ਕਿਤਾਬਾਂ ਵਾਲੇ ਸਰਦਾਰ

ਵੱਡਿਆਂ ਦੇਸ਼ਾ ਹੱਥ ਸਾਡੇ ਵਾਲੀ ਗਿੱਦੜਸਿੰਗੀ ਲੱਗੀ ਹੋਈ ਆ। ਜਦੋਂ ਵੀ ਕਿਸੇ ਨੂੰ ਆਰਥਿਕ ਮੰਦਵਾੜੇ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਹ ਵਰਤ ਲੈਂਦੇ ਹਨ। ਪਹਿਲਾਂ ਪਹਿਲ ਨਿਊਜੀਲੈਂਡ, ਆਸਟ੍ਰੇਲੀਆ ਨੇ ਇਸ ਦਾ ਇਸਤੇਮਾਲ ਕੀਤਾ। ਮੰਦੀ ਆਈ ਤਾਂ ਸਟੂਡੈਂਟ ਵੀਜ਼ੇ ਖੋਲ੍ਹ ਦਿੱਤੇ।ਚਾਰ ਪੰਜ ਸਾਲਾਂ ਚ ਖਜ਼ਾਨੇ ਉਲਟੀਆਂ ਕਰਨ ਲਾਤੇ ਸਾਡੇ ਪੰਜਾਬੀ ਸ਼ੇਰਾਂ ਨੇ। ਹੁਣ ਚਾਰ ਪੰਜ ਸਾਲ ਤੋਂ ਕਨੇਡਾ ਵਾਲਿਆਂ ਕੋਲ ਪਹੁੰਚ ਗਈ  ਆ ਗਿੱਦੜ ਸਿੰਗੀ। ਇਧਰ ਬਰੈਗਜਿੱਟ ਦਾ ਫਾਨਾ ਅੜ ਗਿਆ, ਇਸ ਕਰਕੇ ਇੰਗਲੈਂਡੀਆਂ ਨੇ ਦੋ ਚਾਰ ਮਹੀਨੇ ਲਈ ਉਧਾਰੀ ਲੈ ਲਈ ਹੈ। ਬੈਂਡਾ ਸੈਂਡਾ ਵਿੱਚ ਵੀ ਕਾਫੀ ਢਿੱਲ ਦੇ ਦਿੱਤੀ ਆ। ਜੀਹਦਾ ਕਨੇਡੇ ਵੱਲ ਨਹੁੰ ਨਹੀਂ ਅੜਦਾ ਉਹ ਇੰਗਲੈਂਡ ਦੇ ਜਹਾਜ ਨਾਲ ਝੂਟਣ ਲਈ ਕਮਰਕੱਸੇ ਕਰੀ ਜਾਂਦਾ। ਪੰਜਾਬ ਤੋਂ ਰਿਸ਼ਤੇਦਾਰਾਂ ਦੇ ਫੋਨ ਆਈ ਜਾਂਦੇ ਆ ਕਿ ਕੁੜੀ ਨੂੰ ਇੰਗਲੈਂਡ ਭੇਜਣ ਲੱਗੇ ਹਾਂ ਕਿਵੇਂ ਰਹੂ? ਮੇਰਾ ਜਵਾਬ ਸੁਣ ਉਹਨਾਂ ਨੂੰ ਤਸੱਲੀ ਜੀ ਨੀ ਹੁੰਦੀ। ਜਦੋਂ ਸੁਣਦੇ ਹਨ ਕਿ “ਪੜ੍ਹਾਈ ਲਈ ਭੇਜਣੀ ਹੈ ਤਾਂ ਕੋਈ ਗੱਲ ਨਹੀਂ ਪਰ ਸਿਟੀਜਨਸ਼ਿੱਪ ਦੀ ਉਮੀਦ ਨਾ ਰੱਖਿਓ। ਇੱਥੇ ਪੱਕੇ ਹੋਣ ਦੇ ਚਾਂਸ ਨਾਹ ਬਰਾਬਰ ਹੀ ਹਨ”। ਉਹ ਸੋਚਦੇ ਹਨ ਕਿ ਸਾਲਾ ਮਲੰਗ ਇੱਥੇ ਪਿੰਡ ਧੱਕੇ ਖਾਂਦਾ ਖਾਂਦਾ ਆਪ  ਜਾ ਕੇ ਸੈਟ ਹੋਇਆ ਬੈਠਾ ਤੇ ਸਾਨੂੰ ਬੱਧਣੀ ਵਾਲੇ ਜ਼ੋਰੇ ਸਾਧ ਵਾਂਗੂੰ ਮੱਤਾਂ ਦਿੰਦਾ।ਹੁਣ ਜੀਹਦੇ ਤਾਂ ਗੱਲ ਖਾਨੇ ਚ ਪੈ ਗਈ ਉਹ ਤਾਂ ਬਚ ਜਾਉ ਨਹੀਂ ਤਾਂ ਫਿਰ ਮਾਂਜਿਆ ਜਾਉ ਬੱਕਰੀਆਂ ਵਾਲਿਆਂ ਦੀ ਪਤੀਲੀ ਵਾਂਗੂੰ। ਸੱਤ ਅੱਠ ਸਾਲ ਪਹਿਲਾਂ ਵੀ ਇੰਗਲੈਂਡ ਵਿੱਚ ਮੰਦੀ ਆ ਗਈ ਸੀ ਤੇ ਧੜਾਧੜ ਸਟੂਡੈਂਟ ਹੀਥਰੋ ਏਅਰਪੋਰਟ ਤੇ ਆਣ ਉਤਰੇ ਸਨ।

ਉਸ ਵੇਲੇ ਦੀ ਗੱਲ ਆ, ਮੈਂ ਲਾਈਬਰੇਰੀ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ ਤੇ ਦੋ ਸਟੂਡੈਂਟ ਮੁੰਡੇ ਮੇਰੀ ਪੱਗ ਵੇਖ ਕੇ ਕੋਲ ਆਕੇ ਸਤਿ ਸ੍ਰੀ ਅਕਾਲ ਬੁਲਾ ਕੇ ਸਾਹਮਣੇ ਬੈਠ ਗਏ। ਦੋਨਾਂ ਦੇ ਛੋਟੀਆਂ ਛੋਟੀਆਂ ਪੱਗਾਂ ਬੰਨ੍ਹੀਆਂ ਹੋਈਆ, ਇਕ ਸਾਬਤ ਸੂਰਤ ਤੇ ਦੂਜੇ ਨੇ ਦਾੜ੍ਹੀ ਛਾਂਗੀ ਹੋਈ। ਪੰਜਾਬੀ ਵਧੀਆ ਬੋਲਦੇ ਸਨ ਪਰ ਲਾਇਬ੍ਰੇਰੀ ਚੋਂ ਕਿਤਾਬਾਂ ਹਿੰਦੀ ਤੇ ਅੰਗਰੇਜ਼ੀ ਵਾਲੀਆਂ ਇਸੂ ਕਰਵਾਕੇ ਲੈ ਚੱਲੇ ਸਨ। ਹਾਲ ਚਾਲ ਪੁੱਛਣ ਦੱਸਣ ਤੋਂ ਬਾਅਦ ਸੁਆਲ ਉਹੀ ਸੀ ਜੋ ਮੇਰੇ ਮਨ ਵਿੱਚ, ਵੇਖਣ ਸਾਰ ਹੀ ਰੜਕਿਆ ਸੀ। “ਭਾਜੀ ਸਟੂਡੈਂਟ ਆਏ ਹਾਂ ਕੰਮ ਦੀ ਲੋੜ ਆ”। ਦੋ ਦਿਨ ਪਹਿਲਾਂ ਹੀ ਵੱਡੇ ਘਰ ਵਾਲਾ “ਮੱਖਣ ਸਿੱਧੂ” ਆਪਣੀ ਗਰੌਸਰੀ ਸ਼ੌਪ ਲਈ ਬੰਦਾ ਲੱਭ ਰਿਹਾ ਸੀ। ਮੈਂ ਉਨ੍ਹਾਂ ਨੂੰ ਮੱਖਣ ਸਿੱਧੂ ਦਾ ਨਾਂ ਪਤਾ ਦੱਸ ਦਿੱਤਾ ਤੇ ਉਹ ਕੱਛਾਂ ਚ ਕਿਤਾਬਾਂ ਦੇ ਕੇ ਪੈਂਤੀ ਨੰਬਰ ਬੱਸ ਚੜ੍ਹ ਗਏ। ਸੌਖਾ ਹੀ ਸੀ, ਚੌਥੇ ਬੱਸ ਸਟੌਪ ਤੇ ਉਤਰਦੇ ਸਾਰ ਹੀ ਸਾਹਮਣੇ ਦੋ ਦੁਕਾਨਾਂ ਸਨ। ਇੱਕ ਜੇਮਜ਼ ਕਾਰਪਿੱਟ ਵਾਲਿਆਂ ਦੀ ਤੇ ਦੂਜੀ”ਸਿੱਧੂ ਗਰੌਸਰ ਐਂਡ ਔਫ ਸੇਲਜ”। ਐਤਵਾਰ ਗੁਰੂ ਘਰ ਦੇ ਬਾਹਰ ਹੀ ਦੋਨੋਂ ਮੁੰਡੇ ਮਿਲ ਪਏ। “ਕੰਮ ਦੀ ਗੱਲ ਬਣੀ ਕਿ ਨਹੀਂ? ਮੇਰਾ ਸੁਆਲ ਸੁਣ ਕੇ ਛਾਂਗੀ ਦਾੜ੍ਹੀ ਵਾਲਾ ਮੁੰਡਾ ਬੋਲਿਆ,” ਨਾ ਭਾਜੀ ਉੱਥੇ ਕਾਉਂਟਰ ਤੇ ਮੱਚੀ ਜੀ ਗੋਰੀ ਖੜ੍ਹੀ ਸੀ। ਉਹਨੇ ਤਾਂ ਸਾਨੂੰ ਕੋਈ ਰਾਹ ਹੀ ਨਹੀਂ ਦਿੱਤਾ। ਇੱਕ ਉਹਦੀ ਸਾਨੂੰ ਅੰਗਰੇਜ਼ੀ ਨਾ ਸਮਝ ਆਵੇ। ਨੋ ਬੌਡੀ ਹੀਅਰ,” ਯੂ ਗੋ”,” ਯੂ ਗੋ”, ਗੋ ਹੀ ਕਰੀ ਜਾਂਦੀ ਸੀ। ਹੋਰ ਵੀ ਬਥੇਰਾ ਚਬੜ ਚਬੜ ਕਰਦੀ ਰਹੀ, ਪਰ ਸਾਡੇ ਕੱਖ ਨੀ ਪੱਲੇ ਪਿਆ। ਬਹੁਤ ਗੁੱਸੇ ਵਿੱਚ ਲੱਗ ਰਹੀ ਸੀ। ਜਿਵੇਂ ਘਰਵਾਲੇ ਨਾਲ

ਲੜ ਕੇ ਆਈ ਸੀ ਤੇ ਗੁੱਸਾ ਸਾਡੇ ਤੇ ਕੱਢ ਰਹੀ ਸੀ । ਇਹਨਾਂ ਕੁ ਮਹਿਸੂਸ ਹੋਇਆ ਕਿ ਜਿਵੇਂ ਉਹ ਸਾਨੂੰ ਚੋਰ ਡਾਕੂ ਸਮਝਦੀ ਹੋਵੇ। ਸਾਨੂੰ ਸਿਰਫ ਧੱਕੇ ਹੀ ਨਹੀਂ ਮਾਰੇ ਬਾਕੀ ਕਸਰ ਕੋਈ ਨੀ ਛੱਡੀ ਬੁੱਢੀ ਖੋਲੜ ਬਾਂਦਰੀ ਨੇ”।ਮੁੰਡੇ ਦਾ ਮੂੰਹ ਲਾਲ ਸੂਹਾ ਹੋ ਗਿਆ ਸੀ। ਬੁੱਢੀ ਤੋਂ ਮੈਂ ਸਮਝ ਗਿਆ ਸੀ ਕਿ ਉਹ ਜ਼ਰੂਰ ਮੱਖਣ ਦੀ ਪੁਰਾਣੀ ਵਰਕਰ “ਮੈਰੀ” ਹੀ ਹੋਵੇਗੀ। ਮੈਂ ਅਕਸਰ ਹੀ ਮੱਖਣ ਕੋਲ ਆਉਂਦਾ ਜਾਂਦਾ ਰਹਿੰਦਾ ਸੀ। ਇਸ ਕਰਕੇ ਮੈਰੀ ਦਾ ਵੀ ਚੰਗਾ ਵਾਕਿਫ ਸੀ। ਪਰ ਹੈਰਾਨੀ ਸੀ ਕਿ ਮੈਰੀ ਤਾਂ ਬਹੁਤ ਚੰਗੇ ਸੁਭਾਅ ਦੀ ਜਨਾਨੀ ਆ। ਹਮੇਸ਼ਾਂ ਹੱਸ ਕੇ ਬੋਲਣ ਵਾਲੀ ਦਾ, ਮਿਸਟਰ ਸਿੰਘ ਮਿਸਟਰ ਸਿੰਘ ਕਹਿੰਦੀ ਦਾ ਮੂੰਹ ਨਹੀਂ ਥੱਕਦਾ ਹੁੰਦਾ। ਉਸ ਵੱਲੋਂ ਇੱਦਾਂ ਦੇ ਵਿਹਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਵੀ ਨਹੀਂ ਸੀ ਹੋ ਸਕਦਾ, ਕਿ ਉਹ ਕੁੱਝ ਕੁ “ਕਮ ਅਕਲ” ਗੋਰਿਆਂ ਵਾਂਗੂੰ ਇਹਨਾਂ ਨੂੰ ਉਸਾਮਾਂ ਬਿਨ ਲਾਦੇਨ ਦੇ ਕੁੰਨਬੇ ਚੋਂ ਸਮਝ ਗਈ ਹੋਵੇ।ਜਦਕਿ ਉਹ ਤਾਂ ਸਿੱਖਾਂ ਤੇ ਮੁਸਲਮਾਨਾਂ ਦੇ ਵਖਰੇਵੇਂ ਤੋਂ ਭਲੀਭਾਂਤ ਜਾਣੂ ਹੈ। ਵੀਹ ਸਾਲ ਤੋਂ ਸਰਦਾਰਾਂ ਨਾਲ ਕੰਮ ਕਰਦੀ ਆ ਰਹੀ ਆ। ਵੀਹ ਵਾਰ ਮੈਂ ਉਹਨੂੰ ਗੁਰਦੁਆਰੇ ਮਰਯਾਦਾ ਨਾਲ ਸਿਰ ਢੱਕ ਮੱਥਾ ਟੇਕਦੀ ਤੇ ਲੰਗਰ ਛਕਦੀ ਨੂੰ ਵੇਖਿਆ ਹੈ।

ਮੈਂ ਮੁੰਡਿਆਂ ਨੂੰ ਹੌਸਲਾ ਦਿੱਤਾ ਤੇ ਆਖਿਆ, “ਕੋਈ ਗੱਲ ਨਹੀਂ ਸ਼ਾਇਦ ਕੋਈ ਗਲਤ ਫਹਿਮੀ ਹੋਈ ਹੋਵੇਗੀ। ਕੰਮ ਦਾ ਫਿਕਰ ਨਾ ਕਰੋ, ਕਰਦੇ ਆਂ ਕੋਈ ਜੁਗਾੜ। ਮੱਥਾ ਟੇਕ ਕੇ ਲੰਗਰ ਵਿੱਚ ਆਏ ਤਾਂ ਲੰਗਰ ਦੀ ਸੇਵਾ ਕਰਦਾ ਮੱਖਣ ਮਿਲ ਗਿਆ। ਫਤਹਿ ਦੀ ਸਾਂਝ ਤੋਂ ਬਾਅਦ ਪੰਜ ਕੁ ਮਿੰਟ ਮਿਲਣ ਦੀ ਬੇਨਤੀ ਕੀਤੀ। ਕਹਿੰਦਾ” ਲੰਗਰ ਛਕ ਲਵੋ ਫਿਰ ਬਾਹਰ ਮਿਲਦੇ ਹਾਂ ਮੈਂ ਵੀ ਕੈਸ਼ਨਕੈਰੀ ਨੂੰ ਜਾਣਾ ਹੈ”। ਲੰਗਰ ਛਕ ਕੇ ਅਸੀਂ ਬਾਹਰ ਬੈਂਚਾਂ ਤੇ ਬੈਠ ਗਏ ਤੇ ਪੰਜ ਕੁ ਮਿੰਟ ਬਾਅਦ ਮੱਖਣ ਸਿੰਘ ਵੀ ਆ ਗਿਆ। “ਭਾਜੀ ਆਹ ਮੁੰਡੇ ਸਟੂਡੈਂਟ ਆਏ ਆ। ਕੰਮ ਵਾਸਤੇ ਤੇਰੀ ਸ਼ੌਪ ਤੇ ਭੇਜੇ ਸੀ ਪਰਸੋਂ, ਉੱਥੇ ਸ਼ਾਇਦ ਮੈਰੀ ਹੋਵੇਗੀ। ਉਹਨੇ ਇਹਨਾਂ ਦੀ ਗੱਲ ਹੀ ਨੀ ਗੌਲੀ,ਇਹਨਾਂ ਨੂੰ ਸਮਝ ਤਾਂ ਪੂਰੀ ਨਹੀਂ ਆਈ ਪਰ ਦੱਸਦੇ ਆ ਕਿ ਉੱਚਾ ਨੀਂਵਾ ਵੀ ਬਹੁਤ ਬੋਲੀ, ਜੁਆਕ ਬੇਰੰਗ ਚਿੱਠੀ ਵਾਂਗੂੰ ਵਾਪਸ ਮੋੜਤੇ”। ਮੱਖਣ ਮੁੰਡਿਆਂ ਨੂੰ ਜੱਫੀ ਚ ਲੈ ਕੇ ਉੱਚੀ ਉੱਚੀ ਹੱਸਣ ਲੱਗ ਪਿਆ। ਉਹ ਤਾਂ ਪਤੰਦਰ ਮੁੜੇ ਹੀ ਨਾ, ਹੱਸਦਾ ਦੂਹਰਾ ਤੀਹਰਾ ਹੋਈ ਜਾਵੇ। ਅਸੀਂ ਹੈਰਾਨ ਕਿ ਇਹਨੂੰ ਕਿਹੜਾ ਜਸਵਿੰਦਰ ਭੱਲੇ ਦਾ ਛਣਕਾਟਾ ਸੁਣਾ ਦਿੱਤਾ ਕਿ ਕੱਠਾ ਕਰਨਾ ਔਖਾ ਹੋਇਆ ਪਿਆ। ਮੈਂ ਕਿਹਾ,” ਭਾਜੀ ਸਾਨੂੰ ਵੀ ਕੁਛ ਦੱਸ ਦੇ? ਅਸੀਂ ਵੀ ਚਾਰ ਠਹਾਕੇ ਲਾ ਲਈਏ ਅਸੀਂ ਤਿੰਨੇ ਉੱਲੂਆਂ ਵਾਂਗ ਵੇਖੀ ਜਾਨੇ ਆ।ਤੂੰ ਤਾਂ ਨਵਜੋਤ ਸਿੱਧੂ ਦੇ ਰੋਲ ਵਿੱਚ ਧੁੱਸ ਗਿਆ ਲੱਗਦਾਂ” । ਖੱਬੇ ਹੱਥ ਨਾਲ ਵੱਖੀ ਨੱਪਕੇ ਤੇ ਸੱਜੇ ਨਾਲ ਅੱਖਾਂ ਦਾ ਪਾਣੀ ਪੂੰਝਦਾ ਹੋਇਆ ਦੱਸਣ ਲੱਗਾ। ਸੁਣ ਕੇ ਸਾਨੂੰ ਵੀ ਲੱਗਾ ਜਿਵੇਂ ਕਪਿਲ ਸ਼ਰਮੇ ਦੇ ਸ਼ੋਅ ਚ ਚਲੇ ਗਏ ਹੋਈਏ।

ਕਹਿੰਦਾ, “ਬੱਸ ਤੋਂ ਉਤਰਕੇ ਮੇਰੀ ਦੁਕਾਨ ਵੱਲ ਆਉਂਦਿਆਂ ਨੂੰ ਮੈਂ ਕੈਮਰੇ ਰਾਹੀਂ ਵੇਖ ਲਿਆ ਸੀ। ਵੈਸੇ ਵੀ ਮੈਂ ਘਰ ਜਾਣ ਲਈ ਤਿਆਰ ਸੀ। ਇਸ ਕਰਕੇ ਮੈਰੀ ਨੂੰ ਆਖਿਆ,” ਕਿ ਇਹ ਜੋ ਦੋ ਬੰਦੇ ਆਉਂਦੇ ਹਨ। ਬਹੁਤ ਖਤਰਨਾਕ ਆ। ਇਹਨਾਂ ਨਾਲ ਬਹੁਤੀ ਗੱਲਬਾਤ ਕਰਨ ਦੀ ਲੋੜ ਨਹੀਂ। ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਗੈਟ ਆਉਟ ਆਖ ਕੇ ਰਿਵਰਸ ਗੇਅਰ ਲੁਆ ਦੇਵੀਂ। ਇਹ ਸਮਝਾ ਕੇ, ਮੈਂ ਤਾਂ ਬੈਕ ਡੋਰ ਰਾਹੀਂ ਖਿਸਕ ਗਿਆ ਸੀ। ਬਾਕੀ ਜੋ ਉਹਨੇ ਬੁਰਾ ਭਲਾ ਆਖਿਆ ਉਹਦੇ ਲਈ ਸੌਰੀ ਮੰਗਦਾ। ਕੰਮ ਦੀ ਕੋਈ ਪ੍ਰਵਾਹ ਨਹੀਂ ਦੋ ਦੀ ਬਜਾਏ ਭਾਂਵੇ ਚਾਰ ਆ ਜਾਓ। ਉਹ ਤਾਂ ਵਿਚਾਰੀ ਕੱਲ੍ਹ ਪਛਤਾਉਂਦੀ ਸੀ ਕਿ ਸਿੰਘਾਂ ਨਾਲ ਮੈਨੂੰ ਇਉਂ ਰੁੱਖਾ ਵਰਤਾਵ ਨਹੀਂ ਸੀ ਕਰਨਾ ਚਾਹੀਦਾ। ਪਰ ਮੇਰੇ ਕਰਕੇ ਆਪਣੀਆਂ ਹੱਦਾਂ ਉਲੰਘ ਗਈ”। ਭਾਜੀ ਐਸਾ ਇਹਨਾਂ ਵਿਚਾਰਿਆਂ ਨੇ ਕਿਹੜਾ ਕਤਲ ਕਰ ਦਿੱਤਾ ਸੀ ਜਿਹੜੀ ਤੂੰ ਉਹ ਗੋਰੀ ਬਿੱਲੀ, ਸ਼ੇਰਨੀ ਬਣਾ ਕੇ ਇਹਨਾਂ ਮਗਰ ਪਾ ਦਿੱਤੀ?”ਯਾਰ ਬਿਜਨਿਸ ਵਿੱਚ ਆਪਾਂ ਕਿੰਨੇ ਵੀ ਘੈੰਟ ਹੋਈਏ ਪਰ ਧਰਮ ਕਰਮ ਦੇ ਮਾਮਲੇ ਵਿੱਚ ਟੁੱਚ ਬੰਦੇ ਵੀ ਸਾਡੀ ਛਿੱਲ ਉਧੇੜ ਕੇ ਲੈ ਜਾਂਦੇ ਆ। ਮੈਂ ਬਹੁਤ ਬਾਰ ਧੋਖਾ ਖਾਧਾ ਠੱਗਾਂ ਤੋਂ, ਚਾਰ ਪੰਜ ਮਹੀਨੇ ਪਹਿਲਾਂ ਇਕ ਬੰਦੇ ਨੇ ਐਸਾ ਮੇਰੀਆਂ ਅੱਖਾਂ ਚ ਘੱਟਾ ਪਾਇਆ ਦੋ ਸੌ ਪੌਂਡ ਸੀ ਮੇਰੀ ਜੇਬ ਵਿੱਚ, ਸਾਰੇ ਹੀ ਮਾਂਜ ਗਿਆ।ਪਤਾ ਨਹੀਂ ਕਿਵੇਂ ਹਿਪਨੋਟਿਜ਼ ਕੀਤਾ ਪਤੰਦਰ ਨੇ, ਮੈਨੂੰ ਕੋਈ ਸਮਝ ਹੀ ਨਹੀਂ ਆਈ। ਇਸ ਕਰਕੇ ਮੈਂ ਬਹੁਤ ਡਰਦਾਂ ਪਖੰਡੀਆਂ ਤੋਂ।”ਮੈਂ ਸੋਚਿਆ ਵੀ ਇਹ ਭੁਲੱਕੜ ਤਾਂ ਗੱਲ ਭੁੱਲ ਕੇ ਕਿਸੇ ਹੋਰ ਟਰੈਕ ਤੇ ਪੈ ਗਿਆ।ਦੁਬਾਰਾ ਮੁੱਦੇ ਤੇ ਲਿਆਉਣ ਲਈ ਉਸਨੂੰ ਟੋਕਣਾ ਜ਼ਰੂਰੀ ਸੀ।” ਉਹ ਸਿੱਧੂ ਸਾਹਿਬ ਗੱਲ ਕਿੱਧਰ ਲੈ ਗਏ ਧੂਹ ਕੇ, ਇਹ ਦੱਸੋ ਇਹਨਾਂ ਮੁੰਡਿਆਂ ਦੀ ਕੁੱਤੇਖਾਣੀ ਕਿਹੜੇ ਜ਼ੁਰਮ ਚ ਕਰਵਾਤੀ?ਪਰ ਉਹ ਟਰੈਕ ਤੇ ਹੀ ਸੀ ਕਹਿੰਦਾ, “ਨਹੀਂ ਨਹੀਂ ਯਾਰ ਇੱਥੇ ਹੀ ਭੁਲੇਖਾ ਪਿਆ, ਇਕ ਤਾਂ ਇਹਨਾਂ ਦੇ ਦਸਤਾਰਾਂ ਛੋਟੀਆਂ ਛੋਟੀਆਂ ਬੰਨ੍ਹੀਆਂ ਦੂਜਾ ਹੱਥਾਂ ਚ ਕਿਤਾਬਾਂ ਫੜੀਆਂ ਹੋਈਆਂ। ਮੈਂ ਉਸੇ ਵੇਲੇ ਆਪਣੇ ਆਪ ਨੂੰ ਆਖਿਆ ਕਿ, ਮੱਖਣਾ ਭੱਜ ਲੈ ਜਿੰਨੀ ਜਲਦੀ ਭੱਜ ਹੁੰਦਾ। ਹੱਥ ਵੇਖਣ ਵਾਲੇ ਤੁਰੇ ਆਉਂਦੇ ਆ ਪੱਤਰੀਆਂ ਚੁੱਕੀ। ਇਹਨਾਂ ਨੇ ਸੌ ਡੇਢ ਸੌ ਦਾ ਲੋਦਾ ਲਾ ਦੇਣਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>