ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕਮਿਊਨਟੀ ਰੇਡਿਉ ਸਟੇਸ਼ਨ ‘ਰੇਡਿਉ ਪੰਜਾਬ 90.0’ ਵੱਲੋਂ ਕੌਮਾਤਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ’ਧੀਆਂ ਪੰਜਾਬ ਦੀਆਂ’ ਦੇ ਬੈਨਰ ਹੇਠ ਹਫ਼ਤਾ ਭਰ ਚੱਲੇ ਪ੍ਰੋਗਰਾਮ ’ਚ ਸਿਹਤ ਸੰਭਾਲ, ਮਨੋਵਿਗਿਆਨ, ਕਾਨੂੰਨ ਖੇਤਰਾਂ ਤੋਂ ਇਲਾਵਾ ਔਰਤਾਂ ਲਈ ਰੋਲ ਮਾਡਲ ਬਣੀਆਂ ਸਖ਼ਸ਼ੀਅਤਾਂ ਨੇ ਰੇਡਿਉ ਪ੍ਰੋਗਰਾਮਾਂ ਜ਼ਰੀਏ ਵਿਚਾਰਾਂ ਦੀ ਸਾਂਝ ਪਾਈ। ਇਸ ਦੌਰਾਨ ਮਾਹਿਰਾਂ ਵੱਲੋਂ ਔਰਤਾਂ ਦੀਆਂ ਚਿੰਤਾਵਾਂ, ਅਧਿਕਾਰਾਂ ਅਤੇ ਸਿਹਤ ਸੰਭਾਲ ਵਰਗੇ ਮੁੱਦਿਆਂ ’ਤੇ ਤਕਰੀਰਾਂ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮਾਂ ਦੌਰਾਨ ਐਡਵੋਕੇਟ ਡਾ. ਗੀਤਾਂਜਲੀ ਬਾਲੀ, ਮੈਕਸ ਹਸਪਤਾਲ ਤੋਂ ਚਮੜੀ ਰੋਗਾਂ ਦੇ ਮਾਹਿਰ ਡਾ. ਵਿਕਰਮ ਲਹੌਰੀਆ, ਮਿਸਿਜ਼ ਇੰਡੀਆ-2021 ਫ਼ਸਟ ਰਨਰਅੱਪ ਆਰਤੀ ਛਾਂਗੜਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਡੀ.ਐਸ.ਡਬਲਿਯੂ ਵਿਭਾਗ ਤੋਂ ਮਨੋਵਿਗਿਆਨਕ ਡਾ. ਨਵਨੀਤ ਸਿੱਧੂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਐਡਵੋਕੇਟ ਡਾ. ਗੀਤਾਂਜਲੀ ਬਾਲੀ ਨੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਚੇਤੰਨ ਕਰਨ ਦੇ ਨਾਲ-ਨਾਲ ਔਰਤਾਂ ਦੀਆਂ ਕਾਨੂੰਨੀ ਸ਼ਕਤੀਆਂ ਬਾਰੇ ਵੀ ਵਿਚਾਰਾਂ ਦੀ ਸਾਂਝ ਪਾਈ। ਕਾਨੂੰਨੀ ਅਧਿਕਾਰਾਂ ਬਾਰੇ ਗੱਲ ਕਰਦਿਆਂ ਐਡਵੋਕੇਟ ਗੀਤਾਂਜਲੀ ਨੇ ਕਿਹਾ ਕਿ ਬੇਟੀ, ਨੂੰਹ ਜਾਂ ਸੱਸ ਸਮੇਤ ਹਰ ਔਰਤ ਨੂੰ ਘਰੇਲੂ ਹਿੰਸਾ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦਾ ਅਧਿਕਾਰ ਹੈ। ਇਸੇ ਤਰ੍ਹਾਂ ਵਿਰਾਸਤੀ ਅਧਿਕਾਰ ਸਮਝ ਕੇ ਜਾਇਦਾਦ ਪ੍ਰਾਪਤ ਕਰਨ ਤੋਂ ਬਾਅਦ ਬੱਚੇ ਮਾਪਿਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰਦੇ ਹਨ, ਤਾਂ ਅਜਿਹੀ ਸਥਿਤੀ ਵਿੱਚ ਮਾਪਿਆਂ ਨੂੰ ਆਪਣੀ ਜਾਇਦਾਦ ਵਾਪਸ ਲੈਣ ਦਾ ਸੰਪੂਰਨ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿੱਚ ਵੱਧ ਤੋਂ ਵੱਧ ਉਮਰ ਹੱਦ 25-30 ਸਾਲ ਹੈ, ਅਜਿਹੀ ਸਥਿਤੀ ’ਚ ਤਲਾਕਸ਼ੁਦਾ ਔਰਤਾਂ ਨੂੰ ਉਮਰ ਹੱਦ ਵਿੱਚ ਢਿੱਲ ਦੇਣੀ ਲਾਜ਼ਮੀ ਹੈ ਤਾਂ ਜੋ ਉਹ ਤਲਾਕ ਤੋਂ ਬਾਅਦ ਵੀ ਆਤਮ ਨਿਰਭਰ ਬਣ ਸਕਣ।
ਇਸ ਮੌਕੇ ਡਾ. ਸ਼ਵੇਤਾ ਗੁਪਤਾ ਨੇ ਕਿਹਾ ਕਿ ਔਰਤਾਂ ਹਮੇਸ਼ਾ ਆਪਣੇ ਪਰਿਵਾਰ ਅਤੇ ਕੰਮ ਨੂੰ ਪਹਿਲ ਦਿੰਦੀਆਂ ਹਨ ਅਤੇ ਆਪਣੇ ਆਪ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਅਜਿਹੀ ਸਥਿਤੀ ’ਚ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਔਰਤਾਂ ਦੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ 10 ਵਿਚੋਂ 7 ਲੜਕੀਆਂ ਪੋਲਸਿਸਟਿਕ ਓਵੇਰੀਅਨ ਬਿਮਾਰੀ ਤੋਂ ਪੀੜਤ ਹਨ, ਜਿਸ ਤੋਂ ਬਚਣ ਲਈ ਤਣਾਅ ਤੋਂ ਪ੍ਰਹੇਜ ਕਰਦਿਆਂ ਰੋਜ਼ਾਨਾ ਸਿਹਤਮੰਦ ਖੁਰਾਕ ਯਕੀਨੀ ਬਣਾਉਣ ਦੇ ਨਾਲ-ਨਾਲ ਕਸਰਤ ’ਤੇ ਗੌਰ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਗਰਭ ਅਵਸਥਾ ’ਚ ਜੰਗ ਫੂਡ ਤੋਂ ਕਿਨਾਰਾ ਕਰਕੇ ਮੌਸਮੀ ਫਲ ਅਤੇ ਹਰੀਆਂ ਸਬਜ਼ੀਆਂ ਦੇ ਸੇਵਨ ਕਰਨਾ ਅਤਿਅੰਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਪ੍ਰਤੀ ਵੀ ਔਰਤਾਂ ਨੂੰ ਜਾਗਰੂਕ ਕੀਤਾ।
ਰੇਡਿਉ ਪੰਜਾਬ ਦੇ ਪ੍ਰਮੁੱਖ ਪ੍ਰੋਗਰਾਮ ’ਫ਼ਿੱਟ ਗੱਲਾਂ ਹਿੱਟ ਗਾਣੇ’ ਦੌਰਾਨ ਲੋਕਾਂ ਦੇ ਰੂਬਰੂ ਹੁੰਦਿਆਂ ਮੈਕਸ ਹਸਪਤਾਲ ਦੇ ਚਮੜੀ ਸਬੰਧੀ ਰੋਗਾਂ ਦੇ ਮਾਹਿਰ ਡਾ. ਵਿਕਰਮ ਲਹੌਰੀਆ ਨੇ ਚਮੜੀ ਦੀ ਸਫ਼ਾਈ ਲਈ ਜਿੱਥੇ ਜਾਗਰੂਕਤਾ ਫੈਲਾਈ ਉਥੇ ਹੀ ਚਮੜੀ ਸਬੰਧੀ ਕੁੱਝ ਗ਼ਲਤ ਧਾਰਨਾਵਾਂ ਨੂੰ ਵੀ ਦੂਰ ਕੀਤਾ। ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸੁਝਾਅ ਦਿੰਦਿਆਂ ਡਾ. ਵਿਕਰਮ ਨੇ ਕਿਹਾ ਕਿ ਸਾਨੂੰ ਕੈਮੀਕਲ ਰੰਗਾਂ ਤੋਂ ਪ੍ਰਹੇਜ ਕਰਦੇ ਹੋਏ ਜੈਵਿਕ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਸਿਹਤ ਜ਼ਿੰਦਗੀ, ਨਿਯਮਿਤ ਕਸਰਤ, ਮਿਆਰਾ ਭੋਜਨ, ਹਰੀਆਂ ਸਬਜ਼ੀਆਂ, ਡਰਾਈ ਫਰੂਟ ਅਤੇ ਸਹੀ ਉਤਪਾਦਾਂ ਦੀ ਚੋਣ ਨੂੰ ਤੰਦਰੁਸਤ ਅਤੇ ਆਕਰਸ਼ਕ ਚਮੜੀ ਦਾ ਰਾਮਬਾਣ ਦੱਸਿਆ। ਉਨ੍ਹਾਂ ਦੱਸਿਆ ਕਿ ਗਰਮੀਆਂ ’ਚ ਤੇਜ਼ ਧੁੱਪ ਕਾਰਨ ਰੁੱਖੀ ਅਤੇ ਨਮੀ ਗੁਆ ਚੁੱਕੀ ਚਮੜੀ ਦੀ ਦੇਖਭਾਲ ਕਰਨਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ।ਅਜਿਹੇ ’ਚ ਪਾਣੀ ਦੀ ਸਹੀ ਮਾਤਰਾ ਲੈਣਾ, ਚਾਹ-ਕੌਫ਼ੀ ਅਤੇ ਗਰਮ ਮਸਾਲੇਦਾਰ ਭੋਜਨ ਦੀ ਵਰਤੋਂ ਘੱਟ ਕਰਨੀ ਜ਼ਰੂਰੀ ਹੈ ਅਤੇ ਬਾਹਰ ਜਾਣ ਤੋਂ ਪਹਿਲਾ ਸਨਸਕ੍ਰੀਨ ਦੀ ਵਰਤੋਂ ਵੀ ਚਮੜੀ ਸੰਭਾਲ ਲਈ ਅਹਿਮ ਹੈ।
ਇਸ ਮੌਕੇ ਮਿਸਿਜ਼ ਇੰਡੀਆ 2021 ਫ਼ਸਟ ਰਨਰਅੱਪ ਸ਼੍ਰੀਮਤੀ ਆਰਤੀ ਛਾਂਗੜਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੰਦਿਆਂ ਕਿਹਾ ਕਿ ਔਰਤਾਂ ਪਰਿਵਾਰ ਅਤੇ ਸਮਾਜ ਦੇ ਸਹਿਯੋਗ ਨਾਲ ਸਫ਼ਲ ਸਖ਼ਸ਼ੀਅਤਾਂ ਵਜੋਂ ਉਭਰ ਰਹੀਆਂ ਹਨ। ਔਰਤਾਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਔਰਤਾਂ ਕੋਲ ਚੀਜਾਂ ਅਤੇ ਸਥਿਤੀ ਨੂੰ ਸਹੀ ਢੰਗ ਨਾਂਲ ਸੰਭਾਲਣ ਦੀ ਕੁਸ਼ਲਤਾ ਹੁੰਦੀ ਹੈ, ਜਿਸ ਕਾਰਨ ਉਹ ਪਰਿਵਾਰ ਅਤੇ ਕੰਮ ਕਾਜ ’ਚ ਸੰਤੁਲਨ ਬਣਾਉਣ ’ਚ ਸਫ਼ਲ ਹੁੰਦੀਆਂ ਹਨ। ਉਨ੍ਹਾਂ ਔਰਤਾਂ ਨੂੰ ਅੱਗੇ ਵਧਣ ਲਈ ਮੌਕੇ ਅਤੇ ਸਹਾਇਤਾ ਪ੍ਰਦਾਨ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਡੀ.ਐਸ.ਡਬਲਿਯੂ ਵਿਭਾਗ ਤੋਂ ਮਨੋਵਿਗਿਆਨਕ ਡਾ. ਨਵਨੀਤ ਸਿੱਧੂ ਨੇ ਔਰਤਾਂ ਦੀ ਮਾਨਸਿਕ ਸਿਹਤ ਅਤੇ ਉਨ੍ਹਾਂ ਦੀਆਂ ਚਣੌਤੀਆਂ ਬਾਰੇ ਗੱਲ ਕੀਤੀ। ਉਨ੍ਹਾਂ ਔਰਤਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਆਪ ਆਪ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਸਿਹਤਮੰਦ ਜ਼ਿੰਦਗੀ ਲਈ ਆਪਣੇ ਆਪ ਨੂੰ ਕੁੱਝ ਸਮਾਂ ਸਮਰਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ’ਚ ਹਰ ਕੋਈ ਵੱਖਰਾ ਹੈ, ਆਪਣੇ ਹੁਨਰਾਂ ਦੀ ਪਛਾਣ ਕਰਕੇ ਉਸਦੀ ਪੂਰਤੀ ਲਈ ਅੱਗੇ ਵਧਣਾ ਅਹਿਮ ਹੈ। ਸੋਸ਼ਲ ਮੀਡੀਆ ਤੋਂ ਵਰਤੋਂ ਘੱਟ ਕਰਨਾ ਅਤੇ ਸਹੀ ਦਿਸ਼ਾ ’ਚ ਕਰਨਾ ਜ਼ਰੂਰੀ ਹੈ ਜਦਕਿ ਜ਼ਿਆਦਾ ਸਮਾਂ ਆਪਣੇ ਸਿਹਤਮੰਦ ਭੋਜਨ ਅਤੇ ਨਿਯਮਿਤ ਕਸਰਤ ’ਤੇ ਲਗਾਉਣਾ ਚਾਹੀਦਾ ਹੈ।