ਵਿਰਾਸਤ ਅਤੇ ਸਭਿਆਚਾਰ ਦਾ ਫਰਕ

ਦੋਸਤੋ ਜਦੋਂ ਕੋਈ ਲੇਖਕ ਜਾਂ ਵਿਅਕਤੀ  ਸਭਿਆਚਾਰ ਦੇ ਚੰਗੇ ਮੰਦੇ ਹੋਣ ਦੀ ਗਲ ਕਰਦਾ ਹੈ ਤਦ ਉਹ ਅਸਲ ਵਿੱਚ ਵਿਰਾਸਤ ਦੇ ਰੋਣੇ ਰੋਂਦਾਂ ਹੈ। ਵਿਰਾਸਤ ਹਮੇਸਾਂ ਬੀਤੇ ਵਕਤ ਦੇ ਸਭਿਆਚਾਰ ਦੀ ਕਹਾਣੀ ਕਹਿੰਦੀ ਹੈ ।ਹਰ ਸਮੇਂ ਦਾ ਆਪਣਾ ਸਭਿਆਚਾਰ ਹੁੰਦਾਂ ਹੈ। ਸਭਿਆਚਾਰ ਕਦੀ ਮਾੜਾ ਚੰਗਾ ਨਹੀਂ ਹੁੰਦਾ ਇਹ ਤਾਂ ਵਿਅਕਤੀ ਦੀ ਸੋਚ ਹੀ ਹੁੰਦੀ ਹੈ ਜੋ ਉਸਨੂੰ ਮਾੜੇ ਅਤੇ ਚੰਗੇ ਵਿੱਚ ਵੰਡਦੀ ਹੈ। ਸਮਾਜ ਆਪਣੀਆਂ ਲੋੜਾਂ ਅਨੁਸਾਰ ਵਿਵਹਾਰ ਕਰਦਾ ਰਹਿੰਦਾਂ ਹੈ ਇਸਨੂੰ ਹੀ ਸਭਿਆਚਾਰ ਬੋਲਿਆ ਜਾਂਦਾਂ ਹੈ। ਹਰ ਇਲਾਕੇ ,ਹਰ ਦੇਸ਼ ਹਰ ਕੌਮ ,ਹਰ ਭਾਈਚਾਰੇ ਦੇ ਸਭਿਆਚਾਰ ਵਿੱਚ ਫਰਕ ਹੋਣਾਂ ਆਮ ਗੱਲ ਹੁੰਦੀ ਹੈ। ਪਰ ਫੇਰ ਵੀ ਇਸਦਾ ਰਲਵਾਂ ਮਿਲਵਾਂ ਰੂਪ ਹੀ ਸਮੂਹਕ ਸਭਿਆਚਾਰ ਦਾ ਪਰਗਟਾਵਾ  ਅਤੇ ਪਰੀਭਾਸਾਂ ਹੋ ਨਿਬੜਦਾ ਹੈ।ਸਭਿਆਚਾਰ ਦੇ ਸਬਦ ਰੂਪੀ ਅਰਥ ਹਨ ਸਭਿਅਤਾ + ਆਚਾਰ ਜਾਂ ਆਚਰਣ ਜਿਸ ਦਾ ਭਾਵ ਸਭਿਅਤਾ ਦਾ ਆਚਰਣ ਹੀ ਸਭਿਆਚਾਰ ਅਖਵਾਉਂਦਾ ਹੈ। ਸਭਿਆਚਾਰਕ ਹੋਣ ਦਾ ਦਾਅਵਾ ਕਰਕੇ ਕੋਈ ਚੰਗਾਂ ਹੋਣ ਦਾ ਸਰਟੀਫਿਕੇਟ ਨਹੀਂ ਪਰਾਪਤ ਕਰ ਸਕਦਾ। ਸਮਾਜ ਦਾ ਤਿਰਸਕਾਰਿਆ ਜਾਣ ਵਾਲਾ ਵਰਗ ਵੀ ਸਮਾਜ ਦਾ ਹੀ ਇੱਕ ਅੰਗ ਹੁੰਦਾਂ ਹੈ ਇਤਿਹਾਸ ਜਦ ਫੈਸਲਾ ਕਰਦਾ ਹੈ ਤਦ ਉਹ ਕਿਸੇ ਵਿਸੇਸ ਸਮੇਂ ਦੇ ਸਭਿਆਚਾਰ ਦਾ ਫੈਸਲਾ ਸਮੂਹਕ ਰੂਪ ਵਿੱਚ ਹੀ ਕਰਦਾ ਹੈ।ਵਕਤ ਇੱਕ ਇਹੋ ਜਿਹਾ ਹੁਕਮਰਾਨ ਹੁੰਦਾਂ ਹੈ ਜੋ  ਨਿੱਤ ਨਵੀਆਂ  ਚੀਜਾਂ ਵਸਤਾਂ ਅਤੇ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਪੁਰਾਣੀਆਂ ਹੋਈ ਜਾ ਰਹੀਆਂ ਨੂੰ ਖਤਮ ਕਰਦਾ ਰਹਿੰਦਾਂ ਹੈ। ਜੋ ਖਤਮ ਹੋ ਜਾਂਦਾ ਹੈ ਸਭ ਵਿਰਾਸਤ ਦਾ ਰੂਪ ਹੋ ਜਾਂਦਾਂ ਹੈ। ਜੋ ਕੁੱਝ ਨਵਾਂ ਉਪਜਦਾ ਹੈ ਸਭਿਆਚਾਰ ਦਾ ਰੂਪ ਬਣ ਜਾਂਦਾਂ ਹੈ। ਇਸ ਤਰਾਂ ਸਭਿਆਚਾਰ ਜੀਵਤ ਰੂਪ ਵਿੱਚ ਹੀ ਹੁੰਦਾਂ ਹੈ ਅਤੇ ਵਿਰਾਸਤ ਮੁਰਦਾ ਰੂਪ ਹੁੰਦੀ ਹੈ ਜਿਸਦੀਆਂ ਕੁੱਝ ਯਾਦਾਂ ਮਹਿਕ ਵੰਡਦੀਆਂ ਹਨ ਅਤੇ ਕੁੱਝ ਯਾਦਾਂ ਸੜਿਹਾਦ ਪੈਦਾ ਕਰਦੀਆਂ ਹਨ।

ਕਿਸੇ ਵੀ ਸਮੇਂ ਦੇ ਸਭਿਆਚਾਰ ਦੀ ਗੱਲ ਕਰੋ ਦੋਨੋਂ ਪੱਖ ਚੰਗੇ ਅਤੇ ਮਾੜੇ ਮੌਜੂਦ ਹੁੰਦੇ ਹਨ। ਪੁਰਾਣੇ ਸਮਿਆਂ ਦੀ ਵਿਰਾਸਤ ਦੱਸਦੀ ਹੈ  ਕਿ ਜਿਵੇਂ ਸ੍ਰੀ ਰਾਮ ਦੇ ਜਮਾਨੇ ਵਿੱਚ ਇੱਕ ਪਾਸੇ ਲਾਲਚਾਂ ਦੀ ਬਾਤ ਪੈਂਦੀ ਹੈ ਦੂਸਰੇ ਪਾਸੇ   ਆਪਣੀ ਔਲਾਦ ਲਈ ਕੁਰਸੀ ਪੱਕੀ ਕਰਨ ਵਾਸਤੇ ਦੂਸਰੇ ਦੀ ਔਲਾਦ ਨੂੰ ਬਣਵਾਸ ਦੀ ਸਜਾ ਦਿਵਾਈ ਜਾਂਦੀ ਹੈ।  ਇੱਕ ਪਾਸੇ ਬਾਪ ਦੇ ਹੁਕਮ ਦੀ ਪਾਲਣਾਂ ਦੀ ਮਰਿਯਾਦਾ ਨਿਭਾਈ ਜਾਂਦੀ ਹੈ ਦੂਸਰੇ ਪਾਸੇ  ਲਾਲਚ ਲਈ ਮਰਿਯਾਦਾ ਤੋੜੀ ਜਾਦੀ ਹੈ। ਇਸ ਤਰਾਂ ਹੀ ਗੁਰੂ ਕੇ ਸਹਿਬਜਾਦਿਆਂ ਦੀ ਸਹੀਦੀ ਵਕਤ ਕੋਈ ਹਾ ਦਾ ਨਾਅਰਾ ਮਾਰਦਾ ਹੈ ਕੋਈ ਬੱਚਿਆਂ ਨੂੰ ਸੱਪ ਦੀ ਔਲਾਦ ਦੇ ਖਿਤਾਬ ਦੇ ਰਿਹਾ ਹੈ। ਸੋ ਇਸ ਤਰਾਂ ਹੀ ਸਮਾਜ ਦੇ ਵਰਤਾਰੇ ਆਪੋ ਆਪਣੇ ਸਮੇਂ ਦਾ ਸਭਿਆਚਾਰ ਸਿਰਜਦੇ ਰਹਿੰਦੇ ਹਨ। ਅੱਜ ਦੇ ਸਮੇਂ ਦੇ ਰਾਜੇ ਧਰਮ ਵਿਹੂਣੇ ਹੋ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦੂਸਰੇ ਪਾਸੇ ਕਿਰਤੀ ਲੋਕ ਧਰਤੀ ਦਾ ਧੌਲ ਬਲਦ ਬਣਕੇ ਸਬਰ ਦੇ ਆਸਰੇ ਆਪਣੀ ਲੁੱਟ ਕਰਵਾਕੇ ਵੀ ਦਿਨ ਕੱਟੀ ਕਰੀ ਜਾ ਰਹੇ ਹਨ। ਇੱਕ ਵਰਗ ਸੱਤ ਪੁਸਤਾਂ ਦਾ ਧਨ ਜੋੜ ਕੇ ਵੀ ਬੇਸਬਰਾ ਹੋਇਆ ਪਿਆ ਹੈ ਦੂਸਰਾ ਵਰਗ ਗਰੀਬੀ ਦੀ ਜਿੱਲਤ ਵਿੱਚ ਨਿੱਤ ਦਿਨ ਨਿੱਤ ਦੀ ਰੋਟੀ ਵਾਸਤੇ ਜੂਝਦਾ ਰਹਿੰਦਾਂ ਹੈ। ਸਰਕਾਰਾਂ ਦੇ ਯਾਰ ਅਤੇ ਰਖਵਾਲੇ ਸਰਕਾਰੀ ਮੁਲਾਜਮ ਲੋੜਾਂ ਤੋਂ ਕਿਤੇ ਵੱਧ ਤਨਖਾਹਾਂ ਲੈਕੇ ਵੀ ਆਮ ਲੋਕਾਂ ਨੂੰ ਲੁੱਟਣੋ ਨਹੀਂ ਹੱਟਦੇ ਅਤੇ ਫਿਰ ਵੀ ਨਿੱਤ ਨਵੇਂ ਤਨਖਾਹ ਕਮਿਸਨਾਂ ਦੀ ਮੰਗ ਕਰਦੇ ਹਨ ਦੂਸਰੇ ਪਾਸੇ ਕਿਰਤੀ ਵਰਗ ਨਿੱਤ ਦਿਨ ਟੈਕਸਾਂ ਅਤੇ ਮਹਿੰਗਾਈ ਦੀ ਚੱਕੀ ਵਿੱਚ ਪੀਸਿਆਂ ਜਾ ਰਿਹਾ ਹੈ। ਅੱਜ ਭਾਵੇਂ ਲੁਟੇਰਾ ਮੁਲਾਜਮ ਅਤੇ ਰਾਜਨੀਤਕ ਗੱਠਜੋੜ ਧਰਮਾਤਮਾ ਹੋਣ ਦਾ ਸਰਟੀ ਫਿਕੇਟ ਵੀ ਆਪ ਹੀ ਹਾਸਲ ਕਰੀ ਜਾ ਰਿਹਾ ਹੈ ਅਤੇ ਇਸਨੂੰ ਪੜਿਆਂ ਲਿਖਿਆਂ ਦਾ ਵਿਕਸਿਤ ਸਮਾਜ ਵਾਲੇ ਸਭਿਆਚਾਰ ਦੇ ਦਾਅਵੇ ਕਰ ਰਿਹਾ ਹੈ। ਦੋਸਤੋ ਸਮੇਂ ਅਤੇ ਇਤਿਹਾਸ ਨੇ ਜਦ ਵੀ ਇਸ ਸਮੇਂ ਦੇ ਸਭਿਆਚਾਰ ਦੀ ਬਾਤ ਪਾਵੇਗਾ ਤਦ ਉਹ ਇਸ਼ ਧਰਮਾਤਮਾ ਵਰਗ ਦੀਆਂ ਧੱਜੀਆਂ ਉਡਾਵੇਗਾ । ਅੱਜ ਦੇ ਸਮੇਂ ਨੂੰ ਹਿਟਲਰਾਂ , ਚੰਗੇਜ ਖਾਨਾਂ, ਸਿਕੰਦਰਾਂ ਤੋਂ ਵੀ ਬੁਰਾ ਗਰਦਾਨੇਗਾ। ਸੋ ਦੋਸਤੋ ਕੋਈ ਪੜ ਲਿਖ ਕੇ ਅਤੇ ਸਰਕਾਰਾਂ ਦਾ ਯਾਰ ਬਣਕੇ ਲੋਟੂ ਟੋਲਿਆਂ ਦੇ ਪੱਖ ਵਿੱਚ ਭੁਗਤ ਕੇ ਸਭਿਆਚਾਰਕ ਹੋਣ ਦੇ ਦਾਅਵੇ ਅਸਲ ਵਿੱਚ ਲੋਟੂ ਸਭਿਆਚਾਰ ਦਾ ਪਰਤੀਕ ਹੀ ਹੈ। ਲੋਕ ਪੱਖੀ ਸਭਿਆਚਾਰ ਦੇ ਵਾਰਸਾਂ ਦੀ ਪਛਾਣ ਨਿਤਾਣੇ ,ਨਿਮਾਣੇ, ਨਿਉਟਿਆਂ ਦੀ ਬਾਂਹਾਂ ਬਣਨ ਵਾਲੇ ਹੀ ਹੁੰਦੇ ਹਨ। ਸਾਡਾ ਸਭਿਆਚਾਰ ਜਦ ਵਿਰਾਸਤ ਦਾ ਰੂਪ ਹੋ ਕੇ ਇਤਿਹਾਸ ਬਣ ਜਾਵੇਗਾ ਤਦ ਹੀ ਅਸਲ ਪਤਾ ਲੱਗੇਗਾ ਕਿ ਅੱਜ ਦੇ ਸਮੇਂ ਦਾ ਸਭਿਆਚਾਰ ਕਿਹੋ ਜਿਹਾ ਸੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>