ਬਾਦਲ ਦਲ ਨੇ ਹਮੇਸ਼ਾਂ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ : ਮਾਨ

ਫ਼ਤਹਿਗੜ੍ਹ ਸਾਹਿਬ – “ਬੜੀ ਜੱਦੋਂ-ਜ਼ਹਿਦ ਅਤੇ ਲੰਮੇਂ ਸੰਘਰਸ਼ ਤੋਂ ਬਾਅਦ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ 1920 ਵਿਚ ਹੋਂਦ ਵਿਚ ਲਿਆਂਦਾ । ਅਕਾਲੀ ਦਲ ਵੱਲੋਂ ਮੋਰਚੇ ਲਗਾਕੇ ਸਿੱਖ ਕੌਮ ਨੂੰ ਦਿੱਤੀਆਂ ਅਹਿਮ ਦੇਣਾਂ ਦਾ ਆਪਣਾ ਹੀ ਇਤਿਹਾਸ ਹੈ । ਪਰ ਲੰਮੇਂ ਸਮੇਂ ਤੋਂ ਬਾਦਲ ਪਰਿਵਾਰ ਨੇ ਅਕਾਲੀ ਦਲ ਤੇ ਕਬਜਾ ਕਰਕੇ ਇਸਦੇ ਸਾਨਾਮੱਤੇ ਇਤਿਹਾਸ ਨੂੰ 1996 ਵਿਚ ਮੋਗਾ ਵਿਖੇ ਪੰਜਾਬੀ ਪਾਰਟੀ ਬਣਾਕੇ ਅਕਾਲੀ ਦਲ ਦੇ ਅਸਲ ਏਜੰਡੇ ਨੂੰ ਛੱਡ ਦਿੱਤਾ ਹੈ । ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦਾ ਭੋਗ ਪਾ ਕੇ ਇਸਦੀ ਹੋਂਦ ਨੂੰ ਕੁਝ ਗਿਣਤੀ ਦੇ ਪਰਿਵਾਰਾਂ ਤੱਕ ਹੀ ਸੀਮਤ ਕਰ ਦਿੱਤਾ ਹੈ । ਬਾਦਲ ਦਲ ਅਤੇ ਹੋਰ ਰਵਾਇਤੀ ਲੀਡਰ ਜੋ ਅੱਜ ਸਿੱਖ ਕੌਮ ਅਤੇ ਕਿਸਾਨੀ ਸੰਘਰਸ਼ ਦੇ ਹਿਤੈਸੀ ਹੋਣ ਦਾ ਢੰਡੋਰਾ ਪਿੱਟਦੇ ਹਨ, ਇਨ੍ਹਾਂ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ । ਕਿਉਂਕਿ ਸਿੱਖ ਕੌਮ ਇਨ੍ਹਾਂ ਦੀ ਅਸਲੀਅਤ ਨੂੰ ਪਹਿਚਾਣ ਚੁੱਕੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਰਦਿਆ ਕਿਹਾ ਕਿ ਬਾਦਲ ਦਲ ਦਾ ਸਾਥ ਦੇਣ ਵਾਲੇ ਸ. ਸੁਖਦੇਵ ਸਿੰਘ ਢੀਂਡਸਾ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਸੇਵਾ ਸਿੰਘ ਸੇਖਵਾ ਆਦਿ ਰਵਾਇਤੀ ਲੀਡਰਾਂ ਨੇ ਚੁੱਪ ਰਹਿਕੇ ਆਪਣੇ ਨਿੱਜੀ ਫਾਇਦਿਆ ਲਈ ਆਪਣੇ ਪੁੱਤ, ਭਤੀਜਿਆ ਨੂੰ ਪਦਵੀਆਂ ਦਿਵਾਉਣ ਤੱਕ ਹੀ ਸੀਮਤ ਰੱਖਿਆ ਅਤੇ ਇਸ ਬਦਲੇ ਸੈਂਟਰ ਤੋਂ ਤਗਮੇ (ਅਵਾਰਡ), ਸਨਮਾਨ ਹਾਸਿਲ ਕੀਤੇ । ਪਰ ਹੁਣ ਇਹ ਆਗੂ ਅੱਜ ਤੱਕ ਸਿੱਖ ਕੌਮ ਨੂੰ ਇਹ ਨਹੀਂ ਦੱਸ ਰਹੇ ਕਿ ਅਸੀਂ 1996 ਵਿਚ ਪੰਜਾਬੀ ਪਾਰਟੀ ਬਣਾਉਣ ਸਮੇਂ ਲਾਗੂ ਹੋਏ ਏਜੰਡੇ ਨੂੰ ਛੱਡ ਦਿੱਤਾ ਹੈ ਜਾਂ ਹਿੰਦੂਤਵੀ ਜਮਾਤ ਬੀਜੇਪੀ ਵਰਗੀਆਂ ਕੱਟੜ ਧਿਰਾਂ ਨਾਲ ਨੇੜਤਾ ਕਿਥੋਂ ਤੱਕ ਹੈ ? ਇਹ ਲੀਡਰ ਨਵੀਆਂ ਪਾਰਟੀਆਂ ਬਣਾਕੇ ਸਿੱਖ ਕੌਮ ਨੂੰ ਫਿਰ ਗੁੰਮਰਾਹ ਕਰ ਰਹੇ ਹਨ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਲੈਕੇ ਅਤੇ ਜ਼ਿੰਮੀਦਾਰਾਂ ਦੇ ਕਿਸਾਨੀ ਅੰਦੋਲਨ ਦੇ ਹਮਾਇਤੀ ਹਨ । ਅਜਿਹਾ ਕਰਕੇ ਇਹ ਇਕ ਵਾਰ ਫਿਰ ਸਿੱਖ ਕੌਮ ਨੂੰ ਭੰਬਲਭੂਸੇ ਵਿਚ ਪਾਉਣਾ ਚਾਹੁੰਦੇ ਹਨ। ਪਰ ਸਿੱਖ ਕੌਮ ਇਨ੍ਹਾਂ ਰਵਾਇਤੀਆ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ, ਉਹ ਹੁਣ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ । ਪੰਜਾਬੀ ਦੀ ਇਕ ਕਹਾਵਤ ਹੈ ਵਕਤੋ ਖੁੱਝੀ ਡੂੰਮਣੀ, ਢੂੰਡੇ ਆਲ-ਪਤਾਲ ਅਨੁਸਾਰ ਇਨ੍ਹਾਂ ਲੀਡਰਾਂ ਨੇ ਜਦੋਂ ਸਮਾਂ ਸੀ, ਉਦੋ ਤਾਂ ਕੁਝ ਕੀਤਾ ਨਹੀਂ ਅਤੇ ਹੁਣ ਇਹ ਸੈਂਟਰ ਦੀਆਂ ਹਿੰਦੂਤਵ ਪੱਖੀ ਸਰਕਾਰਾਂ ਕੋਲ ਆਪਣੀਆ ਜ਼ਮੀਰਾਂ ਵੇਚਕੇ ਸਿੱਖ ਕੌਮ ਦਾ ਭਲਾ ਕਿਵੇਂ ਕਰ ਸਕਦੇ ਹਨ ? ਇਨ੍ਹਾਂ ਨੂੰ ਇਹ ਵੀ ਸਾਫ਼ ਕਰਨਾ ਪਵੇਗਾ ਕਿ ਉਹ ਹਿੰਦੂਤਵੀ ਪੱਖੀ ਸੋਚ ਦੇ ਨਾਲ ਹਨ ਜਾਂ ਸਿੱਖ ਕੌਮ ਨਾਲ ?”

ਸ. ਮਾਨ ਨੇ ਅੱਗੇ ਕਿਹਾ ਕਿ ਜਦੋਂ ਤੋਂ ਬਾਦਲ ਦਲ ਨੇ ਹਿੰਦੂਤਵਾਂ ਪੱਖੀ ਪਾਰਟੀ ਬੀਜੇਪੀ ਨਾਲ ਰਲੇਵਾ ਕੀਤਾ ਹੈ, ਉਸ ਤੋਂ ਬਾਅਦ ਸਿੱਖ ਪੰਥ, ਕੌਮ ਅਤੇ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਲਈ ਜੋ ਵੀ ਆਰ.ਐਸ.ਐਸ, ਸਿਵ ਸੈਨਾ, ਵਿਸਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਹਿੰਦੂ ਸੁਰੱਖਸਾ ਸੰਮਤੀ ਆਦਿ ਕੱਟੜ ਹਿੰਦੂ ਜਥੇਬੰਦੀਆਂ ਵੱਲੋਂ ਜੋ ਵੀ ਏਜੰਡਾ ਤਹਿ ਕੀਤਾ ਗਿਆ, ਉਸ ਨੂੰ ਲਾਗੂ ਕਰਵਾਉਣ ਲਈ ਬਾਦਲ ਦਲ ਨੇ ਮੋਹਰੀ ਰੋਲ ਅਦਾ ਕੀਤਾ । ਪੰਜਾਬੀ ਬੋਲਦੇ ਇਲਾਕਿਆ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਦਰਿਆਈ ਪਾਣੀਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਵਿਚ ਸਾਮਿਲ ਕਰਨ ਆਦਿ ਮਸਲਿਆ ਨੂੰ ਹੱਲ ਕਰਵਾਉਣ ਲਈ ਕੋਈ ਯਤਨ ਨਹੀਂ ਕੀਤਾ । ਸਗੋ ਇਸਦੇ ਉਲਟ ਲਗਾਤਾਰ 10 ਸਾਲ ਪੰਜਾਬ ਦੀ ਰਾਜ ਸਤ੍ਹਾ ਤੇ ਕਾਬਜ ਰਹਿਣ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜਾਨੇ ਦੀ ਵਰਤੋਂ ਆਪਣੇ ਸਿਆਸੀ ਮੰਤਵ ਲਈ ਕੀਤੀ । ਸਿੱਖ ਪੰ੍ਰਪਰਾਵਾ ਅਤੇ ਸਿਧਾਤਾਂ ਦੇ ਉਲਟ ਤਖ਼ਤਾਂ ਦੇ ਜਥੇਦਾਰਾਂ ਤੋਂ ਅਜਿਹੇ ਫੈਸਲੇ ਕਰਵਾਏ ਜਿਸ ਨਾਲ ਸਿੱਖ ਕੌਮ ਦੀ ਦੁਨੀਆਂ ਭਰ ਵਿਚ ਖਿੱਲੀ ਉੱਡੀ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਇ ਪੁਲਿਸ ਰਾਹੀ ਸਿੱਖ ਨੌਜ਼ਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਇਆ । ਬਰਗਾੜੀ ਕਾਂਡ ਦੇ ਅਸਲ ਦੋਸ਼ੀ ਸੌਦਾ ਸਾਧ ਦੇ ਚੇਲਿਆ ਨੂੰ ਬਚਾਉਣ ਲਈ ਜਾਲਮ ਡੀਜੀਪੀ ਸੁਮੇਧ ਸੈਣੀ ਵਰਗੇ ਅਫ਼ਸਰਾਂ ਰਾਹੀ ਗੈਰ-ਕਾਨੂੰਨੀ ਢੰਗਾਂ ਦੀ ਦੁਰਵਰਤੋਂ ਕੀਤੀ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਨੂੰ ਦਿਵਾਈ ਮੁਆਫ਼ੀ ਨੂੰ ਜਾਇਜ ਠਹਿਰਾਉਣ ਲਈ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਅਖਬਾਰੀ ਇਸਤਿਹਾਰਬਾਜੀ ਲਈ 95 ਲੱਖ ਰੁਪਏ ਨੂੰ ਲੁਟਾਇਆ । ਸ. ਮਾਨ ਨੇ ਕਿਹਾ ਕਿ ਹੁਣ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਲਈ ਵੀ ਸਿੱਧੇ ਤੌਰ ਤੇ ਬਾਦਲ ਦਲ ਦੇ ਵੱਡੇ ਆਗੂਆਂ ਦੇ ਨਾਮ ਸਾਹਮਣੇ ਆਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ? ਅਜਿਹਾ ਇਸ ਕਰਕੇ ਨਹੀਂ ਹੋ ਰਿਹਾ ਕਿ ਬਾਦਲ ਦਲ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰੀ ਤਰ੍ਹਾਂ ਕਬਜਾ ਕਰਕੇ ਪ੍ਰਧਾਨਗੀ ਦੇ ਪਵਿੱਤਰ ਅਹੁਦੇ ਦੀ ਕਮਾਨ ਆਪਣੇ ਹੱਥ ਵਿਚ ਲੈ ਰੱਖੀ ਹੈ । ਲਿਫਾਫਾ ਕਲਚਰ ਰਾਹੀ ਬਣਾਏ ਜਾ ਰਹੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਗਜੈਕਟਿਵ ਮੈਂਬਰ ਕਿਵੇਂ ਸਿੱਖ ਕੌਮ ਦੀ ਨੁਮਾਇੰਦਗੀ ਕਰ ਸਕਦੇ ਹਨ ?

ਸ. ਮਾਨ ਨੇ ਅੱਗੇ ਕਿਹਾ ਕਿ ਸਿੱਖ ਕੌਮ ਦੀ ਨਿੱਤ ਦੀ ਅਰਦਾਸ ਵਿਚ ਹਰ ਸਿੱਖ ਇਹ ਦੁਹਰਾਉਦਾ ਹੈ ਕਿ ਸਿੱਖ ਕੌਮ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦਾ ਅਧਿਕਾਰ ਸਿੱਖ ਕੌਮ ਨੂੰ ਮਿਲੇ । ਹੁਣ ਜਦੋਂ ਸੈਂਟਰ ਵਿਚ ਬੀਜੇਪੀ ਦੇ ਭਾਈਵਾਲ ਹੋਣ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਕਿਉਂ ਨਹੀਂ ਖੁੱਲ੍ਹਵਾਉਣ ਦੇ ਯਤਨ ਕੀਤੇ ਜਾ ਰਹੇ ? ਇਹ ਸਾਰੀਆ ਘਟਨਾਵਾ ਇਹ ਸਿੱਧ ਕਰਦੀਆ ਹਨ ਕਿ ਬਾਦਲ ਦਲ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੇ ਕਾਬਲ ਨਹੀਂ । ਇਹੀ ਕਾਰਨ ਹੈ ਕਿ ਸ਼ਹੀਦੀ ਜੋੜ ਮੇਲ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿੰਮੀਦਾਰਾਂ ਅਤੇ ਸਿੱਖ ਨੌਜ਼ਵਾਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਆਮਦ ਦਾ ਡੱਟਕੇ ਵਿਰੋਧ ਕੀਤਾ । ਪੁਲਿਸ ਅਤੇ ਪ੍ਰਬੰਧਕਾਂ ਨੇ ਬੜੀ ਮੁਸੱਕਤ ਨਾਲ ਸੁਖਬੀਰ ਬਾਦਲ ਅਤੇ ਇਸਦੇ ਨਾਲ ਦੇ ਆਗੂਆਂ ਨੂੰ ਪਿੱਛਲੇ ਦਰਵਾਜਿਆ ਰਾਹੀ ਮਹਿਫੂਜ ਕਰਕੇ ਭੀੜ ਵਿਚੋਂ ਕੱਢਣਾ ਪਿਆ । ਸ. ਮਾਨ ਨੇ ਕਿਹਾ ਕਿ ਸੈਂਟਰ ਦੀ ਮੋਦੀ ਹਕੂਮਤ ਨੇ ਜਦੋਂ ਨੋਟਬੰਦੀ ਕੀਤੀ ਤਾਂ ਬਾਦਲ ਪਰਿਵਾਰ ਨੇ ਨਜਾਇਜ ਤਰੀਕੇ ਇਕੱਠੀ ਕੀਤੀ ਮਾਇਆ ਨੂੰ ਐਸ.ਜੀ.ਪੀ.ਸੀ. ਦੇ ਖਜਾਨੇ ਵਿਚ ਪਾ ਕੇ ਆਪਣੀ ਮਾਇਆ ਨੂੰ ਇਕ ਨੰਬਰ ਵਿਚ ਕਰ ਲਿਆ, ਅਜਿਹੀਆ ਅਨੇਕਾ ਹੋਰ ਉਦਾਹਰਣਾਂ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਬਾਦਲ ਦਲ ਨੇ ਆਪਣੇ ਨਿੱਜੀ ਹਿੱਤਾ ਦੀ ਪੂਰਤੀ ਲਈ ਗੁਰੂਘਰ ਨਾਲ ਵੀ ਧ੍ਰੋਹ ਕਮਾਇਆ ਹੈ । ਜਿਸਦੀ ਸਜ਼ਾ ਇਸ ਪਰਿਵਾਰ ਨੂੰ ਅਕਾਲ ਪੁਰਖ ਜ਼ਰੂਰ ਦੇਵੇਗਾ । ਕਿਉਂਕਿ ਰੱਬ ਦੇ ਘਰ ਦੇਰ ਹੈ, ਹਨ੍ਹੇਰ ਨਹੀਂ । ਹੁਣ ਇਹ ਆਗੂ ਆਪਣੀਆ ਕੀਤੀਆ ਨੂੰ ਲੁਕੋਣ ਲਈ ਕਿਸਾਨ ਹਿਤੈਸੀ ਹੋਣ ਅਤੇ ਸਿੱਖ ਕੌਮ ਦੇ ਵਾਰਿਸ ਅਖਵਾਉਣ ਦੀਆਂ ਝੂਠੀਆ ਦਲੀਲਾਂ ਰਾਹੀ ਸਿੱਖ ਕੌਮ ਅਤੇ ਜ਼ਿੰਮੀਦਾਰਾਂ ਨੂੰ ਦੁਬਾਰਾ ਫਿਰ ਗੁੰਮਰਾਹ ਕਰ ਰਹੇ ਹਨ । ਇਨ੍ਹਾਂ ਦੀਆਂ ਗਿੱਦੜ ਚਾਲਾ ਨੂੰ ਸਮਝਦਿਆ ਸਿੱਖ ਕੌਮ ਨੂੰ ਅਤੇ ਜ਼ਿੰਮੀਦਾਰਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>