ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਅੱਜ ਫ਼ਰਜ਼ੀ ਖ਼ਬਰ ਚਲਾਉਣ ਦੇ ਮਾਮਲੇ ‘ਚ ਆਜਤਕ ਚੈਨਲ ਨੂੰ ਨੋਟਿਸ ਜਾਰੀ ਕੀਤਾ ਹੈ। ਰਾਜ-ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਪਾਈ ਗਈ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਡੀ.ਐਨ. ਪਟੇਲ ਦੀ ਬੈਂਚ ਨੇ ਆਜਤਕ ਦੇ ਨਾਲ ਹੀ ਨਿਊਜ਼ ਬਰਾਡਕਸਟਰ ਐਸੋਸੀਏਸ਼ਨ, ਸਕੱਤਰ ਪ੍ਰੈਸ ਕਾਉਂਸਿਲ ਆਫ਼ ਇੰਡੀਆ ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੂੰ ਨੋਟਿਸ ਜਾਰੀ ਕੀਤਾ ਹੈ। ਸੀਨੀਅਰ ਵਕੀਲ ਕੀਰਤੀ ਉੱਪਲ਼, ਇੰਦਰਬੀਰ ਸਿੰਘ ਅਲੱਗ ਅਤੇ ਵਕੀਲ ਨਰਿੰਦਰ ਬੈਨੀਪਾਲ ਤੇ ਬਲਵਿੰਦਰ ਸਿੰਘ ਬੱਗਾ ਨੇ ਕੋਰਟ ਦੇ ਸਾਹਮਣੇ ਦਲੀਲਾਂ ਰੱਖਦੇ ਹੋਏ ਦਾਅਵਾ ਕੀਤਾ ਕਿ ਆਜਤਕ ਸ਼ਾਤਿਰ ਅਤੇ ਮਨਘੜਤ ਖ਼ਬਰਾਂ ਚਲਾ ਕੇ ਸਿੱਖ ਭਾਈਚਾਰੇ ਦੇ ਖ਼ਿਲਾਫ਼ ਸਮਾਜ ਵਿੱਚ ਭੜਕਾਹਟ ਪੈਦਾ ਕਰ ਰਿਹਾ ਹੈ। ਇਸ ਲਈ ਆਜਤਕ ਨੂੰ ਨਫ਼ਰਤ ਭਰੇ ਇਸ ਪ੍ਰਚਾਰ ਨੂੰ ਰੋਕਣ ਦਾ ਆਦੇਸ਼ ਦਿੱਤਾ ਜਾਵੇ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ 26 ਜਨਵਰੀ ਦੀ ਪਰੇਡ ‘ਚ ਸ਼ਾਮਿਲ ਹੋਈ ਰਾਮ ਮੰਦਿਰ ਅਤੇ ਕੇਦਾਰਨਾਥ ਮੰਦਿਰ ਦੀ ਝਾਕੀ ਨੂੰ ਸਿੱਖ ਆਂਦੋਲਨਕਾਰੀਆਂ ਵੱਲੋਂ ਲਾਲ ਕਿਲ੍ਹੇ ਵਿਖੇ ਤੋੜਨ ਦਾ ਦੋਸ਼ ਲਗਾਉਂਦੀ ਹੋਈ ਖ਼ਬਰ ਚਲਾਈ ਸੀ। ਜਦਕਿ ਇਸ ਬਾਰੇ ਆਜਤਕ ਕੋਲ ਕੋਈ ਵੀਡੀਓ ਮੌਜੂਦ ਨਹੀਂ ਸੀ। ਇਸ ਖ਼ਬਰ ਦੇ ਪ੍ਰਸਾਰਣ ਤੋਂ ਬਾਅਦ ਹਿੰਦੂ ਸਿੰਘ ਏਕਤਾ ਵਿੱਚ ਤਰੇੜ ਪੈਣ ਦਾ ਖ਼ਦਸ਼ਾ ਬਣ ਗਿਆ ਸੀ। ਜਿਸ ਕਰ ਕੇ ਸਿੱਖਾਂ ਦੇ ਜਾਨ-ਮਾਨ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਸੀ। ਆਜਤਕ ਵੱਲੋਂ ਚਲਾਈ ਗਈ ਖ਼ਬਰ ਕਰਕੇ ਦੰਗੇ ਆਦਿਕ ਹੋ ਸਕਦੇ ਹਨ। ਜਿਸ ਪਾਸੇ ਸਾਡੇ ਵਕੀਲਾਂ ਨੇ ਅਦਾਲਤ ਦਾ ਧਿਆਨ ਦਿਵਾਇਆ ਹੈ। ਜੀਕੇ ਨੇ ਕਿਹਾ ਕਿ ਜ਼ਿੰਮੇਵਾਰ ਪੱਤਰਕਾਰਤਾ ਤੋਂ ਮੂੰਹ ਮੋੜ ਕੇ ਆਜਤਕ ਵੱਲੋਂ ਚਲਾਇਆ ਗਿਆ ਏਜੰਡਾ ਪੱਤਰਕਾਰਤਾ ਦੇ ਪੈਮਾਨੇ ਤੇ ਖਰਾ ਨਹੀਂ ਉੱਤਰਦਾ। ਅਸੀਂ ਚੁੱਪਚਾਪ ਦਿੱਲੀ ਦੀ ਸ਼ਾਂਤੀ ਨੂੰ ਵਿਗੜਦਾ ਹੋਇਆ ਨਹੀਂ ਵੇਖਣਾ ਚਾਹੁੰਦੇ ਸੀ। ਇਸ ਲਈ ਅਦਾਲਤ ਦਾ ਅਸੀਂ ਇਸ ਪਾਸੇ ਧਿਆਨ ਦਿਵਾਇਆ ਹੈ। ਇਸ ਮੌਕੇ ਚਮਨ ਸਿੰਘ, ਪਰਮਜੀਤ ਸਿੰਘ ਰਾਣਾ, ਹਰਪ੍ਰੀਤ ਸਿੰਘ ਬੰਨੀ ਜੌਲੀ ਅਤੇ ਵਕੀਲਾਂ ਦੀ ਟੀਮ ਮੌਜੂਦ ਸੀ।