ਬੀਜਾਪੁਰ – ਛਤੀਸਗੜ੍ਹ ਵਿੱਚ ਨਕਸਲੀਆਂ ਨੇ 700 ਦੇ ਕਰੀਬ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਘੇਰ ਕੇ ਉਨ੍ਹਾਂ ਤੇ ਹਮਲਾ ਕੀਤਾ। ਬੀਜਾਪੁਰ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਨਕਸਲਵਾਦੀਆਂ ਨਾਲ ਹੋਈ ਮੁਠਭੇੜ ਵਿੱਚ 23 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਹਨ ਅਤੇ 31 ਦੇ ਕਰੀਬ ਜਖਮੀ ਹੋਏ ਹਨ। ਸਥਾਨਕ ਲੋਕਾਂ ਵੱਲੋਂ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਵੱਧ ਹੋ ਸਕਦੀ ਹੈ। ਰੈਸਕਿਊ ਟੀਮਾਂ ਹਮਲਾ ਹੋ ਜਾਣ ਦੇ 24 ਘੰਟੇ ਬੀਤ ਜਾਣ ਦੇ ਬਾਅਦ ਹੀ ਘਟਨਾ ਸਥਾਨ ਤੇ ਪਹੁੰਚ ਸਕੀਆਂ। ਪਿੱਛਲੇ ਕੁਝ ਸਾਲਾਂ ਵਿੱਚ ਹੋਏ ਹਮਲਿਆਂ ਵਿੱਚੋਂ ਛਤੀਸਗੜ੍ਹ ਵਿੱਚ ਮਾਊਵਾਦੀਆਂ ਦਾ ਇਹ ਸੱਭ ਤੋਂ ਵੱਡਾ ਹਮਲਾ ਕਿਹਾ ਜਾ ਰਿਹਾ ਹੈ।
ਸੁਰੱਖਿਆ ਬਲਾਂ ਨੂੰ ਜੋਨਾਗੜ੍ਹ ਦੀਆਂ ਪਹਾੜੀਆਂ ਵਿੱਚ ਨਕਸਲੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਸੁਰੱਖਿਆ ਕਰਮਚਾਰੀਆਂ ਅਤੇ ਮਾਊਵਾਦੀਆਂ ਦਰਮਿਆਨ ਚਾਰ ਘੰਟੇ ਤੱਕ ਮੁੱਠਭੇੜ ਹੋਈ। ਸੁਕਮਾ ਅਤੇ ਬੀਜਾਪੁਰ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ੁਕਰਵਾਰ ਨੂੰ ਡਿਸਟ੍ਰਿਿਕਟ ਰੀਜ਼ਰਵ ਗਾਰਡ, ਸੀਆਰਪੀਐਫ਼, ਸਪੈਸ਼ਲ ਟਾਸਕ ਫੋਰਸ ਅਤੇ ਕੋਬਰਾ ਬਟਾਲੀਅਨ ਦੇ 2059 ਜਵਾਨ ਨਕਸਲੀਆਂ ਦੇ ਅਪਰੇਸ਼ਨ ਦੇ ਲਈ ਨਿਕਲੇ ਸਨ। ਇਸ ਦੌਰਾਨ ਨਕਸਲੀਆਂ ਨੇ ਜਵਾਨਾਂ ਨੂੰ ਘੇਰ ਕੇ ਆਪਣਾ ਨਿਸ਼ਾਨਾ ਬਣਾਇਆ। ਛਤੀਸਗੜ੍ਹ ਵਿੱਚ ਇਹ ਪਿੱਛਲੇ 10 ਦਿਨਾਂ ਵਿੱਚ ਦੂਸਰਾ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਹੋਏ ਹਮਲੇ ਵਿੱਚ 5 ਜਵਾਨ ਸ਼ਹੀਦ ਹੋ ਗਏ ਸਨ। ਨਕਸਲੀਆਂ ਨੇ ਜਵਾਨਾਂ ਦੇ ਹੱਥਿਆਰ ਵੀ ਆਪਣੇ ਕਬਜ਼ੇ ਵਿੱਚ ਕਰ ਲਏ।