅ ਨਹੀਂ ਹੁੰਦਾ। ਭਾਰਤ ਨੂੰ ਵੀ ਅਜਿਹੀ ਪ੍ਰਣਾਲੀ ਤੋਂ ਸਿਖਣਾ ਚਾਹੀਦਾ ਹੈ।

ਇਸ ਵਾਰ ਅਮਰੀਕਾ ਵਿਚ ਪਹਿਲੀ ਵਾਰ ਹੋਇਆ ਹੈ ਕਿ ਡੋਨਾਲਟ ਟਰੰਪ ਦੀ ਮਦਦ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿਚ ਜਾ ਕੇ ਅਮਰੀਕਾ ਵਿਚ ਵਸੇ ਭਾਰਤੀਆਂ ਦਾ ਜਲਸਾ ਕੀਤਾ, ਜਿਸ ਵਿਚ ਡੋਨਾਲਡ ਟਰੰਪ ਵੀ ਸ਼ਾਮਲ ਹੋਇਆ ਅਤੇ ਨਰਿੰਦਰ ਮੋਦੀ ਨੇ ਭਾਰਤੀਆਂ ਨੂੰ ਡੋਨਾਲਟ ਟਰੰਪ ਦੀ ਮਦਦ ਕਰਨ ਲਈ ਬੇਨਤੀ ਕੀਤੀ।  ਨਰਿੰਦਰ ਮੋਦੀ ਨੇ ਨਾਅਰਾ ਦਿੱਤਾ ਸੀ ਕਿ ‘‘ਇਕ ਵਾਰ ਫੇਰ ਟਰੰਪ ਸਰਕਾਰ’’। ਇਸੇ ਤਰ੍ਹਾਂ ਡੋਨਾਲਡ ਟਰੰਪ ਵੀ ਭਾਰਤ ਗਿਆ ਅਤੇ ਉਸਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਟਰੰਪ ਬੜਬੋਲਾ ਹੈ, ਉਨ੍ਹਾਂ ਜੋਅ ਬਾਇਡਨ ਨਾਲ ਟੀ ਵੀ ਤੇ ਬਹਿਸ ਵਿਚ ਹਿੱਸਾ ਲੈਂਦਿਆਂ ਭਾਰਤ ਨੂੰ ਗੰਦਾ ਦੇਸ਼ ਕਹਿ ਦਿੱਤਾ ਸੀ। ਹਾਲਾਂ ਕਿ ਟਰੰਪ ਅਤੇ ਮੋਦੀ ਦੀ ਦੋਸਤੀ ਹੈ। ਅਮਰੀਕਨ ਭਾਰਤੀ ਡੋਨਾਲਡ ਟਰੰਪ ਨੂੰ ਅਮਰੀਕਾ ਦਾ ਮੋਦੀ ਕਹਿੰਦੇ ਹਨ ਕਿਉਂਕਿ ਜਿਵੇਂ ਨਰਿੰਦਰ ਮੋਦੀ ਆਪਣੀ ਹੀ ਪੁਗਾਉਂਦਾ ਹੈ, ਪਾਰਟੀ ਵਿਚੋਂ ਹੋਰ ਕਿਸੇ ਦੀ ਸੁਣਦਾ ਨਹੀਂ ਉਸੇ ਤਰ੍ਹਾਂ ਡੋਨਾਲਡ ਟਰੰਪ ਵੀ ਆਪਣੀ ਮਰਜ਼ੀ ਨਾਲ ਫੈਸਲੇ ਕਰਦਾ ਸੀ। ਜਿਵੇਂ ਨਰਿੰਦਰ ਮੋਦੀ ਹਿੰਦੂ ਸਮੁਦਾਏ ਦੀ ਗੱਲ ਕਰਦੇ ਹਨ ਅਤੇ ਸਿਰਫ ਉਨ੍ਹਾਂ ਦੀਆਂ ਵੋਟਾਂ ਨੂੰ ਪ੍ਰਭਾਵਤ ਕਰਨ ਲਈ ਫੈਸਲੇ ਕਰਦੇ ਹਨ, ਉਸੇ ਤਰ੍ਹਾਂ ਡੋਨਾਲਡ ਟਰੰਪ ਸਿਰਫ ਅਮਰੀਕਨਾ ਨੂੰ ਹੀ ਪਹਿਲ ਦਿੰਦੇ ਹਨ। ਉਨ੍ਹਾਂ ਅਨੁਸਾਰ ਅਮਰੀਕਨ ਬੇਰੋਜ਼ਗਾਰ ਹਨ ਪ੍ਰੰਤੂ ਬਾਹਰਲੇ ਦੇਸ਼ਾਂ ਵਿਚੋਂ ਆਏ ਪਰਵਾਸੀ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ।

ਭਾਰਤੀਆਂ ਲਈ ਇਕ ਹੋਰ ਵੀ ਮਾਣ ਦੀ ਗੱਲ ਹੈ ਕਿ ਡੈਮੋਕਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੀ ਮਾਤਾ ਸ਼ਈਮਾਲਾ ਗੋਪਾਲਨ ਭਾਰਤੀ ਸੀ। ਅਮਰੀਕਾ ਦੇ ਇਤਿਹਾਸ ਵਿਚ ਇਸਤਰੀ ਉਹ ਵੀ ਪ੍ਰਵਾਸੀ ਪਹਿਲੀ ਉਪ ਰਾਸ਼ਟਰਪਤੀ ਬਣਨ ਵਾਲੀ ਇਸਤਰੀ ਹੈ। 56 ਸਾਲਾ ਕਮਲਾ ਹੈਰਿਸ 2016 ਵਿਚ ਕੈਲੇਫੋਰਨੀਆਂ ਤੋਂ ਸੈਨੇਟਰ ਚੁਣੀ ਗਈ ਸੀ। ਉਨ੍ਹਾਂ ਨੇ 2016 ਵਿਚ ਰਾਸ਼ਟਰਪਤੀ ਦੀ ਚੋਣ ਲੜਨ ਲਈ ਪਾਰਟੀ ਵਿਚ ਨਾਮੀਨੇਸ਼ਨ ਲਈ ਦਾਅਵਾ ਕੀਤਾ ਸੀ ਪ੍ਰੰਤੂ ਪਾਰਟੀ ਨੇ ਬਰਾਕ ਓਬਾਮਾ ਨੂੰ ਨਾਮਜਦ ਕਰ ਦਿੱਤਾ ਸੀ। ਇਨ੍ਹਾਂ ਚੋਣਾਂ ਵਿਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ। ਜਿਨ੍ਹਾਂ ਵਿਚ ਦਾਖਾਂ ਦੇ ਬਾਦਸ਼ਾਹ ਦੇ ਤੌਰ ਤੇ ਜਾਣੇ ਜਾਂਦੇ ਦੀਦਾਰ ਸਿੰਘ ਬੈਂਸ ਦਾ ਲੜਕਾ ਕਰਮ ਬੈਂਸ ਸੁਤਰ ਕਾਊਂਟੀ ਦਾ ਸੁਪਰਵਾਈਜ਼ਰ ਚੁਣਿਆਂ ਗਿਆ  ਹੈ। ਹੈਰਾਨੀ ਦੀ ਗੱਲ ਹੈ ਕਿ ਪਰਜਾਤੰਤਰਿਕ ਪ੍ਰਣਾਲੀ ਨਾਲ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚਿਆ ਵਿਅਕਤੀ ਅਜੇ ਉਸੇ ਪ੍ਰਣਾਲੀ ਨਾਲ ਚੁਣੇ ਗਏ ਜੋਅ ਬਾਇਡਨ ਤੋਂ ਆਪਣੀ ਹਾਰ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਉਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>