ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਤੇ ਵਿਸ਼ੇਸ਼

ਅਵਤਾਰ ਸਿੰਘ ਮਿਸ਼ਨਰੀ,

ਵੈਸਾਖੀ ਦਾ ਅਰਥ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ ਹੈ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ, ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਹਸ਼ਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ ਬ੍ਰਾਹਮਣਾਂ, ਦੁਹਸ਼ਹਿਰਾ ਖੱਤਰੀਆਂ, ਦਿਵਾਲੀ ਵੈਸ਼ਾਂ ਅਤੇ ਹੋਲੀ ਸ਼ੂਦਰਾਂ ਦਾ ਤਿਉਹਾਰ ਮੰਨਿਆਂ ਗਿਆ ਹੈ। ਬ੍ਰਾਹਮਣੀ ਗ੍ਰੰਥਾਂ ਜਿਵੇਂ ਮੰਨੂੰ ਸਿਮਰਤੀ ਆਦਿਕ ਅਨੁਸਾਰ ਮਨੁੱਖਤਾ ਨੂੰ ਊਚ-ਨੀਚ, ਜਾਤ-ਪਾਤ, ਛੂਆ-ਛਾਤ, ਵਹਿਮ-ਭਰਮ, ਕਰਮ-ਕਾਂਡ ਵਿੱਚ ਵੰਡਿਆ ਗਿਆ, ਉਨ੍ਹਾਂ ਦੇ ਰੀਤੀ ਰਿਵਾਜ ਤੇ ਤਿਉਹਾਰਾਂ ਦੀਆਂ ਵੀ ਬ੍ਰਾਹਮਣ ਨੇ ਹੀ ਵੰਡੀਆਂ ਪਾਈਆਂ ਸਨ। ਇਸ ਸਾਰੀ ਵਰਣਵੰਡ ਨੂੰ ਕ੍ਰਾਂਤੀਕਾਰੀ ਭਗਤਾਂ ਅਤੇ ਸਿੱਖ ਗੁਰੂਆਂ ਖਤਮ ਕਰਕੇ, ਇਨ੍ਹਾਂ ਵਹਿਮਾਂ ਤੋਂ ਮਨੁੱਖਤਾ ਦਾ ਖਹਿੜਾ ਛੁਡਾਇਆ-ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤਿ ਸਬਦਿ ਮਨੁ ਮਾਨਾ॥(੧੧੦੮) ਵੈਸਾਖ ਦੇ ਮਹੀਨੇ ਦੁਆਰਾ ਵੀ ਸ਼ਬਦ ਸੁਰਤ ਰਾਹੀਂ ਪ੍ਰਭੂ ਨੂੰ ਪਾਉਂਣ ਦੀ ਗੱਲ ਕੀਤੀ ਹੈ ਨਾ ਕਿ ਕਿਸੇ ਪੁਜਾਰੀ ਬ੍ਰਾਹਮਣ ਜਾਂ ਭੇਖੀ ਸਾਧੂ-ਸੰਤ ਨੂੰ ਪੁੰਨ ਦਾਨ ਕਰਨ ਦੀ। ਗੁਰਸਿੱਖ ਕਿਸੇ ਮਹੀਨੇ ਜਾਂ ਥਿੱਤ ਵਾਰ ਦਾ ਪੁਜਾਰੀ ਨਹੀਂ, ਜੇ ਹੈ ਤਾਂ, ਉਹ ਗੁਰਸਿੱਖ ਨਹੀਂ ਹੋ ਸਕਦਾ ਸਗੋਂ ਗੁਰਬਾਣੀ ਅਨੁਸਾਰ ਉਹ ਮਹਾਂ ਮੂਰਖ ਹੈ-ਸਤਿਗੁਰੁ ਬਾਝਹੁ ਅੰਧ ਅੰਧਾਰ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥(੮੪੨) ਰੱਬੀ ਕੁਦਰਤਿ ਦੇ ਬਣਾਏ ਦਿਨ-ਰਾਤ, ਥਿੱਤ-ਵਾਰ, ਮਹੀਨੇ-ਸਾਲ ਸਾਰੇ ਹੀ ਭਲੇ ਹਨ-ਮਹਾ ਦਿਵਸ ਮੂਰ੍ਹਤ ਭਲੇ ਜਿਸ ਕਉ ਨਦਰਿ ਕਰੇ॥(੧੩੬)

ਮੌਸਮੀ ਤਿਉਹਾਰ ਵੈਸਾਖੀ ਦੇ ਮੇਲੇ ਤਾਂ ਪਹਿਲਾਂ ਵੀ ਲਗਦੇ, ਫਸਲ ਪੱਕਣ ਦੀ ਖੁਸ਼ੀ ਵਿੱਚ ਜੱਟ-ਜਿਮੀਦਾਰ ਭੰਗੜੇ ਪਉਂਦੇ ਅਤੇ ਬ੍ਰਾਹਮਣ ਨੂੰ ਦਾਨ ਪੁੰਨ ਕਰਦੇ ਸਨ। ਸਮਾਂ ਬਦਲਿਆ ਸਾਧਾਂ ਦੇ ਡੇਰਿਆਂ ਤੇ ਵੀ ਦਾਨ, ਵੈਸਾਖੀ ਮੇਲੇ ਤੇ ਗੌਣ ਵਾਲੀਆਂ ਅਤੇ ਤੂੰਬੀਆਂ ਵਾਲੇ ਵੀ ਬੁਲਾਏ ਜਾਣ ਲੱਗ ਪਏ। ਅੱਜ ਤਾਂ ਵੈਸਾਖੀ ਨਾਈਟਾਂ ਵੀ ਮਨਾਈਆਂ ਜਾਂਦੀਆਂ ਹਨ, ਵੱਡੇ-ਵੱਡੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ। ਅੱਜ ਵੈਸਾਖੀ ਪੰਜਾਬੀ ਮੇਲੇ ਦੇ ਰੂਪ ਵਿੱਚ ਹੀ ਵੱਧ ਮਨਾਈ ਜਾ ਰਹੀ ਹੈ। ਵਿਚਾਰ ਕਰੀਏ ਕਿ ਫਿਰ ਵੈਸਾਖੀ ਨਾਲ ਸਿੱਖ ਕੌਮ ਦਾ ਕੀ ਸਬੰਧ ਹੈ?

ਵੈਸਾਖੀ ਨਾਲ ਸਿੱਖ ਕੌਮ ਦਾ ਸਬੰਧ-ਮਨੁੱਖਤਾ ਦੇ ਸੱਚੇ-ਸੁੱਚੇ ਰਹਿਬਰ, ਸਿੱਖ ਕੌਮ ਦੇ ਬਾਨੀ, ਬਾਬੇ ਨਾਨਕ ਦਾ ਇੰਨਸਾਨੀ ਜਨਮ ਅਤੇ ਰੂਹਾਨੀ ਪ੍ਰਕਾਸ਼, ਵੈਸਾਖ ਮਹੀਨੇ ਵਿੱਚ ਹੋਇਆ ਅਤੇ ਦਸਵੇਂ ਜਾਮੇ ਵਿੱਚ ਖੰਡੇ ਦੀ ਪਾਹੁਲ ਦੇ ਕੇ, ਸਿੱਖ ਨੂੰ ਸਿੰਘ ਅਤੇ ਕੌਰ ਦੀ ਸੰਗਿਆ ਬਖਸ਼ਿਸ਼ ਦਰਦੇ, ਨਿਰਮਲ ਪੰਥ ਦੀ ਰੱਖੀ ਹੋਈ ਨੀਂਹ ਨੂੰ, ਖਾਲਸਾ ਪੰਥ ਦੇ ਰੂਪ ਵਿੱਚ, ਮਨੁੱਖੀ ਬਰਾਬਰਤਾ ਦੇਂਦੇ, ਸੰਨ 1699 ਦੀ ਵੈਸਾਖੀ ਨੂੰ ਮੁਕੰਮਲ ਕੀਤਾ। ਇਸ ਕਰਕੇ ਖ਼ਾਲਸੇ ਦੀ ਵੈਸਾਖੀ, ਥਿਤੀ ਵਾਰ ਵਾਲੀ ਬ੍ਰਾਹਮਣੀ ਵੈਸਾਖੀ ਨਾਲੋਂ ਵਿਲੱਖਣ ਅਤੇ ਮਹਾਨ ਹੈ। ਉਪ੍ਰੋਕਤ ਮਹਾਨਤਾ ਅਤੇ ਵਿਲੱਖਣਤਾ ਕਰਕੇ, ਵੈਸਾਖੀ ਨਾਲ ਸਿੱਖ ਕੌਮ ਦਾ ਸਿੱਧਾ ਸਬੰਧ ਹੈ। ਗੁਰੂ ਸਾਹਿਬਾਨ ਵੈਸਾਖੀ ਤੇ ਵਿਸ਼ੇਸ਼ ਜੋੜ ਮੇਲਾ ਕਰਿਆ ਕਰਦੇ ਸਨ। ਗੁਰ ਇਤਿਹਾਸ ਮੁਤਾਬਿਕ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਵੱਡੀ ਪੱਧਰ ‘ਤੇ ਵੈਸਾਖੀ ਜੋੜ ਮੇਲਾ ਸ਼ੁਰੂ ਕੀਤਾ। ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਨੇ, ਇਸ ਦਿਨ ਖੰਡੇ ਦੀ ਪਾਹੁਲ ਦੇ ਕੇ, ਗੁਰਸਿੱਖਾਂ ਨੂੰ ਖ਼ਾਲਸੇ ਦੀ ਸੰਗਿਆ ਦਿੱਤੀ ਕਿਉਂਕਿ ਸਿੱਖ ਹੁਣ ਜਾਤਾਂ-ਪਾਤਾਂ, ਛੂਆ-ਛਾਤਾਂ, ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੀ ਮਿਲਾਵਟ ਤੋਂ ਖ਼ਾਲਸ ਹੋ ਚੁੱਕਾ ਸੀ। ਵੈਸਾਖੀ ਵਾਲੇ ਦਿਨ ਹੀ ਖ਼ਾਲਸਾ ਪੰਥ, ਸਰਬੱਤ ਖ਼ਾਲਸੇ ਦੇ ਰੂਪ ਵਿੱਚ ਇਕੱਤਰ ਹੋ ਕੇ, ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ, ਆਪਸੀ ਵਿਚਾਰ ਵਿਟਾਂਦਰੇ ਉਪ੍ਰੰਤ ਗੁਰਬਾਣੀ ਦੀ ਰੌਸ਼ਨੀ ਵਿੱਚ, ਗੁਰਮਤੇ ਪਾਸ ਕਰਦਾ ਅਤੇ ਅਭਿਲਾਖੀਆਂ ਨੂੰ ਖੰਡੇ ਦੀ ਪਾਹੁਲ ਦਿੰਦਾ ਸੀ। ਇਸ ਕਰਕੇ ਸਾਰੇ ਖਾਲਸਾ ਪੰਥ ਦੀ ਮਰਯਾਦਾ ਇੱਕ ਹੋਣ ਕਰਕੇ, ਖ਼ਾਲਸਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ। ਇਹ ਮਰਯਾਦਾ ਪਹਿਲਾਂ ਮਹੰਤਾਂ ਨੇ, ਅੰਗ੍ਰੇਜ਼ੀ ਸਰਕਾਰ ਰਾਹੀਂ ਗੁਰਦੁਆਰਿਆਂ ਉੱਤੇ ਕਾਬਜ਼ ਹੋ ਕੇ ਖਤਮ ਕੀਤੀ ਅਤੇ ਫਿਰ ਸਿੰਘਾਂ ਨੇ ਸਿੰਘ ਸਭਾ ਦੇ ਰੂਪ ਵਿੱਚ, ਇਨ੍ਹਾਂ ਹੰਕਾਰੀ, ਵਿਕਾਰੀ ਤੇ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢ ਕੇ ਬਹਾਲ ਕੀਤੀ। ਜਿਸ ਮਰਯਾਦਾ ਨੂੰ ਅਜੋਕੇ ਮਾਇਆਧਾਰੀ ਗਿਆਨ ਵਿਹੂਣੇ ਹੰਕਾਰੀ ਪ੍ਰਬੰਧਕਾਂ ਅਤੇ ਭੇਖੀ ਸਾਧਾਂ ਸੰਤਾਂ ਨੇ ਧੱਕੇ ਨਾਲ ਖਤਮ ਕਰ ਦਿੱਤਾ ਹੈ।

ਹੁਣ ਵੈਸਾਖੀ ਵਾਲੇ ਦਿਨ ਗੁਰਮਤੇ ਕਰਨ ਦੀ ਥਾਂ, ਪਾਠਾਂ ਦੀਆਂ ਲੜੀਆਂ ਚਲਾਈਆਂ ਜਾਂਦੀਆਂ, ਇੱਕ ਥਾਂ ਕਈ-2 ਇਕੱਠੇ ਪਾਠ ਰੱਖੇ ਜਾਂਦੇ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਅਖੰਡ ਪਾਠ ਕਰਾਉਂਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ। ਗੁਰਬਾਣੀ ਸਿੱਖਣ ਸਿਖਾਉਣ ਦੀ ਅਪੀਲ ਕੋਈ ਨਹੀਂ ਕੀਤੀ ਜਾਂਦੀ, ਐਸਾ ਕਿਉਂ? ਕੀ ਇਨ੍ਹਾਂ ਗੁਰਪੁਰਬਾਂ ਦਾ ਮਕਸਦ, ਪਾਠਾਂ ਦੀਆਂ ਲੜੀਆਂ ਚਲਾ ਕੇ, ਪੈਸਾ ਇੱਕਠਾ ਕਰਨਾ ਅਤੇ ਸੰਗਤਾਂ ਨੂੰ ਸਦਾ ਲਈ ਭਾੜੇ ਦੇ ਪਾਠੀਆਂ ਪੁਰ ਹੀ ਨਿਰਭਰ ਕਰਨਾ ਹੈ? ਅੱਜ ਸੈਂਕੜਿਆਂ ਚੋਂ ਕਿਸੇ ਇੱਕ ਗੁਰਦੁਆਰੇ ਵਿੱਚ ਹੀ, ਅਕਾਲ ਤਖ਼ਤ ਤੋਂ ਪ੍ਰਵਾਣਿਤ  ਮਰਯਾਦਾ ਲਾਗੂ ਏ, ਬਾਕੀ ਸਭ ਗੁਰਦੁਆਰਿਆਂ ਵਿੱਚ ਮਹੰਤੀ ਅਤੇ ਸੰਪ੍ਰਦਾਈ ਮਰਯਾਦਾ ਹੀ ਚਲਾਈ ਜਾਂਦੀ ਹੈ ਭਾਵੇਂ ਕਿ ਅਜੋਕੀ ਮਰਯਾਦਾ ਵਿੱਚ ਵੀ ਸੁਧਾਰ ਦੀ ਲੋੜ ਹੈ। ਬਹੁਤੇ ਸਿੱਖ, ਅਗਿਆਨਤਾ, ਵਹਿਮ-ਭਰਮ, ਚੌਧਰ ਅਤੇ ਪਦਾਰਥਕ ਨੀਂਦ ਵਿੱਚ ਸੁੱਤੇ ਪਏ ਹਨ। ਗੁਰਬਾਣੀ ਦੇ ਅਸਲੀ ਮਨੋਰਥ ਨੂੰ ਛੱਡ ਕੇ, ਸਾਧਾਂ ਦੀਆਂ ਬਣਾਈਆਂ ਮਨੋ ਕਲਪਿਤ ਕਹਾਣੀਆਂ ਹੀ, ਗੁਰੂ ਘਰਾਂ ਵਿੱਚ ਪ੍ਰਚਾਰੀਆਂ ਜਾ ਰਹੀਆਂ ਹਨ। ਵੈਸਾਖੀ ਦੇ ਅਸਲੀ ਸੰਦੇਸ਼ ਨੂੰ, ਕਰਮ ਕਾਂਡਾਂ ਦੇ ਚਿੱਕੜ ਵਿੱਚ ਰੋਲਿਆ ਜਾ ਰਿਹਾ ਹੈ। ਪਿਆਰੇ ਖ਼ਾਲਸਾ ਜੀ! ਵੈਸਾਖੀ ਦੀ ਵਿਲੱਖਣ ਮਹਾਨਤਾ ਨੂੰ ਸਮਝ ਕੇ, ਸਿੱਖ ਕੌਮ ਵਿੱਚ ਆ ਵੜੇ ਬ੍ਰਾਹਮਣੀ, ਸੰਪ੍ਰਦਾਈ ਕਰਮਕਾਂਡਾਂ ਤੋਂ ਖਹਿੜਾ ਛੁਡਾਈਏ ਅਤੇ ਗੁਰਬਾਣੀ ਦੇ ਸੱਚੇ ਸੁੱਚੇ ਵਿਚਾਰਾਂ ਦੀ ਮਰਯਾਦਾ ਨੂੰ ਧਾਰਨ ਕਰੀਏ।

ਖ਼ਾਲਸਾ ਸ਼ਬਦ ਦੀ ਮਹਾਨਤਾ-ਅਰਬੀ ਭਾਸ਼ਾ ਵਿੱਚ ਖ਼ਾਲਸਾ ਲਫ਼ਜ਼ ਦਾ ਅਰਥ ਨਿਰੋਲ, ਸ਼ੁੱਧ, ਖਰਾ, ਬਿਨਾ ਕਿਸੇ ਮਿਲਾਵਟ ਅਤੇ ਪੰਥ ਦਾ ਅਰਥ ਇੱਕਸਾਰਤ-ਰਸਤਾ ਹੈ। ਖ਼ਾਲਸਾ ਦਾ ਮਤਲਬ ਇਹ ਵੀ ਹੈ ਕਿ ਉਹ ਜ਼ਮੀਨ ਜਾਂ ਮੁਲਕ ਜਿਸ ਦਾ ਬਾਦਸ਼ਾਹ ਨਾਲ ਸਿੱਧਾ ਸਬੰਧ ਹੋਵੇ, ਜੋ ਹੋਰ ਕਿਸੇ ਵੀ ਜਗੀਰਦਾਰ ਜਾਂ ਜਿਮੀਦਾਰ ਦੇ ਕਬਜੇ ਅੰਦਰ ਨਹੀਂ(ਮਹਾਨ ਕੋਸ਼) ਸੋ ਸਿੱਖ ਗੁਰੂਆਂ ਤੋਂ ਪਹਿਲਾਂ, ਭਗਤਾਂ ਨੇ ਵੀ ਖ਼ਾਲਸਾ ਲਫ਼ਜ਼ ਦੀ ਵਰਤੋਂ ਕੀਤੀ-ਕਹੁ ਕਬੀਰ ਜਨ ਭਏ ਖ਼ਾਲਸੇ ਪ੍ਰੇਮ ਭਗਤਿ ਜਿਹ ਜਾਨੀ॥(੬੫੫) ਜਿਨ੍ਹਾਂ ਨੇ ਪ੍ਰੇਮਾਂ ਭਗਤੀ ਭਾਵ ਖਲਕਤ ਵਿੱਚ ਵਸਦੇ ਰੱਬੀ ਪਿਆਰ ਨੂੰ ਜਾਣ ਲਿਆ ਹੈ, ਉਹ ਖ਼ਾਲਸੇ ਹਨ। ਦੇਖੋ! ਅੱਜ ਸਾਡੇ ਬਹੁਤੇ ਭਾਈ, ਕੇਵਲ ਤੇ ਕੇਵਲ ਪੰਜ ਕਕਾਰੀ ਬਾਣਾਧਾਰੀਆਂ ਨੂੰ ਹੀ ਖ਼ਾਲਸਾ ਸਮਝਦੇ ਜਾਂ ਆਖਦੇ ਤੇ ਬਾਕੀ ਹੋਰਾਂ ਨੂੰ ਨਹੀਂ, ਭਾਂਵੇਂ ਉਹ ਗੁਰਬਾਣੀ ਦੇ ਅਤਿਅੰਤ ਰਸੀਏ ਵੀ ਕਿਉਂ ਨਾਂ ਹੋਣ। ਗੁਰਬਾਣੀ ਅਨੁਸਾਰ ਤਾਂ-ਸਰਬ ਧਰਮ ਮਹਿ ਸ੍ਰੇਸਟਿ ਧਰਮ॥ ਹਰਿ ਕੋ ਨਾਮਿ ਜਪਿ ਨਿਰਮਲ ਕਰਮ॥(ਸੁਖਮਨੀ) ਰੱਬ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ ਹੀ ਸਰਬ ਸਾਂਝਾ ਸ੍ਰੇਸ਼ਟ ਧਰਮ ਹੈ। ਐਸੇ ਸਰਬ ਸਾਂਝੇ ਧਰਮ ਦਾ ਧਾਰਨੀ ਖ਼ਾਲਸਾ ਕਿਉਂ ਨਹੀਂ ਹੋ ਸਕਦਾ? ਕੀ ਸਾਨੂੰ ਗੁਰਬਾਣੀ ਤੇ ਵਿਸ਼ਵਾਸ਼ ਨਹੀਂ? ਗੁਰਬਾਣੀ ਤਾਂ ਪ੍ਰੇਮਾ ਭਗਤੀ ਕਰਨ ਵਾਲਿਆਂ ਨੂੰ ਖ਼ਾਲਸਾ ਕਹੇ ਰਹੀ ਹੈ। ਜੇ ਹਿਰਦੇ ਵਿੱਚ ਪ੍ਰੇਮ ਨਹੀਂ ਦਵੈਸ਼ ਹੈ ਤਾਂ ਖ਼ਾਲਸਾ ਨਹੀਂ ਹੋ ਸਕਦਾ। ਖ਼ਾਲਸੇ ਦਾ ਮਤਲਬ ਹੈ ਖ਼ਾਲਸ, ਮਿਲਾਵਟ ਰਹਤ, ਜਿਸ ਦਾ ਅਕਾਲ ਪੁਰਖ ਨਾਲ ਸਿੱਧਾ ਸਬੰਧ ਹੈ। ਅੱਜ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲਿਆਂ ਵਿੱਚ, ਬ੍ਰਾਹਮਣੀ ਕਰਮ ਕਾਂਢਾਂ ਦੀ ਮਿਲਾਵਟ ਅਤੇ ਅਕਾਲ ਪੁਰਖ ਨਾਲ ਸਿੱਧੇ ਸਬੰਧ ਦੀ ਥਾਂ, ਸਾਧਾਂ ਤੇ ਸੰਪ੍ਰਦਾਈਆਂ ਨਾਲ ਗੂੜਾ ਸਬੰਧ ਵੀ ਹੈ ਜੋ ਬਹੁਤੇ ਹੰਕਾਰ ਤੇ ਗੁੱਸੇ ਨਾਲ ਭਰੇ ਪੀਤੇ ਰਹਿੰਦੇ ਹਨ। ਅੰਮ੍ਰਿਤ ਛੱਕ ਕੇ ਵੀ, ਉਨ੍ਹਾਂ ਅੰਦਰੋਂ, ਜਾਤ-ਪਾਤ ਦਾ ਅਭਿਮਾਨ ਨਹੀਂ ਗਿਆ ਕਿ ਅਸੀਂ ਜੱਟ, ਰਾਮਗੜੀਏ ਹਾਂ, ਫਲਾਨੇ ਤਾਂ ਮਜ਼ਬੀ ਅਤੇ ਰਵਿਦਾਸੀਏ ਹਨ। ਕੀ ਅਜਿਹੇ ਲੋਕ ਗੁਰੂ ਦੇ ਖ਼ਾਲਸੇ-ਸਿੱਖ ਹੋ ਸਕਦੇ ਹਨ? ਉੱਤਰ ਕਦਾਚਿੱਤ ਵੀ ਨਹੀਂ। ਗੁਰੂ ਨੇ ਤਾਂ ਇਕੋ ਸੰਗਤ ਪੰਗਤ ਵਿੱਚ ਬੈਠਾਇਆ, ਖਵਾਇਆ ਅਤੇ ਇਕੋ ਬਾਟੇ ਵਿੱਚ ਰੱਬੀ ਬਾਣੀ ਦਾ ਅੰਮ੍ਰਿਤ ਪਿਲਾ ਕੇ, ਜਾਤ-ਪਾਤ ਅਤੇ ਸੁੱਚ-ਭਿੱਟ ਖਤਮ ਕੀਤੀ। ਕੀ ਅੱਜ ਖ਼ਾਲਸਾ ਕਹਾਉਣ ਵਾਲਿਆਂ ਨੇ, ਜਾਤ-ਪਾਤ ਦੀ ਵੀਚਾਰ ਛੱਡ ਦਿੱਤੀ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਰਿਸ਼ਤੇਦਾਰੀਆਂ ਕਾਇਮ ਕੀਤੀਆਂ ਹਨ? ਕੀ ਜੱਟ ਖਾਲਸੇ ਨੇ ਆਪਣੀ ਧੀ ਦਾ ਰਿਸ਼ਤਾ, ਚਮਾਰ ਖਾਲਸੇ ਦੇ ਪੁੱਤਰ ਨੂੰ ਕੀਤਾ ਹੈ? ਜਦ ਕਿ ਜੱਟ ਚਮਾਰ ਵਾਲਾ ਜਾਤ-ਪਾਤੀ ਵਿਤਕਰਾ ਬ੍ਰਾਹਮਣ ਦੀ ਉਪਜ ਅਤੇ ਗੁਰਮਤਿ ਅਨੁਸਾਰ ਰੱਬ ਦੇ ਪੈਦਾ ਕੀਤੇ ਇਸਤ੍ਰੀ-ਪੁਰਸ਼ਾਂ ਦੀ ਇੱਕ ਹੀ ਮਨੁੱਖਾ ਜਾਤ ਹੈ।

ਅੱਜ ਦਾ ਖ਼ਾਲਸਾ ਅੱਗ, ਤੇਲ ਜਾਂ ਘਿਓ ਦੀ ਜੋਤ ਦੀ ਪੂਜਾ ਕਰ ਰਿਹਾ ਹੈ ਜੋ ਹੱਥੀਂ ਬਾਲੀ ਤੇ ਬੁਝ ਵੀ ਜਾਂਦੀ ਹੈ। ਗੁਰੂ ਤਾਂ ਉਸ ਜੋਤ ਦੀ ਗੱਲ ਕਰਦੇ ਨੇ ਜੋ ਸਭ ਵਿੱਚ ਸਭ ਥਾਂ ਸਦੀਵ ਜਗਦੀ ਅਤੇ ਚਾਨਣ ਕਰਦੀ ਹੈ-ਸਭਿ ਮਹਿ ਜੋਤਿ ਜੋਤਿ ਹੈ ਸੋਇ॥ ਤਿਸੁ ਦੈ ਚਾਨਣ ਸਭਿ ਮਹਿ ਚਾਨਣ ਹੋਇ॥(੬੬੩) ਅੱਜੋਕਾ ਖ਼ਾਲਸਾ ਸ਼ਹੀਦਾਂ ਦੀਆਂ ਮੜ੍ਹੀਆਂ ਉੱਤੇ ਜੋਤਾਂ-ਦੀਵੇ ਜਗਾਉਂਦਾ, ਤੀਰਥਾਂ ਤੇ ਯਾਤਰਾ ਕਰਦਿਆਂ, ਵੇਹਲੜਾਂ ਨੂੰ ਕੁਥਾਂਏਂ ਦਾਨ ਕਰ ਰਿਹਾ ਹੈ। ਕੀੜੀਆਂ, ਜੂੰਆਂ, ਸੱਪਾਂ ਆਦਿਕ ਤੇ ਤਾਂ ਦਇਆ ਕਰਦੈ ਪਰ ਆਪਣੇ ਹੀ ਧਰਮ ਭਾਈਆਂ ਦਾ ਹੱਕ ਮਾਰ ਕੇ, ਲੋੜਵੰਦ ਕਾਮਿਆਂ ਦਾ ਖੂਨ ਪੀਂਦਾ, ਨੰਗੇ ਪੈਰੀਂ ਚੱਲਣ, ਚਾਲੀਸੇ ਕੱਟਣ, ਗਿਣਤੀ ਮਿਣਤੀ ਦੇ ਪਾਠ ਅਤੇ ਸੰਪਟ ਪਾਠਾਂ ਦੇ ਜਪ ਤਪ ਕਰ ਰਿਹਾ ਹੈ। ਕੀ ਐਸਾ ਅੰਧ ਵਿਸ਼ਵਾਸ਼ੀ ਤੇ ਕਰਮਕਾਂਡੀ ਸਿੱਖ, ਖ਼ਾਲਸਾ ਹੋ ਸਕਦਾ ਹੈ? ਉੱਤਰ ਕਦਾਚਿੱਤ ਨਹੀਂ। ਅੱਜ ਦਾ ਖਾਲਸਾ ਭਰਮੀ ਹੁੰਦਾ ਜਾ ਰਿਹਾ ਹੈ ਜਿਵੇਂ-ਸੰਗ੍ਰਾਂਦ ਦਾ ਦਿਨ ਹੀ ਪਵਿਤ੍ਰ ਹੈ, ਬਿੱਲੀ ਰਸਤਾ ਕੱਟ ਗਈ ਦਾ ਭਰਮ, ਦਿਸ਼ਾ ਦਾ ਭਰਮ ਕਿ ਇੱਧਰ ਨੂੰ ਮੂੰਹ ਕਰਕੇ ਹੀ ਪਾਠ ਰੱਖਣਾ ਹੈ ਓਧਰ ਨੂੰ ਨਹੀਂ। ਰੋਟੀ ਕੇਵਲ ਤੱਪੜਾਂ ਤੇ ਬੈਠ ਕੇ ਖਾਣਾ ਹੀ ਧਰਮ ਅਤੇ ਕੁਰਸੀਆਂ ਮੇਜਾਂ ਤੇ ਖਾਣ ਨਾਲ ਧਰਮ ਟੁੱਟ ਜਾਵੇਗਾ। ਗੁਰੂ ਮਹਾਂਰਾਜ ਦੀ ਸਵਾਰੀ ਅੱਗੇ ਬੂੰਦ ਬੂੰਦ ਪਾਣੀ ਛਿਟਕਣਾ ਕਿ ਧਰਤੀ ਪਵਿਤ੍ਰ ਹੋਵੇ ਜਦ ਕਿ ਜਦੋਂ ਰਸਤੇ ਕੱਚੇ ਹੁੰਦੇ ਸਨ, ਓਦੋਂ ਧੂੜ ਬੈਠਾਉਣ ਲਈ ਖੁੱਲ੍ਹਾ ਪਾਣੀ ਤ੍ਰੌਂਕਿਆ ਜਾਂਦਾ ਸੀ। ਅੱਜ ਪੱਕੇ ਘਰਾਂ, ਪੱਕੀਆਂ ਸੜਕਾਂ ਅਤੇ ਕਾਰਾਂ ਉੱਤੇ ਪਾਣੀ ਛਿੜਕਣਾ ਭਰਮ ਨਹੀਂ ਤਾਂ ਹੋਰ ਕੀ ਹੈ? ਭਰਮ ਭੇਖ ਤੇ ਰਹੇ ਨਿਆਰਾ ਭਾਵ ਭੇਖ ਨੂੰ ਹੀ ਧਰਮ ਨਾਂ ਸਮਝ ਲਵੇ। ਕ੍ਰਿਪਾਨ ਉੱਤਰ ਗਈ, ਕੰਘਾ ਡਿੱਗ ਪਿਆ, ਕਛਹਿਰਾ ਦੋਹਾਂ ਪੈਰਾਂ ਚੋਂ ਲਹਿ ਗਿਆ ਤਾਂ ਅੰਮ੍ਰਿਤ ਟੁੱਟ ਗਿਆ ਦਾ ਭਰਮ, ਮਾਸ ਖਾਣ ਜਾਂ ਨਾ ਖਾਣ ਦਾ ਭਰਮ, ਕ੍ਰਿਪਾਨ ਨਾ ਲਹੁਣਾ ਦਾ ਭਰਮ ਫਿਰ ਭਾਰਤ ਤੋਂ ਬਾਹਰ ਜਾਂ ਭਾਰਤ ਵਿੱਚ ਵੀ, ਹਵਾਈ ਸਫਰ ਤਾਂ ਕਰ ਹੀ ਨਹੀਂ ਸਕਦਾ। ਜਰਾ ਸੋਚੋ! ਪੰਜ ਕਕਾਰ ਫੌਜੀ ਖ਼ਾਲਸੇ ਦੀ ਵਰਦੀ ਹੈ, ਫੌਜੀ ਡਿਊਟੀ ਸਮੇਂ ਅਤੇ ਵਿਦਿਆਰਥੀ ਸਕੂਲ ਸਮੇ ਹੀ ਵਰਦੀ ਪਹਿੰਨਦੇ ਹਨ ਹਰ ਵੇਲੇ ਨਹੀਂ, ਇਵੇਂ ਹੀ ਖ਼ਾਲਸੇ ਦੀ ਵਰਦੀ ਹੈ ਜੇ ਕਿਤੇ ਲੋੜ ਪੈਣ ਤੇ ਲਾਹੁਣੀ ਵੀ ਪਵੇ ਤਾਂ ਭਰਮ ਨਹੀਂ ਕਰਨਾ। ਕ੍ਰਿਪਾਨ ਪਹਿਨ ਕੇ ਅਸੀਂ ਘੋਲ ਕਬੱਡੀ ਆਦਿਕ ਖੇਡਾਂ ਖੇਡ ਹੀ ਨਹੀਂ ਸਕਦੇ ਕਿਉਂਕਿ ਇਸ ਦਾ ਆਪਣੇ ਆਪ ਨੂੰ ਲੱਗਣ ਦਾ ਵੀ ਡਰ ਰਹਿੰਦਾ ਅਤੇ ਦੂਜੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਨ੍ਹਾਉਣ ਵੇਲੇ ਕਦੇ ਕ੍ਰਿਪਾਨ ਸਿਰ ਤੇ, ਕਦੇ ਲੱਕ ਨਾਲ ਬੰਨਣਾ, ਭਰਮ ਨਹੀਂ ਤਾਂ ਹੋਰ ਕੀ ਹੈ? ਕੀ ਕੋਈ ਫੌਜੀ ਜਾਂ ਸਕੂਲ ਦਾ ਵਿਦਿਆਰਥੀ ਵਰਦੀ ਸਮੇਤ ਨ੍ਹਾਉਂਦਾ ਹੈ?

ਖ਼ਾਲਸਾ ਸ਼ਬਦ ਔਰਤ ਤੇ ਮਰਦ ਦੋਹਾਂ ਲਈ ਸਾਂਝਾ-ਔਰਤ ਲਈ ਕਿਤੇ ਖ਼ਾਲਸੀ ਸ਼ਬਦ ਨਹੀਂ ਵਰਤਿਆ ਗਿਆ, ਫਿਰ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਣ ਦੀ ਸੇਵਾ, ਖ਼ਾਲਸਾ ਔਰਤ ਨੂੰ ਕਿਉਂ ਨਹੀਂ ਦਿੱਤੀ ਜਾਂਦੀ? ਔਰਤ ਮਾਂ ਹੈ ਜਿਸ ਨੇ ਬੱਚੇ ਨੂੰ ਜਨਮ ਦਿੱਤਾ, ਉਹ ਨੀਵੀਂ ਕਿਵੇਂ ਹੋ ਗਈ? ਸੰਪ੍ਰਦਾਈ ਅਤੇ ਡੇਰੇਦਾਰ ਔਰਤ ਨੂੰ ਗਲੀਚ ਕਹਿੰਦੇ ਹਨ ਕਿ ਉਸ ਨੂੰ ਮਾਂਹਵਾਰੀ ਅਉਂਦੀ ਹੈ ਪਰ ਜਰਾ ਸੋਚੋ ਆਦਮੀ ਦੇ ਮਨ ਵਿੱਚ ਵੀ ਤਾਂ ਬੁਰੇ ਵਿਚਾਰ ਆਉਂਦੇ ਹੀ ਰਹਿੰਦੇ ਹਨ, ਫਿਰ ਆਦਮੀ ਕਿਵੇਂ ਪਵਿਤ੍ਰ ਰਹਿ ਗਿਆ ਅਤੇ ਔਰਤ ਮਲੀਨ ਹੋ ਗਈ? ਜਦ ਕਿ ਮਹਾਂਵਾਰੀ ਕੁਦਰਤੀ ਕਿਰਿਆ ਹੈ। ਸੋ ਜੋ ਪ੍ਰਾਣੀ ਅਜਿਹੇ ਭਰਮਾਂ ਤੋਂ ਉਪਰ ਉੱਠ, ਪ੍ਰੇਮਾ ਭਗਤੀ ਕਰੇ ਉਹ ਖਾਲਸਾ ਹੈ ਅਤੇ ਜੋ ਪੰਜ ਕਕਾਰ ਧਾਰਨ ਕਰਕੇ, ਖੰਡੇ ਦੀ ਪਾਹੁਲ ਗੁਰਬਾਣੀ ਦੇ ਨਾਮ ਅੰਮ੍ਰਿਤ ਰਾਹੀਂ ਲਵੇ, ਉਹ ਫੌਜੀ ਖ਼ਾਲਸਾ ਹੈ। ਅੱਜ ਦਾ ਫੌਜੀ ਖ਼ਾਲਸਾ ਸ਼ਸਤਰ ਵਿਦਿਆ ਤੋਂ ਵਿਹੂਣਾ ਹੈ ਕਿਉਂਕਿ ਉਹ ਸ਼ਸ਼ਤਰਾਂ ਦੀ ਸਜੋਗ ਵਰਤੋਂ ਕਰਨ ਦੀ ਥਾਂ, ਪੂਜਾ ਕਰਨ ਲੱਗ ਪਿਆ ਹੈ। ਖ਼ਾਲਸੇ ਨੂੰ ਸਮੇਂ ਅਨੁਸਾਰ ਨਵੀਨ ਸ਼ਸ਼ਤਰਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਨਾਂ ਕਿ ਇਕੱਲੇ ਕ੍ਰਿਪਾਨ ਪਹਿਨ ਕੇ ਹੀ, ਸ਼ਸ਼ਤ੍ਰਧਾਰੀ ਹੋਣ ਦਾ ਭਰਮ ਪਾਲਣਾ ਚਾਹੀਦਾ ਹੈ।

ਅੰਮ੍ਰਿਤ ਦੀ ਵਿਆਖਿਆ-ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖ-ਵੱਖ ਅਰਥ ਹਨ ਪਰ ਮੇਨ ਅਰਥ ਪ੍ਰਮੇਸ਼ਰ ਦਾ ਨਾਮ ਹੀ ਹੈ ਜਿਵੇਂ-ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ॥ (੬੧੬) ਅੰਮ੍ਰਿਤ ਬਾਣੀ ਅਮਿਉ ਰਸੁ, ਅੰਮ੍ਰਿਤੁ ਹਰਿ ਕਾ ਨਾਉ॥ (੯੬੩) ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ॥ (੫੩੮) ਅੰਮ੍ਰਿਤੁ ਨਾਮੁ ਨਿਧਾਨ ਹੈ ਮਿਲਿ ਪੀਵਹੁ ਭਾਈ॥ (੩੧੮) ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ ਰਿਦੈ ਸਮਾਣੀ॥ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ (੧੧੮) ਹੋਰ ਪਦਾਰਥਾਂ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ ਜਿਵੇਂ ਮੱਖਣ-ਰਸਨਾ ਨਾਮਿ ਜਪਹੁ ਤਬ ਮਥੀਐ ਇਨਿ ਬਿਧਿ ਅੰਮ੍ਰਿਤ ਪਾਵਹੁ॥ (੭੨੮) ਦੁੱਧ-ਸੋਇਨ ਕਟੋਰੀ ਅੰਮ੍ਰਿਤ ਭਰੀ॥ (੧੧੬੩) ਮਿਠਾਸ-ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ॥ (੬੯) ਸੁਵਾਦਿਸ਼ਟ ਭੋਜਨ-ਜਿਹ ਪ੍ਰਸਾਦਿ ਛਤਹੀ ਅੰਮ੍ਰਿਤ ਖਾਹਿ॥ (੨੬੯) ਅਮਰ-ਹਰਿ ਅੰਮ੍ਰਿਤ ਸਜਣ ਮੇਰਾ॥ (ਗੁਰੂ ਗ੍ਰੰਥ) ਪ੍ਰਮੇਸ਼ਰ ਤੇ ਪ੍ਰਮੇਸ਼ਰ ਦਾ ਨਾਮ ਅਮਰ ਹੈ ਜੋ ਇਸ ਨੂੰ ਜਪਦੇ ਤੇ ਧਾਰਦੇ ਨੇ, ਉਹ ਵੀ ਅਮਰ ਹੋ ਜਾਂਦੇ ਹਨ। ਇਹ ਪਦਵੀ ਗੱਲੀਂ ਬਾਤੀਂ ਨਹੀਂ ਪਾਈ ਜਾ ਸਕਦੀ ਜਿਵੇਂ-ਖਾਂਡ ਖਾਂਡ ਕਹੈ ਜਿਹਬਾ ਨਾ ਸਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨਾ ਬਿਨਾਸ ਹੈ। ਅਮਰ ਅਮਰ ਕਹੈ ਪਾਈਐ ਨਾ ਅਮਰ ਪਦ, ਜਉ ਲਉ ਜਿਹਵਾ ਕੈ ਸੁਰਸ ਅੰਮ੍ਰਿਤ ਨਾ ਚਾਖੀਐ (ਭਾ.ਗੁ) ਅੰਮ੍ਰਿਤ ਕਿੱਥੇ ਹੈ ਅਤੇ ਕਿੱਥੋਂ ਮਿਲਦਾ ਹੈ? ਅੰਮ੍ਰਿਤ ਸਾਡੇ ਅੰਦਰ ਹੈ ਜਿਸ ਨੂੰ ਸ਼ਬਦ ਗੁਰੂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ-ਸਬਦੁ ਗੁਰ ਪੀਰਾ ਗਹਿਰ ਗੰਭੀਰਾ॥ ਬਿਨਿ ਸਬਦੈ ਜਗੁ ਬਉਰਾਨੰ॥ (੬੩੫) ਭੇਖ ਤੋਂ ਉੱਪਰ ਉੱਠ ਕੇ ਸ਼ੁਭ ਗੁਣ ਧਾਰਨੇ ਹੀ ਅੰਮ੍ਰਿਤ ਪੀਣਾ ਹੈ।

ਅੰਮ੍ਰਿਤ ਬਾਰੇ ਗੁਰਬਾਣੀ ਉਪਦੇਸ਼

੧. ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤ ਗੁਰ ਪਾਹੀਂ ਜੀਉ॥ ਛੋਡਹੁ ਵੇਸੁ ਭੇਖੁ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀਂ ਜੀਉ॥੧॥ ਮਨ ਰੇ! ਥਿਰ ਰਹੁ, ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤ ਦੁਖ ਪਾਵਹਿ, ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ (੫੯੮) ੨. ਅੰਤਰਿ ਖੂਹਟਾ ਅੰਮ੍ਰਿਤਿ ਭਰਿਆ, ਸ਼ਬਦੇ ਕਾਢਿ ਪੀਐ ਪਨਿਹਾਰੀ॥ (੫੭੦) ੩. ਜੇਤੇ ਘਟਿ ਅੰਮ੍ਰਿਤੁ ਸਭ ਹੀ ਮਹਿ, ਭਾਵਹਿ ਤਿਸਹਿ ਪੀਆਈ॥ (੧੧੨੩) ੪. ਨਾਨਕ ਅੰਮ੍ਰਿਤੁ ਮਨੈ ਮਾਹਿ, ਪਾਈਐ ਗੁਰ ਪਰਸਾਦਿ॥ (੧੨੩੮) ੫. ਅੰਦਰੁ ਅੰਮ੍ਰਿਤਿ ਭਰਪੂਰ ਹੈ ਚਾਖਿਆਂ ਸਾਦ ਜਾਪੈ॥ (੧੦੯੨)

ਸੋ ਗੁਰਬਾਣੀ ਅਨੁਸਾਰ ਪ੍ਰਮੇਸ਼ਰ ਦਾ ਨਾਮ, ਚੰਗੇ ਗੁਣ, ਚੰਗਾ ਭੋਜਨ, ਸਫਲ ਸੇਵਾ ਅਤੇ ਰੱਬ ਦੀ ਸਿਫਤੋ ਸਲਾਹ ਹੀ ਅੰਮ੍ਰਿਤ ਹੈ, ਜਿਸ ਦੀ ਪ੍ਰਾਪਤੀ ਗੁਰੂ ਗਿਆਨ ਦੁਆਰਾ ਹੁੰਦੀ ਹੈ। ਅੱਜ ਅਸੀਂ ਮਨ ਮਰਜੀ ਦੇ ਅੰਮ੍ਰਿਤ ਪੀ ਰਹੇ ਹਾਂ ਜਿਵੇਂ ਚਰਨ ਅੰਮ੍ਰਿਤ-ਧਰਮ ਅਸਥਾਨਾਂ ਦੇ ਬਾਹਰ ਪੈਰ ਦੋਣ ਵਾਲੇ ਚੁਬੱਚੇ ਚੋਂ ਪੈਰਾਂ ਦੇ ਧੋਣ (ਗੰਦੇ ਪਾਣੀ), ਕਿਸੇ ਘੜੇ ਜਾਂ ਸ਼ੀਸੀ ਬੋਤਲ ਵਿੱਚ ਪਾ ਰੱਖੇ ਅਤੇ ਸਰੋਵਰਾਂ ਦੇ ਪਾਣੀ ਨੂੰ ਹੀ ਅੰਮ੍ਰਿਤ ਸਮਝ ਪੀ ਰਹੇ ਹਾਂ। ਜੇ ਅਸੀਂ ਗੁਰੂ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵਿੱਚ ਵੀ ਵੰਡੀਆਂ ਪਾਈ ਜਾ ਰਹੇ ਹਾਂ, ਜਿਵੇਂ-ਕਿੱਥੋਂ ਅੰਮ੍ਰਿਤ ਛੱਕਿਆ ਹੈ? ਨਿਹੰਗਾਂ, ਭਿੰਡਰਾਂਵਾਲਿਆਂ, ਰਾੜੇਵਾਲਿਆਂ, ਪਹੇਵੇ ਵਾਲਿਆਂ, ਫਲਾਨੇ ਸੰਤਾਂ, ਮਿਸ਼ਨਰੀ ਕਾਲਜਾਂ ਅਤੇ ਸ਼੍ਰੋਮਣੀ ਕਮੇਟੀ ਤੋਂ ਆਦਿਕ। ਗੁਰੂ ਤੋਂ ਛੱਕਿਆ ਕੋਈ ਵਿਰਲਾ ਹੀ ਕਹਿੰਦਾ ਹੈ? ਫਿਰ ਇਹ ਸਭ ਮਰਯਾਦਾ ਵੀ ਵੱਖਰੀ-ਵੱਖਰੀ ਦ੍ਰਿੜ ਕਰਵਾਉਂਦੇ ਨੇ, ਐਸਾ ਕਿਉਂ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਖਰੀ-ਵੱਖਰੀ ਮਰਯਾਦਾ ਦ੍ਰਿੜ ਕਰਵਾਈ ਸੀ? ਜਰਾ ਸੋਚੋ! ਜਦੋਂ ਖ਼ਾਲਸਾ ਪੰਥ ਇੱਕ ਹੈ ਫਿਰ ਖ਼ਾਲਸੇ ਪੰਥ ਦੀ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਦੀ ਹੈ।
ਅੰਮ੍ਰਿਤ ਇੱਕ ਪ੍ਰਣ ਹੈ-ਸਿੱਖ ਗੁਰੂ ਅੱਗੇ ਪ੍ਰਣ ਕਰਦਾ ਹੈ ਕਿ ਉਹ ਕਿਰਤਮ ਦੀ ਥਾਂ ਅਕਾਲ ਦੀ ਪੂਜਾ ਅਤੇ ਧਰਮ ਦੀ ਕਿਰਤ ਕਰਦਾ ਹੋਇਆ ਵੰਡ ਛਕੇਗਾ। ਮਨੁੱਖਤਾ ਦੀ ਸੇਵਾ ਕਰਦਾ ਹੋਇਆ ਪਰਉਪਕਾਰੀ ਜੀਵਨ ਜੀਵੇਗਾ, ਜਾਤਿ-ਪਾਤਿ ਨੂੰ ਨਹੀਂ ਮੰਨੇਗਾ। ਕਿਸੇ ਦੇਹਧਾਰੀ ਸਾਧ ਸੰਤ ਦੀ ਥਾਂ ਗੁਰੂ ਗ੍ਰੰਥ ਨੂੰ ਹੀ ਸੀਸ ਨਿਵਾਏ ਅਤੇ ਬੁਰੇ ਕਰਮਾਂ ਦਾ ਤਿਆਗ ਕਰੇਗਾ। ਕੇਸਾਂ ਦੀ ਬੇਅਦਬੀ ਅਤੇ ਪਰਾਈ ਇਸਤ੍ਰੀ ਜਾਂ ਮਰਦ ਦਾ ਸੰਗ ਨਹੀਂ ਕਰੇਗਾ। ਜਗਤ ਜੂਠ ਤਮਾਕੂ ਨਹੀਂ ਪੀਵੇਗਾ, ਗੁਲਾਮੀ ਦੀ ਨਿਸ਼ਾਨੀ ਹਲਾਲ ਕੀਤਾ ਕੁੱਠਾ ਮਾਸ ਨਹੀਂ ਖਾਏਗਾ। ਸਰੀਰਕ ਸਫਾਈ ਨੂੰ ਮੁੱਖ ਰੱਖ ਨਿੱਤ ਇਸ਼ਨਾਨ ਕਰੇਗਾ ਪਰ ਬ੍ਰਾਹਮਣ ਵਾਲੀ ਸੁੱਚ ਭਿੱਟ ਨਹੀਂ ਰੱਖੇਗਾ। ਪੰਜ ਕਕਾਰੀ ਵਰਦੀ ਧਾਰਨ ਕਰਕੇ, ਗੁਰਬਾਣੀ ਦਾ ਪਾਠ ਨਿਤਾ ਪ੍ਰਤੀ ਕਰ ਵਿਚਾਰੇਗਾ। ਸ਼ਸ਼ਤ੍ਰ ਵਿਦਿਆ ਦਾ ਅਭਿਆਸ ਜਾਰੀ ਰੱਖਦਾ ਮਜ਼ਲੂਮਾਂ ਦੀ ਰੱਖਿਆ ਕਰੇਗਾ। ਏਕ ਪਿਤਾ ਏਕਸ ਕੇ ਹਮ ਬਾਰਿਕ ਦੇ ਮਹਾਂਵਾਕ ਅਨੁਸਾਰ ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝੇਗਾ। ਗੁਰਬਾਣੀ ਨੂੰ ਮੂਰਤੀਆਂ ਦੀ ਤਰ੍ਹਾਂ ਧੂਫਾਂ ਧੁਖਾ ਅਤੇ ਜੋਤਾਂ ਬਾਲ ਕੇ ਨਹੀਂ ਪੂਜੇਗਾ ਸਗੋਂ ਗੁਰੂਆਂ ਭਗਤਾਂ ਦੇ ਰੱਬੀ ਗਿਆਨ ਨੂੰ ਵਿਚਾਰ ਨਾਲ ਸਮਝ ਕੇ, ਸਮੁੱਚੇ ਸੰਸਾਰ ਵਿੱਚ ਵੰਡਦਾ ਹੋਇਆ ਆਪਣਾ ਅੰਮ੍ਰਿਤਧਾਰੀ ਜੀਵਨ ਸਫਲ ਕਰੇਗਾ।

ਗੁਰੂ ਜੀ ਨੇ ਐਸਾ ਪਰਉਪਕਾਰੀ ਖ਼ਾਲਸਾ ਪੰਥ ਸਾਜਿਆ ਸੀ ਨਾਂ ਕਿ ਵੱਖ-ਵੱਖ ਸੰਪ੍ਰਦਾਵਾਂ ਜਾਂ ਡੇਰੇ ਪੈਦਾ ਕੀਤੇ ਸਨ। ਜਰਾ ਆਪਣੇ ਮਨਾਂ ਅੰਦਰ ਡੂੰਗੀ ਝਾਤ ਮਾਰ ਕੇ ਦੇਖੋ! ਫਿਰ ਇਹ ਡੇਰੇ ਅਤੇ ਸੰਪ੍ਰਦਾਵਾਂ ਦੀਆਂ ਵੰਡੀਆਂ ਸਾਡੇ ਵਿੱਚ ਕਿਵੇਂ ਪੈ ਗਈਆਂ? ਸਿੱਖ ਧਰਮ ਵਿਗਿਆਨਕ, ਅਧੁਨਿਕ ਅਤੇ ਸਾਰੇ ਸੰਸਾਰ ਦਾ ਧਰਮ ਹੈ, ਜਿਸ ਨੂੰ ਸੰਸਾਰ ਦਾ ਕੋਈ ਵੀ ਮਾਨੁੱਖ ਧਾਰਨ ਕਰ ਸਕਦਾ ਹੈ। ਵੈਸਾਖੀ ਦੇ ਪੁਰਬ ਤੇ ਐਸੇ ਉਪਰਾਲੇ ਕਿਉਂ ਨਹੀਂ ਕੀਤੇ ਜਾਂਦੇ? ਦੇਖੋ! ਈਸਾਈਆਂ ਨੇ ਦੁਨੀਆਂ ਦੀ ਹਰੇਕ ਭਾਸ਼ਾ ਵਿੱਚ ਪਵਿਤਰ ਬਾਈਬਲ ਦਾ ਗਿਆਨ ਵੰਡ ਦਿੱਤਾ ਹੈ। ਕੈਸੀ ਭਾਵਨਾ ਹੈ ਉਨ੍ਹਾਂ ਵਿੱਚ ਪਰ ਅਸੀਂ ਪੰਜਾਬੀ ਅਤੇ ਵਿਸ਼ਵ ਭਾਸ਼ਾ ਅੰਗ੍ਰੇਜੀ ਵਿੱਚ ਵੀ ਐਸਾ ਨਹੀਂ ਕਰ ਸੱਕੇ। ਜਰਾ ਧਿਆਨ ਦਿਉ! ਗੁਰੂ ਗ੍ਰੰਥ ਸਹਿਬ ਵਿੱਚ ਐਸੀ ਭਾਵਨਾ ਪਹਿਲਾਂ ਹੀ ਦਰਸਾਈ ਅਤੇ ਅਨੇਕਾਂ ਬੋਲੀਆਂ ਗੁਰਬਾਣੀ ਵਿੱਚ ਵਰਤੀਆਂ ਗਈਆਂ ਜੋ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹਨ। ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ ਹੈ ਨਾਂ ਕਿ ਕਿਸੇ ਸਾਧ-ਸੰਤ, ਸੰਪਰਦਾ-ਟਕਸਾਲ ਜਾਂ ਸੰਸਥਾ ਆਦਿਕ ਤੋਂ। ਗੁਰੂ ਜੀ ਸਦਾ ਲਈ ਸਾਨੂੰ ਗੁਰੂ ਗ੍ਰੰਥ ਦੇ ਲੜ ਲਾ ਗਏ ਤੇ ਅੱਜ ਵੀ ਸਾਨੂੰ ਲੱਗੇ ਰਹਿੰਣਾ ਚਾਹੀਦਾ ਹੈ। ਇਹ ਹੀ ਵੈਸਾਖੀ, ਅੰਮ੍ਰਿਤ, ਖਾਲਸਾ ਸਾਜਨ ਦਿਵਸ ਦਾ ਅਸਲੀ ਸੰਦੇਸ਼, ਵਿਲੱਖਣਤਾ ਅਤੇ ਮਹਾਨਤਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>