ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਚਾਲੀ ਕਿ.ਮੀ. ਦੂਰ ਈਵਲੀਨ ਇਲਾਕੇ ਦੇ ਮਾਨਤਲਾ ਜੌਲੀ ਕਸਬੇ ਵਿੱਚ ਇੱਕ ਜੌਨ ਕਲੋਦ ਨਾਂ ਦੇ ਵਿਆਕਤੀ ਨੇ ਆਪਣੇ ਬਗੀਚੇ ਵਿੱਚ ਮੁਰਗੇ ਮੁਰਗੀਆਂ ਪਾਲੇ ਹੋਏ ਹਨ।ਉਹਨਾਂ ਵਿੱਚੋਂ ਇੱਕ ਮੁਰਗੇ ਦੀਆਂ ਵਾਰ ਵਾਰ ਆ ਰਹੀਆਂ ਬਾਂਗਾਂ ਨੇ ਗੁਆਢਣ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਉਸ ਔਰਤ ਨੇ ਤੰਗ ਆ ਕੇ ਪੁਲਿਸ ਨੂੰ ਬੁਲਾ ਲਿਆ।ਪੁਲਿਸ ਆਈ ਤੇ ਮੁਰਗੇ ਦੇ ਮਾਲਕ ਨੂੰ ਖਬਰਦਾਰ ਕਰਕੇ ਚਲੀ ਗਈ।ਉਸ ਤੋਂ ਬਾਅਦ ਜਦੋਂ ਵੀ ਮੁਰਗਾ ਬਾਂਗਾਂ ਦਿੰਦਾ,ਉਹ ਪੁਲਿਸ ਨੂੰ ਬੁਲਾ ਲੈਂਦੀ।ਇਹ ਸਿਲਸਿਲਾ ਤਿੰਨ ਮਹੀਨੇ ਤੋਂ ਚਲ ਰਿਹਾ ਹੈ। ਕਈ ਵਾਰ ਤਾਂ ਪੁਲਿਸ ਨੂੰ ਦਿਹਾੜੀ ਵਿੱਚ ਚਾਰ ਵਾਰ ਚੱਕਰ ਮਾਰਨੇ ਪੈਂਦੇ ਹਨ।ਕਦੇ ਕਦੇ ਤਾਂ ਪੁਲਿਸ ਦੀ ਗੱਡੀ ਪੂਰਾ ਪੂਰਾ ਦਿੱਨ ਘਰ ਅੱਗੇ ਖੜ੍ਹੀ ਰਹਿੰਦੀ ਸੀ। ਇਹਨਾਂ ਤਿੰਨ ਮਹੀਨਿਆਂ ਦੌਰਾਨ ਪੁਲਿਸ ਨੂੰ 96 ਵਾਰ ਆਉਣਾ ਪਿਆ। ਜਦੋਂ ਪੁਲਿਸ ਨੇ ਘਰ ਦੇ ਮਾਲਕ ਨੂੰ ਇਸ ਦਾ ਪ੍ਰਬੰਧ ਕਰਨ ਲਈ ਕਿਹਾ, ਤਾਂ ੳੇਸ ਦਾ ਜਬਾਬ ਸੀ,ਮੈਨੂੰ ਸਮਝ ਨਹੀ ਆਉਦੀ ਮੇਰੇ ਸੱਤ ਗੁਆਂਢੀ ਹੋਰ ਵੀ ਵਸਦੇ ਨੇ,ਉਹ ਤਾਂ ਕਦੇ ਸ਼ਕਾਇਤ ਨਹੀ ਕਰਦੇ। ਲਗਦਾ ਇਸ ਔਰਤ ਨੂੰ ਕੋਈ ਦਿਮਾਗੀ ਪ੍ਰੇਸ਼ਾਨੀ ਹੈ। ਜੌਨ ਕਲੋਡ ਨੇ ਅੱਗੇ ਕਿਹਾ ਕਿ ਨਾਂ ਤਾਂ ਮੈਂ ਮੁਰਗੇ ਨੂੰ ਛੱਡ ਸਕਦਾ ਹਾਂ ਤੇ ਨਾਂ ਹੀ ਮੈਂ ਮਾਰ ਸਕਦਾ ਹਾਂ। ਤੁਹਾਡੀ ਜੋ ਵੀ ਸਜਾ ਹੈ ਮੈਂ ਭੁਗਤਣ ਲਈ ਤਿਆਰ ਹਾਂ। ਇਹ ਮਾਮਲਾ ਹੁਣ ਮਿਉਂਸਪੈਲਟੀ ਵਾਲਿਆਂ ਕੋਲ ਚਲਿਆ ਗਿਆ ਹੈ। ਜਿਸ ਨੂੰ ਹੱਲ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਹੋ ਗਈ ਹੈ।