‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ

ਦੇਸ਼ ਵਿਚ ਜਿਤਨੀਆਂ ਵੀ ਲਹਿਰਾਂ ਚਲੀਆਂ ਹਨ। ਉਨ੍ਹਾਂ ਲਹਿਰਾਂ ਸਮੇਂ ਸਾਹਿਤਕਾਰਾਂ ਨੇ ਜਿਹੜਾ ਸਾਹਿਤ ਰਚਿਆ, ਉਹ ਇਤਿਹਾਸ ਦਾ ਅਟੁੱਟ ਅੰਗ ਬਣ ਗਿਆ ਹੈ, ਬਸ਼ਰਤੇ ਕਿ ਉਸ ਸਾਹਿਤ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ ਹੋਵੇ। ਉਸ ਪੁਸਤਕ ਤੋਂ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਵਿਰਾਸਤ ਵਿਚ ਹੋਏ ਉਤਰਾਅ ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਰਹੇਗੀ। ਕਿਸਾਨ ਅੰਦੋਲਨ ਦੌਰਾਨ ਵੀ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ। ਇਸ ਅੰਦੋਲਨ ਦੌਰਾਨ ਸੁਰਿੰਦਰ ਕੌਰ ਪੱਖੋਕੇ ਨੇ ਇਕ ਪੁਸਤਕ ‘ਕਿਸਾਨ ਅੰਦੋਲਨ  ਸਮੁੰਦਰੋਂ ਪਾਰ ਤੇਰੇ ਨਾਲ’ ਸੰਪਾਦਿਤ ਕੀਤੀ ਹੈ। ਦਿੱਲੀ ਦੀਆਂ ਬਰੂਹਾਂ ‘ਤੇ ਚਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਦੀ ਪੀੜ ਦੀ ਹੂਕ ਸੰਸਾਰ ਦੇ ਕੋਨੇ ਕੋਨੇ ਵਿਚ ਮਹਿਸੂਸ ਕੀਤੀ ਜਾ ਰਹੀ ਹੈ। IMG_5838.resizedਪੰਜਾਬੀ, ਉਦਮੀ, ਮਿਹਨਤੀ, ਸਿਰੜ੍ਹੀ ਅਤੇ ਦਲੇਰ ਗਿਣੇ ਜਾਂਦੇ ਹਨ। ਕਿਸਾਨ ਅੰਦੋਲਨ ਸ਼ੁਰੂ ਕਰਨ ਵਿਚ ਵੀ ਪੰਜਾਬੀ ਕਿਸਾਨਾ ਨੇ ਅਜਿਹੀ ਪਹਿਲ ਕਦਮੀ ਕੀਤੀ, ਜਿਸਦੇ ਸਿੱਟੇ ਵਜੋਂ ਸਭ ਤੋਂ ਪਹਿਲਾਂ ਪੁਰਾਣਾ ਪੰਜਾਬ ਮੁੜ ਇਕਸੁਰ ਹੋ ਗਿਆ। ਹਰਿਆਣਾ ਜਿਹੜਾ 1966 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਹੁੰਦਾ ਸੀ, ਉਹ ਮੁੜ ਆਪਣੇ ਭਰਾਵਾਂ ਨਾਲ ਖੜ੍ਹਾ ਹੋ ਗਿਆ, ਜਿਸਦੇ ਸਿੱਟੇ ਵਜੋਂ ਇਹ ਅੰਦੋਲਨ ਦੇਸ਼ ਵਿਆਪੀ ਹੋ ਗਿਆ ਹੈ। ਸੰਸਾਰ ਦੇ ਜਿਸ ਖਿਤੇ ਵਿਚ ਵੀ ਪੰਜਾਬੀ ਅਤੇ ਭਾਰਤੀ ਵਸੇ ਹੋਏ ਹਨ, ਸਾਰੇ ਹੀ ਆਪਣੀ ਮਾਤ ਭੂਮੀ ਦੇ ਜਾਇਆਂ, ਕਿਸਾਨਾ ਨਾਲ ਖੜ੍ਹੇ ਹੋ ਗਏ ਹਨ। ਸਾਹਿਤਕਾਰ ਖਾਸ ਤੌਰ ਤੇ ਕਵੀ ਅਤੇ ਕਵਿਤਰੀਆਂ ਕੋਮਲ ਭਾਵਨਾਵਾਂ ਵਾਲੇ ਹੁੰਦੇ ਹਨ। ਇਸ ਲਈ ਉਹ ਕਿਸਾਨਾ ਦੀ ਪੀੜ ਨੂੰ ਜ਼ਿਆਦਾ ਮਹਿਸੂਸ ਕਰ ਰਹੇ ਹੁੰਦੇ ਹਨ। ਜਿਸ ਕਰਕੇ  ਉਨ੍ਹਾਂ ਨੇ ਆਪਣੀਆਂ ਕਲਮਾ ਚੁੱਕ ਕੇ ਕਿਸਾਨੀ ਦੇ ਹੱਕ ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ ਆਪਣੀ ਅਤੇ ਆਪਣੇ ਪੁਰਖਿਆਂ ਦੀ ਵਿਰਾਸਤ ਨਾਲ ਗੜੁਚ ਹਨ। ਪੰਜਾਬ ਦਾ ਦਰਦ ਉਨ੍ਹਾਂ ਦਾ ਆਪਣਾ ਦਰਦ ਬਣ ਗਿਆ ਹੈ, ਜੋ ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਸੈਨਤਾਂ ਮਾਰ ਰਿਹਾ ਹੈ। ਕਵਿਤਾਵਾਂ ਕਿਉਂਕਿ ਘਟ ਸ਼ਬਦਾਂ ਨਾਲ ਸਿੱਧਾ ਦਿਲ ਤੇ ਅਸਰ ਕਰਦੀਆਂ ਹਨ, ਇਸ ਲਈ ਉਨ੍ਹਾਂ ਦੀਆਂ ਕਵਿਤਾਵਾਂ ਨੇ ਸ਼ੋਸ਼ਲ ਮੀਡੀਆ ਤੇ ਕਿਸਾਨਾ ਦੇ ਹੱਕ ਵਿਚ ਲਹਿਰ ਖੜ੍ਹੀ ਕਰ ਦਿੱਤੀ। ਉਸ ਲਹਿਰ ਵਿਚੋਂ ਪਰਵਾਸੀਆਂ ਦੀਆਂ ਕਵਿਤਾਵਾਂ ਦੀ ਚੋਣ ਕਰਕੇ ਸੁਰਿੰਦਰ ਕੌਰ ਪੱਖੋਕੇ ਯੂ ਐਸ ਏ ਦੀ ਸੰਪਾਦਕੀ ਵਿਚ ਇਕ ਪੁਸਤਕ ‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪ੍ਰਕਾਸ਼ਤ ਕਰਵਾਈ ਹੈ। ਸੁਰਿੰਦਰ ਕੌਰ ਪੱਖੋਕੇ ਮਾਨਸਿਕ ਤੌਰ ਤ ਕਿਸਾਨ ਅੰਦੋਲਨ ਨਾਲ ਅੰਦਰੋਂ ਜੁੜੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਹੋਣਹਾਰ ਸਪੁੱਤਰ ਡਾ ਸਵੈਮਾਨ ਸਿੰਘ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਅਮਰੀਕਾ ਤੋਂ ਜਾ ਕੇ ਦਿੱਲੀ ਦੀ ਸਰਹੱਦ ਤੇ ਟਿਕਰੀ ਵਿਖੇ ਇਕ ਹਸਪਤਾਲ ਖੋਲ੍ਹਕੇ ਕਿਸਾਨਾ ਦੇ ਇਲਾਜ਼ ਕਰ ਰਹੇ ਹਨ। ਪੁਸਤਕਾਂ ਦਾ ਲੰਗਰ ਲਗਾਇਆ ਹੋਇਆ ਅਤੇ ਇਸਤਰੀਆਂ ਦੇ ਰਹਿਣ ਲਈ ਰੈਣ ਬਸੇਰਾ ਸਥਾਪਤ ਕੀਤਾ ਹੋਇਆ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਕਿਉਂਕਿ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਬੈਲਜੀਅਮ ਅਤੇ ਹੋਰ ਦੇਸਾਂ ਦੇ ਕਵੀਆਂ ਅਤੇ ਕਵਿਤਰੀਆਂ ਦੀਆਂ ਹਨ। ਇਸ ਲਈ ਇਨ੍ਹਾਂ ਦੀ ਚੋਣ ਕਰਨ ਵਿਚ ਸੁਰਿੰਦਰ ਕੌਰ ਪੱਖੋਕੇ ਨਾਲ ਤਿੰਨ ਸਹਿ ਸੰਪਾਦਕ ਰਵਿੰਦਰ ਸਹਿਰਾਹ ਯੂ ਐਸ ਏ, ਪ੍ਰੀਤਪਾਲ ਅਟਵਾਲ ਪੂਨੀ ਕੈਨੇਡਾ ਅਤੇ ਕੁਲਦੀਪ ਕਿੱਟੀ ਬੱਲ ਯੂ ਕੇ ਹਨ। ਇਹ 168 ਪੰਨਿਆਂ ਅਤੇ 200 ਰੁਪਏ ਕੀਮਤ ਵਾਲੀ ਪੁਸਤਕ ਤਰਕ ਭਾਰਤੀ ਪਬਲੀਕੇਸ਼ਨ ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ। IMG_5839.resizedਸੁਰਿੰਦਰ ਕੌਰ ਪੱਖੋਕੇ ਯੂ ਐਸ ਏ ਦੀਆਂ ਇਸ ਤੋਂ ਪਹਿਲਾਂ ਦੋ ਕਹਾਣੀਆਂ ਦੀਆਂ ਪੁਸਤਕਾਂ ਰਿਸਦੇ ਜ਼ਖ਼ਮ ਅਤੇ ਦੁੱਖਾਂ ਦੇ ਗੋਹੜੇ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ 90 ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਸ਼ਾਮਲ ਹਨ। ਇਹ ਸਾਰੀਆਂ ਰਚਨਾਵਾਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾ ਦੇ ਵਿਰੋਧ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਕਿਸਾਨਾ ਨੂੰ ਹੌਸਲਾ ਦੇ ਰਹੀਆਂ ਹਨ। ਅੰਦੋਲਨ ਕਿਉਂਕਿ ਪੂਰਨ ਤੌਰ ਤੇ ਸ਼ਾਂਤਮਈ ਹੈ, ਇਸ ਲਈ ਇਸ ਲੜਾਈ ਵਿਚ ਸ਼ਬਦ ਸੰਬਾਦ ਅਰਥਾਤ ਕਵਿਤਾਵਾਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ। ਇਹ ਸਮਝਿਆ ਵੀ ਜਾਂਦਾ ਹੈ ਕਿ ਸ਼ਬਦਾਂ ਦੇ ਵਾਰ ਤਲਵਾਰ ਦੇ ਵਾਰ ਨਾਲੋਂ ਜ਼ਿਆਦਾ ਅਸਰ ਕਰਦੇ ਹਨ। ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਕਿਸਾਨਾ ਵਿਚ ਵੀ ਜੋਸ਼ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ। ਇਨ੍ਹਾਂ ਕਵਿਤਾਵਾਂ ਵਿਚ ਅੰਦੋਲਨ ਦੇ ਰੰਗ ਵਿਚ ਰੰਗੇ ਕਿਸਾਨਾ ਦੀ ਸਿਆਣਪ, ਸੂਝ ਦਲੇਰੀ ਅਤੇ ਸ਼ਹਿਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵੈਸੇ ਤਾਂ ਸਾਰੀਆਂ ਰਚਨਾਵਾਂ ਹੀ ਬਿਹਤਰੀਨ ਹਨ ਪ੍ਰੰਤੂ ਕੁਝ ਕੁ ਕਵੀਆਂ ਤੇ ਕਵਿਤਰੀਆਂ ਦੀਆਂ ਰਚਨਾਵਾਂ ਦੀਆਂ ਵੰਨਗੀਆਂ ਦੇ ਰਿਹਾ ਹਾਂ। ਡਾ ਅਮਰ ਜਿਓਤੀ ਯੂ ਕੇ ਸਨਦ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੇ ਹਨ ਕਿ ਜ਼ਮੀਨ ਕਿਸਾਨ ਦੀ ਮਾਂ ਦੇ ਬਰਾਬਰ ਹੁੰਦੀ ਹੈ ਪ੍ਰੰਤੂ ਮਾਂ ਨੂੰ ਕਿਸਾਨ ਕਿਵੇਂ ਵਿਕਣ ਦੇਵੇਗਾ-

ਜ਼ਮੀਨ ਨੂੰ ਦਾਸੀ ਬਣਾ ਵਪਾਰੀ ਬਾਜ਼ਾਰ ਵਿਚ ਵੇਚਣ ਤੁਰੇ ,
ਮਾਂ ਦੀ ਇੱਜ਼ਤ ਖ਼ਾਤਰ ਸੂਰਮੇ ਆਪਣੇ ਹੌਸਲੇ ਮੇਚਣ ਤੁਰੇ।
ਬੁੱਕਲ ਮਾਰ ਇਰਾਦਿਆਂ ਦੀ ਨਿਕਲ ਪਏ ਉਹ ਘਰਾਂ ਵਿਚੋਂ,
ਕਿ ਹੱਕ ਦਾ ਰੌਸ਼ਨ ਚਿਰਾਗ਼ ਸਦੀਆਂ ਤੱਕ ਰੌਸ਼ਨ ਰਹੇ। -

ਅਜੇ ਤਨਵੀਰ ਯੂ ਐਸ ਏ ਆਪਣੀ ਗ਼ਜ਼ਲ ਵਿਚ ਕਹਿੰਦੇ ਹਨ ਕਿ ਸਰਕਾਰ ਕਿਸਾਨਾ ਤੇ ਮਜ਼ਦੂਰਾਂ ਨੂੰ ਮਜ਼ਬੂਰ ਨਾ ਸਮਝੇ ਲੋੜ ਪੈਣ ਤੇ ਇਹ ਤਲਵਾਰ ਵੀ ਫੜ ਸਕਦੇ ਹਨ-

ਪਸੀਨਾ ਡੋਲ੍ਹ ਕੇ ਹੁਣ, ਫਸਲ ਰੀਝਾਂ ਦੀ ਹੈ ਮਹਿਕਾਣੀ।
ਅਸੀਂ ਮਜ਼ਦੂਰ ਮਿਹਨਤਕਸ਼ ਕਿਤੇ ਮਜ਼ਬੂਰ ਨਾ ਜਾਣੀ।
ਕਦੇ ਖ਼ੰਜਰ, ਕਦੇ ਤਲਵਾਰ ‘ਤੇ ਨੱਚੇ ਇਸੇ ਕਾਰਨ,
ਅਸੀਂ ਇਹ ਫੈਸਲਾ ਕਰਨਾ ਕਿਸੇ ਤੋਂ ਮਾਤ ਨਾ ਖਾਣੀ।

ਇੰਦਰਜੀਤ ਚੁਗਾਵਾਂ ਯੂ ਐਸ ਏ ਇਤਿਹਾਸ ਨੂੰ ਯਾਦ ਕਰਵਾਉਂਦਾ ਲਿਖਦਾ ਹੈ ਕਿ ਸਬਰ ਦਾ ਇਮਤਿਹਾਨ ਨਾ ਸਰਕਾਰ ਲਵੇ ‘ਸਬਰ ਦੀ 21’ ਸਿਰਲੇਖ ਕਵਿਤਾ  ਵਿਚ ਬਦਲਾ ਕਿਵੇਂ ਤੇ ਕਦੋਂ ਲਿਆ ਜਾ ਸਕਦਾ ਹੈ-

21ਦੀ ਕੀਮਤ ਯਾਦ ਐ ਨਾ ਇਹ ਹੈ ਸਾਡੇ ਸਬਰ ਦੀ ਉਮਰ।
ਸਬਰ ਰੱਖ ਜ਼ਬਤ ‘ਚ ਰਹਿ ਕੇ ਅਸੀਂ ਕਦੇ ਜਾ ਪਹੁੰਚੇ ਸੀ ਕੈਕਸਟਨ ਹਾਲ।
ਪੂਰੇ 21 ਸਾਲ ਬਾਅਦ ।

ਸਰਬਜੀਤ ਸਿੰਘ ਸੋਹੀ ਆਸਟਰੇਲੀਆ ‘ਤੁਹਾਡੀ ਜਿੱਤ’ ਸਿਰਲੇਖ ਵਿਚ ਲਿਖਦੇ ਹਨ ਕਿ ਸਰਕਾਰ ਦਾ ਜ਼ਬਰ ਕਿਸਾਨਾ ਦੇ ਹੌਸਲੇ ਢਾਅ ਨਹੀਂ ਸਕਦਾ-

ਪਾਣੀ ਦੀਆਂ ਬੁਛਾੜਾਂ ਵਿਚ, ਮੱਘਦੇ ਹੋਏ ਹੌਸਲੇ ਪਸਤ ਨਹੀਂ ਹੁੰਦੇ।
ਜ਼ਿੰਦਗੀ ਦੀ ਲੋਰ ਵਿਚ ਕਦਮਤਾਲ ਕਰਦੇ ਕਦਮ,  ਮੌਤ ਦੀ ਪ੍ਰਵਾਹ ਨਹੀਂ ਕਰਦੇ।
ਇਹ ਵਹਿਮ ਹੈ ਦਿੱਲੀ ਨੂੰ, ਕਿ ਉਸਦਾ ਹਰ ਹੁਕਮ ਤਾਮੀਲ ਹੋਵੇਗਾ।
ਕਿ ਉਸਦਾ ਹਰ ਸ਼ਬਦ ਕਾਨੂੰਨ ਵਿਚ ਤਬਦੀਲ ਹੋਵੇਗਾ।

ਸੁਖਬਿੰਦਰ ਕੰਬੋਜ਼ ‘ ਸੁੱਤਾ ਰਾਜਾ’ ਵਿਚ ਲਿਖਦੇ ਹਨ ਕਿ ਇਹ ਲਹਿਰ ਇਕ ਦਿਨ ਵਿਚ ਨਹੀਂ ਬਣੀ ਸਗੋਂ ਬੜੀ ਦੇਰ ਦੇ ਸੁਲਘਦਾ ਲਾਵਾ ਭਾਂਬੜ ਬਣ ਉਠਿਆ ਹੈ -

ਇਹ ਜੋ ਸਦੀਆਂ ਦਾ ਉਬਾਲ ਹੈ, ਇਹ ਇਕ ਦਿਨ ‘ਚ ਨਹੀਂ ਉਠਿਆ।
ਇਹਦੇ ਪਿਛੇ ਸਦੀਆਂ ਦੀ ਚੀਸ
ਤੇ ਹਰ ਰੋਜ਼ ਖ਼ੁਦਕਸ਼ੀਆਂ ਦੀ  ਲੰਮੀ ਪੀੜ ਹੈ।

ਸੁਰਿੰਦਰ ਕੌਰ ਪੱਖੋਕੇ ਵੇਦਨਾ ਨਾਂ ਦੀ ਕਵਿਤਾ ਵਿਚ ਲਿਖਦੇ ਹਨ ਕਿ ਕਿਸਾਨੀ ਕੌਮ ਮੌਤ ਤੋਂ ਡਰਦੀ ਨਹੀਂ ਸਗੋਂ ਇਹ ਤਾਂ ਜਿਉਂਦੀ ਹੀ ਮਰ ਕੇ ਹੈ-

ਵੱਡੇ, ਵੇਲੇ ਦੇ ਤਾਰਿਆ, ਗੱਲ, ਸੁਣ, ਕੰਨ ਧਰ ਕੇ।
ਹਾਕਮਾ, ਤੂੰ ਜਾਣਦਾ ਅਸੀਂ, ਜਿਉਂਦੇ, ਹਾਂ ਮਰ ਕੇ।

ਹਰਕੀਰਤ ਕੌਰ ਚਹਿਲ ਲਿਖਦੇ ਹਨ ਕਿ ਹਾਕਮਾ ਕੋਈ ਅਕਲ ਦੀ ਗੱਲ ਕਰ-

ਕਾਲੇ ਕਾਨੂੰਨ ਪਾੜ ਕੇ ਹੱਥ ਅਕਲਾਂ ਨੂੰ ਮਾਰ ਲੈ।
ਸੜਕਾਂ ‘ਤੇ ਰੁਲਦਾ ਕਿਰਤੀ ਜਾਹ ਉਠ ਕੇ ਸਾਰ ਲੈ।
ਮੱਥੇ ‘ਤੇ ਲੱਗੀ ਕਾਲਖ ਸਦੀਆਂ ਤੱਕ ਲਹਿਣੀ ਨਾ।
ਤੇਰੀ ਬਦਨੀਤੀ ਜ਼ਾਲਮਾ ਖ਼ਲਕਤ ਨੇ ਸਹਿਣੀ ਨਾ।
ਧਰਤੀ ਦੀ ਹਿੱਕ ‘ਚੋਂ ਉਗਮੇ ਸੂਰਜ ਕਦੇ ਉਕਦੇ ਨੀਂ।

ਕੁਲਦੀਪ ਕਿੱਟੀ ਬੱਲ ਲਿਖਦੇ ਹਨ ਕਿ ਕਿਸਾਨ ਦੀ ਦਲੇਰੀ ਦਾ ਤੈਨੂੰ ਅੰਦਾਜ਼ਾ ਨਹੀਂ-

ਐਵੇਂ ਨਾ ਸਮਝੀਂ ਮੈਨੂੰ ਪੁੱਤ ਅਣਜਾਣ ਦਾ, ਪੱਕਾ ਨਿਸ਼ਾਨਚੀ ਮੈਂ ਪੁੱਤ ਕਿਰਸਾਨ ਦਾ ।
ਲੈ ਆਡ੍ਹਾ ਮੈਂ ਤੇਰੀ ਹਿੱਕ ‘ਤੇ ਲਾਇਆ ਏ, ਕੱਕਰ ਤੇ ਪਾਲਾ ਵੇਖ ਮੈਨੂੰ ਨਾ ਠਾਰਦੇ,
ਬਾਹਰ ਤੂੰ ਨਿਕਲ ਤੈਨੂੰ ਸ਼ੇਰ ਵੰਗਾਰਦੇ ਧੁੱਪਾਂ ਦਾ ਸੇਕ ਮੈਂ ਪਿੰਡੇ ਹੰਢਾਇਆ ਏ।
ਠਹਿਰ ਜਾ ਦਿੱਲੀਏ ਪੁੱਤ ਜੱਟ ਦਾ ਆਇਆ ਏ।

ਕਵਿੰਦਰ ਚਾਂਦ ਕਿਸਾਨਾ ਨੂੰ ਤਾਕੀਦ ਕਰਦੇ ਹਨ ਕਿ ਸਮੇਂ ਦੀ ਨਜ਼ਾਕਤ ਸਮਝੋ-

ਜੇ ਹੁਣ ਬੋਲੇ ਨਹੀਂ ਤਾਂ, ਫਿਰ ਕਿਸੇ ਬੋਲਣ ਨਹੀਂ ਦੇਣਾ,
ਤੇ ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ।
ਜ਼ੁਬਾਨਾ ਵਾਲਿਓ ਗੁੰਗਿਓ, ਤੁਸਾਂ ਜੇ ਅੱਜ ਵੀ, ਇਹ ਧੁੰਧੂਕਾਰ ਸਾਫ਼ ਨਹੀਂ ਕਰਨਾ।
ਤਾਂ ਫਿਰ ਇਤਿਹਾਸ ਨੇ ਸਾਨੂੰ ਤੁਹਾਨੂੰ ਮੁਆਫ਼ ਨਹੀਂ ਕਰਨਾ।
ਸਮਾਂ ਬੋਲਣ ਦਾ ਹੈ ਬੋਲੋ।

ਗੁਰਿੰਦਰਜੀਤ ਸਿੰਘ  ਲਿਖਦੇ ਹਨ ਕਿ ਕਿਸਾਨਾ ਨਾਲ ਹੀ ਹਿੰਦੋਸਤਾਨ ਦੀ ਸ਼ਾਨ ਹੈ-

ਇਹ ਰੱਤ ਜੋ ਕਿਸਾਨ ਦੀ, ਹੀ ਪੱਤ ਹਿੰਦੋਸਤਾਨ ਦੀ।
ਪਸੀਨਾ ਮੇਰੇ ਬਾਪ ਦਾ, ਤੇਰੀ ਅੱਤ ਨੂੰ ਸਰਾਪਦਾ।

ਕੰਵਲਜੀਤ ਦੋਸਾਂਝ ਨੱਤ ਲਿਖਦੇ ਹਨ ਕਿਸਾਨ ਆਪਣੇ ਹੱਕਾਂ ਬਾਰੇ ਜਾਗਰੂਕ ਹਨ-

ਅਸੀਂ ਹੱਕ ਆਪਣੇ ਬਸ ਮੰਗਦੇ ਹਾਂ, ਕੋਈ ਭੀਖ ਨਹੀਂ ਅਸੀਂ ਚਾਹੁੰਦੇ ਹਾਂ।
ਅਜੇ ਵੀ ਗੱਲਾਂ ਨਾਲ ਸਮਝਾਉਂਦੇ ਹਾਂ, ਨਾ ਖ਼ੂਨ-ਖ਼ਰਾਬਾ ਚਾਹੁੰਦੇ ਹਾਂ।

ਡਾ ਗੁਰਮਿੰਦਰ ਸਿੱਧੂ ਲਿਖਦ ਹਨ ਕਿ ਹਾਕਮਾਂ ਦੀਆਂ ਬਦਨੀਤਾਂ ਨੇ ਕਿਸਾਨਾ ਨੂੰ ਮਜ਼ਬੂਰ ਕੀਤਾ ਹੈ-

ਤਾਰਿਆਂ ਦੀ ਝਾਂਜਰ ਹੈ ਟੁੱਟੀ, ਰਾਤਾਂ ਨੂੰ ਵੀ ਦੰਦਲ ਪੈ ਗਈ।
ਹਾਕਮ ਦੀ ਕੁਲੱਛਣੀ ਦਾਤੀ, ਵੱਢ ਕੇ ਰੂਹ ਲੈ ਗਈ।
ਖ਼ੂਨ ਰਗਾਂ ਵਿਚ ਛੱਲਾਂ ਮਾਰੇ  ਹੋਰ ਜ਼ਬਰ ਹੁਣ ਕਰਨ ਨਾ ਦੇਣਾ।
ਧਰਤੀ ਮਾਂ ਦੇ ਪਿੰਡੇ ਉਤੇ, ਪੈਰ ਕਿਸੇ ਨੂੰ ਧਰਨ ਨਾ ਦੇਣਾ।

ਪ੍ਰਕਾਸ਼ ਸੋਹਲ ਲਿਖਦੇ ਹਨ ਕਿ ਸਰਕਾਰ ਲੋਟੂਆਂ ਦੇ ਟੋਲੇ ਨਾਲ ਮਿਲ ਗਈ ਹੈ-

ਲੋਕਾਂ ਦੀ ਸਰਕਾਰ ਹੁੰਦੀ, ਹਰ ਇਕ ਦੇ ਹਿੱਤ ਲਈ,
ਏਥੇ ਹਰ ਨੇਤਾ ਸ਼ਾਹੂਕਾਰੀ ਵੱਲ ਭੱਜਦਾ ਹੈ।
ਸਰਮਾਏਦਾਰੀ ਹੈ ਬਹੁਤ ਜ਼ਰੂਰੀ, ਉੱਨਤ ਹੋਣ ਲਈ।
ਦੁੱਖ ਹੁੰਦਾ ਜਦ ਇਹ ਟੋਲਾ, ਜਨਤਾ ਨੂੰ ਠੱਗਦਾ ਹੈ।

ਦਰਸ਼ਨ ਬੁਲੰਦਵੀ ਲਿਖਦੇ ਹਨ ਕਿ ਕਿਸਾਨ ਸਿਰਫ ਆਪਣੇ ਹੱਕ ਮੰਗਦੇ ਹਨ-

ਹੱਕਾਂ ਦੀ ਆਵਾਜ਼ ਅਸੀਂ, ਹਵਾ ਵਿਚ ਘੋਲ ਦਿੱਤੀ,
ਹਵਾ ਮੂਹਰੇ ਹੋਣੀ ਨਹੀਂ, ਦੀਵਾਰ ਤੇਰੀ ਹਾਕਮਾ।
ਡੁੱਲ੍ਹੇ ਲਹੂ ਵਿਚੋਂ ਸਦਾ, ਚੜ੍ਹਨਾ ਏ ਸੂਰਜਾਂ ਨੇ,
ਲੁੱਟੀ ਨਹੀਉਂ ਜਾਣੀ ਲੋਅ, ਤੜਕੇ ਦੀ ਹਾਕਮਾਂ।

ਜੀਤ ਸੁਰਜੀਤ ਲਿਖਦੇ ਹਨ ਕਿ ਸਰਕਾਰ ਨੇ ਪੰਜਾਬੀਆਂ ਦੀ ਅਣਖ਼ ਹੱਥ ਪਾਇਆ ਹੈ-

ਸਾਨੂੰ ਅਣਖ ਪਿਆਰੀ ਆ ਤਾਂਹੀ ਤੇਰੀ ਤਾਨਾਸ਼ਾਹੀ ਦੀ, ਹੁਣ ਆ ਗਈ ਵਾਰੀ ਆ।
ਜੱਗਾ ਗਿੱਲ ਲਿਖਦੇ ਹਨ ਕਿ ਹਿਟਲਰ ਦੀ ਨਕਲ ਦੇ ਨਤੀਜ਼ੇ ਸਰਕਾਰ ਨੂੰ ਭੁਗਤਣੇ ਪੈਣਗੇ-
ਹਿਟਲਰ ਬਣ ਬੈਠਾ ਮੋਦੀ ਬੁੱਚੜ ਚੜ੍ਹ ਕੇ ਬੈਠਾ ਗੋਦੀ।
ਚਾਲ ਜ਼ਾਲਮਾਂ ਚੱਲੀ ਕੋਝੀ ਹੱਕ ਲੋਕਾਂ ਦੇ ਖਾਣੇ ਨੂੰ।
ਲਾਣੇਦਾਰ ਲੱਗ ਅੱਗੇ ਤੁਰਿਆ ਪਿੱਛੇ ਲਾ ਲਿਆ ਲਾਣੇ ਨੂੰ।

ਪ੍ਰੀਤਪਾਲ ਅਟਵਾਲ ਪੂੰਨੀ ਲਿਖਦੇ ਹਨ ਕਿ ਜ਼ਮੀਨ ਕਿਸਾਨ ਦੀ ਜਾਨ ਹੁੰਦੀ ਹੈ-

ਕਾਹਤੋਂ ਘੋਲ ਦਾ ਹਵਾਵਾਂ ਵਿਚ ਜ਼ਹਿਰ ਹਾਕਮਾ, ਵੇ ਹੁੰਦਾ ਅੱਤ ਤੇ ਖ਼ੁਦਾ ਦਾ ਸਦਾ ਵੈਰ ਹਾਕਮਾ।
ਅਣਖ਼ਾਂ ਦੀ ਵੱਖਰੀ ਹੀ ਸ਼ਾਨ ਹੁੰਦੀ ਏ, ਜ਼ਮੀਨ ਤਾਂ ਕਿਸਾਨ ਦੀ ਵੇ ਜਾਨ ਹੁੰਦੀ ਏ।

ਰਵਿੰਦਰ ਸਹਿਰਾਅ ਲਿਖਦੇ ਹਨ ਕਿ ਕਿਸਾਨ ਅੰਦੋਲਨ ਵਿਚ ਬੱਚੀਆਂ ਵੀ ਪਿਛੇ ਨਹੀਂ ਰਹੀਆਂ-

ਮਾਂ ਦੀ ਮਮਤਾ ਤੇ ਪਿਓ ਦੇ ਮੋਹ ਦੀ ਅਜੇ ਤਾਂ ਇਸਨੂੰ ਲੋੜ ਬੜੀ ਹੈ,
ਪਰ ਫ਼ਸਲਾਂ ਨਾ ਰੁਲ ਜਾਣ ਕਿਧਰੇ ਤਾਹੀਂਉਂ ਨੱਕੇ ਮੋੜ ਰਹੀ ਹੈ।
ਹੱਥ ਵਿਚ ਕਹੀ ਤੇ ਪੈਂਟ ਨੂੰ ਟੰਗ ਕੇ, ਵੱਗਦੇ ਹੋਏ ਖਾਲ ‘ਚ ਖੜ੍ਹੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>