ਗੱਲ ਅਖੰਡ ਪਾਠ ਅਤੇ ਸਿਰੋਪਾਉ ਦੀ ਮਰਿਆਦਾ ਦੀ?

ਬੀਤੇ ਲੰਬੇ ਸਮੇਂ ਦੌਰਾਨ ਰਾਜਸੀ ਸਿੱਖ ਆਗੂ ਵਲੋਂ, ਕੋਈ ਵੀ ਤਿਉਹਾਰ ਹੋਵੇ ਗਡੀਆਂ ਵਿੱਚ ਕਿਰਪਾਨਾਂ (ਤਲਵਾਰਾਂ ਕਹਿਣਾ ਜ਼ਿਆਦਾ ਮੁਨਾਸਬ ਹੋਵੇਗਾ) ਅਤੇ ਗੁਰੂ ਸਾਹਿਬਾਂ ਦੇ ਚਿਤਰਾਂ ਨਾਲ ‘ਸਿਰਪਾਉਆਂ’ ਦੇ ਬੰਡਲ ਚੁਕ, ਘਰ-ਘਰ ਵੰਡਣ ਤੁਰ ਪੈਣ, ਸਮੇਂ-ਸਮੇਂ ਇਤਿਹਾਸਕ ਗੁਰਦੁਆਰਿਆਂ ਤੋਂ ਲੈ ਕੇ ਆਮ ਸਿੰਘ ਸਭਾਵਾਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਸਮੇਂ-ਸਮੇਂ ਹੋਣ ਵਾਲੇ ਛੋਟੇ-ਵੱਡੇ ਸਮਾਗਮਾਂ ਦੌਰਾਨ ਆਏ ਮਹਿਮਾਨਾਂ ਨੂੰ ਕਿਰਪਾਨ ਸਹਿਤ ਸਿਰੋਪਾਉ ਦਿੱਤੇ ਜਾਣ ਚਲਦੀ ਆ ਰਹੀ ਕਥਤ ਪਰੰਪਰਾ ਅਤੇ ਵੱਡੇ-ਛੋਟੇ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿੱਚ ਲਗਾਤਾਰ ਚਲ ਰਹੀਆਂ ਅਖੰਡ ਪਾਠਾਂ ਦੀਆਂ ਲੜੀਆਂ ਆਦਿ ਦੀਆਂ ਪਰੰਪਰਾਵਾਂ ਦੇ ਸੰਬੰਧ ਵਿੱਚ ਪੜ੍ਹ-ਸੁਣ ਅਤੇ ਵੇਖ ਕੇ, ਦਿਲ ਵਿੱਚ ਬਾਰ-ਬਾਰ ਸੁਆਲ ਉਠਦਾ ਰਹਿੰਦਾ ਹੈ ਕਿ ਆਖਿਰ ਗੁਰਦੁਆਰਿਆਂ ਵਿੱਚ ਅਤੇ ਘਰ-ਘਰ ਜਾ ਸਿਰੋਪਾ ਆਦਿ ਵੰਡਣ ਅਤੇ ਅਖੰਡ ਪਾਠਾਂ ਦੀਆਂ ਲਗਾਤਾਰ ਲੜੀਆਂ ਜਾਰੀ ਰਖਣ ਦੀ ਪਿਰਤ ਕਦੋਂ ਤੋਂ ਅਰੰਭ ਹੋਈ? ਇਸ ਸੁਆਲ ਦਾ ਜਵਾਬ ਤਲਾਸ਼ਣ ਲਈ ਕਈ ਇਤਿਹਾਸਕ ਤੇ ਧਾਰਮਕ ਪੁਸਤਕਾਂ ਦੀ ਘੋਖ ਕੀਤੀ ਗਈ, ਪਰ ਇਸ ਸੁਆਲ ਦਾ ਜਵਾਬ ਨਾ ਤਾਂ ਕਿਸੇ ਇਤਿਹਾਸਕ ਪੁਸਤਕ ਵਿਚੋਂ ਮਿਲ ਸਕਿਆ ਅਤੇ ਨਾ ਹੀ ਕਿਸੇ ਧਾਰਮਕ ਪੁਸਤਕ ਵਿਚੋਂ।

ਅਖੰਡ ਪਾਠ ਦੀ ਪਰੰਪਰਾ: ਕਿਸੇ ਸਮੇਂ ਕੁਝ ਵਿਦਵਾਨਾਂ ਨੇ ਦਸਿਆ ਕਿ ਅਖੰਡ ਪਾਠ ਦੀ ਮਰਿਆਦਾ ਸ਼ਾਇਦ ਉਸ ਸਮੇਂ ਸ਼ੁਰੂ ਹੋਈ, ਜਦੋਂ ਸਿੱਖ ਆਪਣੀ ਹੋਂਦ ਕਾਇਮ ਰਖਣ, ਮਜ਼ਲੂਮਾਂ ਦੀ ਰਖਿਆ ਤੇ ਗਰੀਬਾਂ ਦੀ ਮਦਦ ਲਈ ਜੂਝਦੇ ਜੰਗਲਾਂ-ਬੇਲਿਆਂ ਵਿੱਚ ਵਿਚਰਣ ਤੇ ਮਜਬੂਰ ਹੋ ਰਹੇ ਸਨ। ਉਸ ਸਮੇਂ ਦੁਸ਼ਮਣ ਦਾ ਹਮਲਾ ਕਿਸ ਸਮੇਂ ਹੋ ਜਾਏ ਤੇ ਉਨ੍ਹਾਂ ਨੂੰ ਕਦੋਂ ਆਪਣੇ ਆਦਰਸ਼ ਦੀ ਪੂਰਤੀ ਲਈ ਉਨ੍ਹਾਂ ਨੂੰ ਦੁਸ਼ਮਣ ਤੇ ਹੱਲਾ ਬੋਲਣਾ ਪੈ ਜਾਏ, ਇਸ ਸੋਚ ਨੂੰ ਮੁੱਖ ਰਖਦਿਆਂ ਉਨ੍ਹਾਂ ਆਪੋ ਵਿੱਚ ਮਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਅਖੰਡ ਪਾਠ’ ਕਰਨਾ ਅਰੰਭ ਕਰ ਦਿੱਤਾ ਹੋਵੇਗਾ ਤਾਂ ਜੋ ਹਮਲਾ ਹੋਣ ਤੋਂ ਪਹਿਲਾਂ-ਪਹਿਲਾਂ ਪਾਠ ਦੀ ਸੰਪੂਰਨਤਾ ਹੋ ਜਾਇਆ ਕਰੇ। ਕੁਝ ਸਮੇਂ ਤਕ ਤਾਂ ਇਹ ਵਿਸ਼ਵਾਸ ਬਣਿਆ ਰਿਹਾ, ਫਿਰ ਅਚਾਨਕ ਇਹ ਸੁਆਲ ਉਭਰ ਸਾਹਮਣੇ ਆ ਗਿਆ ਕਿ ਸੰਘਰਸ਼ ਦੇ ਸਮੇਂ ਦੌਰਾਨ ਜਦਕਿ ਦੁਸ਼ਮਣ ਦਾ ਹਮਲਾ ਕਿਸੇ ਵੀ ਸਮੇਂ ਹੋ ਸਕਦਾ ਸੀ, ਕਿਵੇਂ ਸੰਭਵ ਹੋ ਸਕਦਾ ਸੀ ਕਿ ਇਹ ਮੰਨ ਲਿਆ ਜਾਂਦਾ ਕਿ ਬਿਨਾਂ ਖੰਡਤ ਹੋਇਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਸੰਪੂਰਨਤਾ ਹੋ ਜਾਇਗੀ? ਇਸ ਕਰਕੇ ਇਹ ਅਨੁਮਾਨ ਲਾਉਣਾ ਸਹਿਜ ਨਹੀਂ ਕਿ ਅਖੰਡ ਪਾਠ ਕਰਨ ਅਤੇ ਕਰਵਾਣ ਦੀ ਮਰਿਆਦਾ ਕਦੋਂ ਅਰੰਭ ਹੋਈ? ਇਸ ਕਾਰਣ ਇਹੀ ਮੰਨਿਆ ਜਾ ਸਕਦਾ ਹੈ ਕਿ ‘ਸਿੱਖ ਰਹਿਤ ਮਰਿਆਦਾ’ ਨਿਸ਼ਚਿਤ ਕਰਨ ਦੇ ਸਮੇਂ ਤੋਂ ਪਹਿਲਾਂ ਇਹ ਪਰੰਪਰਾ ਅਰੰਭ ਹੋ ਚੁਕੀ ਹੋਈ ਸੀ, ਇਸੇ ਕਾਰਣ ਇਸਨੂੰ ਮਰਿਆਦਾ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਇਸਨੂੰ ਰਹਿਤ ਮਰਿਆਦਾ ਵਿੱਚ ਇਨ੍ਹਾਂ ਸ਼ਬਦਾਂ ਨਾਲ ਸ਼ਾਮਲ ਕਰ ਲਿਆ ਗਿਆ:

‘ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ ਕਿਸੇ ਭੀੜਾ ਜਾਂ ਉਤਸਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਅਤੇ ਸ਼ੁਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ।…ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ। ਟੱਬਰ ਦੇ ਕਿਸੇ ਜੀਅ, ਸਾਕ-ਸਬੰਧੀ ਮਿਤ੍ਰ ਆਦਿ ਨਾਲ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਕੋਈ ਮੁਕਰੱਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਇਕਲਾ ਬੈਠ ਆਪੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਸੁਣਦਾ ਨਾ ਹੋਵੇ’।

ਇਹ ਮਰਿਆਦਾ ਤਾਂ ਨਿਸ਼ਚਿਤ ਕਰ ਲਈ ਗਈ ਲਈ ਗਈ, ਪ੍ਰੰਤੂ ਸੁਆਲ ਉਠਦਾ ਹੈ ਕਿ ਕੀ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ਸਹਿਤ ਕਿਸੇ ਵੀ ਇਤਿਹਾਸਕ ਜਾਂ ਆਮ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੀ ਇਸ ਨਿਸ਼ਚਿਤ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਹੈ? ਜਾਂ ਫਿਰ ਅਖੰਡ ਪਾਠਾਂ ਨੂੰ ਆਮਦਨ ਦਾ ਇਕ ਸਾਧਨ ਮਿਥ ਕੇ ਦਰਜਨਾਂ ਦੇ ਹਿਸਾਬ, ਇਨ੍ਹਾਂ ਦੀਆਂ ਲੜੀਆਂ ਚਲਦੀਆਂ ਰੱਖੀਆਂ ਜਾਂਦੀਆਂ ਹਨ। ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ ਅਖੰਡ ਪਾਠ ਰਖਵਾਣ ਲਈ ਵਰਿ੍ਹਆਂ ਬੱਧੀ ਇੰਤਜ਼ਾਰ ਕਰਨ ਲਈ ਵੀ ਕਿਹਾ ਜਾਂਦਾ ਹੈ। ਅਖੰਡ ਪਾਠਾਂ ਦੀ ਵਧਦੀ ਮੰਗ ਨੂੰ ਮੁੱਖ ਰਖ ਕੇ ਕਈ ਗੁਰ-ਅਸਥਾਨਾਂ ਵਿੱਚ ਪਾਠਾਂ ਲਈ ਕਮਰਿਆਂ ਅਤੇ ਕੇਬਿਨਾਂ ਦੀਆਂ ਨਵੀਆਂ ਤੋਂ ਨਵੀਆਂ ਉਸਾਰੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਕਈ ਗੁਰਦੁਆਰਿਆਂ ਵਿੱਚ ਤਾਂ ਇੱਕ ਕੇਬਿਨ ਵਿੱਚ ਇੱਕ ਤੋਂ ਵਧ ਵੀ ਅਖੰਡ ਪਾਠ ਰਖ ਲਏ ਜਾਂਦੇ ਹਨ, ਤਾਂ ਜੋ ਘਟ ਸਮੇਂ ਵਿੱਚ ਜਿਤਨੇ ਵਧੇਰੇ ਪਾਠ ਹੋ ਸਕਣਗੇ, ਉਤਨੀ ਹੀ ਵੱਧੇਰੇ ਆਮਦਨ ਹੋਵੇਗੀ। ਕੀ ਇਹ ਅਖੰਡ ਪਾਠ ਕਰਵਾਣ ਵਾਲੇ ਜਾਂ ਇਨ੍ਹਾਂ ਦੀਆਂ ਲੜੀਆਂ ਚਲਵਾਣ ਵਾਲੇ, ਪੂਰਾ ਸਮਾਂ ਤਾਂ ਦੂਰ ਰਿਹਾ, ਅਖੰਡ ਪਾਠ ਦੀ ਅਰੰਭਤਾ ਜਾਂ ਸਮਾਪਤੀ ਸਮੇਂ ਵੀ ਹਾਜ਼ਰੀ ਭਰਦੇ ਹਨ?

ਇਹੀ ਕਾਰਣ ਹੈ ਕਿ ਅਖੰਡ ਪਾਠਾਂ ਦੇ ਸਬੰਧ ਵਿੱਚ ਕਾਫੀ ਕੁਝ ਸੁਣਨ ਨੂੰ ਮਿਲਦਾ ਰਹਿੰਦਾ ਹੈ। ਕੋਈ ਕਹਿੰਦਾ ਹੈ ਕਿ ਪਾਠੀ ਮੌਕਾ ਵੇਖ ‘ਥੱਬਾ’ ਪਾਠ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਅਰਥਾਤ ਮੌਕਾ ਮਿਲਦਿਆਂ ਹੀ ਉਹ ਬਿਨਾਂ ਪਾਠ ਕੀਤੇ, ਮੁੱਠੀ ਭਰ ਪੰਨੇ ਪਰਤਾ ਦਿੰਦੇ ਹਨ। ਕੁਝ ਸਜਣ ਦਸਦੇ ਹਨ ਕਿ ਜਿਨ੍ਹਾਂ ਨੂੰ ਅਖੰਡ ਪਾਠ ਕਰਵਾਣ ਲਈ ਇੱਛਾ ਅਨੁਸਾਰ ਤਰੀਖ਼ ਨਹੀਂ ਮਿਲਦੀ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ‘ਕੀਤਾ ਕਰਾਇਆ’ ਪਾਠ ਲੈ ਲੈਣ। ਇਸਦਾ ਮਤਲਬ ਪੁਛਿਆ ਜਾਂਦਾ ਹੈ ਤਾਂ ਦਸਿਆ ਜਾਂਦਾ ਹੈ ਕਿ ਜਦੋਂ ਪਾਠੀਆਂ ਨੂੰ ਅਖੰਡ ਪਾਠ ਦੀ ਡਿਊਟੀ ਨਹੀਂ ਮਿਲਦੀ ਤਾਂ ਉਹ ਆਪਣੇ ਤੋਰ ਤੇ ਅਖੰਡ ਪਾਠ ਕਰ ‘ਰਿਜ਼ਰਵ’ ਰਖ ਲੈਂਦੇ ਹਨ ’ਤੇ ਜਿਨ੍ਹਾਂ ਨੂੰ ਇੱਛਾ ਅਨੁਸਾਰ ਪਾਠ ਕਰਾਣ ਦੀ ਤਾਰੀਖ਼ ਨਹੀਂ ਮਿਲਦੀ, ਉਹ ‘ਕੀਤਾ-ਕਰਾਇਆ’ ਪਾਠ ਉਨ੍ਹਾਂ ਨੂੰ ‘ਵੇਚ’ ਦਿੰਦੇ ਹਨ। ਦੂਰ-ਦੁਰਾਡੇ ਤੋਂ ਜਿਨ੍ਹਾਂ ਨੇ ਅਖੰਡ ਪਾਠ ਬੁਕ ਕਰਵਾਇਆ ਹੁੰਦਾ ਹੈ, ਉਨ੍ਹਾਂ ਨੂੰ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਦੇ ਹੁਕਮਨਾਮੇ ਭੇਜ ਦਿਤੇ ਜਾਂਦੇ ਹਨ ਅਤੇ ਉਹ ਉਨ੍ਹਾਂ ਨੂੰ ਸਿਰ-ਮੱਥੇ ਨਾਲ ਛੁਹਾ ਤੇ ਪੜ੍ਹ, ਸੰਤੁਸ਼ਟ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਮੰਨਤ ਪੂਰੀ ਹੋ ਗਈ ਹੈ। ਇਹ ਕੇਵਲ ਉਨ੍ਹਾਂ ਦਾ ਵਿਸ਼ਵਾਸ ਹੀ ਹੁੰਦਾ ਹੈ। ਸੱਚਾਈ ਤਾਂ ਕੇਵਲ ਪਾਠ ਕਰਨ ਵਾਲੇ ਹੀ ਜਾਣਦੇ ਹਨ।

ਇਤਨਾ ਹੀ ਨਹੀਂ ਇਹ ਵੀ ਦਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਇੱਕ ਹੁਕਮਨਾਮੇ ਅਨੁਸਾਰ ਇੱਕ ਅਸਥਾਨ ਪੁਰ ਇੱਕ ਸਮੇਂ ਕੇਵਲ ਇੱਕ ਅਖੰਡ ਪਾਠ ਹੀ ਰਖਿਆ ਜਾਣਾ ਚਾਹੀਦਾ ਹੈ, ਇੱਕ ਥਾਂ ਤੇ ਇਕੋ ਸਮੇਂ ਇੱਕ ਤੋਂ ਵਧ ਅਖੰਡ ਪਾਠ ਰਖੇ ਜਾਣ ਤੇ ਉਨ੍ਹਾਂ ਦੇ ਖੰਡਤ ਹੋਣ ਅਤੇ ਮਰਿਆਦਾ ਅਨੁਸਾਰ ਨਾ ਹੋ ਪਾਣ ਦੀ ਸੰਭਾਵਨਾ ਹੁੰਦੀ ਹੈ। ਪਰ ਕੀ ਇਸ ਆਦੇਸ਼ ਅਨੁਸਾਰ ਮਰਿਆਦਾ ਦਾ ਪਾਲਣ ਨਿਸ਼ਠਾ ਨਾਲ ਕੀਤਾ ਜਾਂਦਾ ਹੈ?

ਸਿਰੋਪਾਉ ਦੀ ਗਲ: ਇਸੇ ਤਰ੍ਹਾਂ ਸਿਰੋਪਾਉ ਦੀ ਪਰੰਪਰਾ ਦੇ ਅਰੰਭ ਹੋਣ ਦੇ ਸਮੇਂ ਦਾ ਵੀ ਅਨੁਮਾਨ ਲਾਇਆ ਜਾ ਸਕਣਾ ਸੰਭਵ ਨਹੀਂ। ਪ੍ਰੰਤੂ ਸਿੱਖ ਧਰਮ ਵਿੱਚ ਪ੍ਰਚਲਤ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ‘ਸਿੱਖ ਧਰਮ ਵਿੱਚ ਸਿਰੋਪਾਉ ਦੀ ਇਕ ਵਿਸ਼ੇਸ ਮਹਤੱਤਾ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਸਿੱਖ ਧਰਮ ਵਿੱਚ ਸਿਰੋਪਾਉ ਦਿੱਤਾ ਨਹੀਂ ਜਾਂਦਾ, ਸਗੋਂ ਸਤਿਗੁਰਾਂ ਦੇ ਨਾਂ ਤੇ ਇਸਦੀ ਬਖ਼ਸ਼ਸ਼ ਕੀਤੀ ਜਾਂਦੀ ਹੈ ਅਤੇ ਇਹ ਬਖ਼ਸ਼ਸ਼ ਕੇਵਲ ਉਸ ਸ਼ਖਸੀਅਤ ਪੁਰ ਹੀ ਹੋ ਸਕਦੀ ਹੈ, ਜਿਸਨੇ ਦੇਸ਼, ਕੌਮ ਜਾਂ ਪੰਥ ਲਈ ਕੋਈ ਅਦੁਤੀ ਤੇ ਪ੍ਰਸ਼ੰਸਾਯੋਗ ਕੰਮ ਕੀਤਾ ਹੋਵੇ ਜਾਂ ਸੇਵਾ ਕੀਤੀ ਹੋਵੇ। ਇਸੇ ਤਰ੍ਹਾਂ ਕਿਰਪਾਨ, ਜੋ ਕਿ ਸਿੱਖੀ ਵਿੱਚ ‘ਕਿਰਪਾ’ ਅਤੇ ‘ਆਨ’ ਦਾ ਸੰਗਮ ਮੰਨੀ ਜਾਂਦੀ ਹੈ, ਨੂੰ ਮਜ਼ਲੂਮ ਦੀ ਅਤੇ ਆਤਮ-ਰਖਿਆ ਲਈ ਹੀ ਵਰਤਿਆ ਜਾਂਦਾ ਹੈ। ਪ੍ਰਿੰ. ਸਤਿਬੀਰ ਸਿੰਘ ਦੇ ਕਥਨ ਅਨੁਸਾਰ ਇਹ (ਕਿਰਪਾਨ) ਆਤਮ-ਸਨਮਾਨ ਦੀ ਰਖਿਆ ਲਈ, ਸਤਿਗੁਰਾਂ ਨੇ ਬਖ਼ਸ਼ੀ ਹੈ, ਜੇ ਇਹ ਕਿਸੇ ਹੋਰ ਦੇ ਹਵਾਲੇ ਕੀਤੀ ਜਾਂਦੀ ਹੈ ਤਾਂ ਇਸਦਾ ਮਤਲਬ ਇਹ ਹੁੰਦਾ ਹੈ ਕਿ ਦੇਣ ਵਾਲੇ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ ਹੈ’।

ਅਜ ਸਿੱਖ-ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਰਖਿਆ ਕਰਨ ਦੇ ਕਹਿੰਦੇ-ਕਹਾਉਂਦੇ ਜ਼ਿਮੇਂਦਾਰ ਸਿੱਖ ਆਗੂ, ਸਿਰੋਪਾਉ, ਗੁਰੂ ਸਾਹਿਬਾਨ ਦੇ ਫੋਟੋ ਅਤੇ ਕਿਰਪਾਨ, (ਸ਼ਾਇਦ ਇਹ ਸਵੀਕਾਰ ਕਰ ਕਿ ਹੁਣ ਉਹ ਆਪ ਆਪਣੀ ਰਖਿਆ ਕਰਨ ਦੇ ਸਮਰਥ ਨਹੀਂ ਰਹਿ ਗਏ) ਲੈ, ਘਰ-ਘਰ ਵੰਡਣ ਤੁਰ ਪੈਂਦੇ ਹਨ। ਤਾਂ ਜੋ ਉਹ ਉਨ੍ਹਾਂ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਸੰਭਾਲ ਲੈਣ।

ਹੋਰ ਤਾਂ ਹੋਰ ਸਤਿਗੁਰਾਂ ਦੀ ਬਖ਼ਸ਼ਸ਼ ‘ਸਿਰੋਪਾਉ’, ਲਗਭਗ ਹਰ ਇਤਿਹਾਸਕ ਅਤੇ ਆਮ ਗੁਰਦੁਆਰੇ ਵਿੱਚ, ਵੇਚੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਨਜ਼ਰ ਆਉਣ ਲਗਾ ਹੈ। ਇਸ ਗਲ ਦਾ ਕੋਈ ਧਿਆਨ ਨਹੀਂ ਰਖਿਆ ਜਾਂਦਾ ਕਿ ਸੌ ਰੁਪਏ ਦੇ ਕੇ ਸਿਰੋਪਾਉ ਪ੍ਰਾਪਤ ਕਰ ਰਿਹਾ ਵਿਅਕਤੀ, ਇਸ ਬਖ਼ਸ਼ਸ਼ ਦਾ ਯੋਗ ਪਾਤਰ ਹੈ ਵੀ ਜਾਂ ਨਹੀਂ। ਸ੍ਰੀ ਦਰਬਾਰ ਸਾਹਿਬ ਤੋਂ ਸਿਰੋਪਾਉ ਵੇਚਣ ਦਾ ਸਿਲਸਿਲਾ ਸ਼ੁਰੂ (ਜੋ ਤਿੱਖਾ ਵਿਰੋਧ ਹੋਣ ਕਾਰਣ ਹੁਣ ਬੰਦ ਕਰ ਦਿੱਤਾ ਗਿਆ ਹੈ) ਕਰਵਾਉਣ ਵਾਲੀ ‘ਸ਼ਖਸੀਅਤ’ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਉਸ ਸਮੇਂ ਦੀ ਮਜਬੂਰੀ ਬਣ ਗਈ ਸੀ, ਜਦੋਂ ਨੀਲਾ ਤਾਰਾ ਸਾਕੇ ਤੋਂ ਬਾਅਦ ਗੁਰੂ ਘਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਸੀ ਅਤੇ ਆਮਦਨ ਘਟ ਗਈ ਸੀ।

…ਅਤੇ ਅੰਤ ਵਿੱਚ: ਹੈਰਾਨੀ ਦੀ ਗਲ ਤਾਂ ਇਹ ਹੈ ਕਿ ਇਹ ‘ਸੌਦਾਗਰੀ’ ਉਨ੍ਹਾਂ ਸਤਿਗੁਰਾਂ ਦੇ ਦਰਬਾਰ ਤੋਂ ਸ਼ੁਰੂ ਕੀਤੀ ਗਈ, ਜਿਨ੍ਹਾਂ ਦੇ ਸਮੇਂ ਦੀ ਮਰਿਆਦਾ-ਪਰੰਪਰਾ ਇਹ ਰਹੀ ਸੀ ਕਿ ਰਾਤ ਨੂੰ, ਇਸ ਵਿਸ਼ਵਾਸ ਨਾਲ ਲੰਗਰ ਦੇ ਭਾਂਡੇ ਮੂਧੇ ਮਾਰ ਦਿਤੇ ਜਾਂਦੇ ਸਨ ਕਿ ਸਵੇਰੇ ਅਕਾਲ ਪੁਰਖ ਆਪ ਇਨ੍ਹਾਂ ਨੂੰ ਭਰੇਗਾ। ਇਤਿਹਾਸ ਗੁਆਹ ਹੈ ਕਿ ਇਹ ਵਿਸ਼ਵਾਸ ਕਦੀ ਵੀ ਨਹੀਂ ਸੀ ਟੁੱਟਾ। ‘ਗੁਰੂ ਦੇ ਲੰਗਰ’ ਵਿੱਚ ਕਦੀ ਵੀ ਤੋਟ ਨਹੀਂ ਸੀ ਆਈ। ਸੋਚਣ ਵਾਲੀ ਗਲ ਇਹ ਹੈ ਕਿ ਕੀ ਇਹ ਸਭ ਕੁਝ ਸਿੱਖ ਮਰਿਆਦਾ, ਪਰੰਪਰਾ ਅਤੇ ਮਾਨਤਾ ਅਨੁਸਾਰ ਹੋ ਰਿਹਾ ਹੈ ਜਾਂ ਫਿਰ ਚਿੱਟੇ ਦਿਨ ਉਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>