ਬਾਕੀ ਦਾ ਸੱਚ

ਗਾਮੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਦਾ ਕੀ ਕਾਰਨ ਦੱਸੇ, ਕੀ ਉੱਤਰ ਦੇਦੇ ਕਿਸੇ ਨੂੰ ।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ ?

ਐਉਂ ਤਾਂ ਕਦੀ ਵੀ ਨਹੀਂ ਸੀ ਹੋਈ ਵਾਪਰੀ ਉਸ ਨਾਲ । ਐਉਂ ਤਾਂ ਕਦੀ ਵੀ ਘਰ  ਨਹੀਂ ਸੀ ਬੈਠਾ ਉਹ ਲੁਕ ਕੇ ,ਸ਼ਹਿ ਕੇ ।

ਬੈਠ ਹੀ ਨਹੀਂ ਸੀ ਹੋਇਆ ਉਸ ਤੋਂ ।

ਵਰ੍ਹਦੀ ਅੱਗ ‘ਚ ਵੀ ਨਹੀਂ ।

ਤੋਚੀ ਦੇ ਪਾਸਾ ਵੱਟ ਜਾਣ ਦੇ ਬਾਵਜੂਦ ।

ਸੀ ਤਾਂ ਤੋਚੀ ਵੀ ਉਸਦਾ ਜੋਟੀਦਾਰ । ਰਿਹਾ  ਉਹ ਕਈ ਚਿਰ ਉਸ ਦੇ ਅੰਗ-ਸੰਗ। ਸਕੂਲ ਪੜ੍ਹਾਈ ਸਮੇਂ ਤੋਂ ਲੈ ਕੇ ਢੇਰ ਚਿਰ ਪਿੱਛੋਂ ਤੱਕ ।

ਹਰ ਥਾਂ, ਹਰ ਔਖ-ਮੁਸ਼ਕਲ ਵੇਲੇ ।

ਇਹ  ਔਖਾਂ-ਮੁਸ਼ਕਲਾਂ ਵੀ ਉਹਨਾਂ ਇਕੋ ਵੇਲੇ ਸਹੇੜੀਆਂ । ਇਕੱਠਿਆਂ । ਸਕੂਲੀ ਪੜ੍ਹਾਈ ਪੜ੍ਹਦਿਆਂ ।

ਪਰਮਜੀਤ ਮਾਰਟਰ ਤੋਂ ਸਮਝ  -ਪੁੱਛ ਕੇ ।

ਕਿਸੇ ਡੂੰਘੀ ਸੋਚ-ਵਿਚਾਰ ‘ਚ ਖੁੱਭੇ ਦਿਸਦੇ ਪੱਮੀ ਮਾਸਟਰ ਦੀ ਚਾਲ-ਢਾਲ ਉਹਨਾਂ ਦੂਜੇ ਅਧਿਆਪਕਾਂ ਨਾਲੋਂ ਬਿਲਕੁਲ ਵੱਖਰੀ-ਵੱਖਰੀ ਲੱਗਦੀ । ਨਾ ਉਸ ਨੂੰ ਆਪਣੇ ਆਪ ਦੀ ਸੁੱਧ-ਬੁੱਧ ਹੁੰਦੀ, ਨਾ ਲੀੜੇ-ਕੱਪੜੇ ਦੀ । ਕੁੜਤਾ-ਪਜਾਮਾ ਜੇ ਮੈਲਾ ਤਾਂ ਮੈਲਾ ਈ ,ਜੇ ਧੋਤਾ ਤਾਂ ਸਲ੍ਹੀਆਂ ਵਲ੍ਹਾਂ ਨਾਲ਼ ਸ਼ਕਲੋਂ ਬੇ-ਸ਼ਕਲ । ਪੈਰੀਂ ਪਾਈ ਜੁੱਤੀ-ਚੱਪਲ ਵੀ ਘੱਟੇ-ਮਿੱਟੀ ਨਾਲ਼ ਲੱਥ-ਪੱਥ ।

ਬੱਸ ਇਕੋ-ਇਕ ਬਸਤਕ ਸੀ ਪਗੜੀ, ਜਿਸ ਨੁੰ ਖੂਬ ਘੁੱਟ-ਲਿਪੇਟ ਕੇ ਬੰਨ੍ਹਦਾ । ਪੋਚ-ਸੁਆਰ ਕੇ ਰੱਖਦਾ । ਇਸ ਦੇ ਪੋਚੇ-ਸੁਆਰੇ ਲੜਾਂ ਤੋਂ ਉਹ ਅਧਿਆਪਕ ਵੀ ਲੱਗਦਾ ਤੇ ਕੋਈ ਅਫ਼ਸਰ ਵੀ ।

ਗਾਮੀ ਤੋਚੀ ਆਨੇ-ਬਹਾਨੇ ਉਸ ਕੋਲ ਜਾ ਅੱਪੜਦੇ ।

ਬਹੁਤੀ ਵਾਰ ਸਕੂਲੇ ਹੀ ਉਸਦੇ ਕਮਰੇ ‘ਚ ਸਾਇੰਸ ਰੂਮ ‘ਚ । ਵਿਚ ਵਾਰ ਉਸਦੇ ਘਰ , ਉਸਦੇ ਪਿੰਡ ।

ਉਸ ਦਿਨ ਸ਼ਾਇਦ ਪਰਮਜੀਤ ਮਾਸਟਰ ਨੇ ਉਹਨਾਂ ਨੂੰ ਪਿੰਡ ਗਿਆਂ ਨੂੰ ਪਹਿਲੀ ਵਾਰ ਰੋਕਿਆ ਸੀ , ਰਾਤ ਠਹਿਰਨ ਲਈ ਆਪਣੇ ਕੋਲ਼, ਬਾਹਰ ਬੰਬੀ ‘ਤੇ ।….ਉਸਦੀ ਪੇਚਦਾਰ ਪੱਗੜੀ ਹੇਠ ਨੱਪ ਹੋਈ ਬੁਲਬੁਲ ਦੇਖ ਕੇ ,ਹੈਰਾਨੀ ਹੀ ਨਹੀਂ ਅਚੰਭਾ ਹੋਇਆ ਸੀ ਉਹਨਾਂ ਨੂੰ । ਹੋਰ ੳ ਪੰਜ-ਚਾਰ ‘ਓਪਰੇ ਜਿਹੇ ’ ਮਿਲੇ ਸਨ ਉੱਥੇ । ਸਭ ਦੀ ਸ਼ਕਲ ਸੂਰਤ ਇਕੋ –ਲੋੜ ਪੈਣ ਤੇ ਸਿੰਘ-ਬੰਧੂ ,ਕਦੀ-ਕਦਾਈਂ ਮੀਆਂ-ਮੁੱਲਾਂ । ਆਮ-ਦਿੱਖ ਲਈ ਬਾਬੂ ਜੀ । ਤੋਚੀ ਗਾਮੀ ਕਿੰਨਾ ਈ ਚਿਰ ਉਹਨਾਂ  ਵੱਲ ਦੇਖਦੇ ਰਹੇ ਸਨ, ਇਕ-ਟੱਕ । ਦੁਬਿਧਾ ਗ੍ਰਸਤ ਹੋਏ ।

“….ਇਹ ਸਕੁਲ-ਸੂਰਤ ਦੀ ਇਕ-ਸਾਰਤਾ ,ਢੇਰ ਸਾਰਾ ਬਚਾ ਕੀਤੀ ਰੱਖਦੀ ਐ ,ਮਨੁੱਖ-ਮਾਤਰ ਦੀ –ਹੀਣ –ਭਾਵਨਾ , ਉੱਚ-ਭਾਵਨਾ ਦੇ ਮੋਨੋਰੋਗ ਤੋਂ…..”ਪੱਮੀ ਮਾਸਟਰ ਦੇ ਇਸ ਸਿੱਧੇ-ਸਾਧੇ ਵਾਕ ਨੇ ਤੋਚੀ ਨੂੰ ਤਾਂ ਰਤੀ ਭਰ ਵੀ ਸਹਿਜ ਨਹੀਂ ਸੀ ਕੀਤਾ ਪਰ ਗਾਮੀ ਅੰਦਰਲੇ ਤੌਖਲੇ ਨੂੰ ਕਾਫੀ ਸਾਰੀ ਰਾਹਤ ਮਿਲੀ ਸੀ ,ਮੁੱਖ-ਅਧਿਆਪਕ ਪੰਡਿਤ ਤੀਰਥ ਰਾਮ ਵੱਲੋਂ ਪ੍ਰਾਥਨਾ ਥੜੇ ਤੋਂ ਨਿੱਤ ਦਿਨ ਮਿਲਦੀਆਂ  ਨਸੀਅਤਾਂ-ਹਦਾਇਤਾਂ ਨਾਲ ਇਕ-ਮਿੱਕ ਹੋ ਕੇ, ਜੀਵਨ ਸੰਬੰਧੀ , ਪੜ੍ਹਾਈ ਸੰਬੰਧੀ , ਅਨੁਸ਼ਾਸ਼ਨ ਸੰਬੰਧੀ , ਖਾਸ ਕਰ ਵਰਦੀ ਅਨੁਸ਼ਾਸ਼ਨ ਸੰਬੰਧੀ । “….ਇਹ ਸਕੂਲ ਯੂਨੀਫਾਰਮ , ਇਕੋ-ਵਰਗੀ ਦਿੱਖ,ਹਰ ਬੱਚੇ ਦੇ ਇਕ-ਬਰਾਬਰ ਦਿੱਸਣ ਦਾ ਸਭ ਤੋਂ ਪਹਿਲਾ ਅਧਾਰ  ਹੁੰਦੀ ਐ ।ਕਲਾਸ ਕਮਰੇ ‘ਚ ਬੈਠਾ ਨਾ ਕੋਈ ਵਿਦਿਆਰਥੀ ਅਮੀਰ ਘਰੋਂ ਆਇਆ ਲੱਗਦਾ, ਨਾ ਗ਼ਰੀਬ ਘਰੋਂ ….ਜਾਤੀ –ਜਮਾਤੀ ਉੱਚ-ਭਾਵਨਾ,ਹੀਣ-ਭਾਵਨਾ ਤੋਂ ਬਿਲਕੁਲ ਮੁਕਤ । “

ਸਕੂਲੀ ਪੜ੍ਹਾਈ ਪੜ੍ਹਦਾ ਗਾਮੀ ਸੱਚ-ਮੱਚ ਹੀ ਕਿਸੇ ਜਾਤੀ-ਜਮਾਤੀ ਹੀਣ-ਭਾਵਨਾ ਦਾ ਸ਼ਿਕਾਰ ਨਹੀਂ ਸੀ ਹੋਇਆ । ਨਾ ਹੀ ਉਸਦੇ ਕਿਸੇ ਸੰਗੀ-ਸਾਥੀ, ਹਾਣੀ-ਬੇਲੀ ਨੇ ਉਸਦੇ ਮਾਂ-ਪਿਓ ਦੀ ਬਰਾਦਰੀ ਹੋਂਦ ਦਾ ਜ਼ਿਕਰ ਕੀਤਾ ਸੀ ਨਾਲ਼। ਉਹਨਾਂ ਦੇ ਬੇ-ਜ਼ਮੀਨੇ ਦਿਹਾੜੀਦਾਰ ਹੋਣ ਦਾ ਮਿਹਣਾ ਜਿਹਾ ਮਾਰਕੇ ।

ਪਰ,ਰਤਾ ਕੁ ਵੱਡੇ ਹੋਏ ਨੂੰ ,ਕਾਲਜ ਦੀ ਜੂਹ ‘ਚ ਘੁੰਮਦੇ-ਫਿਰਦੇ ਨੂੰ ਪਤਾ ਨਈਂ ਕਿਵੇਂ ਇਹਨਾਂ ਸੰਗਿਆਵਾਂ ਦੀ ਪਰਛਾਈ ਪਹਿਲਾਂ ਉਸਦੇ ਧੁਰ ਅੰਦਰ ਕਿਧਰੇ ਉੱਸਲਵੱਟੇ ਲੈਣ ਲੱਗ ਪਈ ਫਿਰ ਉਸਦੇ ਤਨ-ਬਦਨ ਨੂੰ ਅੱਛਾ-ਖਾਸਾ ਠਾਰਨ ਸੇਕਣ ਲੱਗ ਪਈ । ਕਿਤਾਬੀ ਪੜ੍ਹਾਈ ਕਰਦਿਆਂ ਉਸਦਾ ਧਿਆਨ ਉੱਖੜ-ਉੱਖੜ ਪੈਣ ਲੱਗ ਪਿਆ । ਉਸਨੂੰ ਕਲਾਸੋਂ ਅੰਦਰ-ਬਾਹਰ ਆਉਂਦੇ ਜਾਂਦੇ ਨੂੰ ਇਉਂ ਲੱਗਦਾ, ਜਿਵੇਂ ਥਾਂ-ਪੁਰ-ਥਾਂ ਮਿਲੀ –ਟੱਕਰੀ ਵਿਹਲੀ ਮੰਢੀਰ ਉਸ ਵੱਲ ਹੋਰੂੰ-ਹੋਰੂੰ ਜਿਹਾ ਝਾਕਦੀ ਰਹੀ ਹੋਵੇ । ਉਸ ਨੂੰ ਲੈਂਡ-ਲੈੱਸ ਕੰਮੀ-ਕਾਮਾਂ ਜਾਂ ਦਿਹਾੜੀ ਕੁੱਟ ਵਰਗੇ ਲੇਖਾਂ-ਸਿਰਲੇਖਾਂ ਨਾਲ਼ ਯਾਦ ਕਰਦੀ ਰਹੀ ਹੋਵੇ – ਉਸਦਾ ਸਾਦ-ਮੁਰਾਦਾ ਪਹਿਰਾਵਾ ਦੇਖ ਕੇ ਜਾਂ ਉਸਦੇ ਚਿਹਰੇ ‘ਤੇ ਉੱਕਰੀ ਹੋਈ ਬੇ-ਜ਼ਮੀਨੇ ਘਰ ਦੀ ਆਭਾ ਸਾਫ਼-ਸਾਫ਼ ਦਿਸਦੀ ਹੋਣ ਕਰਕੇ । ਵਰਦੀ-ਅਨੁਸ਼ਾਸ਼ਨ ਊਈਂ ਖਾਰਜ ਸੀ ਕਾਲਜੋਂ ।

ਮਾਂ-ਬਾਪ ਦੇ ਗੁੱਸੇ-ਰਾਜ਼ੀ ਹੋਣ ਦੇ ਬਾਵਜੂਦ ਬਣਾਈ ਪੱਮੀ ਮਾਸਟਰ ਵਰਗੀ ਸ਼ਕਲ-ਸੂਰਤ ਨੇ ਤਾਂ ਉਸ ਲਈ ਹੋਰ ਵੀ ਬਿਪਤਾ ਖੜ੍ਹੀ ਕਰ ਛੱਡੀ – ਹਰ ਜਾਣ-ਅਣਜਾਨ ਉਸ ਕੋਲੋਂ ਦੀ ਲੰਘਦਾ, ਮੁਸਕੜੀਏ ਹੱਸਦਾ, ਕੋਈ ਜਣਾ ਟਾਂਚ-ਟਕੋਰ ਵੀ ਲਾਉਂਦਾ ।

ਇਸ ਸਾਰੀ ਲੱਗ-ਲਬੇੜ ‘ਚ ਉਹ ਲਿਖਣ-ਪੜ੍ਹਨ ਕਾਰਜ ਵੱਲੋਂ ਅਵੇਸਲਾ ਹੁੰਦਾ  ਗਿਆ ।ਅਸਲੋਂ ਹੀ ਢਿੱਲਾ । ਕਈ ਕਈ ਨਾਗੇ ਕਰਦਾ, ਉਹ ਕਾਲਜ ਜਾਣੋਂ ਬੰਦ ਈ ਹੋ ਗਿਆ । ਘਰ ਬੈਠ ਗਿਆ । ਪਰ, ਇਉਂ ਨਈਂ ਹੁਣ ਬੈਠ ਗਿਆ ਸੀ ।ਸਾਹ ਸੂਤ ਕੇ, ਗੁੰਮ ਸੁੰਮ ਹੋ ਕੇ ।ਚੰਗਾ ਭਲਾ ਕਾਰ ਕਿੱਤੇ ਲੱਗਾ, ਮੁਨਸ਼ੀਗੀਰੀ ਦੇ ।ਸ਼ਾਮ ਬਾਬੂ ਦੇ ਭੱਠੇ ‘ਤੇ ।

ਉਦੋਂ ਉਸਨੂੰ ਕਿੰਨੀ ਸਾਰੀ ਸਮਝ-ਬੂਝ ਹੈ ਸੀ । ਦੱਸ ਸਕਦਾ ਸੀ । ਸਮਝਾ ਸਕਦਾ ਸੀ ਹਰ ਕਿਸੇ ਨੂੰ ,ਪੱਮੀ ਮਾਸਟਰ ਦੀ ਬਦੌਲਤ – ਜੋ ਕੁਝ ਉਹ ਕਰ ਰਿਹੈ । ਜਿੰਨਾ ਕੁ ਪੜ੍ਹ-ਲਿਖ ਰਿਹੈ । ਜੀਹਦੇ ਲਈ ਲਿਖ ਪੜ੍ਹ ਰਿਹੈ । ਉਸਦੀ ਲਿਖਾ-ਪੜ੍ਹੀ ਦੇ ਕਿੰਨੇ ਗੁਣੇ ਪੈਣੇ ? ਕੀ ਮਿਲੂ ਉਸਨੂੰ ? ਉਸਦੇ ਮਾਤਾ-ਪਿਤਾ ਨੂੰ ? ਕਿੰਨਾ ਕੁ ਲਾਭ ਹੋਊ  ਉਸ ਨੂੰ ‘ਨੌਕਰੀ ’ ਦੇਣ ਵਾਲੇ ਨੂੰ । ਕੰਮ ਤੇ ਰੱਖਣ ਵਾਲੇ ਮਾਲਕ ਨੂੰ ? ਹੁਣ…ਹੁਣ ਮੁਨਸ਼ੀਗੀਰੀ ਦੀ ਢਾਈ ਹਜ਼ਾਰ ਤਨਖਾਹ ਛੱਡ ਕੇ ਉਸ ਤੋਂ ਕੁਝ ਵੀ ਨਹੀਂ ਸੀ ਦੱਸ ਹੋ ਰਿਹਾ , ਕਿਸੇ ਨੂੰ ।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਨਹੀਂ ।

ਉਸਦੀ ਸਾਰੀ ਸਮਝ –ਸੂਝ ਜਿਵੇਂ ਇਸ ਥਾਂ ਆ ਕੇ ਜਵਾਬ ਦੇ ਗਈ ਹੋਵੇ , ਅਟਕ ਗਈ ਹੋਵੇ ।

ਤੋਚੀ ਨੇ ਵੀ ਇਸ ਵਾਰ ਉਸਨੂੰ ਸਲਾਹ-ਮਸ਼ਵਰੇ ਦੀ ਥਾਂ ਚੰਗੀ ਭਰਵੀਂ ਚੋਭ ਲਾਈ , ਜ਼ਰਾ ਲੁਕਵੇਂ ਢੰਗ ਨਾਲ –“ ਜਦੋਂ ਵੇਲਾ ਸੀ , ਉਦੋਂ ਹਿੱਲਿਆ ਨਈਂ ਤੁਰਿਆ ਨਈ ਕਿਸੇ ਬੰਨੇ । ਉਦੋਂ ਹਾਅ ਬਾਬੂਗੀਰੀ ਜਿਹੀ ਘੁੱਟ ਕੇ ਫੜੀ ਰੱਖੀ….ਹੁਣ ਕੀ ਲੱਭੂ ਉੱਥੋਂ ? …..ਹੁਣ ਆਪਣੇ ਵਲ਼ ਨਈਂ ਤਾਂ ਬੁੱਢੇ ਮਾਂ-ਪਿਓ ਅੱਲ ਈ ਦੇਖ ਲਾਆ ਕਸ਼ ….!!”

….ਬੁੱਢੇ ਮਾਂ ਪਿਓ ਵੱਲ ‘ਦੇਖਣ ’ ਖਾਤਰ ਹੀ ਤਾਂ ਗਾਮੀਂ ਨੇ ਸ਼ਾਮ ਬਾਬੂ ਦੀ ਨੌਕਰੀ ਕਰਨੀ ਠੀਕ ਸਮਝੀ ਸੀ , ਉਨ੍ਹੀ ਦਿਨੀਂ । ਇਕੋ ਵਾਰ ਭਵਾਕਾ ਮਾਰ ਕੇ ਕੁਝ ਜਾਣ ਦੀ ਥਾਂ ਉਸਨੇ ਨਿੰਮੀ-ਨਿੰਮੀ ਲਾਟੇ ਜਗਦੇ ਰਹਿਣਾ ਮੁਨਾਸਿਬ ਸਮਝਿਆ , ਨਹੀਂ ਤਾ ਉਦੋਂ ਦੇ ਝੱਖੜ-ਝਾਂਜੇ ‘ਚ ਕੀ ਪਤਾ ਲੱਗਦਾ ਸੀ , ਕਿਹੜਾ ਕੀ ਕਰ ਗਿਆ, ਕਿਹੜਾ ਕਿੰਨਾ ਰੱਖ ਗਿਆ ।

ਉਦੋਂ ਅਜੇ ਕਾਫੀ ਸਾਰੀ ਲਾਗ ਬਾਕੀ ਸੀ ਉਸ ‘ਤੇ ….ਪੱਮੀ ਮਾਸਟਰ ਤੋਂ ਗ੍ਰਹਿਣ ਕੀਤੀ ਸ਼ਿਖਸ਼ਾ ਦੀ । ….ਭੱਠੇ ਦਾ ਕੰਮ ਕਾਰ ਕਰਦਾ ਵੀ ,ਉਹ ਆਪਣੇ ਕੰਮ ਲੱਗਾ ਰਹਿੰਦਾ । ਪੜ੍ਹਨ-ਪੜ੍ਹਾਈ ਦੇ ।  ਸਕੂਲ ਵੇਲੇ ਤੋਂ ਲੱਗੀ ਚੇਟਕ, ਪੜਾ-ਵਾਰ ਪੱਕੀ ਹੁੰਦੀ ਗਈ । ਕਾਲਜ ਛੱਡਣ ਪਿੱਛੋਂ ਹੋਰ ਵੀ ਪੱਕੀ । ਪੱਮੀ ਮਾਸਟਰ ਨੇ ਉਸ ਨੂੰ ਕੰਮ ਵੀ ਉਹੋ ਜਿਹਾ ਸੌਂਪਿਆ , ਉਸਦੇ  ਮਨਭਾਉਂਦਾ । ਕਾਲਜੋਂ ਵਿਹਲਾ ਹੋਏ ਨੂੰ । ਚੁਸਤ-ਫੁਰਤੀਲਾ ਹੋਣ ਕਰਕੇ – ‘ਲੁਪਤ-ਗੁਪਤ ਛਪਦੇ ਪੱਤਰ-ਪੁਸਤਕਾਂ , ਲੁਪਤ-ਗੁਪਤ ਥਾਵਾਂ ਤੇ ਅੱਪੜਦੀਆਂ ਕਰਨਾ । ਵੇਲੇ-ਕੁਵੇਲੇ । ਰਾਤ-ਬਰਾਤੇ । ਬੜੀ ਚੌਕਸੀ ਨਾਲ । ਇਕ ਥਾਂ ਤੋ ਦੂਜੀ ਥਾਂ । ਦੂਜੀ ਤੋਂ ਤੀਜੀ , ਤੀਜੀ ਤੋਂ ਅੱਗੇ ।

ਇਸ ਢੋਆ-ਢੁਆਈ ‘ਚ ਉਸ ਨੂੰ ਇਕ ਵਾਰ ਐਹੋ ਜਿਹੀ ਚੀਜ਼-ਵਸਤ ਚੱਕਣੀ ਪਈ, ਜਿਸ ਨੂੰ ਦੇਖਦੇ ਇਕ ਵਾਰ ਤਾਂ ਉਹ ਊਈਂ ਬੌਂਦਲ ਗਿਆ – ਵੱਡੀ ਬੋਰੀ ਦੇ ਉਛਾਲ ‘ਚ ਲਿਪਟੀ ਜੰਗਾਲੀ ਜਿਹੀ ਥਰੀ-ਨਾਟ ਥਰੀ ,ਰਾਈਫ਼ਲ ।

ਫਿਰ ਥੋੜਾ ਕੁ ਸੰਭਲ ਕੇ ਬੜੀ ਚੌਕਸੀ ਨਾਲ਼, ਹੋਰ ਵੀ ਤੜਕਸਾਰ ਉੱਠ ਕੇ ਆਪਣਾ ਕਾਰਜ ਸਿਰੇ ਚਾੜ੍ਹਿਆ , ਡਰਦੇ –ਡਰਦੇ ਨੇ , ਪਰ ਛੇਤੀ ਹੀ ਉਸਦੇ ਕਦਮ ਪਹਿਲੀ ਚਾਲੇ ਹੋ ਤੁਰੇ ਸਨ । ਆਉਂਦੇ ਗੇੜਿਆ ਲਈ । ਨਿਡਰ ਜਿਹੇ ਬਣ ਕੇ , ਨਿਰ ਭੈਅ ਜਿਹੇ ਹੋ ਕੇ ।

ਸ਼ਾਮ ਬਾਬੂ ਦੇ ਭੱਠੇ ਦੀ ਮੁਨਸ਼ੀਗੀਰੀ ਕਰਦਾ ਵੀ , ਉਹ ਕਿਸੇ ਤੋਂ ਕਦੀ ਨਹੀਂ ਸੀ ਡਰਿਆ ।

ਨਾ ਸਰਪੰਚ ਦੀਆਂ ਗਿੱਦੜ-ਭਵਕੀਆਂ ਤੋਂ , ਨਾ ਬਾਵੇ ਦੇ ਸਿੱਧੇ ਹਮਲੇ ਤੋਂ ।

ਜੇ ਉਹ ਚਾਹੁੰਦੇ ਤਾਂ ਅੱਖ  ਫਰੋਕੇ ਅੰਦਰ ਹੀ ਢੇਰੀ ਕਰ ਸਕਦੇ ਸਨ ਗਾਮੀ ਨੂੰ । ਪਰ, ਉਨ੍ਹਾਂ ਕੀਤਾ ਨਾ , ਉਸਦੇ ਪੂਰਬਲੇ ਇਤਿਹਾਸ ਤੋਂ ਵਾਕਿਫ ਹੋਣ ਕਰਕੇ । ਤੋਚੀ ਰਾਹੀਂ । ਤੋਚੀ ਰਾਹੀਂ ਹੀ ਉਹਨਾਂ ਗਾਮੀ ਨੂੰ ਆਖ ਵੀ ਭੇਜਿਆ , ਤਾੜਨਾ ਵੀ ਕੀਤੀ ਸੀ ਕਈ ਵਾਰ -…ਭਲਾ-ਮਾਣਸ ਬਣ ਕੇ ਦਾੜ੍ਹੀ-ਕੇਸ ਕਤਲ ਕਰਨੇ ਛੱਡ ਨਈਂ ਤਾਂ, ਤੈਨੂੰ ….ਵਿਚੇ ਈ ਤੇਰੇ ਸਿਰ-ਘਸੇ ਜਿਹੇ ਬਾਊ ਨੂੰ …..।“

ਗਾਮੀ  ਨੂੰ ਉਹਨਾਂ ਦੇ ਖੋਖਲੇ ਜਿਹੇ ਦਬਕੇ-ਦਬਾਕਿਆਂ ਦਾ ਇਲਮ ਸੀ , ਮੂੰਹ-ਜ਼ਬਾਨੀ ਦੀਆਂ ਗਿੱਦੜ-ਭਵਕੀਆਂ ਦਾ । ਉਹ ਨਾ ਤਾਂ ਸ਼ਾਮ ਬਾਬੂ ਨੂੰ ਈ ਸੱਟ-ਪੇਟ ਮਾਰ ਕੇ ਰਾਜ਼ੀ ਸਨ,  ਨਾ ਗਾਮੀ ਨੂੰ । ਸੋਨੇ ਦੇ ਆਂਡੇ ਦਿੰਦੇ ਸਨ ਦੋਨੋਂ ।…ਗਾਮੀ ਨੁੰ ਤਾਂ ਉਹ ਜੋੜਨਾ ਚਾਹੁੰਦੇ ਸਨ ਪੱਕੀ ਤਰ੍ਹਾਂ ਆਪਦੇ ਨਾਲ਼ ਆਪਣੀ ਲਹਿਰ ਨਾਲ਼ । ਦੂਜੇ ਵੰਨਿਉਂ ਤੋੜ ਕੇ ।

ਇਸ ਕੰਮ ਲਈ ਉਹਨਾਂ ਸੱਦਿਆ ਵੀ ਉਸ ਨੂੰ ਦੋ-ਤਿੰਨ ਵਾਰ, ਬਾਹਰ ਕਿਸੇ ਥਾਂ ।ਗਾਮੀ ਗਿਆ ਵੀ ਦੱਸੇ ਸਮੇਂ ‘ਤੇ  ਦੱਸੇ ਟਿਕਾਣੇ ‘ਤੇ । ਜਾ ਕੇ ਪੇਸ਼ ਵੀ ਹੋਇਆ ਉਹਨਾਂ ਦੀ ਕਚਹਿਰੀ ‘ਚ ਪਰ ਉਹ …ਉਹਨਾਂ ਪੇਸ਼ਕਸ਼ ਪ੍ਰਵਾਨ ਕਰਨ ਲਈ ਕਿਸੇ ਵੀ ਤਰ੍ਹਾਂ ਹਾਂ ਨਹੀਂ ਸੀ ਕਰ ਸਕਿਆ ।

ਆਖਿਰ ਉਹਨਾਂ ਇਕ ਦਾਅ ਹੋਰ ਵਰਤਿਆ । ਗਾਮੀ ਦੀ ਵਜ੍ਹਾ-ਕਤਾ ਦਾ, ਉਸਦਾ ਥੋੜ੍ਹਾ ਕੁ ਜਾਣੂ-ਪਛਾਣੂ ਬੰਦਾ ਬੜੀ ਉਚੇਚ ਨਾਲ਼ ਉਸਦੇ ਪਿੱਛੇ ਲਾ ਦਿੱਤਾ ।

ਥੋੜਾ ਕੁ ਫੇਰ ਵਗਲ਼ ਪਾ ਕੇ ।

ਉਸ ਨੇ ਕਾਫੀ ਸਾਰੀ ਸਾਂਝ-ਭਿਆਲੀ ਕਾਇਮ ਕਰਕੇ ਇਕ ਦਿਨ ਗਾਮੀ ਦੀ ਦੁਖਦੀ ਰਗ ਟੋਹ ਲਈ , ਟੋਹੀ ਈ ਨਹੀਂ ਅੱਛੀ ਖਾਸੀ ਛੇੜ ਵੀ ਛੱਡੀ – ਉਸਨੂੰ ਬੇ-ਜਮੀਨਾ ਹੋਣ ਦਾ ਮਿਹਣਾ ਜਿਹਾ ਮਾਰਕੇ । ਜ਼ਿਮੀਂ-ਮਾਲਕੀ ਨਸ਼ੇ ਤੋਂ ਵਾਂਝਾ ਹੋਣ ਦਾ ਉਲ੍ਹਾਮਾ ਜਿਹਾ ਦੇ ਕੇ । ਗੱਲਾਂ-ਗੱਲਾਂ ‘ ਚ ।

ਪੱਮੀ ਮਾਸਟਰ ਨਾਲ ਘੁੰਮਦਿਟਾਂ –ਵਿਚਰਦਿਆਂ ਤਾਂ ਗਾਮੀ ਨੇ ਇਸ ਰਗ ਨੂੰ ਭਰਨੋਂ-ਫਿਸਣੋਂ ਕਾਫੀ ਸਾਰਾ ਰੋਕੀ ਰੱਖਿਆ ਸੀ । ਮੁਨਸ਼ੀਗੀਰੀ ਦੇ ਟੌਰ੍ਹ-ਟੱਪੇ ਨੇ ਵੀ ਇਸ ਦੇ ਫੁਰਕਣ-ਫੱਟਕਣ ਦਾ ਕਦੀ ਚੇਤਾ ਨਹੀਂ ਸੀ ਆਉਣ ਦਿੱਤਾ । ਪਰ, ਉਸਦੀ ਵਜ੍ਹਾ-ਕਤਾ  ਵਾਲੇ  ਬੰਦੇ ਨੇ ਉਸਦੀ ਉਦੋਂ ਤੱਕ ਦੀ ਰੱਖ-ਸੰਭਾਲ ਕਾਫੀ ਸਾਰੀ ਖਿੰਡ ਬਿਖੇਰ ਦਿੱਤੀ । …ਉਸਦੇ  ਭਲੇ-ਚੰਗੇ ਚਲਦੇ-ਫਿਰਦੇ ਅੰਗ ਪੈਰ ਮੁੜ ਤੋਂ ਅਚੋਆਈ ਜਿਹੀ,ਤੋੜਾ-ਖੋਹੀ ਜਿਹੀ ਦੀ ਗ੍ਰਿਫ਼ਤ ਅੰਦਰ ਕੱਸੇ ਗਏ ।

‘…ਅਜੇ ਵੀ ਡੁੱਲ੍ਹੇ ਬੇਰਾਂ ਦਾ…..,’ਬੱਸ ਐਨੀ ਕੁ ਗੱਲ ਗਾਮੀ ਦੇ ਮੱਥੇ ‘ਚ ਖੁਣ ਕੇ, ਉਸਨੇ ਉਵੇਂ ਦੀ ਉਵੇਂ ਬਾਤ-ਵਾਰਤਾ ਸਰਪੰਚ ਨੂੰ ਜਾ ਦੱਸੀ ।

ਅਗਲੇ ਹੀ ਦਿਨ ਸਰਪੰਚ ਗਾਮੀ ਕੋਲ ਪਹੁੰਚ ਗਿਆ ਸੀ ,ਹਨੇਰੇ ਪਏ । ਮਾਣ –ਮੱਤਾ ।

ਗਾਮੀ ਜਾਣ ਈ ਲੱਗਾ ਸੀ ਘਰ ਨੂੰ । ਚਾਬੀ ਲਾਉਣ ਈ ਲੱਗਾ ਸੀ ਬਾਹਰਲੇ ਜਿੰਦਰੇ ਨੂੰ । ਸਰਪੰਚ ਦਾ ਖੰਗੂਰਾ ਸੁਣ  ਕੇ ਥਾਏਂ ਜੰਮ ਗਿਆ । ਉਸ ਅੰਦਰਲੀ ਧੜਕਣ , ਇਕ ਵਾਰ ਤਾਂ ਪੂਰੇ ਜ਼ੋਰ ਦੀ ਬੜਕ ਕੇ ਜਿਵੇਂ ਰੁਕਣ ਕੰਢੇ ਪਹੁੰਚ ਗਈ ਸੀ ।

“ ਕਿਉ ਡਰ ਗਿਆ…।“ ਸਰਪੰਚ ਨੂੰ ਹੂੰ-ਹਾਂ ਕਹਿਣ ਦੀ ਹਿੰਮਤ ਵੀ ਗਾਮੀ ਅੰਦਰ ਘੜੀ ਪਲ ਅਟਕ ਕੇ ਪੈਦਾ ਹੋਈ ਸੀ ,ਉਸਦਾ ਭਾਰਾ ਮੁਲਾਇਮ ਹੱਥ ਮੋਢੇ ‘ਤੇ ਟਿਕਿਆ ਦੇਖ ਕੇ ।

“…ਆਹ ਲੈ ਫੜ੍ਹ, ਸਾਂਭ । ਰਾਖ ਕਰੂ ਤੇਰੀ । ਤੈਨੂੰ ਤਾਂ ਫਿਕਰ ਨਈਂ ਅਪਣੀ, ਮੈਨੂੰ ਤਾਂ ਹੈਅ ਨਾ । “ ਕੱਲਾ-ਕੈਰ੍ਹਾਂ ਹੁੰਨਾ ਤੂੰ ਭੱਠੇ ‘ਤੇ । ਨ੍ਹੇਰੇ-ਸਵੇਰੇ ਆਉਣਾ-ਜਾਣ ਹੁੰਦਾਅ ਪਿੰਡ ਨੂੰ । ਹੋਰ ਨਾ ਜਾਹ ਜਾਂਦੀ ਏ….। ਊਂ ਵੀ ਤੇਰੇ ਆਹ ਬਾਊ ਕੰਜਰ ਦੀ ਬੋਲ-ਬਾਣੀ…..,” ਬੰਦ ਭਿੱਤਾਂ ਨਾਲ ਢੋਅ ਲਾਈ ਖੜੇ ਸਰਪੰਚ ਨੇ ਉਸਨੂੰ ਕਈ ਸਾਰੀਆਂ ਗੱਲਾਂ ਹੋਰ ਵੀ ਕਹੀਆਂ । ਕਈ ਸਾਰੀਆਂ ਹਦਾਇਤਾਂ ਹੋਰ ਵੀ ਦਿੱਤੀਆਂ ।ਉਹ ਜਿਵੇਂ ਉਸਨੂੰ ਸੁਣੀਆਂ ਈ ਨਾ ਹੋਣ । ਉਸਦੀ ਸੁਰਤ-ਬਿਰਤੀ ਤਾਂ ਕਿਧਰੇ ਹੋਰ ਈ ਪਾਸੇ ਜੁੜੀ ਰਹੀ ਸੀ –ਅੱਧੀ ਕੁ ਸ਼ਾਮ ਬਾਬੂ ਦੀ ਬੋਲ ਬਾਣੀ ਨਾਲ਼, ਭੱਠਾ ਲੇਬਰ ਨਾਲ ਉਸਦੇ ਵਰਤੋਂ-ਵਿਹਾਰ ਨਾਲ਼। ਜਿਸ ਵਿਚ ਗਾਮੀ ਆਪਣੇ ਆਪ ਨੂੰ ਵੀ ਸ਼ਾਮਲ ਸਮਝਦਾ ਸੀ । ਤੇ ਅੱਧੀ ਕੁ ਸਰਪੰਚ ਦੇ ਬਦਲੇ ਵਤੀਰੇ ਨਾਲ਼ ।….ਸਰਪੰਚ ਨੇ ਇਸ ਵਾਰ ਸ਼ਾਮ ਬਾਬੂ ਨੂੰ ਤਾਂ ਸਿਰ ਘਸਿਆ ਕਹਿਣ ਤੋਂ ਵੀ  ਤਿੱਖੀ ‘ਕੰਜਰ ’ ਹੋਣ ਤਕ ਦੀ ਤੋਹਮਤ ਲਾਈ , ਪਰ ਗਾਮੀ ਨੂੰ ਉਸਦੀ ਸ਼ਕਲ-ਸੂਰਤ  ਦਾ ਕੋਈ ਉਲ੍ਹਾਮਾ ਨਹੀਂ ਸੀ ਦਿੱਤਾ । ਗਾਮੀਂ ਦੇ ਰੱਖ-ਬਚਾ ਦੀ ਸਾਰੀ ਚਿੰਤਾ ਵੀ ਸਰਪੰਚ ਨੇ ਆਪਣੀ ਨਿੱਜੀ ਫਿਕਰਮੰਦੀ ‘ਚ ਸ਼ਾਮਲ ਕਰ ਲਾਈ ਸੀ , ਇਸ ਵਾਰ ।

ਉਸਦੀਆਂ ਧਮਕੀਆਂ ਡਰਾਉਂਣੀਆਂ ਹੁਣ ਤੱਕ, ਭਾਵੇਂ ਨਾ ਤਾਂ ਗਾਮੀ ਉੱਪਰ ਹੀ ਸਿੱਧੀਆ ਡਿੱਗੀਆਂ ਸਨ, ਨਾ ਹੀ ਸ਼ਾਮ ਬਾਬੂ ਉੱਤੇ ।ਤਾਂ ਵੀ ਉਸਦੇ ਰੁੱਖੇ-ਹਾਕਮੀਂ ਪੈਂਤੜੇ ਤੋਂ ਗਾਮੀ  ਕਦੇ ਅਵੇਸਲਾ ਨਹੀਂ ਸੀ ਹੋਇਆ ।

ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ  ਤੋਂ ਕਿੰਨਾ ਸਾਰਾ ਹਟ ਕੇ ਪੱਮੀ ਮਾਸਟਰ ਲਾਗੇ ,  ਉਸਦੀ ਬੰਬੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ ,ਜਾਂ ਫਿਰ ਉਹ….ਉਹ ਆਪ ਸਰਪੰਚ ਦੇ ਨੇੜੇ , ਥੋੜ੍ਹਾ ਕੁ ਹੋਰ ਹੋ ਚੁੱਕਿਆ ਹੈ ।

ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ ਤੋਂ ਕਿੰਨਾ  ਸਾਰਾ ਹਟ ਕੇ ਪੱਮੀ ਮਾਸਟਰ ਲਾਗੇ , ਉਸਦੀ ਬੰਸੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ , ਜਾਂ ਫਿਰ ਉਹ….ਉਹ ਆਪ ਸਰਪੰਚ ਦੇ ਨੇੜੇ, ਥੋੜ੍ਹਾ ਕੁ ਹੋਰ ਨੇੜੇ ਹੋ ਚੁੱਕਿਆ ਹੈ ।

ਇਸ ਅੜਾਉਣੀ ‘ਚ ਘਿਰਿਆ , ਉਹ ਥੋੜ੍ਹਾ ਕੁ ਚਿਰ ਹੋਰ ਉਵੇਂ ਦਾ ਉਵੇਂ ਖੜਾ ਰਿਹਾ , ਚੁੱਪ-ਚਾਪ ।

“ ….ਕਿੱਥੇ ਗੁਆਚ ਗਿਐਂ ? “ ਸਰਪੰਚ ਨੇ ਉਸਦਾ ਲਮਕਦਾ ਹੱਥ, ਉਚੇਚ ਨਾਲ ਉੱਪਰ ਚੱਕ ਕੇ , ਅਖ਼ਬਾਰੀ ਕਾਗ਼ਜ਼ ‘ਚ ਲਿਪਟੀ ਕਰੜੀ ਜਿਹੀ ਸ਼ੈਅ-ਵਸਤ ਬੜੇ ਸਹਿਜ ਨਾਲ਼ ਉਸਦੀ ਸੱਜੀ ਤਲੀ ‘ਤੇ ਟਿੱਕਦੀ ਕਰ ਦਿੱਤੀ ।

ਆਪਣੀ ਹੀ ਗੁੰਮ-ਗੁਆਚ ਤੋਂ ਬਾਹਰ ਆਏ ਗਾਮੀ ਨੂੰ ਸਰਪੰਚ ਦੀ ਇਕ ਕਿਰਿਆ ਨੇ ਸਹਿਜ ਸੀ ਜਾਂ ਬੇਚੈਨ , ਇਸਦੀ ਉਸਨੂੰ ਘੜੀ ਪਲ ਤਾਂ ਸਮਝ ਨਾ ਲੱਗੀ…..ਪਰ ਅਗਲੇ ਹੀ ਛਿਣ ਨਾਜਾਇਜ਼ ਹਥਿਆਰ ਰੱਖਣ ਦਾ ਭੈਅ ਉਸਨੂੰ ਅੰਗ-ਅੰਗ ਤੇ ਪਸਰ ਗਿਆ । ਉਸਦਾ ਜੀਅ ਕੀਤਾ ਕਿ ਸਰਪੰਚ ਤੋਂ ਲਿਆ ਪੁਰਜਾ ਝੱਟ ਉਸਨੂੰ ਵਾਪਸ ਫੜਾ ਕੇ ਝੱਟ ਉਹ ਬਾਹੋਂ ਖਿਸਕਣਾ ਬਣੇ । ਪਰ , ਉਹ ਇੰਝ ਕਰ ਨਹੀਂ ਸੀ ਸਕਿਆ ।

ਸਰਪੰਚ ਨੂੰ ਨਾਂਹ-ਨੁੱਕਰ ਕਰਨ ਦੀ ਹਿੰਮਤ ਹੀ ਨਹੀਂ ਸੀ ਹੋਈ ਗਾਮੀ ਦੀ ।

ਇਹ ਗੱਲ ਨਹੀਂ ਕਿ ਗਾਮੀ ਅਸਲੋਂ ਈ ਹਥਿਆਰ ਸੁੱਟ ਬੈਠਾ ਸੀ , ਸਰਪੰਚ ਅੱਗੇ ।…ਜੇ ਉਹ ਚਾਹੁੰਦਾ ਤਾ ਕਿਧਰੇ ਵੀ ਲੁਕ-ਛਿਪ ਸਕਦਾ ਸੀ ਰਤਾ ਕੁ ਝੁੱਕੀ ਦੇ ਕੇ ।ਘਾਟ ਅੰਦਰ, ਚੱਕਿਆਂ ਉਹਲੇ ਜਾਂ ਐਧਰ ਉਧਰ ਛੰਨਾਂ-ਛੱਪਰਾਂ ਪਿੱਛੇ , ਜਿਵੇਂ ਉਹ ਕਦੇ ਕਦਾਈਂ ਕਰ ਲਿਆ ਕਰਦਾ ਸੀ , ਦਿਨੇ ਕਿਸੇ ਓਪਰੇ ਪਰਾਏ ਦੇ ‘ਆ ’ ਜਾਣ ‘ਤੇ ।ਏਥੇ…ਨਾ ਤਾਂ ਸਰਪੰਚ ਉਸ ਲਈ ਓਪਰਾ ਸੀ ,ਨਾ ਉਹ ਸਰਪੰਚ ਲਈ ।ਉਲਟਾ ਪੱਕੀ-ਪੀਡੀ ਸਾਂਝ ਸੀ ਦੋਨਾਂ ਵਿਚਕਾਰ । ਦੋਨੋਂ ਇਕ ਦੂਜੇ ਦੇ ਯਾਰ-ਮਿੱਤਰ ਸਨ, ਸੰਘਣੇ ਗੂੜ੍ਹੇ ।….ਗਾਮੀ ਨੂੰ ਹੁਣ ਤਕ ਬਚਾ ਕੇ ਰੱਖਿਆ ਸੀ ਸਰਪੰਚ ਨੇ, ਬਾਵੇ ਹੋਰਾਂ ਦੇ ਐਕਸ਼ਨ ਤੋਂ ।ਤੇ ਸਰਪੰਚ …ਸਰਪੰਚ ਦੀ ਕੋਈ ਵੀ ‘ਥਹੁ-ਪਤਾ’  ਨਹੀਂ ਸੀ ਦੱਸਿਆ ਗਾਮੀ ਨੇ ਸ਼ਾਮ ਬਾਬੂ ਨੂੰ । ਭੱਠਾ ਮਾਲਕ ਨੂੰ । ਜਿਸ ਦਾ ਉਹ ਨੌਕਰ ਈ ਨਹੀ ਰਾਖਾ ਸੀ ਪੂਰਾ । ਨਹੀਂ ਤਾਂ ਕੌਣ ਕਿਸੇ ਦੀ ਆਈ ‘ਤੇ ਆਪ ਅੱਗ ਮੂਹਰੇ ਹੁੰਦਾ ।

ਗਾਮੀ ਨੇ ਸ਼ਾਮ ਬਾਬੂ ਦੀ ਇਕ ਨਈ, ਤਿੰਨ-ਚਾਰ ਵਾਰ ਰੱਖਿਆ ਕੀਤੀ ਸੀ , ਬਾਵੇ ਹੋਣਾਂ ਦੇ ਧੱਕੇ ਹਮਲੇ ਤੋਂ ।

ਉਂਝ ਤਾਂ ਮਹੀਨਾ ਭਰਨ ਦੀ ਸੰਧੀ ਦੀ ਮੁੱਖ-ਧਾਰਾ ਅਨੁਸਾਰ ,ਸ਼ਾਮ ਬਾਬੂ ਆਪਣੇ ਸਾਰੇ ਭੱਠਿਆਂ ਤੇ ਰਾਤ-ਦਿਨ ਘੁੰਮ ਫਿਰ ਸਕਦਾ ਸੀ ,ਬੇ-ਖੌਫ਼ ।ਬਿਨਾਂ ਡਰ-ਭੈਅ ਦੇ । ਪਰ ਸ਼ਾਮ ਬਾਬੂ ਨੇ ਕਦੀ ਵੀ ਖ਼ਤਰਾ ਮੁੱਲ ਨਹੀਂ ਸੀ  ਲਿਆ,  ਉਹ ਤਾਂ ਬੱਸ ਦਿਨ ਖੜੇ ਹੀ ਸ਼ਹਿਰ ਜਾ ਲੁਕਦਾ । ਆਪਣੇ ‘ਕਿਲੇ ’ ‘ਚ । ਲੌਢੇ ਕੁ ਵੇਲੇ ਤਕ ਹੋਈ ਵੇਚ-ਵਟਕ ਇਕੱਠੀ ਕਰਕੇ । ….ਉਸ ਦਿਨ ਉੱਪਰੋਂ ਸ਼ੇਰਗੜ੍ਹੋਂ ਮੁੜਦਿਆਂ ਉਸਦੀ ਗੱਡੀ ਸਕਰਾਲਾ ਚੋਅ  ‘ਚ ਫਸ ਗਈ ।

ਸਹਿਵਨ !

ਜਾਂ ਸ਼ਾਮ ਬਾਬੂਦੀ ਅਣਗਹਿਲੀ ਕਾਰਨ ।

ਲੀਹ ਪਾਟਣ ਨਾਲ਼ ।

ਗਿੱਟੇ ਗਿੱਟੇ ਵਗਦੇ ਪਾਣੀ ਹੇਠਲੀ ਮੋਟੀ ਰੇਤ, ਜਿਵੇਂ ਉਸਦ ਬੁਲਟ-ਪਰੂਫ਼ ਵੈਨ ਨੂੰ ਫੜ ਕੇ ਬੈਠ ਗਈ ।

ਕਾਫੀ ਸਾਰੇ ਜ਼ੋਰ-ਧੱਕੇ ਪਿੱਛੋਂ ਕਿਧਰੇ ਉਸਦੀ ਜਾਨ-ਖ਼ਲਾਸੀ ਹੋਈ ।

ਉਹ ਵੀ ਰਾਹਗੀਰਾਂ ਦੀ ਸਾਹਇਤਾ ਸਦਕਾ ।

ਦਿਨ ਛਿਪਦੇ ਕਰਦੇ ।

ਸਾਹੋ ਸਾਹ ਹੋਇਆ ਬਾਬੂ ਅਜੇ ਪਹੁੰਚਿਆ ਈ ਸੀ , ਬੁੱਢੀ ਪਿੰਡ , ਨੀਵ਼ ਪਾਈ ਬੈਠੇ , ਵੇਚ-ਵਟਕ ਗਿਣਦੇ ਗਾਮੀਂ ਕੋਲ ਖੜਾ ਈ ਹੋਇਆ ਸੀ ਆ ਕੇ ਕਿ ਪਤਾ ਨਈਂ ਕਿਧਰੋਂ ਬਾਵਾ ਉਸਦੇ  ਮਗਰੇ ਈ ਆ ਧਮਕਿਆ ,ਦਫ਼ਤਰ । ਪਿੱਠ ਉਹਲੇ ਲਟਕਦੀ ਅਸਾਲਟ ਨਾ ਉਹਨੇ ਮੋਢਿਉਂ ਲਾਹੀ, ਨਾ ਕਿਸੇ ਵੱਲ ਨੂੰ ਤਾਣੀ । ਬੱਸ ਅੜਵੈਂਗ ਜਿਹੇ ਢੰਗ ਨਾਲ਼, ਸੱਜਾ ਹੱਥ ਅੱਗੇ ਨੂੰ ਵਧਾ ਕੇ ਰੁੱਖੇ ਜਿਹੇ ਬੋਲ ਬੋਲੇ – “ ਹਾਅ ਚਾਬੀ ਦੇ ਓ ਬਾਊ , ਗੱਡੀ ਚਾਹੀਦੀ ਆ …ਤੂੰ ਵੀ ਫੜਾ ਹਾਅ ਪੈਹਾ-ਧੇਲਾ , ਸਾਲਿਆ ਟੁੱਕੜ-ਬੋਚਾ ….।“

ਸ਼ਾਮ ਬਾਬੂ ਨੇ ਤਾਂ  ਕੰਬਦੇ ਹੱਥਾਂ ਨਾਲ਼ ਚਾਬੀ,ਉਸੇ ਵੇਲੇ, ਉਸ ਵੱਲ ਸਰਕਦੀ ਕਰ ਦਿੱਤੀ , ਪਰ ਗਾਮੀ ਨੇ ਦਰਾਜ਼ ‘ਚ ਖਿੱਲਰੇ ਨੋਟਾਂ ਦੀ ਥੱਦੀ ਫੜਾਉਂਦਿਆਂ ਹੱਥ ਥੋੜਾ ਟਿਕਵਾਂ ਰੱਖਿਆ ।

ਗਾਮੀ ਨੇ ਹੁਣ ਤਕ ਕਈ ਤਰ੍ਹਾਂ ਦੇ ਟੋਣੇ-ਟਕੋਰਾਂ ਝੇੱਲੇ ਸਹਾਰੇ ਸਨ । ਦਿਹਾੜੀ-ਕੁੱਟ , ਬੇ-ਜ਼ਮੀਨਾ,ਕੰਮੀ-ਕਾਮਾ ਹੋਣ ਤੱਕ ਦੇ ਬੋਲ-ਕਬੋਲ  ਬਰਦਾਸ਼ਤ ਕੀਤੇ ਸਨ, ਥਾਂ ਪੁਰ ਥਾਂ ਮਿਹਨਤ-ਮਜ਼ਦੂਰੀ ,ਕਰਦੇ ਮਾਂ-ਪਿਓ ਨਾਲ ਤੁਰਦਿਆਂ ਵਿਚਰਦਿਆਂ । ਪਰ, ਹੁਣ ਤਕ ਉਸ ਨੇ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ ।ਕਿਸੇ ਪਾਸੋਂ ਤਰਸ ਦੀ ,ਦਾਨ-ਰਹਿਮਤ ਦੀ ਮੰਗ ਨਹੀਂ ਸੀ ਕੀਤੀ । ਨਾ ਸਕੂਲ ਕਾਲਜ ਦੀ ਪੜ੍ਹਾਈ ਪੜ੍ਹਦਿਆਂ,ਨਾ ਹੀ ਉਸ ਤੋਂ ਪਿੱਛੋਂ ਕਦੀ ਫਾਕਾ- ਮਸਤੀ ਵਰਗੀ ਦਿਨ-ਕਟੀ ਕਰ ਦਿਆਂ ਕਈ ਵਰ੍ਹੇ ।

ਪੱਮੀ ਮਾਸਟਰ ਦੀ ਬੰਬੀ ‘ਤੇ ਘੜੇ-ਉਲੀਕੇ ਲਕਸ਼-ਉਦੇਸ਼ ਵੀ ਉਸ ਨੂੰ ਕਿੰਨਾ ਈ ਚਿਰ ਕਿਧਰੇ ਦਿਖਾਈ ਨਾ ਦਿੱਤੇ ।

ਜੇ ਉਹ ਚਾਹੁੰਦਾ ਤਾਂ ਉਹ ਵੀ ਤੋਚੀ ਵਾਂਗ ਕਦੋਂ ਦਾ ਚਰਨੀਂ ਲੱਗਾ ਹੋਣਾ ਸੀ ਸਰਪੰਚ ਦੇ । ਉਹ ਵੀ ਕੜਾ-ਕਮਾਂਡਰ ਬਣਿਆ ਹੋਣਾ ਸੀ ਹੁਣ ਨੂੰ ,ਬਾਵੇ ਨਾਲੋਂ ਵੀ ਲੰਮੇ ਚੌੜੇ ਏਰੀਏ ਦਾ ।

ਆਲੂ-ਸਟੋਰਾ ,ਦਾਣਾ –ਮੰਡੀਆਂ ਦਾ ਧੂੜ-ਘੱਟਾ ਫੱਕਦੇ ਉਸਦੇ ਮਾਂ –ਬਾਪ ਕਦੋਂ ਦੇ ਇੱਜ਼ਤਦਾਰ ਮਾਲਿਕ ਬਣੇ ਹੋਣੇ ਸਨ,ਟਰੈਕਟਰਾਂ-ਬੰਬੀਆਂ ਦੇ ।

‘…ਅਜੇ ਵੀ ਡੁੱਲ੍ਹੇ ਬੇਰਾਂ ਦਾ ……।‘

ਬੱਸ ਐਨਾ ਕੁ ਨੁਕਤਾ , ਗਾਮੀਂ ਦੇ ਤਨ-ਬਦਨ ਅੰਦਰ ਸੁੱਟਦਾ ਕਰਨ ਵਿਚ ਸਰਪੰਚ ਆਖਿਰ ਕਾਮਯਾਬ ਹੋ ਹੀ ਗਿਆ , ਗਾਮੀ ਦੀ ਵਜਾ-ਕਤਾ ਵਰਗੇ ਬੰਦੇ ਦੀ ਵਿਚੋਲਗੀਰੀ ਰਾਹੀ ।

ਸਰਪੰਚ ਤੋਂ ਲਿਆ –ਫੜਿਆ ਮਾਊਜ਼ਰ ਉਸ ਨੇ ਬੜੀ ਇਤਿਆਦ ਨਾਲ਼ ਸਾਂਭਦਾ ਕਰ ਲਿਆ ਸੀ ,ਡੱਬ ‘ ਚ ਰੱਖ ਕੇ ਲੁਕਦਾ ਕਰਕੇ । ਉਸੇ ਦਿਨ ਤੋਂ ।

ਫਿਰ….ਫਿਰ ਪਤਾ ਨਈਂ…ਕੱਲ੍ਹ ਦੇ ਛੋਕਰੇ ਬਾਵੇ ਦੇ   ਆਖੇ ਟੁਕੜ ਬੋਚ ਹੋਣ ਦੇ ਬੋਲ-ਕਬੋਲ ਉਸਨੂੰ ਦੂਰ ਅੰਦਰ ਤਕ ਪੁੱਛਦਾ ਕਰ ਗਏ ਜਾਂ ਉਸਦੀ ਵਜਾ-ਕਤਾ ਵਰਗੇ ਬੰਦੇ ਦੀ ਚੇਤੇ ਕਰਵਾਈ ਬੇ-ਜ਼ਮੀਨਾ ਹੋਣ ਦੀ ਨਮੋਸ਼ੀ , ਉਸਦੇ ਡੱਬ ਅੰਦਰਲੇ ਹਥਿਆਰ ਨਾਲ਼ ਜ਼ਰਬ ਖਾ ਗਈ ? ਦੋਨੋਂ ਚੀਜ਼ਾਂ ਸੰਭਾਲ ਬਾਵਾ ਦਫ਼ਤਰੋਂ ਬਾਹਰ  ਹੋਣ ਈ ਲੱਗਾ ਸੀ ਕਿ ਗਾਮੀਂ ਦੇ ਅੰਗਾਂ-ਪੈਰਾਂ ‘ਚ ਅਸਮਾਨੀ ਬਿਜਲੀ ਵਰਗੀ ਤੇਜ਼ੀ ਚਮਕ ਉੱਠੀ ।

ਖੱਬੀ ਵੱਖੀ ਨਾਲ ਘੁੱਟ ਹੋਇਆ ਮਾਊਜ਼ਰ ਅੱਖ-ਫ਼ਰੋਕ ਅੰਦਰ , ਉਸਦੀ ਮੁੱਠ ‘ਚ ਆ ਕੇ ਬਾਵੇ ‘ਤੇ ਟੁੱਟ ਪਿਆ।

ਬੜੇ ਹਿਰਖ਼ ਨਾਲ਼ ।

ਘੜੀ ਪਲ ਤਾਂ ਗਾਮੀ ਨੂੰ ਆਪਣੇ ਬੇ-ਕਾਬੂ ਹੋਏ ਆਪੇ ਦੀ ਬਿਲਕੁਲ ਸੋਝੀ ਨਾ ਰਹੀ ।…..ਉਸ ਨੂੰ ਪਤਾ ਤੱਕ ਨਾ ਲੱਗਾ ਕਿ ਉਸਨੇ ਇਹ ਐਕਸ਼ਨ ਕੀਤਾ ਕਿਸ ਲਈ ਐ –ਬਾਵੇ ਦੀ ਕੱਢੀ ‘ਗਾਲ੍ਹ ’ਦਾ ਉੱਤਰ ਦੇਣ ਲਈ ਜਾਂ ਆਪਣੀ ਜਾਤੀ –ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਹੋ ਕੇ ।

ਉਹ ਆਪਣੀ ਜਾਤੀ-ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਪਹਿਲੋਂ ਤਾਂ ਕਦੀ ਨਹੀਂ ਸੀ ਹੋਇਆ ।ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।….ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀਂ ਸੀ ਕੀਤਾ । ਉਸਨੂੰ ਜਾਂ ਉਸਦੇ ਸਹਾਇਕ ਮੁਨਸ਼ੀ ਨੂੰ । ਚੌਕੀਦਾਰਾਂ,ਡਰਾਇਵਰਾਂ ਨੂੰ ਹੂਰਾ-ਮੁੱਕੀ ਕਰਨਾ, ਠੁੱਡੇ ਮਾਰਨਾ ਤਾ ਆਮ ਜਿਹਾ ‘ਸ਼ੁਗਲ ’ ਸੀ ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।….ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾ ਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀ ਸੀ ਕੀਤਾ ।ਉਸਨੂੰ ਜਾਂ ਉਸਦੇ ਸਾਹਇਕ ਮੁਨਸ਼ੀ ਨੂੰ । ਚੌਕੀਦਾਰਾਂ, ਡਰਾਈਵਰਾਂ ਨੂੰ ਹੂਰਾ-ਮੁੱਕੀ ਕਰਨਾ,ਠੁੱਡੇ ਮਾਰਨਾ ਤਾਂ ਆਮ ਜਿਹਾ ‘ਸ਼ੁਗਲ ’ ਸੀ ਸ਼ਾਮੀ ਬਾਬੂ ਦਾ । ਕਦੀ ਦਫ਼ਤਰ ਬੁਲਾ ਕੇ, ਕਦੀ ਭੱਠੇ ਦੀ ਹੱਦ-ਹਦੂਦ ਅੰਦਰ ।ਕਿਸੇ ਵੀ ਨਿੱਕੀ-ਮੋਟੀ ਅਣਗਹਿਲੀ ਕਾਰਨ ।

ਜਾਂ ਐਵੇ ਈ ਆਪਣੀ ਬਾਬੂਗੀਰੀ ਦੱਸਣ ਲਈ ।

ਪਥੇਰਿਆਂ ਚੁਣਾਵਿਆਂ ਨਾਲ ਵੀ ਉਸਨੇ ਕਦੀ ਘੱਟ ਨਹੀਂ ਸੀ ਗੁਜ਼ਾਰੀ । ਗਾਮੀਂ ਸਾਹਮਣੇ । ਉਸਦੀ ਮੁਨਸ਼ੀਗੀਰੀ ਵਾਲੇ ਭੱਠੇ ‘ਤੇ ।

ਫਿਰ ਹੋਰ ਵੀ ਬਾਰਾਂ ਭੱਠੇ ਸਨ, ਉਸਦੀ ਮਾਲਕੀ ਹੇਠ ।ਹੋਰ ਵੀ ਡਰਾਇਵਰ, ਚੌਕੀਦਾਰ , ਮੁਨਸ਼ੀ, ਸਹਾਇਕ-ਮੁਨਸ਼ੀ ਸਨ ਕਈ ਸਾਰੇ । ਉਹਨਾਂ ‘ਚੋਂ ਕਿਸੇ ਨੇ ਕਦੀ ਚੂੰ ਤੱਕ ਨਹੀਂ ਸੀ ਕੀਤੀ ਮਾਲਿਕ ਬਾਬੂ ਅੱਗੇ ।ਉਹ ਤਾਂ ਬੱਸ ਦਿਨਾਂ-ਵਿਹਾਰਾਂ ਛੇ ਮਿਲਦੇ ਰਾਮਪੁਨਿਆਂ ਨਾਲ ਹੀ ਵਰਚੇ ਰਹਿੰਦੇ ਸਨ। ਦਿਨ-ਵਿਹਾਰ ਵੀ ਕਿਹੜਾ ਥੋੜੇ ‘ਮੰਨਦਾ ’  ਸੀ ਸ਼ਾਮ ਬਾਬੂ – ਲੋਹੜੀ , ਵਿਸਾਖੀ , ਦੁਸਹਿਰਾ , ਦੀਵਾਲੀ । ਤੇ ਸਭ ਤੋਂ ਵੱਡਾ ਉਸਦੇ ਪੁਰਖਿਆਂ ਦਾ ਸ਼ਰਾਧ ।

ਉਹ ਦਿਨ ਤਾਂ ਜਾਣੋਂ ਪੂਰਾ ਬ੍ਰਹਮ-ਯੋਗ ਹੋ ਨਿੱਬੜਦਾ ਸਾਰੇ ਭੱਠਿਆਂ ਦੀ ਸਾਰੇ ਲੇਬਰ ਲਈ । ਕੜਾਹ-ਪੂਰੀ ,ਦਾਲ-ਭਾਜੀ, ਚੌਲ-ਭਾਤ; ਸ਼ਹਿਰ ਉਸਦੇ ਬੰਗਲੇ ਪਹੁੰਚ ਕੇ । ਤੇ ਦਾਰੂ-ਪਾਣੀ, ਭੰਗ-ਭੁੱਕੀ ਆਪਣੇ ਆਪਣੇ ਟਿਕਾਣੇ ਗਿਆਂ ਨੂੰ । ਢੋਲਕੀਆਂ ,ਛੈਣੇ , ਚੁੰਮਦੇ , ਘੁੰਗਰੂ ਹਰ ਵਾਰ ਨਵੇਂ । ਇਸਤਰੀਆਂ ਲਈ ਧੋਤੀਆਂ , ਬਾਕੀ ਸਭ ਲਈ ਰਾਮ-ਪਰਨੇ । ਨਿੱਕੇ ਤੋਂ ਲੈ ਕੇ ਵੱਡੇ ਤਕ । ਕੁਸ਼ਟ-ਆਸ਼ਰਮ ਭੇਜੇ ਜਾਂਦੇ ਪਰਨਿਆਂ ਨਾਲੋਂ ਵਧੀਆ । ਦੁਨੀਆਦਾਰ ਹੋਣ ਕਰਕੇ । ਨਹੀ ਸੀ ਦਿੱਤੀ । ਉਹ ਵੀ ਮੰਦਰੀਂ-ਤੀਰਥੀਂ ਪਹੁੰਚ ਕੇ । ਹਰ ਇਕ ਦੇਵੀ-ਮਾਂ ਲਈ ਇਕ ਟਰੱਕ ਪੱਕਾ ।ਨਕਦੀ-ਲੰਗਰ ਤੋਂ ਇਲਾਵਾ ।

“…..ਇੱਤਾ ਘਨਾ ਦਾਨ-ਪੁੰਨ ਈ ਬਾਬੂ ਮਾਲਿਕ ਕੋ ਬਚਾਏ ਰੱਖਵੇ….ਨਾਹੀਂ ਹਮਾਰ ਲੋਗਨ ਕੀ ਰੋਜ਼-ਰੋਜ਼ ਕੀ ਬਦ-ਦੁਆ ਈ ਸੁਸਰੇ ਕੋ ਇਕਾਈ ਦਿਨ ਮਾਂ ਭਸਮ ਕਰ ਛੋੜੇ…।“

“ ਨਾਹੀਂ ਭਈਆ ਨਾਹੀਂ, ਹਮ ਲੋਗਨ ਅਪਨ ਕੈ ਧਰਮ-ਬੰਧੂ ਕੋ ਬਦ-ਦੁਆ ਬੋਲਤ ਹੀ ਕੈਸੋ ਸਕਤ ਹੋ…ਦੇਵੀ ਮਾਂ ਸਰਾਪ ਦੇਵਤ ਹੋ ਸਰਾਪ….।“ ਨਾਚ-ਗਾਣੇ ਦੀ ਮਸਤੀ ‘ਚ ਡੁੱਬੇ ,ਜੇ ਕਿਸੇ ਬਿਰਧ-ਅੱਧਖੜ ਦਾ ਹਓਕਾ ਸ਼ਾਮ ਬਾਬੂ ਦੇ ਜ਼ੁਲਮ –ਧੱਕੇ ਦਾ ਚੇਤਾ ਕਰਾਉਂਦਾ ਵੀ , ਤਾਂ ਲਾਗਿਓਂ ਕੋਈ ਦੂਜਾ ਜਣਾ ਝੱਟ ਉਸਨੂੰ ਰੋਕ-ਟੋਕ ਦਿੰਦਾ । ਉਸੇ ਵੇਲੇ ਭੁੱਲ-ਭੁਲਾ ਜਾਣ ਲਈ । ਬੀਤੇ ਵਰ੍ਹੇ ਦੇ ਬਾਕੀ ਦਿਨਾਂ ਵਾਂਗ । ਕਰੀਬ-ਕਰੀਬ ਗਾਮੀਂ ਦੀ ਤਰਜ਼ ਤੇ ਹੀ । ਫ਼ਰਕ ਸਿਰਫ ਏਨਾ ਸੀ ਕਿ ਉਸਦੀ ਮੁਨਸ਼ੀਗੀਰੀ ਹੇਠਲੇ ਭੱਠੇ ਦੇ ਕਿਸੇ ਵੀ ਕਹਿੰਦੇ ਨੂੰ ਪਈ ਮਾਰ ਦੀ ਖ਼ਬਰ-ਘਟਨਾ, ਗਾਮੀ ਅੰਦਰ ਘੜੀ-ਪਲ ਲਈ ਰੋਹ-ਹਿਰਖ਼ ਜ਼ਰੂਰ ਭਰ ਛੱਡਦੀ ।

ਕਈ ਵਾਰ ਉਸਦਾ ਚਿੱਤ ਵੀ ਕਰਦਾ ਕਿ ਹਰ ਕਿਸੇ ਵੱਲ ਨੂੰ ਟੀਰੀ-ਅੱਖ ਦੇਖਦੇ, ਸ਼ਾਮ ਬਾਬੂ ਦਾ ਮੂੰਹ-ਸਿਰ , ਇੱਟਾਂ-ਰੋੜੇ ਮਾਰਕੇ ਤੋੜ-ਭੰਨ ਦੇਵੇ । ਪਰ, ਉਸਤੋਂ ਅਜੇ ਤੱਕ ਅਜਿਹੀ ਹਿੰਮਤ ਹੋਈ ਕਦੇ ਨਾ ।

ਪੂਰੀ ਤਰ੍ਹਾਂ ਖਪੇ-ਤਪੇ ਤੋਂ ਵੀ ਨਹੀਂ ।

ਬਾਵੇ ਉੱਪਰ ਵਾਰ ਕਰਨ ਲੱਗੇ ਗਾਮੀ ਅੰਦਰ ਪਤਾ ਨਈਂ ਐਨੀ ਹਿੰਮਤ ਕਿੱਥੋਂ ਜਾਗ ਪਈ ।

ਇਕ-ਦਮ ।

ਅਜੇ ਪਿਛਲੇ ਦਿਨੀਂ ਸਰਪੰਚ ਤੋਂ ਲਿਆ ਮਾਊਜ਼ਰ ਉਸਨੇ ਝੱਟ ਦੇਣੀ ‘ਸਰਪੰਚ ’ਉੱਪਰ ਹੀ ਵਰ੍ਹਦਾ ਕਰ ਦਿੱਤਾ ।

ਸ਼ਾਮ ਬਾਬੂ ਦੀ ਥਾਂ ।

ਸੰਭਲਦੇ ਬਚਦੇ ਬਾਵੇ ਦੀ ਜ਼ਖਮੀ ਹੋਈ ਸੱਚੀ ਬਾਂਹ ਨਾ ਉਸਦੇ ਮੋਢਿਓਂ ਢਿਲਕੀ ਅਸਾਲਟ ਨੂੰ ਸਾਂਭਦਾ ਕਰ ਸਕੀ ,ਨਾ ਉਸਦੇ ਹੱਥ,ਮੁੱਠ ‘ਚ ਘੁੱਟੇ ਨੋਟਾਂ ਨੂੰ ।

ਬੁੱਢੀ ਪਿੰਡ ਭੱਠੇ ‘ਤੇ ਤਾਇਨਾਤ ਹੋਮਗਾਰਡ ਟੁਕੜੀ ਸਮੇਂ ਸਿਰ ਤੇ ਕਿਧਰੇ ਰੜਕੀ ਨਾ, ਉਂਝ ਲੁੱਟ-ਖੋਹ ਦੀ ਵਾਰਦਾਤ ਦੇ ਵਿਫ਼ਲ ਕਰਨ ਦਾ ਸਿਹਰਾ ਸਾਰਾ ਉਹਦੇ ਸਿਰ ਹੀ ਬੱਝਾ ।

‘ਗਾਮੀ ਦਾ ’ ਨਵਾਂ-ਨਿਕੋਰ ਮਾਊਜ਼ਰ ਵੀ ਮੁੱਠ-ਭੇੜ ਸਮੇਂ ‘ਖੋਹੇ ’ ਹਥਿਆਰਾਂ ਦੀ ਲੰਮੀ ਸੂਚੀ ‘ਚ ਸ਼ਾਮਲ ਕਰ ਕੇ ਅੱਤਵਾਦੀਆਂ ਦੇ ਪੇਟੇ ਪਾ ਲਿਆ ਗਿਆ ।

ਸ਼ਾਮ ਬਾਬੂ ਦੀ ‘ਪਹੁੰਚ ’ ਸਦਕਾ ।

ਬਿਨ ਕਿਸੇ ਡਰ-ਭੈਅ ਦੇ ਗਾਮੀ ਅਗਲੇ ਦਿਨ ਫਿਰ ਹਾਜ਼ਰ ਸੀ ,ਭੱਠਾ ਡਿਊਟੀ ‘ਤੇ ।

ਸਰਪੰਚ ਨਾਲ, ਬਾਵੇ ਨਾਲ ਸਿੱਧੀ ਦੁਸ਼ਮਣੀ ਮੁੱਲ ਲੈ ਕੇ ਵੀ ,ਉਹ ਘਰ ਨਹੀਂ ਸੀ ਬੈਠਾ ।

ਜਿਵੇਂ ਹੁਣ ਬੈਠ ਗਿਆ ਸੀ ।

ਬਿਨਾਂ ਕੁਝ ਦੱਸੇ-ਪੁੱਛੇ ਕਿਸੇ ਨੂੰ ।

ਤੋਚੀ ਨੂੰ ਵੀ ਨਹੀਂ ।

ਤੋਚੀ ਭਾਵੇਂ ਪੱਕਾ ਓਧਰ ਸੀ ਓਦੋਂ, ਪਰ ਗਾਮੀ ਨਾਲ ਪੂਰੀ ਸਾਂਝ  ਉਸਦੀ ।ਪੂਰਾ ਤਾਲ-ਮੇਲ ।…..ਬਚਪਨ ਦੀ ਆੜੀ ਕਰਕੇ ਜਾਂ ਉਸਦੇ ਭੱਠਾ ਮਾਲਕ ਨਾਲ ਫਸੀ ਕੁੜਿੱਕੀ ‘ਚੋਂ ਤੋਜੀ ਨੂੰ ਕੱਢਣ ਕਰਕੇ ।

….ਪਿੰਡ ਦੀ ਚੜ੍ਹਦੀ ਬਾਹੀ ਤੋਚੀ ਹੋਰਾਂ ਕੋਲ ਚਾਰ ਹੀ ਖੇਤ ਸਨ । ਪਿਓ-ਦਾਦੇ ਦੀ ਵਿਰਾਸਤ ।

ਵਿਚਕਾਰ ਬੰਬੀ ।

ਸ਼ਾਮ ਬਾਬੂ ਨੂੰ ਪਹਿਲਾਂ ਦੋ ਖੇਤਾਂ ਦੀ ਮਿੱਟੀ ਵੇਚੀ ਉਹਨਾਂ, ਇੱਟਾਂ ਪੱਥਣ ਨੁੰ । ਸਮੇਤ ਪਾਣੀ ।

ਵੱਡੀ ਭੈਣ ਦੇ ਵਿਆਹ ਵੇਲੇ । ਫਿਰ ਅਗਲੇ ਦੋਂਹ ਦੀ , ਟਰੈਕਟਰ ਲੈਣ ਦੀ ਮਨਸ਼ਾ ਨਾਲ ।ਵਾਅਦੇ ਮੁਤਾਬਿਕ ਤਾਂ ਪਹਿਲੇ ਦੋਨੋਂ ਖੇਤ ਦੋ ਸਾਲ ਪਹਿਲਾਂ ਖਾਲੀ ਹੋਣੇ ਸਨ ਤੇ ਅਗਲੇ ਦੋਨੋਂ ਅਗਲੇ ਦੋ ਸਾਲਾਂ ਪਿੱਛੋਂ । ਪਰ, ਪੱਕੇ ਕਾਗਜ਼ਾਂ ਦੀ ਲਿਖਤ-ਪੜ੍ਹਤਾ ਨੇ ਐਹੋ ਜਿਹੇ ਅਰਥ ਕੱਢੇ, ਐਹੋ ਜਿਹਾ ਘਚੋਲਾ ਮਾਰਿਆ ਕਿ ਤੋਚੀ ਹੋਰਾਂ ਦੇ ਚਾਰੋਂ ਖੇਤ ਚਾਰ ਸਾਲ ਫਸੇ ਰਹੇ ਸ਼ਾਮ ਬਾਬੂ ਦੇ ਕਬਜ਼ੇ ਹੇਠ ।

ਚੰਗਾ ਭਲਾ ਖੇਤੀ ਕਿੱਤੇ ਲੱਗਾ ਤੋਚੀ , ਕਈ ਚਿਰ ‘ਬੇ-ਜ਼ਮੀਨਾ,ਬੇ-ਅਰਥਾ ’ ਜਿਹਾ ਬਣਿਆ ਘੁੰਮਦਾ ਰਿਹਾ ।

ਟਰੈਕਟਰ ਲੈਣ ਲਈ ਵਸੂਲੀ ਰਕਮ, ਥੋੜ੍ਹੀ ਕੁ ਚੌਕੇ-ਚੁੱਲ੍ਹੇ ਦੀ ਭੇਟਾ ਚੜ੍ਹ ਗਈ , ਬਹੁਤੀ ਸ਼ਾਮ ਬਾਬੂ ਨਾਲ਼ ਚਲਦੇ ਕਚਹਿਰੀ ਝਗੜੇ  ਦੀ ।

ਹਾਰ ਕੇ ਉਸਨੇ ਆਪਣੇ ਤਨ-ਬਦਨ ਦੀ ਕੁੱਲ ਸੇਵਾ ਸਰਪੰਚ ਨੂੰ ਸੌਪ ਛੱਡੀ ।

ਸ਼ਾਮ ਬਾਬੂ ਦਾ ਫ਼ਸਤਾ ਵੱਢਣ ਦੇ ਇਰਾਦੇ ਨਾਲ ।

ਸਰਪੰਚ ਚਾਹੁੰਦਾ  ਤਾਂ ਉਸਨੂੰ ਵੀ ਉਹੋ ਜਿਹਾ ਪੁਰਜ਼ਾ ਦੇ ਸਕਦਾ ਸੀ , ਜਿਹੋ ਜਿਹਾ ਗਾਮੀ ਨੂੰ ਦਿੱਤਾ ਸੀ ਕਦੇ । ਉਸਨੂੰ ਵੀ ਉਵੇਂ ਦਾ ‘ਕੰਮ ’ ਸੌਂਪ ਸਕਦਾ ਸੀ , ਜਿਵੇਂ ਦਾ ਗਾਮੀ ਨੂੰ ਸੌਂਪਿਆ  ਸੀ ,ਇਕ ਵਾਰ ।

ਪਰ ਉਸਨੇ ਐਹੋ ਜਿਹਾ , ਤੱਤ-ਫ਼ੜੱਤ ਫੈਸਲਾ ਲਿਆ ਨਾ ।….ਉਹ ਤਾਂ ਹੁਣ ‘ਛੱਡ-ਛੁਡਾ ’ ਆਇਆ ਸੀ ਓਧਰਲਾ ਬੰਨਾ । ਉਹ ਤਾਂ ਕਦੋਂ ਦਾ ਅਦਲਾ  -ਬਦਲਾ ਕੀਤੀ ਬੈਠਾ ਸੀ –ਰੰਗ-ਰੂਪ , ਕੱਪੜਾ-ਲੱਤਾ, ਕੁੜਤੀ –ਪੱਗੜੀ । ਹੁਣ ਤਾਂ ਸਗੋਂ ਉਹ ‘ਕੱਟੜ- ਵਿਰੋਧੀ ’ ਸੀ ਲੁੱਟਾਂ-ਖੋਹਾਂ ਕਰਨ ਵਾਲੇ ਗੈਂਰ-ਸਮਾਜੀ ਤੱਤਾਂ ਦਾ । ਦੇਸ਼-ਕੌਮ ਦਾ ਅਮਨ-ਚੈਨ ਭੰਗ ਕਰਨ ਵਾਲੇ ਆਪ-ਹੁਦਰੇ ਜੁੱਟਾਂ ਦਾ ।

ਤਾਂ ਵੀ , ਵੇਲਾ ਵਿਚਾਰ ਕੇ ਸਰਪੰਚ ਨੇ ਬੜੇ ਠਰ੍ਹੰਮੇ ਨਾਲ਼ ਤੋਚੀ ਦੀ ਔ

ਸੁਣ ਕੇ ਵਾਚੀ-ਘੋਖੀ ।

ਉਸਦੀ ‘ਹਾਂ ’ ਪ੍ਰਾਪਤ ਕਰਕੇ ਤੋਚੀ ਮਹੀਨਾ ਖੰਡ ਚੁੱਪ ਤਾਂ ਰਿਹਾ , ਪਰ ਉਸਨੂੰ ਟਿਕਾ ਜਿਹਾ ਨਾ ਆਇਆ ।

ਉਹ ਮੁੜ ਸਰਪੰਚ ਦੇ ਪੈਰੀਂ ਜਾ ਪਿਆ ।

ਅੱਗੋਂ ਸਰਪੰਚ ਵੀ ਏਹੀ ਚਾਹੁੰਦਾ ਸੀ । ਏਨਾ ਕੁ ਈ ਟੋਹਣਾ ਸੀ ਉਸਨੂੰ ‘ਆਮ ਰੱਕਰੁਟੋ ’  ਤੋਂ ‘ਖਾਸ ਸਿਪਾਹੀ ’ ਭਰਤੀ ਕਰਨ ਲੱਗਿਆ । ਏਧਰ ਤਾਂ ਸਗੋਂ ਬਹੁਤੀ ਲੋੜ ਸੀ । ਉਸਨੂੰ ‘ਧਰਮੀ ’’ਆਗਿਆਕਾਰ ’ ਤੇ ‘ਸਿਰਲੱਥ ’ਮਰਜੀਵੜਿਆਂ ਦੀ ।

ਥੋੜ੍ਹਾ ਕੁ ਨਿਰਖ-ਪਰਖ਼ ਕੇ ਉਸਨੇ ਇਕ ਦਿਨ ਤੋਚੀ ਦੀ ਕੰਡ ਪੂਰੇ ਮੋਹ ਨਾਲ਼ ਥਾਪੜੀ – “ ….ਏਹ ਕਿੱਡਾ ਕੁ ਔਖਾ ਕੰਮ ਆ , ਅੱਜ ਹੀ ਹੋਇਆ ਲੈ ! ….ਜਾਹ ਗਾਮੀ ਨੂੰ ਮਿਲ਼ ਲਾ ਜਾ ਕੇ , ਆਪਣੇ ਪਿੰਡੇ ਆਲੇ ਨੂੰ । ਆਖੀਂ ਸਰਪੰਚ ਨੇ ਭੇਜਿਆ , ਰੱਖਾ ਸੂੰਹ ਨੇ …..।“

ਸਰਪੰਚ ਮੂੰਹੋਂ ਗਾਮੀ ਦਾ ਨਾਂ ਸੁਣ ਦੇ ਤੋਚੀ ਥੋੜ੍ਹਾ ਘਾਬਰਿਆ । ਇਸ ਲਈ ਨਹੀਂ ਕਿ  ਗਾਮੀ ਤੋਂ ਭੈਅ ਆਉਂਦਾ ਸੀ ਉਸਨੂੰ ,ਜਾਂ ਉਸ ਨਾਲ ਵੈਰ-ਵਿਰੋਧ ਸੀ ਕਿਸ ਕਿਸਮ ਦਾ । ਉਹ ਤਾਂ ਸਗੋਂ , ਯਾਰ-ਮਿੱਤਰ ਰਹੇ ਸਨ ਸ਼ੁਰੂ ਤੋਂ । ਭਲੀ-ਭਾਂਤ ਸਮਝਦੇ-ਸਿਆਣਦੇ ਸਨ ਇਕ ਦੂਜੇ ਨੁੰ । ਥੋੜ੍ਹਾ ਬਹੁਤ ਓਹਲਾ-ਪਰਦਾ ਰੱਖ ਕੇ ਵੀ ਕਿੰਨੀ ਸਾਰੀ ਸਾਂਝ ਸੀ ਦੋਨਾਂ ਵਿਚਕਾਰ । ਬਾਵੇ ਉੱਤੇ ਗੋਲੀ ਦਾਗ਼ਣ ਕਾਰਨ ਥੋੜ੍ਹੀ ਬਹੁਤ ਰੰਜਸ਼ ਹੋਈ ਵੀ ਤੋਚੀ ਨੂੰ , ਤਾਂ ਉਹ ਉਸਨੇ ਗਾਮੀ ਦਾ ਪਾਰਟੀ ਐਕਸ਼ਨ ਸਮਝ ਕੇ ਛੇਤੀ ਹੀ ਭੁੱਲ-ਭੁਲਾ ਛੱਡੀ । ਉਹ…..ਉਹ ਤਾਂ ਅਜੇ ਤਕ ਵੀ ਓਧਰ ਹੀ ਗਾਮੀ ਨੂੰ ,ਪੱਮੀ ਮਾਸਟਰ ਵਲਾਂ । ਉਸਦੇ ਤਾਂ ਚਿੱਤ ਚੇਤੇ ਵੀ ਨਹੀ ਸੀ ਕਿ ਟੁੱਟੇ-ਖੁੱਸੇ ਜਿਹੇ ਘਰ-ਘਾਟ ਵਾਲਾ ਗਾਮੀ ਐਡਾ ‘ਵੱਡਾ ਕਾਰਕੁਨ ’ ਹੋ ਸਕਦਾ ਐਧਰਲੇ ਵੰਨੇ…..।

ਸਾਰਾ ਵਹਿਮ ਭੁਲ-ਭੁਲਾ ਕੇ ਉਹ ਓਸੇ ਦਿਨ ਗਾਮੀ ਨੂੰ ਜਾ ਮਿਲਿਆ ਸੀ , ਉਸਦੇ ਪੱਕੀ ਇੱਟ ਕੇ ਬਗਲੇ ਵਾਲੇ ਕੱਚੇ ਘਰ ‘ਚ । ਸ਼ਾਮੀ ਹਨੇਰੇ ਪਏ ।

ਬਿਨਾਂ ਕਿਸੇ ਲੱਗ-ਲਿਬੈੜ ਦੇ ਉਹਨੇ ਸਰਪੰਚ ਦੀ ਆਖੀ ਬੋਲੀ ਸਾਰੀ ਬਾਤ-ਵਾਰਤਾ ਉਵੇਂ ਦੀ ਉਵੇਂ ਗਾਮੀਂ ਨੂੰ ਆਖੀ ਸੁਣਾਈ – “…..ਏਹ ਲੱਤਾਂ-ਠੁੱਡਿਆਂ ਦੇ ਯਾਰ ਗੱਲੀਂ-ਬਾਤੀਂ ਸੂਤ ਨਈਂ ਆਉਣੇ । ਏਨਾਂ ਤਾਂ ਦੂਜੇ ਰੁਕ ਈ ਸਿੱਧੇ ਹੋਣਾ ਟੇਢੇ ਢੰਗ ਨਾ ….ਵਿੰਗੀ ਉਗਲ ਦੇਖ ਕੇ …..”,ਸੱਜੇ ਹੱਥ ਦੀ ਉਂਗਲੀ ਘੋੜਾ ਦੱਬਣ ਵਾਂਗ ਵਿੰਗੀ ਕਹਿੰਦੀਆਂ ਤੋਚੀ ਨੇ ਆਪਣਾ ਹਿਰਖ਼ ਉਵੇਂ ਜਾਰੀ ਰੱਖਿਆ – “….ਮਿੱਟੀ-ਪਾਣੀ ਸਾਡੇ ਖੇਤਾਂ ਦਾ, ਸਿੱਖ-ਜੱਟਾਂ ਦਾ ਨੇ ਘਰ-ਤਜੋਰੀਆਂ ਏਹ ਭਰੀ ਜਾਂਦੇ ਆ ਸਿਰ ਘਸੇ ।…ਏਨ੍ਹਾਂ ਤਾਂ ਸਾਨੂੰ ਲੋਕਾਂ ਨੂੰ ਘਸਿਆਰੇ ਬਣਾ ਛੱਡਿਆ ਘਸਿਆਰੇ, ਦੋ-ਦੋ ਟਕੇ ਦੇ ਮੰਗਤੇ । ….ਲੱਖਾਂ ਦੇ ਜੀਮੀਂ ਮਾਲਕ ਅਹੀਂ ਨੰਗ ਹੋਏ ਫਿਰਦੇ ਆ, ਨੰਗ । ਲੈ ਭਰਾ, ਮੇਰਾ ਕੰਮ ਤੇਰੇ ਜੁੰਮੇ  ਆਂ, ਤੂੰ ਈ ਕਰਨਾ । ਸਰਪੰਚ ਆਂਹਦਾ ਸੀ ,ਤਕੜਾ ਹੋ ਤਕੜਾ , ਐਮੇਂ ਨਾ ਮੋਕ ਜਿਹੀ ਮਾਰੀ ਜਾਇਆ ਕਰ, ਜੱਟ-ਸਿੱਖਾਂ ਦਾ ਪੁੱਤਰ ਹੋ ਕੇ….।“

ਤੇਰੀ ਹੱਥ ਆਇਆ ਸਰਪੰਚ ਦਾ ਸੁਨੇਹਾ ਸੁਣ ਕੇ  ਗਾਮੀ ਨੂੰ ਚਿੰਤਾ ਤਾਂ ਜ਼ਰੂਰ ਹੋਈ , ਪਰ ਜੱਟ ਹੋਣ ਦਾ ਸੰਕਲਪ ਉਸਦੇ ਸੰਘੋਂ ਹੇਠਾਂ ਨਹੀਂ ਸੀ ਉਤਰਿਆ , ਨਾ ਸਿੱਖ ਹੋਣ ਦਾ ।…ਹੁਣ ਤੱਕ ਤਾਂ ਉਸਦੇ ਭਾਈਚਾਰੇ ਨੇ ਉਸਨੂੰ ਕਦੀ ਆਪਣਾ ਨਹੀਂ ਸੀ ਸਮਝਿਆ , ਆਪਣੇ ਵਿਚੋਂ ।ਨਾ ਈ ਉਸਦੇ ਮਾਂ-ਪਿਓ ਨੂੰ । ਜੱਟ ਹੁੰਦਿਆਂ ਵੀ ,ਸਿੱਖ ਹੁੰਦਿਆਂ ਵੀ । ਗਾਮੀ ਤਾਂ ਹੋਰ ਵੀ ਦੋ ਲਾਂਘਾਂ ਪਿਛਾਂਹ ਸੀ ਉਹਨਾਂ ਤੋਂ । ਮੁੱਲਾਂ-ਕੱਟ ਕਰਵਾ ਕੇ । ਪੰਮੀ ਮਾਸਟਰ ਵਰਗਾ । ਉਸਦੀ ਬੰਬੀ ‘ਤੇ ਅਕਸਰ ਅੳਦੇ-ਮਿਲਦੇ ਕਈਆਂ ਹੋਰਨਾਂ ਵਰਗਾ । ਜਿਹਨਾਂ ਮੂੰਹੋਂ ਕਦੀ ਵੀ ਗਾਮੀ ਨੇ ਜਾਤਾ-ਗੋਤਾਂ, ਧਰਮਾਂ-ਮਜ਼ਹਬਾਂ ਦੀ ਗੱਲ ਨਹੀ ਸੀ ਸੁਣੀ ।ਹਾਸੇ-ਠੱਠੇ ‘ਚ ਵੀ ਨਹੀਂ ।

ਹੁਣ ਤੱਕ ਉਹਨਾਂ ਵਰਗਾ ਬਣੇ ਰਹੇ ਗਾਮੀ ਨੂੰ , ਸਰਪੰਚ ਨੇ ਆਪਣੇ ਵਰਗਾ ਆਖ ਕੇ , ਕਾਫੀ ਸਾਰਾ ਬੇਚੈਨ ਕਰ ਦਿੱਤਾ ।

ਉਸਦਾ ਜੀਅ ਕੀਤਾ ਕਿ ਉਸੇ ਵੇਲੇ ਸਰਪੰਚ ਵੱਲੋਂ ਆਏ ‘ਸਰੋਪੇ ’ ਦਾ ਮੋੜਵਾਂ ਉੱਤਰ ਦੇ ਭੇਜੇ । ਉਸਨੂੰ , ਉਸਦੇ ਮਾਂ-ਪਿਓ ਨੂੰ ਹੁਣ ਤੱਕ ਆਪਣੇ , ਆਪਣੀ ਦਿੱਖ ਵਰਗੇ ਭਾਈਚਾਰੇ ਤੋਂ ਬਾਹਰ ਰੱਖੀ ਰੱਖਣ ਦਾ ਕਾਰਨ ਪੁੱਛੇ,ਪਰ ਉਸਨੇ ਅੰਦਰ ਉੱਠੇ ਜਵਾਰਭਾਟੇ ਨੁੰ ਦੱਬ ਹੀ ਲਿਆ ਸੀ , ਇਕ ਦਮ ।

ਸ਼ਾਇਦ ਤੋਚੀ ਖਾਤਰ ।

ਤੋਚੀ ਰਾਹੀਂ ਆਇਆ ਸਰਪੰਚ ਦਾ ਸੁਨੇਹਾ , ਉਸਨੇ ਸ਼ਾਮ ਬਾਬੂ ਤਕ ਅਗਲੇ ਦਿਨ ਹੀ ਅੱਪੜਦਾ ਕਰ ਦਿੱਤਾ, ਥੋੜ੍ਹਾ ਕੁ ਹੋਰ ਤਿੱਖਾ ਕਰਕੇ ।

ਬੱਸ, ਦਿਨਾਂ ਅੰਦਰ ਹੀ ਤੋਚੀ ਦੇ ਚਾਰੋਂ ਖੇਤ, ਖੇਤੀ ਕਾਰਜ ਲਈ ਵਿਹਲੇ ਹੋ ਗਏ ਸਨ ।

ਸਮੇਤ ਵਿਆਜ ।

ਤੋਚੀ ਦਾ ਭਲਾ ਕਰਕੇ ਗਾਮੀ ਨੇ ਜਾਂ ਉਸ ਨਾਲ ਪੱਗ-ਵਟਾ ਵਰਗੀ ਯਾਰੀ ਦੀ ਲਾਜ  ਰੱਖੀ ਹੋਊ , ਜਾਂ ਆਪਣੀ ਹੀ ਵਜਾ-ਕਤਾ ਵਰਗੇ ਬੰਦੇ ਦੀ ਸਮਝਾਈ ਰਣ-ਨੀਤੀ ਦੇ ਕਿਸੇ ਛੇਦ-ਅਨੁਛੇਦ ਦੀ ਪਾਲਣਾ ਕੀਤੀ ਹੋਊ , ਪਰ ਏਨੀ ਕੁ ਮੱਲ ਮਾਰਕੇ ਉਸ ਅੰਦਰ ਇਕ ਵੱਖਰੀ ਕਿਸਮ ਦੀ ਹਲਚਲ ਜਿਹੀ ਹੋਣ ਲੱਗ ਪਈ । ਇਕ ਹੋਰ ਈ ਤਰ੍ਹਾਂ ਦਾ ਵਹਾ ਜਿਹਾ ਵਗਣ ਲੱਗ ਪਿਆ – “…. ਨੇ ਜਾਣੀਏ ਏਹ ਮਾਰਕਾ…..। ਨੇ ਜਾਣੀਏ ਏਹ ਜਿੱਤ….! ਹੁਣ ਤਕ ਉਹ ਐਮੇ ਈ ਜੱਟ-ਸਿੱਖ ਭਾਈਚਾਰੇ ਨੂੰ …? ਹੁਣ ਤਕ ਐਮੇਂ ਈ ਉਹ ਸਿਰ-ਘਸੇ ਜਿਹੇ ਬਾਊ ਦੇ ਬੋਲ-ਕਬੋਲ…? “

ਉਸ ਅੰਦਰ ਉਂਗਮ ਆਈ ਹਲਕੀ ਜਿਹੀ ਤਬਦੀਲੀ ਬੱਸ ਥੋੜੇ ਕੁ ਦਿਨਾਂ ‘ਚ ਉਸਦੇ ਬਾਹਰ ਵੀ ਦਿੱਸਣ ਲੱਗ ਪਈ । ਉਸਦੇ ਮੂੰਹ-ਮੱਥੇ ‘ਤੇ , ਉਸਦੇ ਅੰਗਾਂ-ਪੈਰਾਂ ‘ਤੇ । ਉਸਦੀ ਚਾਲ-ਢਾਲ , ਬੋਲ-ਬਾਣੀ ਕਾਫੀ ਸਾਰੀ ਬਦਲ ਜਿਹੀ ਗਈ ।

ਬਾਬੂ ਮਾਲਿਕ ਨੂੰ ਆਪਣੇ ਦਫ਼ਤਰ  ਮੁਨਸ਼ੀ ਦਾ ਰੰਗ-ਢੰਗ ਦੇਖ ਕੇ ਢੇਰ ਸਾਰਾ ਸ਼ੱਕ ਹੋਰ ਵਧ ਗਿਆ ।

ਸ਼ੱਕ ਤਾਂ ਉਸਨੂੰ ਪਹਿਲਾਂ ਵੀ ਹੈਗਾ ਸੀ ਗਾਮੀ ‘ਤੇ , ਦਫ਼ਤਰ ਵਾਪਰੀ ਘਟਨਾ ਕਾਰਨ । ਪਰ ,ਓਦੋਂ ਗਾਮੀ ਨੇ ਸਰਾ-ਸਰ ਰਾਖੀ ਕੀਤੀ ਸੀ ਸ਼ਾਮ ਬਾਬੂ ਦੀ । ਰਾਖੀ ਹੀ ਨਹੀਂ ਸਗੋਂ ਜ਼ਿੰਦਗੀ ਬਖਸ਼ੀ ਸੀ ਉਸਨੂੰ । ਨਹੀਂ ਤਾਂ ਕੁਝ ਵੀ ਵਾਪਰ ਸਕਦਾ ਸੀ ਗੱਡੀ ਨਾਲ਼ ।ਜੇ ਨਾਂਹ-ਨੁੱਕਰ ਕਰਦਾ ਚਾਬੀ ਦੇਣੋਂ, ਤਾਂ ਉਸ ਨਾਲ਼ ਵੀ ।

ਉਸ ਤੋਂ ਪਿੱਛੋਂ ਸਰਪੰਚ ਦੇ ਕਿਸੇ ਬੰਦੇ ਦੀ ਹਿੰਮਤ ਨਹੀ ਸੀ ਹੋਈ , ਸ਼ਾਮ ਬਾਬੂ ਵੱਲ, ਉਸਦੇ ਕਿਸੇ ਵੀ ਭੱਠਾ  ਦਫ਼ਤਰ ਵਲ ਮੂੰਹ ਕਰਨ ਦੀ ।

ਚੰਦਾ-ਢਾਲ ਮੰਗਣ ਦੀ ਵੀ ਨਹੀਂ ।

ਹੁਣ ਤਕ ਉਸਦਾ ਸ਼ੱਕ  ਗਾਮੀਂ ਦੇ ਅਹਿਸਾਸ ਹੇਠ ਦੱਬ ਹੋਇਆ ਕਦੀ ਵੀ ਉਭਰ ਕੇ ਸਾਹਮਣੇ ਨਹੀਂ ਸੀ ਆਇਆ ।

ਤੋਚੀ ਦੇ ਖੇਤਾਂ  ਦੀ ਮੋੜ-ਮੁੜਾਈ ਪਿਛੋਂ ਤੋਂ ਉਸਨੇ ਗਾਮੀਂ ਵੱਲ ਨੁੰ ਹੋਰੂੰ-ਹੋਰੂੰ  ਜਿਹਾ ਝਾਕਦਾ ਸ਼ੁਰੂ ਕਰ ਦਿੱਤਾ ।

ਕੌੜੀ ਜਿਹੀ ਗਹਿਰੀ ਜਿਹੀ ਅੱਖੇ ।

ਉਂਝ ਮੂੰਹੋ-ਤੂਹੋਂ ਕਿਹਾ-ਬੋਲਿਆ ਕੁਝ ਨਾ, ਗਾਮੀ ਨੂੰ ।

ਕਹਿਣ-ਬੋਲਣ ਦੀ ਹਿੰਮਤ ਨਾ ਹੋਈ , ਡਰਦੇ ਦੀ ।

ਜਿੱਥੇ ਹੁੰਦੀ ਸੀ ਹਿੰਮਤ , ਉੱਥੇ ਉਸਦੇ ਠੁੱਡੇ-ਮੁੱਕੀਆਂ ਸਗੋਂ ਚਾਂਬਲ ਗਏ ।

ਬੰਦੂਆ ਮਜ਼ਦੂਰਾਂ ਵਰਗੀ ਕਾਰੀਗਰ ਲੇਬਰ ‘ਤੇ ।

ਆਏ ਦਿਨ ਕੋਈ ਨਾ ਕੋਈ ਲਹੂ-ਲੁਹਾਨ ਹੋਇਆ ਹੁੰਦਾ-ਨਿਕਾਸੀ –ਭਰਾਈ ਵਾਲਾ , ਚੁਣਾਵਾ ਪਥੇਰਾ ਜਾਂ ਹੋਰ ਕੋਈ ਮਾੜੀ-ਧਾੜ ।

ਉਸਦੇ ਘਸੁੰਨ-ਮੁੱਕੇ ਖਾ ਕੇ ।

ਐਵੇਂ ਨਿੱਕੀ-ਮੋਟੀ ਅਣਗਹਿਲੀ ਕਾਰਨ ।

ਰੋਂਦੀ-ਕਲਪਦੀ ਲੇਬਰ ਮੁੜ ਘੜੀ ਗਾਮੀ ਕੋਲ ਅੱਪੜਦੀ । ਉਸ ਉੱਤੇ ਗਿਲੇ-ਸ਼ਿਕਵੇ ਕਰਦੀ । ਉਲ੍ਹਾਮੇ ਦਿੰਦੀ ਉਸਨੂੰ – “…. ਯਾ ਕਾ ਹੋਵਤ ਹੈ ਮੁਨਸ਼ੀ  ਬਾਬੂ….ਕਾਹੇ ਜੁਲਮ ਹੋਵਤ ਹੈ ਹਮ ਪੇ ! ….ਤੁਮ ਤੋ ਬੋਲਤ ਰਹੋ  ਨਾਹੀ ਕਰਤ ਹੋ ਮਾਰਪੀਟ , ਅੱਬ ਕੀ ਬਾਰ । ਨਾਹੀ ਦੇਵਤ ਹੋ ਗਾਲੀ ਹਮਹੀ ਜਾਤ ਕੋ , ਹਮਰੇ ਦੇਸ-ਗਾਂਵ ਕੋਂ …..! ਉਧਰ ਐਸਾ ਈ ਬੋਲਤ ਹੈ ਨਾ ਤੂੰ ਮੁਨਸ਼ੀ ਬਾਬੂ….!! ‘’

ਉਹਨਾਂ ਦੇ ਸੱਚ ਸਾਹਮਣੇ ਛਿੱਥੇ ਪਏ ਗਾਮੀਂ ਨੂੰ ਸਰਪੰਚ ਦੇ ਤੋਚੀ ਹੱਥ ਭੇਜੇ ਬੋਲ ਹਰ ਵਾਰ ਥਾਪੀ ਦਿੰਦੇ ਉਸਨੂੰ – “….ਏਹ ਲੱਤਾਂ-ਠੱਡਿਆਂ ਦੇ ਯਾਰ, ਗੱਲੀ-ਬਾਤੀਂ ਸੂਤ ਨਈਂ ਆਉਣੇ । ਏਨ੍ਹਾਂ ਨੂੰ ਦੂਜੇ ਰੁਕ ਈ ਸੂਤ….।“ਵਿਚੋਂ ਹੀ ਕਿਧਰੇ ਪੱਮੀ ਮਾਸਟਰ ਦੀ ਸਿੱਖਿਆ-ਵਿਦਿਆ ਵੀ ਉਸਦੀ ਪਿੱਠ ਆ ਥਾਪੜਦੀ – “ ….ਏਹ ਮਾਇਆਧਾਰੀ ਜਮਾਤ ਪੈਰਾਂ ਦੀ ਬੜੀ ਥਿੜਕੂ  ਹੁੰਦੀ , ਇਕ ਨੰਬਰ ਦੀ ਡਰਪੋਕ । ਜ਼ਰ ਕੁ  ਅੱਖ ਗਹਿਰੀ ਕਰਨ ਤੇ ਬੱਸ ….।“

ਪਰ, ਗਾਮੀ ਨੇ ਹੁਣ ਤਕ ਨਾ ਤਾਂ ਕਦੀ ਮਾਲਿਕ ਬਾਬੂ ਵੱਲ ਨੂੰ ਗਹਿਰੀ ਅੱਗੇ ਦੇਖਿਆ ਸੀ ,ਨਾ ਈ ਉਸਨੂੰ ਦੂਜੇ ਰੁਕ ਸੂਤ ਕਰਨ ਲਈ ਉਬਾਲਾ ਖਾਧਾ ਸੀ , ਉਸਦੇ ਅੰਦਰ ਨੇ ।

ਸਰਪੰਚ ਤੋਂ ਲਿਆ ਫੜਿਆ ਨਵਾਂ-ਨਿਕੋਰ ਪੁਰਜ਼ਾਂ ਸਾਂਭ ਪਕੜ ਕੇ ਵੀ ਨਹੀਂ ।

ਪੱਮੀ ਮਾਰਟਰ ਦਾ ਸਮਝਾਇਆ ਤਿੱਖਾ ਸੰਘਰਸ਼ੀ ਰਾਹ ਵੀ ਉਸਨੂੰ ਬਾਵੇ ਨੂੰ ਜ਼ਖਮੀ ਕਰਨ ਤੋਂ ਪਿੱਛੋਂ ਜਾ ਕੇ ਕਿਤੇ ਯਾਦ ਆਇਆ – “…..ਏਹ ਹਥਿਆਰ ਸ਼ਕਤੀ ,ਜਥੇਬੰਦਕ ਸ਼ਕਤੀ ਦੀ ਮੁੱਠ ‘ਚ ਹੋਣੀ ਚਾਹੀਦੀ ,ਕੱਲੇ-ਕਹਿਰੇ ਨਾਇਕ ਦੇ ਹੱਥ ‘ਚ ਨਹੀਂ । ਨਹੀਂ ਤਾਂ …..ਨਹੀਂ ਤਾਂ …..।“

ਬਾਵੇ ਦੀ ਪੈੜ ਚਾਲ ਵਰਗੀ ਪੁੱਟੀ ਪਹਿਲੀ ਲਾਂਘ ਹੀ ਉਸਨੂੰ ਬਿਲਕੁਲ ਹੀ ਦੂਜੇ ਬੰਨੇ ਲੈ ਤੁਰੀ ਸੀ , ਉਲਟ ਬੰਨੇ । ਸ਼ਾਮ ਬਾਬੂ ਕਰਨ ਵੱਲ , ਉਲਟਾ ਉਸਦੀ ਰਾਖੀ ਕਰਨ ਵਲ ।

ਉਸਦੇ ਵਹਿਸ਼ੀਆਨਾ ਵਰਤੋਂ ਵਿਹਾਰ ਨੂੰ ਰੋਕਣ ਟੋਕਣ ਲਈ, ਉਸਦੀ ਜਾਂਗਲੀ ਕਿਸਮ ਦੇ ਹਊ ਭਾਵਨਾ ਨੂੰ ਹੋੜਨ ਮੋੜਨ ਲਈ ,ਹੁਣ ਤਕ ਉਸਦੀ ਬਾਬੂਗੀਰੀ ਵਿਰੁੱਧ ਇਕ ਵੀ ਸ਼ਬਦ ਮੂੰਹੋਂ ਨਹੀਂ ਬੋਲਿਆ ਗਿਆ ਗਾਮੀ ਤੋਂ ।

ਉਸਦੇ ਮੂੰਹੋਂ ਨਹੀ ਬੋਲਿਆ ਗਿਆ ਗਾਮੀ ਤੋਂ ।

ਉਸਦੇ ਮੂੰਹ ‘ਤੇ ਜਾਂ ਪਿੱਠ ਪਿੱਛੇ ।

ਖਿਝੀ-ਖਪੀ ਲੇਬਰ ਨੂੰ ਠਾਰਸ ਦੇਣ ਲਈ ਵੀ ਨਹੀਂ ।

…ਕਿੰਨੇ ਪਾਪੜ ਵੇਲਣੇ ਪੈਂਦੇ ਸਨ ਉਸਨੂੰ ਆਈ ਵਾਰ ਭੱਠਾ ਲੇਬਰ ਨੂੰ ਘਰੋਂ ਤੋਰਨ ਲੱਗਿਆਂ ।ਉਹਨਾਂ ਦੇ ਪ੍ਰਦੇਸੋਂ ਯੂ.ਪੀ., ਬਿਹਾਰ ਜਾਂ ਰਾਜਿਸਥਾਨ ਤੋਂ ।ਕਿਸੇ ਦੀ ਟੁੱਟੀ-ਉੱਖੜੀ ਝੁੱਗੀ-ਝੌਂਪੜੀ ਦਾ ਸਿਰ ਢਕਣ ਕਰਕੇ , ਕਿਸੇ ਦਾ ਰੋਂਦਾ ਵਿਲਕਦਾ ਬਾਲ-ਬੱਲਾ ਵਰਚਾ-ਪਰਚਾ ਕੇ , ਜਾਂ  ਕਿਸੇ ਦੇ ਟੱਬਰ-ਟੀਰ , ਮਾਈ-ਬਾਪ ਦੀਆਂ ਜਗਦੀਆਂ-ਬੁਝਦੀਆਂ ਅੱਖਾਂ ‘ਚ ਕੱਖਾਂ ਕਾਨਿਆਂ ਦ ਝੁੱਗੇ ਢਾਰਿਆਂ ਦੀ ਥਾਂ, ਪੱਕੀਆਂ ਇੱਟਾਂ ਦੇ ਘਰ-ਕੋਠੜਿਆਂ ਦੇ ਸੁਪਨੇ ਲਟਕਦੇ ਕਰਕੇ ।

ਉੱਚੇ ਆਲੀਸ਼ਾਨ ਭਵਨਾਂ ਲਈ ਪੱਕੀ ਇੱਟ ਦੇ ਅੰਬਾਰ ਲਾਉਣ ਵਾਲੀ ਕੱਚੀ ਲੇਬਰ ਦੇ ਟੱਬਰ-ਟੀਰ , ਮਾਈ ਬਾਪ ਦੀਆਂ ਜਗਦੀਆਂ ਬੁਝਦੀਆਂ ਅੱਖਾਂ ‘ਚ ।

ਪਰ, ਹੁਣ ਤਕ ਨਾ ਤਾਂ ਉਹ ਕਿਸੇ ਦਾ ਘਰ ਕੋਠੜੀ ਹੀ ਪੱਕਾ ਕਰਵਾ ਸਕਿਆ ਸੀ ,ਸ਼ਾਮ ਬਾਬੂ ਨੂ ਆਖ ਸੁਣ ਕੇ , ਕਦ ਇਮਦਾਦ ਕਰਵਾ ਕੇ , ਤੇ ਨਾ ਹੀ ਉਸਦੇ ਗੇੰਦੇ-ਮੰਦੇ ਗਾਲੀ ਗਲੋਚ , ਲੱਤਾਂ ਹੂਰੇ ਮੱਕੀਆਂ ਦੀ ਮਾਰ ਤੋਂ ਰੱਖ ਬਚਾਅ ਹੀ ਕਰ ਸਕਿਆ , ਉਹਨਾਂ ਦਾ ।

ਦਿਲੋਂ ਮਨੋਂ ਚਾਹੁੰਦਾ ਹੋਇਆ ਵੀ ।

ਹੋਰ ਤਾਂ ਹੋਰ ਬਾਬੂ ਮਾਲਿਕ ਤਕ ਉਹਨਾਂ ਦਾ ਗਿਲਾ ਸ਼ਿਕਵਾ ਅੱਪੜਦਾ ਕਰਨ ਦੀ ਹਿੰਮਤ ਕਦੀ ਨਹੀਂ ਸੀ ਕੀਤੀ ਗਾਮੀ ਨੇ ।

ਪਰ , ਤੋਚੀ ਦੇ ਖੇਤ ਮੁੜਦੇ ਕਰਨ ਦਾ ਸਰਪੰਚ ਦਾ ‘ਸੁਨੇਹਾ ’ ਸ਼ਾਮ ਬਾਬੂ ਤਕ     ਅਪੜਦਾ ਕਰਨ ਲਈ ,ਉਸ ਅੰਦਰ ਪਤਾ ਨਈਂ ਕਿਵੇਂ ਦੀ ਹਿੰਮਤ ਜਾਗ ਪਈ ।……ਜੱਟ ਸਿੱਖ ਹੋਣ ਦੀ ਉਪਾਧੀ ਮਿਲ ਜਾਣ ਕਰਕੇ ਜਾਂ ਪੱਮੀ ਮਾਸਟਰ ਦੀ ਬੰਬੀ ਤੇ ਮਿਲਦੇ ਟੱਕਰਦੇ ਰਹੇ ਓਪਰੇ ਜਿਹੇ ਬੰਦਿਆਂ ਦਾ ਪੰਡਿਤ  ਤੀਰਥ ਰਾਮ ਦਾ ਕਿਹਾ ਸੁਣਿਆ ਸਾਰਾ ਕੁਝ ਭੁੱਲ-ਭੁਲਾ ਜਾਣ ਕਰਕੇ ।

ਉਸਦੇ ਆਪਣੇ ਯਤਨਾਂ ਨਾਲ ਆਈ ਦੂਰ-ਪਾਰ ਦੀ ਲੇਬਰ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਉਲ੍ਹਾਮਾ ਲਈ ਉਸਦਾ ਦਫ਼ਤਰ ਮੱਲੀ  ਰੱਖਦੀ , ਉਸਦੀ ਤਰਫ਼ਦਾਰੀ ਭਾਲਣ ਲਈ ।ਪਿਛਲੇ ਕੱਲ੍ਹ ਦੀ ਘਟਨਾ ਨੇ ਤਾਂ ਜਿਵੇਂ ਉਸਨੂੰ ਉਸਦੇ ਤਰਫ਼ਦਾਰੀ ਦੇ ਖੋਲ ‘ਚੋਂ ਭੁੜਕਾ ਕੇ ਬਾਹਰ ਵਗਾਹ ਮਾਰਿਆ ਹੋਵੇ, ਰੜੇ-ਪੱਧਰੇ । ….ਰੋਂਦੇ ਵਿਲਕਦੇ ਛਾਂਗੂ ਰਾਮ ਨੂੰ ਵਰਚਾ-ਪਰਚਾ ਕੇ ਉਹ ਅਜੇ ਮੁੜਿਆ ਸੀ ਦਫ਼ਤਰ , ਕਿ ਨਿਕਾਸੀ ਕਰਦੀ ਸਾਰੀ ਲੇਬਰ, ਉਸ ਦੁਆਲੇ ਆ ਜੁੜੀ-ਛਾਂਗੂ ਰਾਮ ਨੂੰ ਪਈ  ਮਾਰ ਦਾ ਕਾਰਨ ਪੁੱਛਣ ।

ਹਰ ਕੋਈ ਆਪਣੀ ਆਪਣੀ ਸੁਰ ‘ਚ ਮੰਦਾ-ਚੰਗਾ ਬੋਲਦਾ ਗਿਆ – ਸ਼ਾਮ ਬਾਬੂ ਨੂੰ ਵਿਚੇ ਈ ਗਾਮੀ ਨੂੰ ।

ਕਿਸੇ ਦੇ ਉੱਚੇ-ਨੀਵੇਂ ਬੋਲ ਗਾਮੀਂ ਦੀ ਸਮਝ ਪੈਂਦੇ ਕਿਸੇ ਦੇ ਨਾ ਵੀ ।…..ਬਾਬੂ ਤਾਂ ਆਪਣੀ ਕਾਰਵਾਈ ਪਾ ਕੇ ਉਸੇ ਵੇਲੇ ਖਿਸਕ ਗਿਆ ਸੀ ,ਭੱਠੇ ਤੋਂ ।

ਥੋੜ੍ਹਾ ਕੁ ਚਿਰ ਤਾਂ ਗਾਮੀ ਉਹਨਾਂ ਦਾ ਗੁੱਸਾ-ਗਿਲਾ ਚੁੱਪ-ਚਾਪ ਸੁਣਦਾ ਰਿਹਾ, ਜਿਵੇਂ ਸੁਣਿਆ ਕਰਦਾ ਸੀ ਹਰ ਵਾਰ । ਫਿਰ ….ਫਿਰ ਪਤਾ ਨਈਂ ਉਸਦੇ ਅੰਦਰ ਨੇ ਕਿਹੋ ਜਿਹਾ ਉਛਾਲਾ ਮਾਰਿਆ , ਕਿਹੋ ਜਿਹਾ ਤਾਅ ਚੜਿਆ ਉਸਨੂੰ-ਕੁਰਸੀ ਤੋਂ ਉਠਦਿਆਂ ਸਾਰ ਉਹ ਟੁੱਟ ਹੀ ਪਿਆ ‘ਰੋਂਦੀ-ਵਿਲਕਦੀ ’ ਧੂੜ-ਘੱਟਾ ਹੋਈ ਹਮ ਸ਼ਕਲ ਲੇਬਰ  ‘ਤੇ ।ਪੂਰੇ ਜਲ-ਜਲੋ ਨਾਲ਼, ਪੂਰੀ ਜੱਟ ਹਊ ਨਾਲ਼ ।

ਨਾਲੋਂ-ਨਾਲ ਹੂਰੇ-ਮੁੱਕੀਆਂ, ਲੱਤੇ-ਠੁੱਡੇ , ਨਾਲੋ-ਨਾਲ , ਗਾਲੀ –ਗਲੋਚ , ਗੰਦ-ਮੰਦ ।

ਵਿਚੋਂ ਉਹਨਾਂ ਨੂੰ ,ਵਿਚੇ ਉਹਨਾਂ ਦੇ ਪ੍ਰਾਂਤਾਂ-ਸੂਬਿਆਂ ,ਗੋਤਾਂ-ਜਾਤਾਂ ਨੂੰ ।

ਬਿਲਕੁਲ ਸ਼ਾਮ ਬਾਬੂ ਵਾਂਗ । ਅੱਵਲ ਉਸ ਤੋਂ ਵੀ ਦੋ ਰੱਤੀਆਂ ਉੱਪਰ,ਉੱਚੀ-ਤਿੱਖੀ ਸੁਰ ‘ਚ ।

ਦੌੜਦੀ-ਭੱਜਦੀ ,ਭੈਅ-ਭੀਤ  ਹੋਈ ਨਿਕਾਸੀ ਲੇਬਰ ਤਾਂ ਗਾਮੀ ਨੂੰ ਭੋਣ ਚੜ੍ਹਿਆ ਦੇਖ ਕੇ, ਆਪਣੀ, ਆਪਣੀ ਘੁਰਨੀਂ ਜਾ ਲੁਕੀ, ਪਰ ਸਾਹੋ-ਸਾਹ ਹੋਇਆ ਗਾਮੀਂ ਹੋਰ ਕਿੰਨਾ ਈ ਚਿਰ ਦਫ਼ਤਰੋਂ ਬਾਹਰ ਖੜ੍ਹਾ ਅਵਾ-ਤਵਾ ਬੋਲਦਾ ਰਿਹਾ ।ਪਤਾ ਨਈਂ ਕਿਸ ਕਿਸ ਨੂੰ , ਕੀ ਕੀ ?

ਅਵਾ-ਤਵਾ ਬੋਲਦਾ ਉਹ ਥੋੜ੍ਹੇ ਚਿਰ ਪਿੱਛੋਂ ਫਿਰ ਜਿਵੇਂ ਸੁੰਨ ਹੀ ਹੋ ਗਿਆ, ਇਕ ਦਮ ਚੁੱਪ  । ਹੁਣੇ ਹੁਣੇ ਗੜ੍ਹਕਦੇ-ਗਰਜਦੇ ਬੋਲ ਜਿਵੇਂ ਉਸਦੇ ਅੰਦਰ ਸੌ ਈ ਗਏ, ਦੱਬ ਈ ਗਏ ਹੋਣ ।

ਉਸਦੇ ਕੰਬਦੇ-ਡੋਲਦੇ ਅੰਗ ਪੈਰ ਵੀ ਭੱਠੇ ਦੇ ਕਿਸੇ ਵੀ ਕਿਸੇ ਹਿੱਸੇ ਵੱਲ ਨੂੰ ਤੁਰਨ ਤੋਂ ਇਨਕਾਰੀ ਹੋ ਉੱਠੇ ।

ਨਾ ਅਗਾਂਹ ਘਾਟ ਵੱਲ ਨੂੰ , ਨਾ ਪਿਛਾਂਹ ਦਫ਼ਤਰ ਵੱਲੋ ਨੁੰ ।

ਦਿਨ ਭਰ ਦੀ ਵੇਚ-ਵਟਕ ਉਵੇਂ ਦੀ ਉਵੇਂ ਪਈ ਛੱਡ,ਉਹ ਇੱਟਾਂ ਦੀ ਜੂਹ ‘ਚੋਂ ਬਾਹਰ ਨਿਕਲ ਆਇਆ ।….ਰਵਾਂ-ਰਵੀਂ ਤੁਰਿਆ ਉਹ ਪਿੰਡ ਪਹੁੰਚ ਗਿਆ, ਸਿੱਧਾ ਆਪਣੇ ਘਰ ।

ਘਰ ਦੀ ਚਾਰ-ਦੀਵਾਰੀ ਅੰਦਰ  ਬੰਦ ਹੋਇਆ , ਫਿਰ ਕਈ ਦਿਨ ਅੰਦਰੋਂ ਬਾਹਰ ਨਾ ਨਿਕਲਿਆ ।

ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ….ਉਹ ਇਸ ਦਾ ਕੀ ਕਾਰਨ ਦੱਸੇ ਕਿਸੇ ਨੂੰ…..।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ…..।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>