ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਬੁਧਵਾਰ ਨੂੰ ਵਾਪਰੀ ਘਟਨਾ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਕਾਲੇ ਦਿਨ ਦੀ ਘਟਨਾ ਕਰਾਰ ਦਿਤਾ।
ਡੇਲਵੇਅਰ ਵਿਖੇ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਕਾਲੇ ਦਿਨਾਂ ‘ਚੋਂ ਇਕ ਹੈ। ਇਹ ਹਮਲਾ ਸਾਡੀ ਆਜ਼ਾਦੀ ਦੇ ਗੜ੍ਹ ਵਿਚ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੈਪਿਟਲ ਵਿਚ ਮੁਜਾਹਰਾ ਕਰਨ ਵਾਲੇ ਨਹੀਂ ਸਗੋਂ “ਦੰਗਾਈ ਭੀੜ” ਸੀ ਅਤੇ “ਘਰੇਲੂ ਅਤਿਵਾਦੀ” ਸਨ।
ਬਾਈਡਨ ਨੇ ਕਿਹਾ, “ਪਿਛਲੇ ਚਾਰ ਸਾਲਾਂ ਦੌਰਾਨ ਸਾਡੇ ਕੋਲ ਅਜਿਹਾ ਆਦਮੀ ਰਾਸ਼ਟਰਪਤੀ ਸੀ ਜਿਸਨੇ ਸਾਡੇ ਲੋਕਤੰਤਰ, ਸਾਡੇ ਸੰਵਿਧਾਨ, ਸਾਡੇ ਨਿਅਮ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸਾਡੀਆਂ ਲੋਕਤਾਂਤਰਿਕ ਸੰਸਥਾਵਾਂ ‘ਤੇ ਹਮਲੇ ਕੀਤੇ ਹਨ।”
ਬੁੱਧਵਾਰ ਨੂੰ ਕੈਪਿਟਲ ਹਿੱਲਜ਼ ਵਿਖੇ ਵਾਪਰੀ ਘਟਨਾ ਤੋਂ ਬਾਅਦ ਵਾਸਿ਼ੰਗਟਨ ਡੀਸੀ ਦੇ ਪੁਲਿਸ ਚੀਫ। ਰਾਬਰਟ ਕਾਂਟੀ ਨੇ ਦੱਸਿਆ ਕਿ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 68 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਨ੍ਹਾਂ ਚੋਂ ਸਿਰਫ਼ ਇਕ ਆਦਮੀ ਹੀ ਵਾਸਿ਼ੰਗਟਨ ਡੀਸੀ ਤੋਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਜਿ਼ੰਮੇਵਾਰ ਲੋਕਾਂ ਦੀ ਪਛਾਣ ਕਰ ਰਿਹਾ ਹੈ। ਹਿੰਸਕ ਲੋਕਾਂ ਦੀਆਂ ਤਸਵੀਰਾਂ ਰਾਹੀਂ ਪਛਾਣ ਕੀਤੀ ਜਾ ਰਹੀਂ ਹੈ। ਗਿਰਫਤਾਰ ਕੀਤੇ ਗਏ 68 ਲੋਕਾਂ ਚੋਂ 4 ਔਰਤਾਂ ਹਨ। ਇਸ ਕੰਮ ਲਈ ਸੋਸ਼ਲ ਮੀਡੀਆ ਦੀ ਵੀ ਮਦਦ ਲਈ ਜਾ ਰਹੀ ਹੈ।
ਫੇ਼ਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੇ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਫੇਸਬੁੱਕ ਵਲੋਂ ਡੋਨਲਡ ਟਰੰਪ ਦਾ ਖਾਤਾ ਦੋ ਹਫਤਿਆਂ ਜਾਂ ਵਧੇਰੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਜ਼ਕਰਬਰਗ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਇਸ ਦੌਰਾਨ ਰਾਸ਼ਟਰਪਤੀ ਨੂੰ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਰਹਿਣ ਦੀ ਇਜਾਜ਼ਤ ਦੇਣ ਦਾ ਖ਼ਤਰਾ ਬਹੁਤ ਜਿ਼ਆਦਾ ਹੈ। ਇਸ ਲਈ ਅਸੀਂ ਰਾਸ਼ਟਰਪਤੀ ਦੀ ਫੇਸਬੁੱਕ ਅਤੇ ਇੰਸਟਾਗਰਾਮ ‘ਤੇ ਲੱਗੀ ਪਾਬੰਦੀ ਨੂੰ ਅਣਮਿੱਥੇ ਸਮੇਂ ਲਈ ਅਤੇ ਘਟੋ ਘਟ ਅਗਲੇ ਦੋ ਹਫਤਿਆਂ ਲਈ ਜਦ ਤੱਕ ਉਹ ਸੱਤਾ ਦੀ ਤਬਦੀਲੀ ਸ਼ਾਂਤੀਪੂਰਨ ਤਰੀਕੇ ਨਾਲ ਨਹੀਂ ਹੋ ਜਾਂਦੀ, ਵਧਾਉਣ ਦਾ ਫੈ਼ਸਲਾ ਕੀਤਾ ਹੈ।