ਬੀਜਿੰਗ – ਚੀਨ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਸਹੁੰ ਚੁਕਦਿਆਂ ਸਾਰ ਹੀ ਟਰੰਪ ਪ੍ਰਸ਼ਾਸਨ ਦੇ ਕੁਝ ਉਚ ਅਧਿਕਾਰੀਆਂ ਦੇ ਸਬੰਧ ਵਿੱਚ ਸਖਤ ਫੈਂਸਲੇ ਲਏ ਹਨ। ਟਰੰਪ ਕਾਰਜਕਾਲ ਦੌਰਾਨ ਅਹਿਮ ਅਹੁਦਿਆਂ ਤੇ ਰਹੇ 28 ਅਧਿਕਾਰੀਆਂ ਤੇ ਚੀਨ ਆਉਣ ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿੰਨ੍ਹਾਂ ਵਿੱਚ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪਿE ਅਤੇ ਜਾਨ ਆਰ ਬਾਲਟਨ ਦਾ ਨਾਮ ਵੀ ਸ਼ਾਮਿਲ ਹੈ। ਚੀਨ ਨੇ ਇਨ੍ਹਾਂ ਅਧਿਕਾਰੀਆਂ ਤੇ ਚੀਨ-ਅਮਰੀਕਾ ਦੇ ਸਬੰਧਾਂ ਨੂੰ ਖਰਾਬ ਕਰਨ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦੇ ਆਰੋਪ ਲਗਾਉਂਦੇ ਹੋਏ ਲਗਾਏ ਹਨ।
ਚੀਨ ਦੇ ਵਿਦੇਸ਼ ਵਿਭਾਗ ਨੇ ਇਨ੍ਹਾਂ ਸੱਭ ਦੇ ਉਪਰ ਸੰਪ੍ਰਭੁਤਾ ਦੇ ਉਲੰਘਣ ਕਰਨ ਦਾ ਆਰੋਪ ਵੀ ਲਗਾਇਆ ਹੈ। ਬੰਧਿਸ਼ਾਂ ਲਗਣ ਤੋਂ ਬਾਅਦ ਇਹ 28 ਅਧਿਕਾਰੀ ਅਤੇ ਉਨ੍ਹਾਂ ਦਾ ਪ੍ਰੀਵਾਰ ਹੁਣ ਚੀਨ ਦੀ ਸੀਮਾ ਦੇ ਅੰਦਰ ਨਹੀਂ ਜਾ ਸਕਣਗੇ। ਉਨ੍ਹਾਂ ਨਾਲ ਸਬੰਧਿਤ ਕੰਪਨੀਆਂ ਅਤੇ ਸਹਿਯੋਗੀ ਸੰਸਥਾਵਾਂ ਵੀ ਚੀਨ ਵਿੱਚ ਹੁਣ ਕਿਸੇ ਤਰ੍ਹਾਂ ਦਾ ਵਪਾਰ ਨਹੀਂ ਕਰ ਸਕਣਗੀਆਂ। ਇਨ੍ਹਾਂ ਸੱਭ ਤੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਖਰਾਬ ਕਰਨ ਲਈ ਸਾਜਿਸ਼ ਰੱਚਣ ਦਾ ਵੀ ਆਰੋਪ ਲਗਾਇਆ। ਇਸ ਸੂਚੀ ਵਿੱਚ ਪੋਂਪਿE ਅਤੇ ਬਾਲਟਨ ਦੇ ਇਲਾਵਾ ਪੀਟਰ ਨੇਵਾਰੋ, ਰਾਬਰਟ ਸੀ,Eਬਰਾਇਨ, ਡੇਵਿਡਸਿਟਲਵੇਲ, ਮੈਥਿਊ ਪਾਟਿੰਗਰ, ਐਲੈਕਸ ਅਜ਼ਰ, ਕੀਥ ਕਰੈਚ, ਕੇਲੀ ਡੀਕੇ ਕਰਾਫਟ, ਜਾਨ ਆਰ ਬਾਲਟਨ ਅਤੇ ਸਟੀਫਨ ਬੈਨਨ ਦਾ ਨਾਮ ਵੀ ਸ਼ਾਮਿਲ ਹੈ।
ਵਰਨਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੇ ਚੀਨ ਨਾਲ ਸਬੰਧ ਤਣਾਅਪੂਰਵਕ ਹੀ ਰਹੇ ਹਨ। ਉਨ੍ਹਾਂ ਨੇ ਵਾਈਟ ਹਾਊਸ ਛੱਡਣ ਤੋਂ ਪਹਿਲਾਂ ਚੀਨ ਦੀਆਂ 8 ਐਪਸ ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਕੋਰੋਨਾ ਵਾਇਰਸ ਲਈ ਵੀ ਟਰੰਪ ਨੇ ਸਦਾ ਚੀਨ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ।